ਬਲਦਾਂ ਤੇ ਪਿਤਾ ਪੁਰਖ਼ੀ ਸ਼ੌਕੀਨ ਅਤੇ ਬੈਲਗੱਡੀਆਂ ਦੇ ਨਾਮਵਰ ਧਾਵਕ ਮਨਜੀਤ ਸਿੰਘ ਡੋਗਰ

ਪੰਜਾਬੀਆਂ ਦੇ ਖੁੱਲੇ ਸੁਭਾਅ ਅਤੇ ਧੱਕੜ ਕਾਮੇ ਹੋਣ ਦਾ ਲੋਹਾ ਸਾਰੇ ਮੰਨਦੇ ਹਨ। ਇਨਾ  ਦੇ ਅਵੱਲੇ ਸ਼ੌਕਾਂ ਦੇ ਚਰਚੇ ਸਭ ਥਾਂ ਹੁੰਦੇ ਹਨ। ਪੰਜਾਬੀਆਂ ਨੇ ਆਪਣੇ ਕੰਮਾਂ ਵਿੱਚੋਂ ਖੇਡਾਂ ਈਜਾਦ ਕੀਤੀਆਂ ਹਨ। ਭਲਵਾਨੀ, ਭਾਰ ਤੋਲਣ, ਕਬੱਡੀ, ਮੁਗਦਰ ਚੁੱਕਣਾ ਮੂਗਲ਼ੀਆਂ ਫੇਰਨੀਆਂ  ਅਤੇ ਰੱਸਾਕਸ਼ੀ ਵਰਗੀਆਂ ਖੇਡਾਂ ਇਨਾ  ਦੀਆਂ ਹੱਡਾਂ ‘ਚ ਰਚੀਆਂ ਰਹੀਆਂ ਹਨ। ਖੇਤੀ ਨਾਲ਼ ਸਬੰਧਤ ਬਲਦਾਂ ਦੀਆਂ ਦੌੜਾਂ ਵੀ ਪੰਜਾਬੀਆਂ ਦੇ ਸ਼ੌਕ ਦਾ ਇੱਕ ਵਿਲੱਖਣ ਅੰਗ ਹਨ। ਹਲ਼ਾਂ ਨਾਲ਼ ਕੀਤੀ ਜਾਣ ਵਾਲੀ ਖੇਤੀ ਲਈ ਚੜਸ ਖਿੱਚਣ ਤੋਂ ਖੂਹ ਗੇੜਨ ਤੱਕ ਦੇ ਕੰਮਾਂ ਵਾਸਤੇ ਅਤੇ ਡੰਗਰ ਵੱਛਿਆਂ ਦੇ ਸ਼ੌਕੀਨ ਪੰਜਾਬੀ ਦੂਰ ਦੂਰਾਡੇ ਤੋਂ ਮਹਿੰਗੇ ਭਾਅ ਦੇ  ਵਹਿੜੇ ਲਿਆ ਕੇ ਪਾਲ਼ਦੇ ਰਹੇ ਹਨ। ਆਧੁਨਿਕ ਖੇਤੀ ਅਤੇ ਵਿਗਿਆਨ ਦੇ ਯੁੱਗ ਵਿੱਚ ਵੀ ਇਨਾ  ਨੇ ਇਹ ਸ਼ੌਕ ਜੀਵਤ ਰੱਖਿਆ ਹੈ। ਬਲਦ ਗੱਡੀਆਂ ਭਜਾਉਣ ਅਤੇ ਹਲਟੀ ਦੌੜ ਦੇ ਮੁਕਾਬਲੇ ਸਾਰੇ ਪੰਜਾਬ ਵਿਚ ਪੁਰਾਤਨ ਸਮੇਂ ਤੋਂ ਹੀ ਕਰਵਾਏ ਜਾ ਰਹੇ ਹਨ। ਪੰਜਾਬ ਭਰ ਵਿੱਚ ਗੱਡੀਆਂ ਅਤੇ ਹਲਟੀ ਦੌੜਾਂ ਦੀਆਂ ਚੈਂਪੀਅਨ ਜੋੜੀਆਂ ‘ਚ ਪਿੰਡ ਜਗਤਪੁਰ ਦੇ ਮਨਜੀਤ ਸਿੰਘ ਡੋਗਰ ਦੇ ਨਾਂ ਦੀ ਚਰਚਾ ਪੰਜਾਬ ਦੀਆਂ ਸਾਰੇ ਮੁਕਾਬਲਿਆਂ ਵਿੱਚ ਚਲਦੇ  ਸਪੀਕਰਾਂ ‘ਚ  ਦੌੜਾਂ ਦੇ ਸ਼ੌਕੀਨਾਂ ਨੂੰ ਜ਼ਰੂਰ ਸੁਣਦੀ ਹੈ। ਮਨਜੀਤ ਸਿੰਘ ਡੋਗਰ ਦੇ ਸ਼ੌਕ ਨਾਲ਼ ਪਾਲ਼ੇ, ਸਿਖਾਲੇ ਵਹਿੜਕੇ ਹਵਾ ਨਾਲ਼ ਗੱਲਾਂ ਕਰਦੇ ਦੌੜਾਂ ਜਿੱਤਦੇ ਅਤੇ ਇਨਾਮ, ਸਨਮਾਨ ਹਾਸਲ ਕਰਦੇ ਰਹਿੰਦੇ ਹਨ। ਅੱਸੀ ਕੁ ਸਾਲਾਂ ਦੀ ਉਮਰ ਨੂੰ ਢੁੱਕੇ ਮਨਜੀਤ ਸਿੰਘ ਨਾਲ਼ੋਂ ਡੋਗਰ ਦੇ ਨਾਂ ਨਾਲ਼ ਜ਼ਿਆਦਾ ਜਾਣਿਆਂ ਜਾਂਦਾ ਹੈ। ਦੇਸੀ ਅਤੇ ਸਾਦ ਮੁਰਾਦਾ ਰਹਿਣ ਸਹਿਣ ਰੱਖਣ ਵਾਲੇ ਇਸ ਬਜ਼ੁਰਗ ਨੂੰ ਆਪਣੀਆਂ ਪ੍ਰਾਪਤੀਆਂ ਤੇ ਮਾਣ ਤਾਂ ਹੈ ਪਰ ਘਮੰਡ ਉਕਾ ਨਹੀਂ ਹੈ।
ਬਲਦ ਪਾਲ਼ਣ ਤੇ ਭਜਾਉਂਣ ਦਾ ਸ਼ੌਕ ਮਨਜੀਤ ਸਿੰਘ ਦੇ ਪਿਤਾ ਸ: ਪਾਲ ਸਿੰਘ ਨੂੰ ਆਪਣੇ ਬਜ਼ੁਰਗ ਬਸੰਤ ਸਿੰਘ ਅਤੇ ਚਾਚਾ ਮੇਹਰ ਸਿੰਘ ਤੋਂ ਪਿਆ ਜੋ ਵੈਨਕੂਵਰ ਕਨੇਡਾ ਚਲੇ ਗਏ ਸਨ। ਉਥੋਂ ਹੀ ਉਨਾ  ਨੇ ਉਤਸ਼ਾਹ ਦਿੰਦੇ ਰਹੇ। 1894 ਤੋਂ 1933 ਤੱਕ ਉਹ ਬਲਦਾਂ ਵਾਸਤੇ ਘੁੰਗਰੂ ਭੇਜਦੇ ਰਹੇ। ਬਾਬਾ ਪਾਲ ਸਿੰਘ ਬਾਲਾ ਕੱਢਣ (ਮੁਗਦਰ ਚੁੱਕਣ) ਅਤੇ ਜਗਤਪੁਰ ਦੀ ਰੱਸਾਕਸ਼ੀ ਦੀ ਧਾਕੜ ਟੀਮ ਦੇ ਮੈਂਬਰ ਵੀ ਰਹੇ। ਪਾਲ ਸਿੰਘ ਕੋਲ਼ ਸ਼ੁਰੂ ਵਿੱਚ ਸੱਤ ਬਲਦ ਹੁੰਦੇ ਸਨ। ਇੱਕ ਬਲਦ ਜਿਸ ਦੀ ਕੀਮਤ ਉਸ ਵੇਲੇ 720 ਰੁਪਏ ਸੀ। ਜੋ ਉਨਾ  ਦੀ ਭੂਆ ਜੰਡਿਆਲੇ ਤੋਂ ਲਿਆਈ ਸੀ, ਉਸ ਨਾਲ਼ ਪੂਰੀ ਤੇਜ਼ੀ ਨਾਲ਼ ਅੱਧਾ ਘੰਟਾ ਖੂਹ ਗੇੜਿਆ ਸੀ। ਹੋਰ ਚਾਰੇ ਦੇ ਨਾਲ਼ ਇੱਕ ਸੇਰ ਰੋਜ਼ ਦੀ ਬਲਦਾਂ ਦੀ ਖੁਰਾਕ ‘ਚ ਸ਼ਾਮਲ ਹੁੰਦਾ ਸੀ।
ਫਿਰ ਪੰਜਾਬ ਭਰ ਵਿਚ  ਬਲਦਾਂ ਗੱਡੀਆਂ ਦੀਆਂ ਦੌੜਾਂ ਦੀਆਂ ਸ਼ਰਤਾਂ ਦੀ  ਸ਼ੁਰੂਆਤ ਹੋ ਗਈ। ਇਨਾਮਾਂ ਤੇ ਬਲਦ ਭੱਜਣੇ ਸ਼ੁਰੂ ਹੋ ਗਏ। ਇਲਾਕੇ ਵਿੱਚ ਇਹ ਦੌੜਾਂ ਤਲਵੰਡੀ ਫੱਤੂ, ਸੰਧਵਾਂ, ਹੇੜੀਆਂ, ਜੱਬੋਵਾਲ ਵਿਚ ਦੌੜਾਂ ਹੋਣ ਲੱਗੀਆਂ। ਤਲਵੰਡੀ ਫੱਤੂ ਦੀਆਂ ਦੌੜਾਂ ਵਿਚ ਦੂਰੋਂ-ਦੂਰੋਂ ਬਲਦ ਆਉਂਦੇ ਸਨ। ਇੱਥੋਂ ਲਗਾਤਾਰ 1978 ਤੋਂ 1983 ਤੱਕ ਪੰਜ ਸਾਲ  ਡੋਗਰ ਦੇ ਬਲਦ ਦੌੜਾਂ ਜਿੱਤਦੇ ਰਹੇ। ਇਹ ਦੋੜ 16*16 =32 ਏਕੜ ਜਾਣ ਆਉਣ ਦੀ ਦੌੜ ਹੁੰਦੀ ਸੀ। ਫਿਰ 1988 ‘ਚ ਇਨਾਮਾਂ ਵਾਲੀਆਂ ਦੌੜਾਂ ‘ਚ ਸਾਹਨੇਵਾਲ ਤੋਂ ਪਹਿਲਾ ਇਨਾਮ ਟੈਲੀਵਿਜਨ ਜਿੱਤਿਆ। ਉਥੇ 150 ਗੱਡੀਆਂ ‘ਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਸੀ। ਫਿਰ 1988 ਤੋਂ 1990 ਤੱਕ ਲਗਾਤਾਰ  1988 ਤੋਂ ਇਕਹਿਰੀਆਂ ਹਲਟੀ ਦੌੜਾਂ ਦੇ ਮੁਕਾਬਲੇ ਸ਼ੁਰੂ ਹੋਏ।
ਮਨਜੀਤ ਸਿੰਘ ਡੋਗਰ ਨੂੰ ਪਹਿਲਾਂ ਇੱਕ ਹੋਰ ਸ਼ੌਕ ਸੀ ਭਾਰ ਚੁੱਕਣ ਦਾ। ਜਦੋਂ 1961’ਚ ਲੁਧਿਆਣੇ ਯੂਨੀਵਰਸਿਟੀ ਦੇ ਮੇਲੇ ਤੇ ਤਿੰਨ ਭਾਰ ਚੁਕਾਵਿਆਂ ਮਨਜੀਤ ਸਿੰਘ ਡੋਗਰ ਜਗਤਪੁਰ, ਗੁਰਦਿਆਲ ਸਿੰਘ ਬੜਾ ਪਿੰਡ, ਦਰਸ਼ਨ ਸਿੰਘ ਸਮਰਾਵਾਂ ਨੇ ਭਾਰ ਚੁੱਕਿਆ ਸੀ ਤਾਂ ਡੋਗਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ। ਇਨਾਮਾਂ ਦੀ ਤਕਸੀਮ ਜਵਾਹਰ ਲਾਲ ਨਹਿਰੂ ਨੇ ਕੀਤੀ ਸੀ। ਬਾਅਦ ਵਿੱਚ ਬਾਂਹ ਤੇ ਸੱਟ ਲੱਗਣ ਕਰਕੇ ਭਾਰ ਚੁੱਕਣਾ ਬੰਦ ਕਰ ਦਿੱਤਾ ਤੇ ਬਲਦਾਂ ਦਾ ਸ਼ੌਕ ਜਾਰੀ ਰੱਖਿਆ।
ਪੰਜਾਬ ਭਰ ‘ਚ ਹੁੰਦੀਆਂ ਬਲਦਾਂ ਦੀਆਂ ਦੌੜਾਂ  ‘ਚ ਭਾਗ ਲਿਆ ਤੇ ਜਿੱਤਾਂ ਦਰਜ ਕੀਤੀਆਂ। ਇਨਾ  ਨੇ ਕੁੱਪ ਕਲਾਂ ਸੰਗਰੂਰ ਤੋਂ ਸੋਨ ਤਮਗਾ, ਸਾਹਨੇਵਾਲ, ਮੁੰਡੀਆਂ, ਬੜੂੰਦੀ, ਛਪਾਰ, ਲਤਾਲਾ, ਗੁੱਜਰਵਾਲ, ਆਲਮਗੀਰ, ਸਰਾਭਾ, ਸਾਂਈ, ਡੇਹਲੋਂ, ਹਰੀ ਸਿੰਘ ਦਾ ਬੁਰਜ, ਕਮਾਲਪੁਰ ਜਗਰਾਵਾਂ, ਗਾਲਬ ਕੋਕਰੀ, ਮਾਤਪੁਰ, ਗੌਂਸ ਪੁਰ, ਨੇਲਾਂ, ਮਕੜੌਨਾਂ, ਚਮਕੌਰ ਸਾਹਿਬ, ਸ਼ੇਰਪੁਰ, ਜਲਤੌਲੀ, ਭਾਗੋ ਮਾਜਰਾ, ਕਿਲਾ ਰਾਏਪੁਰ, ਕਰਨਾਣਾ, ਟੂਟੋ ਮਜਾਰਾ ਤਿੰਨ ਸਾਲ, ਗੁੱਗੋਵਾਲ ਤਿੰਨ ਸਾਲ, ਜੌੜੇ, ਚਾਹਲ ਕਲਾਂ ਪੰਜ ਸਾਲ, ਚੀਮਾ ਖੁਰਦ, ਮੰਢਾਲੀ, ਲਾਲਪੁਰ ਭਾਣਾ, ਨੰਦਪੁਰ ਕਲੌੜ, ਬਹਿਲਪੁਰ, ਲੱਲੀਆਂ ਕਲਾਂ, ਰੁੜਕਾ ਕਲਾਂ ਅਤੇ ਹੋਰ ਬਹੁਤ ਸਾਰੇ ਪਿੰਡਾਂ ਵਿੱਚ ਹੁੰਦੀਆਂ ਦੌੜਾਂ ਵਿੱਚ ਆਪਣੀ ਬਲਦਾਂ ਦੇ ਜੌਹਰ ਦਿਖਾਏ ਅਤੇ ਇਨਾਮ ਜਿੱਤੇ। ਪਿੰਡ ਅੱਟਾ ਵਿੱਚ 20 ਸਾਲ ਤੋਂ ਹਰ ਸਾਲ ਸਨਮਾਨ ਕੀਤਾ ਜਾਂਦਾ ਹੈ। ਡੋਗਰ ਹੋਰਾਂ ਦਾ ਕਹਿਣ ਹੈ ਕਿ ਬਲਦਾਂ ਦੀਆਂ ਦੌੜਾਂ ਤੇ ਪਾਬੰਦੀ ਦਾ ਅਸਰ ਵੀ ਪਿਆ ਪਰ ਅਸੀਂ ਸ਼ੁਰੂ ਤੋਂ ਹੀ ਕਿਸੇ ਵੀ ਨਸ਼ੇ ਦੀ ਵਰਤੋਂ ਜਾ ਬਲਦਾਂ ਦੀ ਮਾਰਕੁੱਟ ਦੇ ਖਿਲਾਫ਼ ਹਾਂ। ਇਹ ਕੰਮ ਕਰਨ ਵਾਲੇ  ਲੋਕਾਂ ਕਰਕੇ ਸਭ ਨੂੰ ਇਸ ਸ਼ੌਕ ਤੇ ਅਸਰ ਜ਼ਰੂਰ ਪਿਆ ਸੀ।
ਬਲਦਾਂ ਦੀਆਂ ਦੌੜਾਂ ਵਿੱਚ ਸਭ ਤੋਂ ਵਧੀਆ ਸਮਾਂ 1981 ਵਿਚ ਤਲਵੰਡੀ ਫੱਤੂ ਵਿਚ ਹੋਈ 16 16 ਏਕੜ ਦੀ ਦੌੜ ਵਿਚ 3 ਮਿੰਟ 50 ਸੈਕੰਡ ਦਾ ਰਿਕਾਰਡ ਹੈ। ਜਿਸ ਤੇ 50 ਹਜ਼ਾਰ ਦਾ ਇਨਾਮ ਰੱਖਿਆ ਹੈ। ਹੁਣ ਤੱਕ 150 ਦੇ ਕਰੀਬ ਬਲਦ ਖਰੀਦੇ ਸਿਖਲਾਈ ਦੇ ਕੇ ਮੁਕਾਬਲਿਆਂ ਵਿਚ ਭਜਾਏ ਹਨ।  1988 ਵਿਚ ਡੇਢ ਲੱਖ ਦਾ ਬਲਦ ਖਰੀਦਣ ਤੋਂ ਲੈ ਕੇ ਸੱਤ ਲੱਖ ਤੱਕ ਦੀ ਕੀਮਤ ਦੇ ਬਲਦ ਖਰੀਦੇ ਹਨ। ਹੁਣ ਵੀ ਚਾਰ ਲੱਖ ਦਾ ਹਲਕੀ ਉਮਰ ਦਾ ਤੇਜ ਤਰਾਰ  ਬਹਿੜਾ ਲਿਆਂਦਾ ਹੈ। ਮਨਜੀਤ ਸਿੰਘ ਡੋਗਰ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਹੁਣ ਵੀ ਗੱਡੀਆਂ ਦੀਆਂ ਦੌੜਾਂ ਵਿੱਚ ਭਾਗ ਲਿਆ ਜਾਂਦਾ ਹੈ। 28 ਸਾਲ ਤੋਂ ਪਿੰਡ ਜਗਤਪੁਰ ਵਿੱਚ ਬਲਦਾਂ ਦੀਆਂ ਦੌੜਾਂ ਕਰਵਾਈਆਂ ਜਾਂਦੀਆਂ ਹਨ। ਜਿਨਾ ਦਾ ਸਾਰਾ ਪ੍ਰਬੰਧ ਇਨਾ ਦੇ ਪਰਿਵਾਰ ਵਲੋਂ ਕੀਤਾ ਜਾਂਦਾ ਹੈ। ਆਏ ਹੋਏ ਬਲਦਾਂ ਦੀਆਂ ਜੋੜੀਆਂ ਦੀ ਸਾਂਭ ਸੰਭਾਲ ਵੀ ਆਪ ਹੀ ਕਰਦੇ ਹਨ।
ਸਰਦਾਰ ਮਨਜੀਤ ਸਿੰਘ ਡੋਗਰ ਦੇ ਸਪੁੱਤਰ ਹਿੰਮਤ ਸਿੰਘ, ਅਮਨ ਸਿੰਘ, ਸੁਖਵਿੰਦਰ ਸਿੰਘ, ਦਵਿੰਦਰ ਸਿੰਘ, ਕੁਲਦੀਪ ਸਿੰਘ ਹੋਰੀਂ ਆਪਣੇ ਬਜ਼ੁਰਗਾਂ ਦੀ ਪਾਈ ਸਾਰਥਕ ਪਿਰਤ ਨੂੰ ਅੱਗੇ ਵਧਾਉਣ ਲਈ ਸਮਰਪਤ ਹਨ। ਜੋ ਦੇਸ਼ ਵਿਦੇਸ਼ ਵਿਚ ਰਹਿੰਦੇ ਹੋਏ ਹੋਰ ਰੁਝੇਵਿਆਂ ‘ਚੋਂ ਇਸ ਦੇਸੀ ਅਤੇ ਪਿਤਾ ਪੁਰਖ਼ੀ ਖੇਡ ਲਈ ਕਾਰਜਸ਼ੀਲ ਰਹਿੰਦੇ ਹਨ। ਇਸ ਤਰਾਂ ਹੀ ਹੋਰ ਵਿਸ਼ੇਸ਼ਤਾਵਾਂ ਵਾਲੇ ਪਿੰਡ ਦਾ ਨਾਮ ਉਘਾ ਕਰਨ ਲਈ ਯਤਨਸ਼ੀਲ ਰਹਿਣ ਦਾ ਸੰਕਲਪ ਨਿਭਾਉਣ ਲਈ ਵਚਨ ਬੱਧ ਹਨ।