Master Swran Singh Taior
ਸਿਲਾਈ ਦੇ ਹੁਨਰ ਦੀ ਦਾਦ ਕੱਪੜਾ ਪਹਿਨਣ ਵਾਲਾ ਵਿਅਕਤੀ ਉਦੋਂ ਦਿੰਦਾ ਹੈ ਜਦੋਂ ਉਸ ਦੇ ਮਨ ਪਸੰਦ ਦੀ ਸਿਲਾਈ ਕੀਤੀ ਗਈ ਹੋਵੇ ਅਤੇ ਕੱਪੜੇ ਸਹੀ ਮੇਚ ਆ ਜਾਣ। ਇਸ ਦੇ ਪਿੱਛੇ ਦਰਜ਼ੀ ਦੀ ਕਾਰੀਗਰੀ ਦਾ ਹੱਥ ਹੁੰਦਾ ਹੈ। ਲੰਬੇ ਸਮੇਂ ਤੋਂ ਸਥਾਪਤੀ ਇਸ ਗੱਲ ਦੀ ਖੁਦ ਗਵਾਹ ਹੈ ਕਿ ਦਰਜ਼ੀ ਇਸ ਕਿੱਤੇ ਵਿੱਚ ਨਿਪੁੰਨ ਹੈ। ਇਸ ਤਰਾ ਹੀ ਮਾਸਟਰ ਸਵਰਨ ਸਿੰਘ ਵੀ ਬੜੇ ਹੰਢੇ ਹੋਏ ਕਾਰੀਗਰ ਹਨ।
ਪਿੰਡ ਜਗਤਪੁਰ ਵਿੱਚ ਪਿਤਾ ਠਾਕਰ ਰਾਮ ਅਤੇ ਮਾਤਾ ਚੰਨਣ ਕੌਰ ਦੇ ਘਰ 1ਜਨਵਰੀ 1949 ਨੂੰ ਜਨਮੇ ਸਵਰਨ ਸਿੰਘ ਨੇ ਪਿੰਡ ਦੇ ਸਕੂਲ ਤੋਂ ਪ੍ਰਾਇਮਰੀ ਤੱਕ ਦੀ ਪੜਾਈ  ਕਰਨ ਤੋਂ ਬਾਅਦ 1960 ਵਿੱਚ ਸਿਲਾਈ ਦਾ ਕੰਮ ਸਿੱਖਣਾ ਸ਼ੁਰੂ ਕਰ ਦਿੱਤਾ ਉਨਾ ਨੇ ਪਿੰਡ ਜਗਤਪੁਰ ਦੇ ਮਸ਼ਹੂਰ ਦਰਜ਼ੀ ਲਛਮਣ ਸਿੰਘ ਤੋਂ ਕੰਮ ਸਿੱਖਿਆ ਅਤੇ ਬੂਝਾ ਸਿੰਘ ਮੰਡੇਰਾਂ ਤੋਂ ਕੋਟ ਪੈਂਟ ਦੀ ਸਿਲਾਈ ਵਿੱਚ ਮੁਹਾਰਤ ਹਾਸਲ ਕੀਤੀ। ਉਨਾ ਨੇ 1962 ਵਿੱਚ ਮੁਕੰਦਪੁਰ ਵਿੱਚ ਆਪਣੀ ਦੁਕਾਨ ਸਵਰਲ ਟੇਲਰ ਦੇ ਨਾਮ ਹੇਠ ਸ਼ੁਰੂ ਕੀਤੀ ਅਤੇ ਰਜਿਸਟਰਡ ਕਰਵਾਈ। ਹੁਣ ਤੱਕ ਉਨਾ ਨੇ 12-13 ਸ਼ਾਗਿਰਦਾਂ ਨੂੰ ਦਰਜ਼ੀ ਦਾ ਕੰਮ ਸਿਖਾ ਕੇ ਰਿਜ਼ਕ ਦੇ ਰਾਹ ਪਾਇਆ ਜੋ  ਸਥਾਪਤ ਹੋ ਚੁੱਕੇ ਹਨ।
ਆਪਣੇ ਕਾਰੋਬਾਰ ਦੇ ਨਾਲ਼-ਨਾਲ਼ ਪਿੰਡ ਵਿੱਚ ਵੀ ਆਪਣੀ ਸਰਗਰਮ ਭੂਮਿਕਾ ਨਿਭਾਉਂਦੇ ਹਨ। ਸਵਰਨ ਸਿੰਘ ਪਿੰਡ ਦੀ ਬਹੁਮੰਤਵੀ ਸਹਿਕਾਰੀ ਸਭਾ ਦੇ ਵੀ ਮੈਂਬਰ ਰਹਿ ਚੁੱਕੇ ਹਨ। ਉਹ 1975 ਵਿੱਚ ਮੈਂਬਰ ਪੰਚਾਇਤ ਵੀ ਬਣੇ। ਉਨਾ ਦੀ ਧਰਮ ਪਤਨੀ ਸਵਰਗੀ ਜਰਨੈਲ ਕੌਰ ਵੀ ਮੈਂਬਰ ਪੰਚਾਇਤ ਬਣੇ। ਸਵਰਨ ਸਿੰਘ ਦੀ ਪਤਨੀ ਜਰਨੈਲ ਕੌਰ ਸਵਰਗਵਾਸ ਹੋਣ ਉਪਰੰਤ ਪਿੰਡ ਦੇ ਪਹਿਲੇ ਨੇਤਰਦਾਨੀ ਬਣੇ। ਸਵਰਨ ਸਿੰਘ ਪਿੰਡ ਦੀ ਸ਼੍ਰੀ ਗੁਰੂ ਰਵਿਦਾਸ ਸਭਾ ਦੇ ਮੋਢੀਆਂ ਵਿੱਚੋਂ ਹਨ ਅਤੇ ਉਨਾ ਨੇ ਬਤੌਰ ਖਜ਼ਾਨਚੀ ਆਪਣੀਆਂ ਸੇਵਾਵਾਂ ਨਿਭਾਈਆਂ। 1983 ਤੋਂ ਪਿੰਡ ਦੇ ਨੰਬਰਦਾਰ ਚਲੇ ਆ ਰਹੇ ਹਨ। ਸਾਂਝੇ ਕੰਮਾਂ ਦੇ ਨਾਲ਼-ਨਾਲ਼ ਸਿਆਸਤ ਵਿੱਚ ਉਹ ਕਾਂਗਰਸ ਪਾਰਟੀ ਦੇ ਵਰਕਰ ਹਨ। ਪਾਰਟੀ ਲੀਡਰਾਂ ਚੌਧਰੀ ਸੰਤੋਖ ਸਿੰਘ, ਤਰਲੋਚਨ ਸਿੰਘ ਸੂੰਢ ਅਤੇ ਦਿਲਬਾਗ ਸਿੰਘ ਐਮ.ਐਲ.ਏਜ਼. ਨਾਲ਼ ਚੰਗੀ ਸਾਂਝ ਰਹੀ ਹੈ ਅਤੇ ਪਾਰਟੀ ਲਈ ਹੁਣ ਵੀ ਕੰਮ ਕਰਦੇ ਹਨ।
ਉਨਾ ਦੇ ਪਰਿਵਾਰ ਵਿੱਚ ਇੱਕ ਲੜਕੀ ਅਤੇ ਤਿੰਨ ਲੜਕੇ ਹਨ। ਲੜਕੇ ਦਰਜ਼ੀ, ਕਾਰਪੇਂਟਰ ਅਤੇ ਰਾਜ ਮਿਸਤਰੀ ਦੇ ਕੰਮਾਂ ਦੇ ਕਾਰੀਗਰ ਹਨ। ਆਪਣੇ ਕਾਰੋਬਾਰ ਵਿੱਚ ਵੀ ਉਨਾ ਦਾ 25-30 ਪਿੰਡਾਂ ਦੇ ਲੋਕਾਂ ਨਾਲ਼ ਰਾਬਤਾ ਬਣਿਆਂ ਹੋਇਆ ਹੈ।
-ਰੇਸ਼ਮ ਕਰਨਾਣਵੀ

ਜਗਤਪੁਰ ਦੇ ਹੰਢੇ ਹੋਏ ਟੇਲਰ ਮਾਸਟਰ ਸਵਰਨ ਸਿੰਘ ਨੰਬਰਦਾਰ