ਜ਼ਿੰਦਗੀ ਦੀ ਇੱਕ ਚਮਤਕਾਰੀ ਦਾਸਤਾਨ ਦਾ ਪਾਂਧੀ- ਮਹਿੰਦਰ ਸਿੰਘ ਦੋਸਾਂਝ ਜੋੜਾ
ਕਈ ਵਿਅਕਤੀ ਆਪਣੇ ਵਿਵੇਕ, ਬੁੱਧੀ, ਵਿਸ਼ਾਲ ਸੋਚ, ਘੋਖਵੀਂ ਨਜ਼ਰ, ਖੋਜੀ ਸੁਭਾਅ ਅਤੇ ਸੰਵੇਦਨਸ਼ੀਲਤਾ ਵਰਗੇ ਵਿਸ਼ੇਸ਼ ਗੁਣਾ ਕਰਕੇ ਉਮਰ ਤੋਂ ਵੀ ਲੰਬੇ ਪੰਧ ਤੈਅ ਕਰ ਲੈਂਦੇ ਹਨ। ਆਪਣੇ ਸਹਿਜ, ਠਰੰਮੇ ਵਾਲੇ ਪਰਪੱਕ ਕਦਮਾਂ ਨਾਲ਼ ਐਸੀਆਂ ਪੈੜਾਂ ਪਾਉਂਦੇ ਹਨ ਜੋ ਨਵੇਂ ਰਾਹੀਆਂ, ਮੁਸਾਫਰਾਂ ਲਈ ਮਾਰਗ ਦਰਸ਼ਨ ਤੇ ਮੰਜ਼ਿਲ ਪ੍ਰਾਪਤੀ ਦਾ ਰਾਹ ਮੋਕਲਾ ਕਰ ਦਿੰਦੀਆਂ ਹਨ। ਜ਼ਿੰਦਗੀ ਜਿਉਣ ਮਾਨਣ ਲਈ ਸਰਲਤਾ ਪ੍ਰਦਾਨ ਕਰਨੀ, ਨਵੀਆਂ ਖੋਜਾਂ ਰਾਹੀਂ ਚੰਗੀਆਂ ਫਸਲੀ ਨਸਲਾਂ ਤਿਆਰ ਕਰਨੀਆਂ, ਮਾਨਵਤਾ ਪੱਖੀ ਕਾਰਜ ਕਰਨ ਵਾਲੀ    ਅਜਿਹੀ ਇੱਕ ਅਜ਼ੀਮ ਸਖ਼ਸ਼ੀਅਤ ਹਨ ਸ: ਮਹਿੰਦਰ ਸਿੰਘ ਦੁਸਾਂਝ। ਵਿਦਵਤਾ ਅਤੇ ਖੋਜ  ਖੇਤਰ ਵਿੱਚ ਦੁਸਾਂਝ ਸਾਹਿਬ ਦਾ ਨਾਂ ਬੜੇ ਆਦਰ, ਸਤਿਕਾਰ ਨਾਲ਼ ਲਿਆ ਜਾਂਦਾ ਹੈ। ਉਹ ਆਪਣੇ ਆਪ ਵਿੱਚ ਵੀ ਇੱਕ ਮਿਸਾਲ ਹਨ ਅਤੇ ਇਨਾ ਦੀ ਸਖ਼ਸ਼ੀਅਤ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ।
ਦੁਆਬੇ ਦੇ ਜ਼ਿਲਾ ਜਲੰਧਰ ਦੇ ਮਸ਼ਹੂਰ ਪਿੰਡ ਦੁਸਾਂਝ ਕਲਾਂ ਦੁਸਾਂਝ ਹੋਰਾਂ ਦਾ ਜੱਦੀ ਪਿੰਡ ਹੈ। ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦਾ ਪਿੰਡ ਜਗਤਪੁਰ ਉਨਾ ਦਾ ਨਾਨਕਾ ਪਿੰਡ ਹੈ। ਪਿੰਡ ਜਗਤਪੁਰ ਵਿੱਚ 1938 ਵਿੱਚ ਪਿਤਾ ਸ: ਗੁਰਚਰਨ ਸਿੰਘ ਅਤੇ ਮਾਤਾ ਊਧਮ ਕੌਰ ਦੇ ਘਰ ਜਨਮੇ ਮਹਿੰਦਰ ਸਿੰਘ ਦੁਸਾਂਝ ਦਾ ਇਸ ਪਿੰਡ ਨਾਲ਼ ਇੱਕ ਅਹਿਮ ਨਾਤਾ ਰਿਹਾ ਹੈ। ਦੁਸਾਂਝ ਦੇ ਪਿਤਾ ਪਿੰਰਸੀਪਲ ਗੁਰਚਰਨ ਸਿੰਘ ਉਘੇ ਸਿੱਖਿਆ ਸਾਸ਼ਤਰੀ ਸਨ। ਉਹ ਖਾਲਸਾ ਕਾਲਜ ਅਮ੍ਰਿਤਸਰ  ਉਹ ਗਣਿਤ ਵਿਗਿਆਨ ਦੇ ਥੰਮ ਮੰਨੇ ਜਾਂਦੇ ਸਨ। ਪੰਜਾਬ ਦੇ ਮੁੱਖ ਮੰਤਰੀ ਸ: ਦਰਬਾਰਾ ਸਿੰਘ ਵੀ ਉਨਾ ਦੇ ਵਿਦਿਆਰਥੀ ਰਹੇ ਸਨ। ਪਿੱਛੋਂ ਸ: ਦਰਬਾਰਾ ਸਿੰਘ ਹੋਰੀਂ ਉਨਾ ਨੂੰ ਆਪਣੇ ਪਿੰਡ ਜੰਡਿਆਲਾ ਵਿਖੇ ਸਰਕਾਰੀ ਕਾਲਜ ਦੇ ਪ੍ਰਿੰਸੀਪਲ ਦੇ ਤੌਰ ਤੇ ਲੈ ਆਏ ਸਨ। 1947 ਵਿੱਚ ਮਾਤਾ ਊਧਮ ਕੌਰ ਦੇ ਅਕਾਲ ਚਲਾਣੇ ਉਪਰੰਤ ਦੁਸਾਂਝ  ਹੋਰੀਂ ਜਗਤਪੁਰ ਹੀ ਰਹਿਣ ਦੀ ਜ਼ਿੱਦ ਪੁਗਾ ਕੇ ਹਟੇ। ਉਨਾ ਦੇ  ਨਾਨਾ ਜੀ ਸ: ਲਛਮਣ ਸਿੰਘ ਅਤੇ ਉਨਾ ਦੇ ਭਰਾ ਪੂਰਨ ਸਿੰਘ ਬਲੀ ਨੇ ਹੀ ਉਨਾ ਦਾ ਪਾਲਣ ਪੋਸ਼ਣ ਕੀਤਾ। ਸਕੂਲ ਜਾਣ ਦੀ ਵਾਰੀ ਆਈ ਤਾਂ ਉਨਾ ਉਕਾ ਹੀ ਸਿਰ ਫੇਰ ਦਿੱਤਾ। ਪੜਾਈ ਤੋਂ ਬਹੁਤ ਨਫਰਤ ਸੀ। ਪਿੰਡ ਜਗਤਪੁਰ ਵਿੱਚ ਮਾਸਟਰ ਬਦਰੀ ਨਾਥ ਬਖਲੌਰ ਵਾਲੇ ਪੜਾਇਆ ਕਰਦੇ ਸਨ। ਪਰ ਉਹ ਪਾਠਸ਼ਾਲਾ ਤੋਂ ਡੇਢ ਮੀਲ ਦਾ ਫੇਰ ਪਾ ਕੇ ਖੇਤਾਂ ਉਜਾੜਾਂ ਵਿੱਚੋਂ ਪੜਾਈ ਤੋਂ ਬਚਣ ਲਈ ਲੰਘਦੇ ਰਹੇ। 14 ਸਾਲ ਦੀ ਉਮਰ ਤੱਕ ਪੜਾਈ ਨਹੀਂ ਕੀਤੀ। ਬਸ ਗੰਨੇ ਛਿਲਣ, ਸਣ ਕੱਢਣ, ਚੜਸਾਂ ਦੀਆਂ ਜੋੜੀਆਂ ਕੱਢਣ ਅਤੇ ਹੋਰ ਖੇਤੀ ਨਾਲ਼ ਸਬੰਧਤ ਕੰਮ ਕਰਕੇ ਖੁਸ਼ ਰਹਿੰਦੇ। ਜਗਤਪੁਰ ਵਿੱਚ ਮਾਸਟਰ ਗੁਰਮੁੱਖ ਸਿੰਘ ਹੋਰੀਂ ਪੜਾਈ ਤੋਂ ਵਾਂਝੇ ਰਹਿ ਗਏ ਬੱਚਿਆਂ ਨੂੰ ਆਪਣੇ ਢੰਗ ਨਾਲ਼ ਪੜਾਉਣ ਲੱਗੇ ਤਾਂ ਖਿੱਚ ਧੂਹ ਕੇ ਪੈਂਤੀ ਅੱਖਰ ਪੜ•ੇ ਤੇ ਭੁਲਾਵੇਂ ਅੱਖਰਾਂ ਤੇ ਆ ਕੇ ਫਿਰ ਗੱਲ ਅੜ ਗਈ। ਬੜੇ ਜ਼ੋਰ ਨਾਲ਼ ਇਨਾ ਦੀ ਪਛਾਣ ਹੋ ਗਈ ਤੇ ਫਿਰ ਅੱਖਰ ਜੁੜਨ ਲੱਗ ਪਏ, ਸ਼ਬਦ ਬਣਨ ਲੱਗੇ ਤਾਂ ਪੜਾਈ ਪ੍ਰਤੀ ਮੋਹ ਜਾਗ ਪਿਆ। ਰੇਤੇ ਤੇ ਅੱਖਰ ਲਿਖਣ ਨਾਲ਼ ਅਭਿਆਸ ਹੋ ਗਿਆ। ਪੰਜਾਬੀ ਦੀਆਂ ਕਿਤਾਬਾਂ ਪੜਨੀਆਂ ਸ਼ੁਰੂ ਕਰ ਦਿੱਤੀਆਂ। ਐਸੀ ਚੇਟਕ ਲੱਗੀ ਕਿ ਪੰਜਾਬੀ ਤੋਂ ਬਾਅਦ ਹਿੰਦੀ, ਉਰਦੂ, ਅੰਗਰੇਜ਼ੀ ਵੀ ਸਿੱਖ ਲਈ। ਕਿਤਾਬਾਂ ਪੜ•ਨ ਦਾ ਐਸਾ ਝੱਲ ਚੜਿਆ ਕਿ ਬਸ ਇੱਕ ਹੱਥ ਕਿਤਾਬ ਤੇ ਦੂਜੇ ਹੱਥ ਕੋਈ ਕੰਮ ਵਾਲਾ ਸੰਦ ਹੋਣਾ। ਜਦੋਂ ਹਲਟ ਆ ਗਏ ਤਾਂ ਸਮਝੋ ਇੱਕ ਕ੍ਰਾਂਤੀ ਆ ਗਈ। ਬਲਦ ਹੱਕਦਿਆਂ ਗਾਧੀ ‘ਤੇ ਬੈਠ ਕੇਬਹੁਤ ਕਿਤਾਬਾਂ ਪੜਾਈਆਂ। ਦੀਵੇ ਦੀ ਲੋਏ ਸਾਰੀ ਸਾਰੀ ਰਾਤ ਪੜਨਾ। ਫਿਰ ਉਨਾ ਨੂੰ  ਉਘੇ ਸਾਹਿਤਕਾਰ ਰਵਿੰਦਰ ਰਵੀ ਦਾ ਸਾਰਥਿਕ  ਸਾਥ ਮਿਲਿਆ ਤਾਂ ਸ਼ੌਕ ਹੋਰ ਵੀ ਪ੍ਰਬਲ ਹੋ ਗਿਆ। ਪਿੰਡਾਂ ਵਿੱਚ ਹੁੰਦੀਆਂ ਰਾਸਾਂ, ਨਕਲਾਂ ਅਤੇ ਫਿਲਮਾਂ ਦੇਖਣ ਦਾ ਝੱਸ ਪੂਰਾ ਕਰਨ ਅਤੇ ਕਿਤਾਬਾਂ ਲੈਣ  ਲਈ ਦੂਰ ਦੁਰਾਡੇ ਤੱਕ ਸਾਇਕਲ ਤੇ ਲੱਤ ਦੇ ਕੇ ਨਿਕਲ ਜਾਣਾ। ਫਿਰ 1958 ਵਿੱਚ ਦੁਸਾਂਝ ਹੋਰਾਂ ਦਾ ਵਿਆਹ ਮਹਿੰਦਰ ਕੌਰ ਦੁਸਾਂਝ ਨਾਲ਼ ਹੋ ਗਿਆ ਤਾਂ ਦੁਸਾਂਝ ਦੇ ਅਰਥ ਸਾਰਥਿਕ ਹੋ ਗਏ, ਦੋਵਾਂ ਜੀਆਂ ਦੀ ਸਾਂਝ ਨਾਲ਼ ਸਾਰੇ ਕੰਮਾਂ ਵਾਸਤੇ ਉਤਸ਼ਾਹ ਦੂਣਾਂ ਹੋ ਗਿਆ। ਫਿਰ ਕੋਈ ਡਿਗਰੀ ਪ੍ਰਾਪਤ ਕਰਨ ਬਾਰੇ ਸੋਚਿਆ ਤਾਂ ਬਿਨਾ ਕਦੇ ਸਕੂਲ ਕਾਲਜ ਗਏ ਮੈਟ੍ਰਿਕ ਪਾਸ ਕੀਤੀ, ਗਿਆਨੀ ਕੀਤੀ ਅਤੇ ਬੀ.ਏ. ਪਾਸ ਕਰ ਲਈ।
ਕਈ ਭਾਸ਼ਾਵਾਂ ਪੰਜਾਬੀ, ਹਿੰਦੀ, ਉਰਦੂ, ਅੰਗਰੇਜ਼ੀ ਆਦਿ ਸਿੱਖਣ ਤੋਂ ਬਾਅਦ ਇਨਾ ਭਾਸ਼ਾਵਾਂ ਵਿੱਚ ਛਪੇ ਸਾਹਿਤ ਦਾ ਅਧਿਐਨ ਕੀਤਾ। ਪਿੰਡ ਦੇ ਉਘੇ ਸਾਹਿਤਕਾਰ ਰਵਿੰਦਰ ਰਵੀ ਦੀ ਸੰਗਤ ‘ਚ 1956 ਵਿੱਚ ਸਾਹਿਤ ਦੀ ਸਿਰਜਣਾ ਦਾ ਕੰਮ ਸ਼ੁਰੂ ਕੀਤਾ ਪਹਿਲਾਂ ਕਵਿਤਾ, ਫਿਰ ਕਹਾਣੀ। 1959 ਵਿੱਚ ਰੋਜ਼ਾਨਾ ਨਵਾਂ ਜ਼ਮਾਨਾ ਵਿੱਚ ਪਹਿਲੀ ਕਵਿਤਾ ਛਪੀ ਤੇ ਏਸ ਸਮੇਂ ਨਵਾਂ ਜ਼ਮਾਨਾ ਦੇ ਸੰਪਾਦਕ ਸ: ਜਗਜੀਤ ਸਿੰਘ ਆਨੰਦ ਵਲੋਂ ਲਿਖੀ ਚਿੱਠੀ ਦੀਆਂ ਇਹ ਸਤਰਾਂ ਸਾਹਿਤਕ ਖੇਤਰ ਵਿੱਚ ‘ਚ ਪ੍ਰੇਰਨਾ ਸਰੋਤ ਬਣੀਆਂ-” ਤੁਹਾਡੀ ਕਵਿਤਾ ‘ਸਵਰਾਜ’ ਨਵਾਂ ਜ਼ਮਾਨਾ ਵਿੱਚ ਛਾਪ ਰਹੇ ਹਾਂ, ਤੇ ਤੁਹਾਡੀ ਕਹਾਣੀ ” ਗਿਰਝਾਂ” ਛਾਪਣ ਲਈ ਰੱਖ ਲਈ ਹੈ। ਸਾਹਿਤਕ ਖੇਤਰ ਵਿੱਚ ਤੁਹਾਡਾ ਭਵਿੱਖ ਰੌਸ਼ਨ ਹੋਵੇਗਾ।” 1960 ਦੇ ਦਹਾਕੇ ਵਿੱਚ ਨਾਮਵਰ ਪੰਜਾਬੀ ਸਾਹਿਤਕਾਰਾਂ ਨਾਲ਼ ਸਾਂਝਾਂ ਸਥਾਪਿਤ ਹੋਈਆਂ ਤੇ ਇਨਾ ਤੋਂ ਸਾਹਿਤਕ ਗਿਆਨ ਪ੍ਰਾਪਤ ਕੀਤਾ। 1960 ਵਿੱਚ ਲਿਖਾਰੀ ਸਭਾ ਜਗਤਪੁਰ ਦੀ ਸਥਾਪਨਾ ਕੀਤੀ, ਇਹ ਸਭਾ ਉਸ ਸਮੇਂ ਦੀ ਪਹਿਲੀ ਦਿਹਾਤੀ ਸਾਹਿਤ ਸਭਾ ਸੀ। ਇਸ ਸਭਾ ਦੇ ਮੰਚ ਤੋਂ ਪੰਜਾਬੀ ਸਾਹਿਤਕਾਰਾਂ ਤੇ ਵਿਦਵਾਨਾਂ ਨਾਲ਼ ਨਵੇਂ ਤੇ ਗੂੜ ਰਿਸ਼ਤੇ ਕਾਇਮ ਹੋਏ। 1962 ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਬਣੀ ਇੱਥੇ ਉਪ ਕੁਲਪਤੀ ਐਮ.ਐਸ.ਰੰਧਾਵਾ (ਆਈ.ਸੀ.ਐਸ.)  ਨਾਲ ਰਾਬਤਾ ਬਣਿਆ।  1967 ਵਿੱਚ ਲਿਖਾਰੀ ਸਭਾ ਜਗਤਪੁਰ ਵਲੋਂ ਇੱਕ ਕਾਵਿ-ਸੰਗ੍ਰਹਿ ”ਹੁਸੀਨ ਸਵੇਰੇ  ਗ਼ਮਗੀਨ ਸ਼ਾਮਾਂ” ਸੰਪਾਦਤ ਕੀਤੀ ਗਈ। 1969 ਵਿੱਚ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਜਨਮ ਦਿਵਸ ਤੇ ਉਨਾ ਦੇ ਜੀਵਨ, ਰਚਨਾ ਤੇ ਫਲਸਫ਼ੇ ਬਾਰੇ ਵੱਖ-ਵੱਖ ਵਿਦਵਾਨਾਂ ਤੇ ਖੋਜੀਆਂ ਤੋਂ ਲੇਖ ਲਿਖਵਾ ਕੇ ਇੱਕ ਨਿਬੰਧ ਸੰਗ੍ਰਹਿ ਪ੍ਰਕਾਸ਼ਤ ਕੀਤਾ। 1972 ਵਿੱਚ ਇੱਕ ਮੌਲਿਕ ਕਾਵਿ-ਸੰਗ੍ਰਹਿ ”ਦਿਸ਼ਾ” ਛਾਪਿਆ। ਲਿਖਾਰੀ ਸਭਾ ਲਈ 1981 ਵਿੱਚ ਪੰਜਾਬੀ ਕਵਿਤਾਵਾਂ ਤੇ ਕਹਾਣੀਆਂ ਦੀ ਇੱਕ ਪੁਸਤਕ ”ਆਪੋ ਆਪਣੇ ਰੰਗ” ਪ੍ਰਕਾਸ਼ਤ ਕੀਤੀ। 1984 ਵਿੱਚ ਮੌਲਿਕ ਕਹਾਣੀ ਸੰਗ੍ਰਹਿ ”ਕਿਰਤ ਨਾਲ਼ ਜੁੜੇ ਰਿਸ਼ਤੇ” ਛਪਿਆ। 1997 ਵਿੱਚ ਜ਼ਿਲ•ਾ ਨਵਾਂਸ਼ਹਿਰ ਬਾਰੇ ਸਰਬਪੱਖੀ ਵਾਕਫ਼ੀ ਵਾਲੀ ”ਸਾਡਾ ਨਵਾਂਸ਼ਹਿਰ” ਦੀ ਸੰਪਾਦਨਾ ਕੀਤੀ । 1998 ਵਿੱਚ ਮੌਲਿਕ ਕਾਵਿ-ਸੰਗ੍ਰਹਿ ” ਰੌਸ਼ਨੀ ਦੀ ਭਾਲ”, 2014 ਵਿੱਚ ਸਫ਼ਰਨਾਮਾ ”ਯਾਦਾਂ ਪਾਕਿਸਤਾਨ ਦੀਆਂ” ਛਪਿਆ। 1984 ਤੋਂ 1986 ਤੱਕ ਤੇ ਫੇਰ 1986 ਤੋਂ 1988 ਤੱਕ ਪੰਜਾਬੀ ਲੇਖਕਾਂ ਦੀ ਵਿਸ਼ਵ ਪੱਧਰੀ ਸੰਸਥਾ ”ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਦੀ ਹੈਸੀਅਤ ਵਿੱਚ 4 ਸਾਲ ਸੇਵਾ ਕੀਤੀ। ਦੁਸਾਂਝ ਹੋਰੀਂ 1986 ਤੋਂ 1990 ਤੱਕ ਦੂਰਦਰਸ਼ਨ ਕੇਂਦਰ ਜਲੰਧਰ ਦੀ ਪ੍ਰੋਗਰਾਮ ਸਲਾਹਕਾਰ ਕਮੇਟੀ ਦਾ ਮੈਂਬਰ ਵੀ ਰਹੇ। ਕਈ ਪੰਜਾਬੀ ਅਖ਼ਬਾਰਾਂ ਰਿਸਾਲਿਆਂ ਦੇ ਸੰਪਾਦਕੀ ਮੰਡਲਾਂ ਵਿੱਚ ਕੰਮ ਕੀਤਾ। 1992 ਤੋਂ 1996 ਤੱਕ ਆਲ ਇੰਡੀਆ ਰੇਡੀਓ ਸਟੇਸ਼ਨ ਜਲੰਧਰ ਦੀ ਪ੍ਰੋਗਰਾਮ ਸਲਾਹਕਾਰ ਕਮੇਟੀ ਦੇ ਮੈਂਬਰ ਰਹੇ। ਪੰਜਾਬ ਰੂਰਲ ਐਜੂਕੇਸ਼ਨ ਪ੍ਰਮੋਸ਼ਨ ਕਾਊਂਸਿਲ ਦੇ ਸੀਨੀਅਰ ਮੀਤ ਪ੍ਰਧਾਨ ਵੀ ਲੰਬਾ ਸਮਾਂ ਰਹੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਐਗਰੀਕਲਚਰ ਰਿਸਰਚ ਕਾਂਊਸਲ ਦੇ ਉਹ ਇੱਕੋ ਇੱਕੋ ਕਿਸਾਨ ਮੈਂਬਰ ਹਨ।  ਕਾਲਜ ਵਿੱਚ ਉਹ ਭਾਸ਼ਣ ਮੁਕਾਬਲਿਆਂ ਦੀ ਜੱਜਮੈਂਟ ਕਰਨ ਵਾਸਤੇ ਜ਼ਰੂਰ ਗਏ ਪਰ ਪੜਨ ਵਾਸਤੇ ਨਹੀਂ ਗਏ।  1989 ਵਿੱਚ ਲੰਡਨ ਇੰਗਲੈਂਡ ਵਿਖੇ ਪੰਜਾਬੀ ਲੇਖਕਾਂ ਦੇ ਸੰਮੇਲਨ ਵਿੱਚ ” 1960 ਦੇ ਦਹਾਕੇ ਦੀ ਪੰਜਾਬੀ ਕਵਿਤਾ” ਵਿਸ਼ੇ ਤੇ ਆਪਣਾ ਖੋਜ ਪੱਤਰ ਪੜਿਆ ਤੇ ਸਨਮਾਨ ਪ੍ਰਾਪਤ ਕੀਤਾ। ਦੁਆਬੇ ਦੇ ਕਈ ਪਿੰਡਾਂ ਤੇ ਕਸਬਿਆਂ ਵਿੱਚ ਪੰਜਾਬੀ ਲੇਖਕ ਸਭਾਵਾਂ ਦੀ ਸਥਾਪਨਾ ਦੇ ਕੰਮ ਵਿੱਚ ਸਹਿਯੋਗ ਦਿੱਤਾ। 1994 ਵਿੱਚ ਕਨੇਡਾ ਦੇ ਟੋਰਾਂਟੋ ਸ਼ਹਿਰ ਵਿਖੇ ਸਿਪਸਾ ਵਲੋਂ ਆਯੋਜਿਤ ਸਾਹਿਤ ਸਮਾਗਮ ਵਿੱਚ ਓਂਟਾਰੀਓ ਦੇ ਮਿਉਂਸਪਲ ਐਫੇਅਰਜ ਮੰਤਰੀ ਐਂਡ ਫਿਲਮ ਤੋਂ ” ਪ੍ਰੋ: ਪੂਰਨ ਸਿੰਘ ਪੁਰਸਕਾਰ ਪ੍ਰਾਪਤ ਕੀਤਾ। ਹੁਣ ਵੀ ਆਪਣੀਆਂ ਖੇਤੀ ਖੋਜਾਂ ਅਤੇ ਸਾਹਿਤਕ ਗਤੀਵਿਧੀਆਂ ਵਿੱਚ ਹਿੱਸਾ ਲੈ ਰਹੇ ਹਨ। ਹੁਣ ਵੀ ਆਪਣੇ ਫਾਰਮ ਵਿੱਚ ਹੱਥੀਂ ਕੰਮ ਕਰ ਕੇ ਆਪਣੇ ਮਿਹਨਤੀ ਅਤੇ ਸਿਰੜੀ ਹੋਣ ਦਾ ਸਬੂਤ ਦੇ ਰਹੇ ਹਨ।
ਦੁਸਾਂਝ ਸਾਹਿਬ ਦੇ ਜੀਵਨ ਭਰ ਦੀਆਂ ਪ੍ਰਾਪਤੀਆਂ ਅਤੇ ਲਈ ਉਨਾ ਵਾਸਤੇ ਮਿਲੇ ਪੁਰਸਕਾਰਾਂ, ਇਨਾਮਾਂ ਅਤੇ ਅਣਗਿਣਤ  ਸਨਮਾਨਾਂ ਦੀ ਤਫ਼ਸੀਲ ਵਾਸਤੇ ਇੱਕ ਕਿਤਾਬਚਾ ਵੱਖਰਾ ਛਪ ਸਕਦਾ ਹੈ। ਸਭ ਤੋਂ ਪਹਿਲਾ ਅਤੇ ਅੰਤਰ ਰਾਸ਼ਟਰੀ ਐਵਾਰਡ ਮਹਿੰਦਰ ਸਿੰਘ ਦੁਸਾਂਝ  ਹੋਰਾਂ ਨੂੰ ਯੂ.ਐਨ. ਓ. ਵਲੋਂ ਦਿੱਤਾ ਗਿਆ। ਇਸ ਨਾਲ਼ ਵੀ ਬੜਾ ਦਿਲਚਸਪ ਵਾਕਿਆ ਜੁੜਿਆ ਹੋÎਇਆ ਹੈ। ਕਣਕ ਦੀ ਪੈਦਾਵਾਰ ਤੇ ਐਵਾਰਡ ਦੁਸਾਂਝ ਹੋਰਾਂ ਨੂੰ ਮਿਲਣ  ਦਾ ਐਲਾਨ ਹੋਇਆ ਜੋ ਥਾਈਲੈਂਡ ਵਿੱਚ ਦਿੱਤਾ ਜਾਣਾ ਸੀ। ਇਹ ਐਵਾਰਡ ਸਿਰਫ 12 ਕਿਸਾਨਾਂ ਨੂੰ ਦਿੱਤਾ ਜਾਣਾ ਸੀ। ਐਵਾਰਡ ਲੈਣ ਜਾਣ ਲਈ ਉਨਾ ਕੋਲ਼ ਪਾਸਪੋਰਟ ਨਹੀਂ ਸੀ ਤੇ ਨਾ ਹੀ ਬਣਨ ਦੀ ਕੋਈ ਆਸ ਸੀ ਕਿਉਂਕਿ ਭਾਰਤ ਸਰਕਾਰ ਵਲੋਂ ਦੁਸਾਂਝ ਹੋਰਾਂ ਨੂੰ ਬਲੈਕ ਲਿਸਟ ਕੀਤਾ ਹੋਇਆ ਸੀ। ਕਾਰਨ ਦੁਸਾਂਝ ਕੋਲ ਗ਼ਦਰੀ ਬਾਬਿਆਂ ਦਾ ਆਉਣਾ ਜਾਣਾ ਸੀ। ਬਾਬਾ ਭਗਤ ਸਿੰਘ ਬਿਲਗਾ, ਬਾਬਾ ਭਾਗ ਸਿੰਘ ਕਨੇਡੀਅਨ ਅਤੇ ਬਾਬਾ ਕਰਮ ਸਿੰਘ ਜੀ  ਵਰਗੇ ਆਗੂਆਂ ਨਾਲ਼ ਦੁਸਾਂਝ ਦੀ ਮਿਲਕਤ ਸੀ। ਭਾਰਤ ਨੂੰ ਮਿਲਣ ਵਾਲੇ ਇਸ ਐਵਾਰਡ ਦੀ ਜਦੋਂ ਸਰਕਾਰ ਨੂੰ ਲੋੜ ਪਈ ਤਾਂ ਆਪ ਨੱਠ ਭੱਜ ਕਰ ਕੇ ਪਾਸਪੋਰਟ ਬਣਾਉਣ ਦੀ ਕਾਹਲੀ ਕੀਤੀ। ਜਿਸ ਵਿੱਚ ਜਲੰਧਰ ਦੇ ਤੱਤਕਾਲੀਨ ਡੀ.ਸੀ., ਖੇਤੀਬਾੜੀ ਮੰਤਰੀ ਹਰਭਜਨ ਸਿੰਘ ਗਿੱਲ, ਡਾ. ਗੁਰਨਾਮ ਸਿੰਘ ਤੀਰ, ਇੰਮੀਗਰੇਸ਼ਨ ਅਫਸਰ ਬਿੰਦਰਾ  ਪਾਸਪੋਰਟ ਬਣਾਉਣ ਲਈ ਪੱਬਾਂ ਭਾਰ ਹੋਏ ਰਹੇ। ਇੱਥੋਂ ਤੱਕ ਲੋੜੀਂਦੇ ਦਸਤਾਵੇਜ਼ ਚੰਡੀਗੜ ਤੋਂ ਜਲੰਧਰ ਭੇਜਣ ਲਈ ਹੈਲੀਕਾਪਟਰ ਵੀ ਵਰਤਿਆ ਗਿਆ। ਭਾਰਤ ਨੂੰ ਮਾਣ ਦੁਆਉਣ ਵਾਲਾ ਇਹ ਐਵਾਰਡ ਥਾਈਲੈਂਡ ਜਾ ਕੇ ਪ੍ਰਾਪਤ ਕੀਤਾ। ਉÎੱਥੇ ਹਿੰਦੀ ਵਿਚ 17 ਮਿੰਟ ਦਾ ਭਾਸ਼ਣ ਦਿੱਤਾ। ਉਸ ਸਮੇਂ ਡਾ. ਮਨਮੋਹਨ ਸਿੰਘ ਵਿਸ਼ਵ ਬੈਂਕ ਦੇ ਗਵਰਨਰ ਦੀਆਂ ਸੇਵਾਵਾਂ ਨਿਭਾ ਰਹੇ ਸਨ। ਡਾ. ਮਨਮੋਹਨ ਸਿੰਘ ਬਜ਼ਾਰ ਵਿੱਚ ਗੱਡੀ ਰੋਕ ਕੇ ਤਪਾਕ ਨਾਲ਼ ਮਿਲੇ ਤੇ ਉਨਾ ਦੇ ਟਿਕਾਣੇ ਤੇ ਛੱਡ ਕੇ ਆਏ ਸਨ। ਇਸ ਯਾਦਗਾਰੀ ਐਵਾਰਡ ਤੋਂ ਬਾਅਦ ਤਾਂ ਖੋਜਾਂ ਤੇ ਐਵਾਰਡਾਂ ਦੀ ਝੜੀ ਲੱਗ ਗਈ। 16 ਅਕਤੂਬਰ 1986 ਨੂੰ 6ਵਾਂ ਵਰਲਡ ਫੂਡ ਡੇ ਤੇ ਐਵਾਰਡ, 1992 ਵਿੱਚ ਉਤਰ ਪੱਛਮੀ ਰਾਜਾਂ ਦੀ ਦਿਹਾਤੀ ਸਿੱਖਿਆ ਬਾਰੇ ਵਰਕਸ਼ਾਪ ਤੇ ਐਵਾਰਡ ਧਨਕ ਲਾਲ ਮੰਡਲ ਗਵਰਨਰ ਹਰਿਆਣਾ ਵਲੋਂ ਦਿੱਤਾ ਗਿਆ। 1997 ਦਾ ਖੋਜ ਐਵਾਰਡ ਦਲੀਪ ਸਿੰਘ ਧਾਰੀਵਾਲ ਮੈਮੋਰੀਅਲ ਐਵਾਰਡ ਖੇਤੀਬਾੜੀ ਮੰਤਰੀ ਵਲੋਂ ਦਿੱਤਾ ਗਿਆ। 2007 ‘ਚ ਮੁੱਖ ਮੰਤਰੀ ਪੁਰਸਕਾਰ ਪੰਜਾਬ ਹਰਿਆਣਾ ਦੇ ਚੀਫ਼ ਜਸਟਿਸ ਬਰਜਿੰਦਰ ਜੈਨ ਵਲੋਂ ਦਿੱਤਾ ਗਿਆ। ਦਸੰਬਰ 2010 ਵਿਚ ਪੰਜਾਬ ਸਰਕਾਰ ਵਲੋਂ ਖੇਤੀ ਦੀ ਵੰਨ ਸੁਵੰਨਤਾ ਦਾ ਇੱਕ ਵਿਲੱਖਣ ਮਾਡਲ ਸਿਰਜਣ ਲਈ ਸਟੇਟ ਐਵਾਰਡ ਵੀ ਦਿੱਤਾ ਗਿਆ। 23 ਫਰਵਰੀ 2011 ਵਿੱਚ ਕਿਸਾਨ ਪ੍ਰੇਰਨਾ ਸਰੋਤ ਐਵਾਰਡ ਹਮੀਰਪੁਰ ਉÎੱਤਰ ਪੱਛਮੀ ਸੂਬਿਆਂ ਦੇ ਮੇਲੇ ਦੌਰਾਨ ਮਿਲਿਆ। ਪੰਜਾਬ ਸਟੇਟ ਸੀਡ ਸਬ ਕਮੇਟੀ  ਦੀ ਪੰਜਾਬ ਸੀਡ ਸਰਟੀਫਿਕੇਸ਼ਨ ਅਥਾਰਟੀ  ਦੇ ਗਵਰਨਿੰਗ ਬੋਰਡ ਦੀ ਮੈਂਬਰੀ ਵੀ ਉਨਾ ਨੂੰ ਮਿਲੀ।
ਮਹਿੰਦਰ ਸਿੰਘ ਦੁਸਾਂਝ ਹੋਰਾਂ ਨੇ 81 ਲੇਖ ਲਿਖੇ, 7 ਖੋਜ ਪੱਤਰ ਲਿਖੇ ਜੋ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੈਮੀਨਾਰਾਂ ਵਿੱਚ ਪੜ•ੇ ਅਤੇ ਵਿਚਾਰੇ ਗਏ। ਸਾਹਿਤ ਕਲਾ ਵਿਗਿਆਨ ਵਾਤਾਵਰਨ ਸੁਰੱਖਿਆ, ਖੇਤੀਬਾੜੀ ਖੋਜ ਤੇ ਖੇਤੀ ਦੇ ਵਿਸ਼ਵੀ ਕਰਨ ਵਿਸ਼ੇ ਤੇ ਭਾਰਤ ਦੀਆਂ ਕਈ ਯੂਨੀਵਰਸਿਟੀਆਂ, ਖੋਜ ਕੇਂਦਰਾਂ ਤੇ  ਨਾਮਵਰ ਇੰਸਟੀਚਿਊਸ਼ਨਾਂ ਵਿੱਚ 35 ਵਿਸਤ੍ਰਿਤ ਭਾਸ਼ਨ  ਦਿੱਤੇ ਤੇ ਮਾਣ ਸਨਮਾਨ ਪ੍ਰਾਪਤ ਕੀਤੇ। ਇੰਗਲੈਂਡ ਪੰਜ ਸਾਲ ਬਾਅਦ ਛਪਦੀ ਇੱਕ ਪੁਸਤਕ ”ਫਾਰਮਰਜ਼ ਰੀਸਰਚ ਐਂਡ ਪ੍ਰੈਕਟਿਸ”1997 ਤੋਂ 2002 ਤੱਕ ਦੇ ਐਡੀਸ਼ਨ ਵਿੱਚ 10 ਪੰੰਨੇ ਦੁਸਾਂਝ ਫਾਰਮ ਦੀਆਂ ਖੋਜਾਂ ਦੇ ਛਪੇ। ਰੀਸਰਚ ਦੇ ਕੰਮਾਂ ਵਾਸਤੇ ਅਤੇ ਐਵਾਰਡ ਪ੍ਰਾਪਤ ਕਰਨ ਲਈ ਇੰਗਲੈਂਡ, ਨੀਦਰਲੈਂਡ, ਪਾਕਿਸਤਾਨ, ਕੈਲੇਫੋਰਨੀਆਂ (ਅਮਰੀਕਾ) ਕਨੇਡਾ ਅਤੇ ਹੋਰ ਯੂਰਪੀਅਨ ਦੇਸ਼ਾਂ ਵਿੱਚ ਦੁਸਾਂਝ ਨੂੰ ਸੱਦਿਆ ਗਿਆ ਅਤੇ ਉਥੇ ਹੁੰਦੇ ਸਮਾਗਮਾਂ ਵਿੱਚ ਪਹੁੰਚ ਕੇ ਉਨਾ ਨੇ ਆਪਣੇ ਖੇਤੀ ਖੋਜ ਕਾਰਜਾਂ ਦਾ ਲੋਹਾ ਮਨਵਾਇਆ। ਗਿਆਨ ਅਤੇ ਖੋਜ ਲਈ ਕਸ਼ਮੀਰ ਤੋਂ ਕੰਨਿਆਂ ਕੁਮਾਰੀ ਤੱਕ ਦੀ ਯਾਤਰਾ ਵੀ ਕੀਤੀ।
ਖੇਤੀ ਨਾਲ਼ ਸਬੰਧਤ ਅੰਤਰਰਾਸ਼ਟਰੀ ਯਾਤਰਾਵਾਂ ਤੋਂ ਪ੍ਰਾਪਤ ਕੀਤੇ ਅਨੁਭਵ ਤੋਂ ਉਹ ਆਪਣੀ ਰਾਇ ਦਿੰਦੇ ਦੱਸਦੇ ਹਨ ਕਿ ਪੰਜਾਬ ਦੀ ਖੇਤੀ ਦਾ ਦੂਸਰੇ ਸੂਬਿਆਂ ਦੀ ਖੇਤੀ ਅਤੇ ਹੋਰ ਦੇਸ਼ਾਂ ਦੀ ਖੇਤੀ ਦਾ ਬਹੁਤ ਫਰਕ ਹੈ। ਫਿਰ ਵੀ ਭਾਰਤ ਦੇ ਭੌਤਿਕ ਹਾਲਾਤ ਕਾਫ਼ੀ ਬਿਹਤਰ ਹਨ ਪਰ ਵਸੀਲੇ ਅਤੇ ਤਕਨੀਕਾਂ ਉਨਾ ਕੋਲ਼ ਜ਼ਿਆਦਾ ਹਨ। ਉÎੱਥੇ ਸੂਖਮ ਦ੍ਰਿਸ਼ਟੀ, ਵਿਉਂਤਵੰਦੀ ਅਤੇ ਪ੍ਰੋਸੈਸਿੰਗ ਦਾ ਜ਼ੋਰ ਹੈ। ਮਹਾਂ ਰਾਸ਼ਟਰ ਗੁਜ਼ਰਾਤ ਅਤੇ ਹਿਮਾਚਲ ਪ੍ਰਦੇਸ਼ ਤੋਂ ਵੀ ਬੜਾ ਕੁਝ ਸਿੱਖਣ ਦੀ ਲੋੜ ਹੈ। ਹੁਣ ਇਹ ਯਤਨ ਆਰੰਭੇ ਹਨ।  ਪੰਜਾਬ ਖੇਤੀਬਾੜੀ ਯੂਨੀਵਰਸਿਟੀ ਰਾਹੀਂ ਪੰਜਾਬ ਦੇ ਪੰਜ ਸਮਕਾਲੀ ਪ੍ਰਾਂਤਾਂ ਨਾਲ਼ ਜਿੱਥੇ ਖੇਤੀ ਖੋਜ ਲਈ ਭਾਈਵਾਲ  ਦਾ ਕੰਮ ਸ਼ੁਰੂ ਕਰਵਾਇਆ ਉਥੇ ਹਿਮਾਚਲ ਪ੍ਰਦੇਸ਼ ਦੀ ਬਾਗਾਂ ਤੇ ਵਣਾਂ  ਬਾਰੇ ਸੋਲਨ ਵਿਖੇ ਸਥਿਤ ਯੂਨੀਵਰਸਿਟੀ ਨਾਲ਼ ਰਲ ਕੇ ਰਿਸਰਚ ਐਕਸਚੇਂਜ ਪ੍ਰੋਜੈਕਟ ਸ਼ੁਰੂ ਕਰਵਾਇਆ, ਇਸ ਪ੍ਰੋਜੈਕਟ ‘ਚ ਖੇਤੀ ਵਿਗਿਆਨੀਆਂ ਤੇ ਕਿਸਾਨਾਂ ਦੇ ਆਪਸੀ ਵਿਚਾਰ ਵਟਾਂਦਰਿਆਂ ਤੇ ਵੱਖਰੇ  ਤੇ ਤਰੱਦਦ ਕਰਨ  ਦੀ ਥਾਂ ਖੋਜਾਂ ਨੂੰ ਸਾਝੀਂਆਂ ਕਰਨ ਦੇ ਸ਼ਾਨਦਾਰ ਨਤੀਜੇ ਪ੍ਰਾਪਤ ਹੋ ਰਹੇ ਹਨ।
ਮਹਿੰਦਰ ਸਿੰਘ ਦੁਸਾਂਝ ਦੀਆਂ ਕਵਿਤਾਵਾਂ ਅਤੇ ਕਹਾਣੀਆਂ ਸਕੂਲਾਂ ਦੀਆਂ ਪਾਠ ਪੁਸਤਕਾਂ ਵਿੱਚ ਵੀ ਲੱਗੀਆਂ ਰਹੀਆਂ। ਦੁਸਾਂਝ ਹੋਰਾਂ ਦੀ ਜ਼ਿੰਦਗੀ ਭਰ ਦੀਆਂ ਖੋਜਾਂ ਅਤੇ ਸਾਹਿਤ  ਦੀ  ਕਮਾਈ  ਬੜੇ ਹੀ ਗੰਭੀਰ ਚਿੰਤਨ ਤੇ ਡੂੰਘੇ ਅਨੁਭਵ ਵਿੱਚੋਂ ਉਪਜੀ ਹੈ। ਉਨਾ ਇਹ ਖੋਜ ਤੇ ਸਾਹਿਤਕ ਕਾਰਜ ਕਿਸੇ ਵਾਤਾਅਨੁਕੂਲ ਕਮਰੇ ‘ਚ ਕੀਤੀ ਉਪਜ ਨਹੀਂ ਸਗੋਂ ਇਹ ਜ਼ਿੰਦਗੀ ਦੇ ਕਠੋਰ ਅਤੇ ਹੱਡੀਂ ਹੰਢਾਏ ਤਜ਼ਰਬਿਆਂ ਦੀ ਗਾਥਾ ਹੈ। ਉਹ ਹੁਣ ਵੀ ਸਾਰੇ ਜ਼ਰੂਰੀ ਅਤੇ ਜਿਮੇਂਵਾਰੀ ਵਾਲੇ ਕੰਮ ਆਪ ਹੱਥੀਂ ਕਰਦੇ ਹਨ। 77 ਸਾਲ ਦੀ ਉਮਰ ਵਿੱਚ ਕਹੀਆਂ ਵਾਹੁਣ ਤੇ ਹੋਰ ਜ਼ੋਰ ਦੇ ਕੰਮ ਕਰਦੇ ਹਨ। ਸਾਦਗੀ ਉਨਾ ਦੀ ਜ਼ਿੰਦਗੀ ਦਾ ਅਟੁੱਟ ਅੰਗ ਹੈ। ਉਹ ਹਮੇਸ਼ਾਂ ਕਿਸੇ ਵੀ ਤਰ•ਾਂ ਦੇ ਰਸਮੀ ਚੋਚਲਿਆਂ ਵਿੱਚ ਵਿਸ਼ਵਾਸ਼ ਰੱਖਣ ਤੋਂ ਮੁਨਕਰ ਰਹੇ ਹਨ। ਹੁਣ ਵੀ ਇਲਾਕੇ ਦੇ ਸਮਾਗਮਾਂ ਦੀ ਪ੍ਰਧਾਨਗੀ ਕਰਨ ਲਈ ਆਪਣੇ ਸਾਈਕਲ ਤੇ ਹੀ ਪੁੱਜਦੇ ਹਨ। ਕਿਸੇ ਤੇ ਵਾਧੂ ਬੋਝ ਬਣਨਾ ਉਨਾ ਦੀ ਫਿਤਰਤ ‘ਚ ਨਹੀਂ ਹੈ। ਸਾਹਿਤਕ ਖੇਤਰ ਵਿੱਚ ਮਹਿੰਦਰ ਸਿੰਘ ਦੁਸਾਂਝ ਦਾ ਵਿਲੱਖਣ ਸਥਾਨ ਹੈ। ਉਨਾ ਨੇ ਲਿਖਾਰੀ ਸਭਾ ਜਗਤਪੁਰ ਦੇ ਸੰਸਥਾਪਕ ਅਤੇ ਅਹੁਦੇਦਾਰ ਹੋਣ ਦੇ ਨਾਤੇ ਸਭਾ ਵਲੋਂ ਕੀਤੇ ਕਾਰਜਾਂ ਨੂੰ ਇਤਿਹਾਸਕ ਬਣਾਇਆ ਹੈ। ਲਿਖਾਰੀ ਸਭਾ ਜਗਤਪੁਰ ਵਲੋਂ ਬਹੁਤ ਸਾਰੇ ਇਤਿਹਾਸਕ ਸਮਾਗਮ ਪਿੰਡ ਦੀ ਇਕਾਈ ਵਿੱਚ ਕਰਵਾਏ ਜਿਨਾ ਵਿੱਚ ਪੰਜਾਬੀ ਦੇ ਸਿਰਮੌਰ ਲੇਖਕ ਪਧਾਰਦੇ  ਰਹੇ ਅਤੇ ਸਾਹਿਤਕ ਚਾਨਣ ਦਾ ਛੱਟਾ ਦਿੰਦੇ ਰਹੇ ਹਨ। ਦੁਸਾਂਝ ਹੋਰਾਂ ਦੇ ਸਹਿਯੋਗ ਨਾਲ਼ ਭਾਰਤ ਦੇ  ਸਾਇੰਸ ਤੇ ਤਕਨਾਲੋਜੀ ਵਿਭਾਗ  ਨੇ ਖੇਤੀ ਦੁਖਾਂਤ ਤੇ ਇੱਕ ਨਿਵੇਕਲੀ ਫੀਚਰ ਫਿਲਮ ”ਕੋਈ ਰਾਹ ਦਿਸੇ”  ਬਣਾਈ ਜਿਸ ਵਿੱਚ ਲਗਭਗ 60 ਪਰਿਵਾਰਾਂ ਦੇ ਬੱਚਿਆਂ ਔਰਤਾਂ ਨੇ ਕੰਮ ਕੀਤਾ। ਇਹ ਫਿਲਮ ਦੂਰਦਰਸ਼ਨ ਤੋ ਦਿਖਾਈ ਗਈ ਤੇ ਪੰਜਾਬ ਸਰਕਾਰ ਨੇ ਪੰਜਾਬ ਐਗਰੋ ਇੰਡਸਟਰੀ ਰਾਹੀਂ ਪ੍ਰੋਜੈਕਟਰ ਦੇ ਕੇ ਪੰਜਾਬ ਦੇ ਅਨੇਕਾ ਪਿੰਡਾਂ ਵਿੱਚ ਵੀ ਵਿਖਾਈ।
ਸਾਹਿਤ ਖੇਤਰ ‘ਚ ਦੁਸਾਂਝ ਸਾਹਿਬ ਦੇ ਆਪਣੇ ਪਸੰਦੀਦਾ ਪੰਜਾਬੀ ਲੇਖਕਾਂ ‘ਚ ਗੁਰਬਖ਼ਸ਼ ਸਿੰਘ ਪ੍ਰੀਤਲੜੀ, ਨਾਨਕ ਸਿੰਘ, ਨਵਤੇਜ ਸਿੰਘ, ਜਸਵੰਤ ਸਿੰਘ ਕੰਵਲ, ਪ੍ਰੋ: ਮੋਹਨ ਸਿੰਘ, ਦਰਸ਼ਨ ਸਿੰਘ ਅਵਾਰਾ ਸ਼ਾਮਲ ਹਨ। ਉਰਦੂ ਵਿਚ ਕ੍ਰਿਸ਼ਨ ਚੰਦਰ, ਉਪਿੰਦਰ ਨਾਥ ਅਸ਼ਕ, ਖਵਾਜ਼ਾ ਅਹਿਮਦ ਅੱਬਾਸ, ਅਲੀ ਸਰਦਾਰ ਜਾਫ਼ਰੀ, ਡਾ. ਸਰ ਮੁਹੰਮਦ ਇਕਬਾਲ ਉਨਾ ਦੇ ਪਸੰਦ ਦੇ ਲੇਖਕ ਹਨ। ਹਿੰਦੀ ਸਾਹਿਤ ਵਿੱਚ ਸੁਦਰਸ਼ਨ, ਯਸ਼ਪਾਲ, ਨਾਮਧਾਰੀ ਸਿੰਘ ਦਿਨਕਰ, ਡਾ. ਨਾਮਵਰ ਸਿੰਘ, ਮੁਨਸ਼ੀ ਪ੍ਰੇਮ ਚੰਦ, ਸ਼ਰਤ ਚੰਦ ਆਦਿ ਸ਼ਾਮਲ ਹਨ। ਅੰਗਰੇਜ਼ੀ ਸਾਹਿਤ ਦੇ ਮੁਲਖ ਰਾਜ ਆਨੰਦ, ਮੈਕਸਿਮ ਗੋਰਕੀ, ਜਾਨ ਪਾਲ, ਸਾਰਤਰ, ਬਾਇਰਨ, ਬਾਲਜ਼ਾਕ (ਫਰਾਂਸ) ਆਦਿ ਨੂੰ ਪਸੰਦ ਕੀਤਾ ਅਤੇ ਅਧਿਐਨ ਕੀਤਾ ਹੈ।
ਦੁਸਾਂਝ ਹੋਰਾਂ ਆਪਣੇ  ਜੀਵਨ ਅਤੇ ਸਾਹਿਤਕ ਤਜ਼ਰਬੇ ਮੁਤਾਬਕ ਸਾਹਿਤ ਦੀਆਂ ਤਿੰਨ ਧਾਰਾਵਾਂ ਜਿਨਾ ‘ਚੋਂ ਦੋ  ਹਨ। ਪ੍ਰਯੋਗਸ਼ੀਲ ਲਹਿਰ (ਵਿਦੇਸ਼ੀ), ਪ੍ਰਗਤੀਸ਼ੀਲ ਲਹਿਰ (ਖੱਬੇ ਪੱਖੀ) ਹਨ। 1936 ਵਿੱਚ ਲਖਨਊ ‘ਚ ਮੁਨਸ਼ੀ ਪ੍ਰੇਮ ਚੰਦ ਦੀ ਪ੍ਰਧਾਨਗੀ ਹੇਠ ਲਖਨਊ ਵਿਖੇ ਪ੍ਰਗਤੀਸ਼ੀਲ ਲਹਿਰ ਦੀ ਬੁਨਿਆਦ ਰੱਖੀ ਗਈ ਸੀ। ਪੰਜਾਬੀ ਸਾਹਿਤ ‘ਚ ਤੀਜੀ ਲਹਿਰ  ਜੁਝਾਰ ਕ੍ਰਾਂਤੀਸ਼ੀਲ ਲਹਿਰ ਸੀ। ਦੁਸਾਂਝ ਇਨਾ ਤਿੰਨਾਂ ਲਹਿਰਾਂ ਨਾਲ਼ ਜੁੜੇ ਰਹੇ ਹਨ। ਪਹਿਲਾਂ ਪ੍ਰਗਤੀਸ਼ੀਲ ਲਹਿਰ ਨਾਲ਼ ਜੁੜੇ ਫਿਰ ਕਮਿਊਨਿਸਟ ਪਾਰਟੀ ‘ਚ 1950 ਤੋਂ 1989 ਤੱਕ ਜੁੜੇ ਰਹੇ। ਫਿਰ ਰਾਜਨੀਤੀ ਤਿਆਗ ਦਿੱਤੀ ਅਤੇ ਆਪਣੀ ਸਮਰੱਥਾ ਮੁਤਾਬਕ ਕੰਮ ਕਰਨ ਦੀ ਇਜ਼ਾਜ਼ਤ ਲੈ ਲਈ।
ਸਮਾਜ ਵਿੱਚ ਆਏ ਵਿਕਾਰਾਂ ਪ੍ਰਤੀ ਦੁਸਾਂਝ ਦਾ ਵਿਚਾਰ ਹੈ ਕਿ ਨੈਤਿਕ ਕਦਰਾਂ ਕੀਮਤਾਂ ਦੀ ਘਾਟ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਇਸ ਵਿੱਚ ਸੁਧਾਰ ਜਾਂ ਕ੍ਰਾਂਤੀ ਸਰਕਾਰਾਂ ਬਦਲ ਕੇ ਜਾਂ ਪਾਰਟੀਆਂ ਬਦਲ ਕੇ ਨਹੀਂ ਸਗੋਂ ਸਮਾਜ ਦੀ ਸੋਚ ਬਦਲ ਕੇ ਆਉਣੀ ਹੈ। ਧਾਰਮਿਕ ਖੇਤਰ ਵਿੱਚ ਟਰਾਇਲ ਫੇਲ• ਹੋ ਗਏ ਹਨ। ਰਸਮਾਂ ਰਿਵਾਜਾਂ ਦੇ ਡਰਾਮੇ ਬਣ ਕੇ ਰਹਿ ਗਏ ਹਨ। ਸਮਾਜ ਦੀ ਸੋਚ ਸਿੱਖਿਆ ਨਾਲ਼ ਹੀ ਬਦਲੀ ਜਾ ਸਕਦੀ ਹੈ। ਹੁਣ ਪੰਜ ਸਾਲਾਂ ਤੋਂ ਦਸ ਸਾਲਾਂ ਦੇ ਬੱਚੇ ਦੀ ਮਾਨਸਿਕਤਾ ਵਿੱਚ ਨਵੇਂ ਵਿਚਾਰਾਂ ਦਾ ਸੰਚਾਰ ਹੋਣਾ ਚਾਹੀਦਾ ਹੈ। ਉਸ ਵਿੱਚ ਮਿਹਨਤ ਤੇ ਇਮਾਨਦਾਰੀ ਨੂੰ ਸਭ ਤੋਂ ਉਪਰ ਰੱਖ ਕੇ ਉਨਾ ‘ਚੋਂ ਇਕ ਨਵੇਂ ਤੇ ਨੈਤਿਕ ਇਨਸਾਨ ਦਾ ਨਿਰਮਾਣ ਹੋਣਾ ਚਾਹੀਦਾ ਹੈ। ਵਿਦਿਆ ਵਿੱਚ ਇੱਕ ਆਦਰਸ਼ਕ  ਇਨਸਾਨ ਦਾ ਨਿਰਮਾਣ ਕਰਨ ਦੀ ਸਮਰੱਥਾ ਹੈ ਤੇ ਵਿੱਦਿਆ ਰਾਹੀਂ ਇਹ ਕੰਮ ਸਰਕਾਰਾਂ ਨਹੀਂ ਲੋਕਾਂ ਨੇ ਹੀ ਕਰਨਾ ਹੈ ਲੋਕਾਂ ਨੇ ਹੀ ਕੀਤਾ ਹੈ।
ਪਿੰਡ ਜਗਤਪੁਰ ਲਹਿੰਦੇ ਦੇ ਪਾਸੇ ਪਿੰਡੋਂ ਥੋੜ•ਾ ਹਟਵਾਂ ਦੁਸਾਂਝ ਫਾਰਮ ਇਲਾਕੇ ਭਰ ਦੀ ਇੱਕ ਵੱਖਰੀ ਤੇ ਰਮਣੀਕ ਥਾਂ ਹੈ। ਇੱਕ ਪਿੰਡ ਦੀ ਵੱਖੀ ‘ਚ ਜੰਗਲ ਵਰਗੇ ਟਿੱਬਿਆਂ ਤੇ ਝਾੜੀਆਂ ਵਾਲੀ ਉਬੜ ਖਾਬੜ ਜ਼ਮੀਨ ਨੂੰ ਪੱਧਰੀ ਕਰ ਕੇ ਵਾਹੀ ਯੋਗ ਬਣਾ ਕੇ ਇੱਥੇ ਮੰਗਲ ਲਾ ਦੇਣੇ ਦੁਸਾਂਝ ਵਰਗੇ ਸਿਰੜੀ ਵਿਅਕਤੀਆਂ ਦੇ ਵੱਸ ਦੀ ਗੱਲ ਹੈ। ਦੁਸਾਂਝ ਫਾਰਮ ਤੇ ਅਣਗਿਣਤ ਕਿਸਮਾਂ ਦੇ ਫਲਦਾਰ, ਫੁੱਲਦਾਰ ਬੂਟੇ, ਅਨੋਖੇ ਪੌਦੇ, ਦਰੱਖਤ, ਵੇਲਾਂ ਨੂੰ ਕੁਦਰਤੀ ਤੇ ਦੇਸੀ ਢੰਗ ਤਰੀਕਿਆਂ ਨਾਲ ਉਗਾਏ ਹੋਏ ਹਨ। ਜਿਨ•ਾਂ ਤੇ ਅਨੇਕਾਂ ਤਜ਼ਰਬੇ ਕੀਤੇ ਜਾਂਦੇ ਹਨ। ਇੱਥੇ ਪੈਦਾ ਕੀਤੀਆਂ ਹਾਈਬਰਿਡ ਕਿਸਮਾਂ ਵੱਧ ਅਤੇ ਉਤਮ ਪੈਦਾਵਾਰ ਲਈ ਤਿਆਰ ਕੀਤੀਆਂ ਜਾਂਦੀਆਂ ਹਨ। ਇਹ ਨਿਰਾਲੀ ਥਾਂ ਹੈ ਜਿੱਥੇ ਹੁਣ ਤੱਕ ਭਾਰਤ ਭਰ ਦੇ ਖੇਤੀ ਖੋਜੀ, ਖੋਜਾਰਥੀ, ਵਿਦਵਾਨ, ਰੰਗਕਰਮੀ, ਲੇਖਕ, ਗ਼ਦਰੀ ਬਾਬੇ ਅਤੇ  ਖੱਬੇ ਪੱਖੀ ਆਗੂ ਆਉਂਦੇ ਰਹੇ ਹਨ। ਇੱਥੇ ਹੀ ਵਿਚਾਰ ਵਟਾਂਦਰੇ, ਉਸਾਰੂ ਬਹਿਸਾਂ ਹੁੰਦੀਆਂ ਰਹੀਆਂ ਹਨ। ਉਹ ਜਗ•ਾ ਜਿੱਥੇ ਇਤਰਾਂ ਦੇ ਚੋਆਂ ਵਾਲੀ ਗੱਲ ਸੱਚ ਹੁੰਦੀ ਹੈ। ਇੱਥੇ ਹੁਣ ਤੱਕ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੇ ਗਰੁੱਪ ਇਹ ਅਨੋਖੀ ਥਾਂ ਦੇਖਣ, ਜਾਨਣ ਅਤੇ ਸਿੱਖਣ ਆਉਂਦੇ ਰਹਿੰੇਦੇ ਹਨ। ਇੱਥੇ ਚੜਦਾ ਸੂਰਜ ਤੱਕਣਾ, ਪੰਛੀਆਂ ਦਾ ਚਹਿਕਣਾ ਮਨ ਨੂੰ ਤਸਕੀਨ ਬਖ਼ਸ਼ਦਾ ਹੈ। ਸੂਰਜ ਦੀਆਂ ਕਿਰਨਾਂ ਬਗੀਚੇ ਦੇ ਵੰਨ ਸੁਵੰਨੇ ਦਰੱਖਤਾਂ ਵਿੱਚੋਂ ਹੋ ਕੇ ਧਰਤੀ ਤੇ ਚਿਤਕਬਰੀ ਮੀਨਾਕਾਰੀ ਕਰਦੀਆਂ ਹਨ। ਫੁੱਲਦਾਰ ਬੂਟਿਆਂ ਤੇ ਗੂੰਜਦੀਆਂ ਸ਼ਹਿਦ ਦੀਆਂ ਮੱਖੀਆਂ ਤੇ ਭੰਵਰੇ ਆਪੋ ਆਪਣਾ ਸੰਗੀਤ ਛੇੜਦੇ ਹਨ। ਟਿਕੀ ਦੁਪਹਿਰ ਨੂੰ ਬੋਲਦੇ ਬੀਂਡੇ ਤੇ ਪਾਪੂਲਰਾਂ ਵਿਚੋਂ ਕੂਲਰ ਵਰਗੀ ਰੁਮਕਦੀ ਹਵਾ ਦੇ ਬੁੱਲੇ ਚਿੱਤ ਠਾਰਦੇ ਹਨ। ਸ਼ਾਮ ਦਾ ਢਲਦਾ ਸੂਰਜ ਵੀ ਆਪਣਾ ਵੱਖਰਾ ਰੰਗ ਪੰਛੀਆਂ ਦੇ ਰਾਗਾਂ ਦੌਰਾਨ ਬਖੇਰਦਾ ਹੈ। ਮਹਿੰਦਰ ਸਿੰਘ ਦੁਸਾਂਝ ਨੂੰ ਇਹ ਸਾਰਾ ਕੁਝ ਕਿਸੇ ਚਿੱਤਰਕਾਰ ਵਲੋਂ ਤਸਵੀਰ ਬਣਾ ਕੇ ਤੇ ਫਿਰ ਦੂਰ ਖੜ ਕੇ ਦੇਖਣ ਵਾਲਾ ਸਕੂਨ ਦਿੰਦਾ ਹੈ, ਤਸਕੀਨ ਬਖ਼ਸ਼ਦਾ ਹੈ।
ਦੁਸਾਂਝ ਅਨੁਸਾਰ ਉਹਦੇ ਖੇਤ ਉਹਦੀ ਰਿਆਸਤ ਹਨ, ਉਹਦਾ ਫਾਰਮ ਹਾਊਸ ਉਸ ਦੀ ਰਾਜਧਾਨੀ ਹੈ। ਅਨੇਕਾਂ ਪਸ਼ੂ, ਪੰਛੀ, ਫੁੱਲ ਬੂਟੇ, ਭੌਰੇ, ਤਿਤਲੀਆਂ ਤੇ ਮਧੂ ਮੱਖੀਆਂ ਉਸਦੀ ਜਨਤਾ ਦੇ ਸਮਾਨ ਹਨ, ਉਹ ਉਨਾ ਦੀ ਧਰਮ ਪਤਨੀ ਇਸ ਰਿਆਸਤ ਦੀ ਰਾਣੀ ਤੇ ਆਪਣੇ ਆਪ ਨੂੰ ਉਹ ਇੱਕ ਸ਼ਾਂਤ ਮਨ ਵਾਲੇ ਇੱਕ ਅਮਨ ਪਸੰਦ ਰਾਜੇ ਦੇ ਸਮਾਨ ਮਹਿਸੂਸ ਕਰਦੇ ਹਨ। ਉਹ ਇਹ ਵੀ ਮਹਿਸੂਸ ਕਰਦੇ ਹਨ ਕਿ ਸਾਹਿਤਕ ਖੇਤਰ ਨੇ ਉਸ ਦੇ ਮਾਣ ਸਨਮਾਨ ਵਿੱਚ ਉਲੇਖਨੀਯ ਵਾਧਾ ਕੀਤਾ ਹੈ ਤੇ ਖੇਤੀ ਦੇ ਖੇਤਰ ‘ਚੋਂ ਮਾਣ ਸਨਮਾਨ ਦੇ ਨਾਲ਼ ਭਰਪੂਰ ਤ੍ਰਿਪਤੀ ਤੇ ਸੰਤੁਸ਼ਟੀ ਵੀ ਮਿਲੀ ਹੈ। ਇਨਸਾਨ ਲਗਨ, ਦ੍ਰਿੜਤਾ ਤੇ ਇੱਛਾ ਸ਼ਕਤੀ ਨਾਲ਼ ਆਪਣੇ ਸੁਫ਼ਨਿਆਂ ਨੂੰ ਹਕੀਕਤਾਂ ਵਿੱਚ ਬਦਲ ਸਕਦਾ ਹੈ ਜਾਂ ਅਹੋਣੀਆਂ ਨੂੰ ਹੋਣੀਆਂ ਵਿੱਚ ਬਦਲ ਸਕਦਾ ਹੈ।
ਮਹਿੰਦਰ ਸਿੰਘ ਦੁਸਾਂਝ ਤੇ ਮਹਿੰਦਰ ਕੌਰ ਦੁਸਾਂਝ ਬਾਰੇ ਵੱਖਰਾ ਲਿਖਣਾ ਦੋਵਾਂ ਸਖ਼ਸ਼ੀਅਤਾਂ ਨਾਲ਼ ਇਨਸਾਫ ਨਹੀਂ ਹੋਵੇਗਾ।
ਦੁਸਾਂਝ ਸਾਹਿਬ ਦੀ ਉਮਰ ਭਰ ਦੀ ਘਾਲਣਾ, ਤਰੱਕੀ ਅਤੇ ਉਦਮ ਨੂੰ ਸਿਖਰਾਂ ਤੱਕ ਪਹੁੰਚਾਉਣ ਵਿਚ ਜੋ ਸਾਰਥਿਕ ਅਤੇ ਸੁਯੋਗ ਸਾਥ ਉਨਾ ਦੀ ਧਰਮ ਪਤਨੀ ਸ਼੍ਰੀਮਤੀ ਮਹਿੰਦਰ ਕੌਰ ਦੁਸਾਂਝ ਰਿਹਾ ਉਹ ਥੋੜ•ੀਆਂ ਜੋੜੀਆਂ ਦੇ ਹਿੱਸੇ ਆਉਂਦਾ ਹੈ। 1958 ਵਿੱਚ ਦੁਸਾਂਝ ਹੋਰਾਂ ਦਾ ਵਿਆਹ ਮਹਿੰਦਰ ਕੌਰ ਹੋਰਾਂ ਨਾਲ਼ ਹੋਇਆ। ਹੁਸ਼ਿਆਰਪੁਰ ਜ਼ਿਲ•ੇ ਦੇ ਬਾੜੀਆਂ ਕਲਾਂ ਪਿੰਡ ਦੇ ਪਿਤਾ ਭਗਵਾਨ ਸਿੰਘ ਅਤੇ ਮਾਤਾ ਭਜਨ ਕੌਰ ਦੀ ਹੋਣਹਾਰ ਧੀ ਨੇ ਮਹਿੰਦਰ ਸਿੰਘ ਦੁਸਾਂਝ ਨਾਲ ਉਮਰ ਭਰ ਜੋ ਸਾਂਝ ਨਿਭਾਈ ਉਹ ਲਾਸਾਨੀ  ਹੈ। 5 ਜਨਵਰੀ 1938 ਨੂੰ ਜਨਮੇ ਮਹਿੰਦਰ ਕੌਰ ਬਹੁਤ ਹੀ ਮਿਹਨਤੀ ਤੇ ਸੰਘਰਸ਼ਸ਼ੀਲ ਮਹਿਲਾ ਸੀ ਜੋ ਉਨਾ ਸਮਿਆਂ ਦੇ ਮਿਡਲ ਪਾਸ ਸਨ ਪਰ ਵਿਦਵਤਾ ਵਿੱਚ ਉਹ ਉਚ ਸਿੱਖਿਆ ਅਤੇ ਅਨੁਭਵ ਪ੍ਰਾਪਤ ਸਨ। ਜਿਸ ਸਦਕਾ ਉਨਾ ਨੇ 50 ਸਾਲ ਸਮਾਜ ਸੇਵਾ ਦਾ ਕੰਮ ਕੀਤਾ। ਘਰ ਬਾਰ ਸੰਭਾਲਣ ਅਤੇ ਹੋਰ ਸਮਾਜਿਕ ਕੰਮਾਂ ਵਿਚ ਬਰਾਬਰ ਸਮਤੋਲ ਬਣਾ ਕੇ ਜ਼ਿੰਦਗੀ ਦਾ ਲੰਮਾ ਪੈਂਡਾ ਸਰ ਕੀਤਾ। ਉਨਾ ਨੇ ਸ਼ੁਰੂ ਵਿੱਚ ਜ਼ਮੀਨ ਨੂੰ ਸਮਤਲ ਕਰਨ ਵਿੱਚ ਅਤੇ ਸੰਵਾਰਨ ਲਈ ਪੂਰਾ ਸਾਥ ਦਿੱਤਾ। ਜ਼ਮੀਨ ਨੂੰ ਵਾਹੁੰਦਿਆਂ ਬੀਜਦਿਆਂ ਹਰ ਵਕਤ ਸਾਥ ਰਹੇ। ਉਨਾ ਨੇ ਨੱਕੇ ਮੋੜਨ ਤੱਕ ਦੇ ਕੰਮ ਨੂੰ ਵੀ ਅੰਜ਼ਾਮ ਦਿੱਤਾ। ਕੰਮ ਦੇ ਸਮੇਂ ਵੀਹ ਵੀਹ ਬੰਦਿਆਂ ਦੀਆਂ ਰੋਟੀਆਂ ਪਕਾਉਣ ਅਤੇ ਵਰਤਾਉਣ ਦਾ ਕੰਮ ਕਰਦਿਆਂ ਕਦੀ ਵੀ ਅਕੇਵਾਂ ਥਕੇਵਾਂ ਮਹਿਸੂਸ ਨਹੀਂ ਸੀ ਕੀਤਾ। ਮਹਿੰਦਰ ਕੌਰ ਦੁਸਾਂਝ ਹੋਰਾਂ ਕਪਾਹ ਚੁਗਣ, ਸੂਤ ਕੱਤਣ, ਕੱਪੜੇ ਤਿਆਰ ਕਰਨ ਦਾ ਕੰਮ ਵੀ ਕੀਤਾ। 1970 ਤੋਂ ਪਿੰਡਾਂ ਵਿੱਚ ਇਸਤਰੀ ਸਭਾਵਾਂ ਕਾਇਮ ਕੀਤੀਆਂ, ਟਰੇਨਿੰਗ ਸੈਂਟਰ ਖੋਲੇ ਅਤੇ  ਪਿੰਡ ਵਿਚ ਵੀ ਇਸਤਰੀ ਭਵਨ ਬਣਾਇਆ। ਪੇਂਡੂ ਇਸਤਰੀਆਂ ਸਭਾ ਵਲੋਂ ਵਹਿਮ ਭਰਮ ਅਤੇ ਹੋਰ ਸਮਾਜਿਕ ਬੁਰਾਈਆਂ ‘ਚੋਂ ਇਸਤਰੀਆਂ ਨੂੰ ਕੱਢਣ ਲਈ ਲੰਬੀ ਮੁਹਿਮ ਚਲਾਈ। ਉਨਾ ਨੇ ਔਰਤਾਂ ਨੂੰ ਵਿਦਿਆ ਅਤੇ ਵਿਗਿਆਨ ਨਾਲ਼ ਜੋੜਨ ਦੇ ਉਪਰਾਲੇ ਕੀਤੇ। ਉਨਾ ਨੇ ਬਾਲਗ ਸਿੱਖਿਆ ਦਾ ਸਕੂਲ ਸ਼ੁਰੂ ਕੀਤਾ। ਜਿੱਥੇ ਪੰਜ ਸਾਲ ਤੋਂ ਅੱਸੀ ਸਾਲ ਦੀਆਂ ਲੜਕੀਆਂ ਅਤੇ ਔਰਤਾਂ ਨੇ ਸਿੱਖਿਆ ਲਈ। ਇਲਾਕੇ ਦੇ ਪਿੰਡਾਂ ‘ਚ  ਘਰ ਬਗੀਚੀਆਂ ਲਾਉਣ, ਵਾਧੂ ਚੀਜ਼ਾਂ ਦੀ ਪ੍ਰੋਸੈਸਿੰਗ ਕਰਨ ਦੀ ਸਿੱਖਿਆ ਦਿੱਤੀ। ਸਿਹਤ ਵਿਭਾਗ ਨਾਲ਼ ਰਲ਼ ਕੇ ਜੱਚਾ ਬੱਚਾ ਦੀ ਸਿਹਤ ਸੰਭਾਲ ਬਾਰੇ ਜਾਗਰੂਕ ਕੀਤਾ। ਪਰਿਵਾਰ ਨਿਯੋਜਨ ਦੀ ਮੁਹਿੰਮ ‘ਚ ਹਿੱਸਾ ਪਾਇਆ। ਪਿੰਡਾਂ ਵਿੱਚ ਕੈਂਪ ਲਗਾਏ। ਫਿਰ ਕੈਮੀਕਲ ਕੰਪਨੀ ਕਰਿਭਕੋ ਨਾਲ਼ ਰਲ਼ ਕੇ ਖਾਧ ਪਦਾਰਥ ਬਣਾਉਣ ਦੀ ਟਰੇਨਿੰਗ ਦਿੱਤੀ। ਪੰਜਾਬ ਦੇ ਬਾਗਬਾਨੀ ਵਿਭਾਗ ਨਾਲ  ਮਿਲ ਕੇ ਕੈਂਪ ਆਯੋਜਤ ਕੀਤੇ। ਵਿਧਵਾ ਔਰਤਾਂ ਨੂੰ ਪੈਨਸ਼ਨ ਲਗਾ ਕੇ ਕਾਰੋਬਾਰਾਂ ਲਈ ਕਰਜ਼ੇ ਤੇ ਸਬਸਿਡੀਆਂ ਦਿਵਾਈਆਂ ਅਤੇ ਪੈਰਾਂ ਤੇ ਖੜਨ ‘ਚ ਮੱਦਦ ਕੀਤੀ। ਪਿੰਡ ਵਿੱਚ ਸਫਾਈ ਮੁਹਿਮਾਂ ਚਲਾਈਆਂ। ਪੜਨ ਵਾਲੇ ਬੱਚਿਆਂ ਨੂੰ ਪ੍ਰੇਰਨਾ ਦੇਣ ਅਤੇ ਲੋੜਾਂ ਪੂਰੀਆਂ ਕਰਨ ਵਿੱਚ ਵੀ ਹਿੱਸਾ ਪਾਇਆ। ਪਿੰਡ ਦੀ ਡਿਸਪੈਂਸਰੀ ਵਾਸਤੇ ਦਵਾਈਆਂ ਦਾ ਪ੍ਰਬੰਧ ਵੀ ਕਰਵਾਉਂਦੇ ਰਹੇ।
ਜਲੰਧਰ ਰੇਡੀਓ ਤੇ ਸਿੱਧੇ ਪ੍ਰਸਾਰਨ ਵਾਲੇ ਚਰਚਿਤ ਭੈਣਾਂ ਦੇ ਪ੍ਰੋਗਰਾਮ ਵਿੱਚ ਵੀ ਉਹ ਸਮੇਂ ਸਮੇਂ ਭਾਗ ਲੈਂਦੇ ਰਹੇ ਜਿਸ ਵਿੱਚ ਕਈ ਤਰ ਸੇਧ ਦੇਣ ਵਾਲੇ ਵਿਸ਼ਿਆਂ ਤੇ ਚਰਚਾ ਕਰਦੇ ਰਹੇ। ਉਨਾ ਨੇ ਕਿਸਾਨ ਬੀਬੀਆਂ ਨੂੰ ਹਿਮਾਚਲ ਮਹਾਂਰਾਸ਼ਟਰ ਆਦਿ ਖੋਜ ਕੇਂਦਰਾਂ ਦੀ ਯਾਤਰਾ ਵੀ ਕਰਵਾਈ। ਉਨਾ ਖੇਤੀ ਜਿਣਸਾਂ ਤੋਂ ਵਿਲੱਖਣ ਖਾਧ ਪਦਾਰਥ ਤਿਆਰ ਕਰਨ ਦੀਆਂ ਖੋਜਾਂ ਵੀ ਕੀਤੀਆਂ। ਜਿਵੇਂ ਕੱਚੇ ਫਲਾਂ ਤੋਂ ਜੈਮ ਅਤੇ ਅਚਾਰ ਬਣਾਉਣਾ, ਕਿਨੂੰ, ਸੰਤਰੇ ਦੀਆਂ ਛਿਲਾਂ ਦਾ ਮੁਰੱਬਾ ਬਣਾਉਣਾ, ਜੜੀ ਬੂਟੀਆਂ ਨੂੰ ਕੌੜੀਆਂ ਤੋਂ ਸੁਆਦ ਬਣਾ ਕੇ ਇਲਾਜ ਵਾਸਤੇ ਵਰਤਣ ਯੋਗ ਬਣਾਉਣਾ। ਹਲਦੀ ਤੋਂ ਪੰਜੀਰੀ ਬਣਾਉਣਾ, ਕੁਆਰ ਤੋਂ ਅਚਾਰ ਬਣਾਉਣ ਦੀਆਂ ਖੋਜਾਂ ਸ਼ਾਮਲ ਹਨ।
ਇੱਕ ਹੋਰ ਸ਼ੌਕ ਲੋਕ ਗੀਤ ਗਾਉਣ, ਘੋੜੀਆਂ ਅਤੇ ਸੁਹਾਗ ਗਾਉਣ ਦਾ ਵੀ ਰਿਹਾ। ਉਨਾ ਨੇ ਸੈਮੀਨਾਰਾਂ ਵਿੱਚ ਹਿਮਾਚਲ ਅਤੇ ਪੰਜਾਬ ਦੇ ਕਈ ਥਾਵਾਂ ਤੇ ਜਾ ਕੇ ਭਾਸ਼ਣ ਦਿੱਤੇ। ਉਨਾ ਨੇ ਸਿੱਖਿਆ ਅਤੇ ਨਵੇਂ ਕਾਨੂੰਨ ਨਿਰਮਾਣ ਦੇ ਵਿਸ਼ਿਆਂ ਤੇ ਸੈਮੀਨਾਰਾਂ ਵਿੱਚ ਭਾਸ਼ਣ ਦਿੱਤੇ। ਮਹਿੰਦਰ ਕੌਰ ਦੁਸਾਂਝ ਨੇ ਸਾਰੀ ਜ਼ਿੰਦਗੀ ਹੀ ਰੁਝੇਵਿਆਂ ਭਰਪੂਰ ਰੱਖੀ। ਉਨਾ ਦੀ ਪ੍ਰੇਰਨਾ ਨਾਲ਼ ਔਰਤਾਂ ਨੇ ਨਵੀਆਂ ਰਾਹਾਂ ਤੇ ਚੱਲਣ ਦਾ ਵਲ ਸਿੱਖਿਆ। ਮਹਿੰਦਰ ਸਿੰਘ ਦੁਸਾਂਝ ਦਾ ਸਾਥ ”ਏਕ ਜੋਤ ਦੋਏ ਮੂਰਤੀ” ਵਾਲਾ ਰਿਹਾ। ਪਿੰਡ ਜਗਤਪੁਰ ਅਤੇ ਇਲਾਕੇ ਵਿੱਚ ਉਨਾ ਦਾ ਨਾਮ ਬੜੇ ਅਦਬ ਨਾਲ਼ ਲਿਆ ਜਾਂਦਾ ਹੈ ਅਤੇ ਇਸ  ਤਰਾ  ਲਿਆ ਜਾਂਦਾ ਰਹੇਗਾ। ਉਨਾ ਦੇ ਸੇਧਕ ਕਾਰਜਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਮਹਿੰਦਰ ਕੌਰ ਦੁਸਾਂਝ, ਮਹਿੰਦਰ ਸਿੰਘ ਦੁਸਾਂਝ ਨਾਲ਼ ਜ਼ਿੰਦਗੀ ਦਾ ਲੰਮਾ ਸਾਥ ਨਿਭਾ ਕੇ 12 ਮਾਰਚ 2014 ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਲੰਮਾ ਅਰਸਾ ਜੀਵਨ ਸਾਥ ਦੇਣ ਵਾਲੇ ਮਹਿੰਦਰ ਕੌਰ ਦੇ ਜਾਣ ਨਾਲ਼ ਦੁਸਾਂਝ ਹੋਰਾਂ ਨੂੰ ਇੱਕ ਖਲਾਅ ਮਹਿਸੂਸ ਹੋ ਰਿਹਾ ਹੈ ਪਰ ਜ਼ਿੰਦਗੀ ਨੂੰ ਆਪਣੀ ਤੋਰੇ ਤੁਰਦੀ ਰੱਖਣ ਲਈ ਸਿਦਕ ਅਤੇ ਜ਼ਿੰਦਾਦਿਲੀ ਨਾਲ਼ ਦੁਸਾਂਝ ਸਾਹਿਬ ਅਤੇ ਪਰਿਵਾਰ ਫਿਰ ਤੋਂ ਨਵੇਂ ਦਿਸਹੱਦੇ ਤਲਾਸ਼ਣ ਵਾਸਤੇ ਸਫਰ ‘ਚ ਹਨ।
ਸ. ਮਹਿੰਦਰ ਸਿੰਘ ਦੁਸਾਂਝ ਅਤੇ ਸਵਰਗੀ ਮਹਿੰਦਰ ਕੌਰ ਦੁਸਾਂਝ ਦੇ ਪਰਿਵਾਰ ਵਿੱਚ ਸਪੁੱਤਰ ਮਨਜੀਤ ਸਿੰਘ ਦੁਸਾਂਝ ਪੰਜਾਬੀ ਅਧਿਆਪਕ, ਨੂੰਹ ਮਨਿੰਦਰ ਕੌਰ, ਪੋਤੀਆਂ ਨਵਨੂਰ ਕੌਰ ਐਮ.ਐਸ ਈ. ਆਈ.ਟੀ., ਨਵਕਿਰਨ ਕੌਰ ਐਮ.ਐਸ ਈ. ਬਾਇਓ-ਇੰਨਫਰਮੈਟਿਕਸ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਲਾਂਟ ਬ੍ਰੀਡਿੰਗ ਵਿਭਾਗ ਦੀ ਰੀਸਰਚ ਫੈਲੋ ਹਨ। ਇਨਾ ਪੋਤੀਆਂ ਉਪਰ ਦੁਸਾਂਝ ਹੋਰਾਂ ਨੂੰ ਲੜਕਿਆਂ ਤੋਂ ਵੀ ਕਿਤੇ ਵੱਧ ਗੌਰਵ ਹੈ।  ਦੁਸਾਂਝ ਪਰਿਵਾਰ ਦਾ ਖੋਜੀ ਧਿਆਨ ਤੇ ਲਗਨ ਉਨਾ ਦੇ ਜੀਵਨ ਸਫ਼ਰ ਨੂੰ ਸੁਹਾਵਣਾ ਤੇ ਯਾਦਗਾਰੀ ਬਣਾਉਣ ਵਿੱਚ ਸਹਾਈ ਹੈ। ਕਾਮਨਾ ਹੈ ਕਿ ਇਸ  ਤਰਾ  ਦੀ ਰੰਗੀਨ  ਰੌਸ਼ਨੀ ਵੰਡਦੇ ਹੋਏ ਇਹ ਸਿਤਾਰੇ ਸਦਾ ਚਮਕਦੇ ਰਹਿਣ।
-ਰੇਸ਼ਮ ਕਰਨਾਣਵੀ

ਖੇਤੀ ਵਿਗਿਆਨੀ, ਸਾਹਿਤਕਾਰ ਤੇ ਬਹੁਪੱਖੀ ਸਖ਼ਸ਼ੀਅਤ-ਮਹਿੰਦਰ ਸਿੰਘ ਦੋਸਾਂਝ