ਰਵਿੰਦਰ ਰਵੀ: ਲਿਖਾਰੀ ਸਭਾ ਜਗਤ ਪੁਰ
‘ਲਿਖਾਰੀ ਸਭਾ ਜਗਤ ਪੁਰ(ਰਜਿ.)’ ਪੰਜਾਬ ਦੀਆਂ ਉੱਚ ਕੋਟੀ ਦੀਆਂ ਸਰਗਰਮ ਸਭਾਵਾਂ ਵਿਚ ਆਪਣਾ ਵਿਸ਼ੇਸ਼ ਸਥਾਨ ਰੱਖਦੀ ਹੈ ਅਤੇ ਇਹ, ੧੯੬੨ਤੋਂ ਅੱਜ ਤਕ, ਲਗਾਤਾਰ ੫੩ ਸਾਲ ,ਸਾਹਿਤ ਦੇ ਖੇਤਰ ਵਿਚ ਕਰਮਸ਼ੀਲ ਰਹੀ ਹੈ।
ਇਸ ਸਭਾ ਦਾ ਮੁੱਢ ਮੈਂ ੨੩ ਸਤੰਬਰ, ੧੯੬੨ ਵਿਚ, ਮੋਹਿੰਦਰ ਦੋਸਾਂਝ ਨੂੰ ਨਾਲ ਲੈ ਕੇ, ਬੰਨ੍ਹਿਆਂ ਸੀ। ਮੈਂ ਇਸ ਦਾ ਮੋਢੀ ਪ੍ਰਧਾਨ ਸਾਂ ਅਤੇ ਮੁਹਿੰਦਰ ਦੋਸਾਂਝ ਜਨਰਲ ਸਕੱਤਰ। ਪਹਿਲਾਂ ਅਸੀਂ ਇਸਦਾ ਨਾਮ ‘ਨਵੀਨ ਸਾਹਿਤ ਸੰਗਮ’ ਰੱਖਿਆ ਪਰ ਬਾਅਦ ਵਿਚ ਇਹ ਨਾਮ ਹੀ ਬਦਲਕੇ, ‘ਲਿਖਾਰੀ ਸਭਾ ਜਗਤ ਪੁਰ(ਰਜਿ.)’ ਹੋ ਗਿਆ। ਉਨ੍ਹਾਂ ਦਿਨਾਂ ਵਿਚ ਮੈਂ ਜਗਤ ਪੁਰ ਦੇ ਸਕੂਲ ਵਿਚ ਹੀ ਪੜ੍ਹਾਉਂਦਾ ਸਾਂ। ਮਿਲਖਾ ਸਿੰਘ ‘ਰੱਦੀ'(ਸਿੱਖਾਂ ਦੀ ਪੱਤੀ), ਬਲਦੇਵ ਸਿੰਘ(ਦੇਬੀ – ਧੂਮੇਂ ਦੀ ਪੱਤੀ/ਗਭਲੀ ਬੀਹੀ) ਅਤੇ ਮਾਸਟਰ ਦਰਬਾਰਾ ਸਿੰਘ ਆਦਿ ਸਾਡੀ ਇਸ ਸਭਾ ਦੇਹੋਰ ਮੁੱਢਲੇ ਮੈਂਬਰ ਸਨ।
ਉਸ ਸਮੇਂ ਭਾਸ਼ਾ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕਵਿਤਾ ਵਿਚ ਚੱਲੀ “ਪ੍ਰਯੋਗਸ਼ੀਲ਼ ਲਹਿਰ” ਭਖਵੇਂ ਵਾਦ ਵਿਵਾਦ ਦੇ ਵਿਸ਼ੇ ਸਨ। ਅਸੀਂ ਇਨ੍ਹਾਂ ਦੋਂਹਾਂ ਵਿਸ਼ਿਆਂ ਉੱਤੇ, ਆਪਣੀ ਸਭਾ ਵਲੋਂ, ਹੇਠ ਲਿਖੀਆਂ ਗੋਸ਼ਟੀਆਂ ਕਰਵਾਈਆਂ:
੧. ਪਹਿਲੀ ਗੋਸ਼ਟੀ ੧੩ ਅਕਤੂਬਰ, ੧੯੬੨ ਨੂੰ, ਜਗਤ ਪੁਰ ਸਕੂਲ ਵਿਚ ਆਯੋਜਤ ਕੀਤੀ ਗਈ, ਜਿਸ ਵਿਚ ਈਸ਼ਰ ਸਿੰਘ ਅਟਾਰੀ ਨੇ ਆਪਣਾ ਪਰਚਾ: “ਆਧੁਨਿਕ ਪੰਜਾਬੀ ਭਾਸ਼ਾ ਦੀ ਨੁਹਾਰ” ਪੜ੍ਹਿਆ। ਇਸ ਸਮਾਗਮ ਦੀ ਪ੍ਰਧਾਨਗੀ ਡਾ./ਪ੍ਰੋ. ਗੁਲਵੰਤ ਸਿੰਘ ਨੇ ਕੀਤੀ। ਸਭਾ ਦੇ ਮੈਂਬਰਾਂ ਨੇ ਬਹਿਸ ਵਿਚ ਹਿੱਸਾ ਲਿਆ।
੨. ਦੂਜੀ ਗੋਸ਼ਟੀ ਅਸੀਂ ਪ੍ਰਿੰਸੀਪਲ ਮਲਿਕ ਤੇ ਪ੍ਰੋ. ਤਾਰਦੇ ਸਹਿਯੋਗ ਨਾਲ, ਸਿੱਖ ਨੈਸ਼ਨਲ ਕਾਲਜ, ਬੰਗਾ ਵਿਖੇ ੧੯ ਜਨਵਰੀ, ੧੯੬੩ ਨੂੰ ਕੀਤੀ, ਜਿਸ ਦੀ ਪ੍ਰਧਾਨਗੀ ਸਿਰਮੌਰ ਕਵੀ ਪ੍ਰੋ. ਮੋਹਨ ਸਿੰਘ(‘ਪੰਜ ਦਰਿਆ’) ਨੇ ਕੀਤੀ ਅਤੇ ਉਦਘਾਟਨ, ਭਾਸ਼ਾ ਵਿਭਾਗ, ਪੰਜਾਬ(ਪਟਿਆਲਾ) ਦੇ ਡਾਇਰੈਕਟਰ, ਡਾ. ਜੀਤ ਸਿੰਘ ਸੀਤਲ ਨੇ ਕੀਤਾ। ਇਸ ਗੋਸ਼ਟੀ ਵਿਚ ਡਾ. ਜਸਬੀਰ ਸਿੰਘ ਆਹਲੂਵਾਲੀਆ ਨੇ ਆਪਣਾ ਪਰਚਾ “ਪ੍ਰਯੋਗਸ਼ੀਲ ਪੰਜਾਬੀ ਕਵਿਤਾ: ਪ੍ਰਯੋਗ ਤੇ ਵਿਚਾਰਧਾਰਾ ਦੀ ਸਮੱਸਿਆ” ਪੜ੍ਹਿਆ, ਜਿਸ ਉੱਤੇ ਹੋਏ ਵਿਚਾਰ ਵਟਾਂਦਰੇ ਵਿਚ ਡਾ. ਅਤਰ ਸਿੰਘ, ਸੁਖਪਾਲਵੀਰ ਸਿੰਘ ਹਸਰਤ, ਪ੍ਰੀਤਮ ਸਿੰਘ(‘ਵਾਦ ਵਿਵਾਦ’), ਈਸ਼ਰ ਸਿੰਘ ਅਟਾਰੀ, ਪ੍ਰੋ. ਪਿਆਰਾ ਸਿੰਘ ਗਿੱਲ ਅਤੇ ਰਵਿੰਦਰ ਰਵੀ ਆਦਿ ਨੇ ਭਾਗ ਲਿਆ।
ਇਸ ਸਭਾ ਵਲੋਂ ਹੀ, ੧੯੬੪ ਵਿਚ, ਅਸੀਂ “ਪ੍ਰਯੋਗਸ਼ੀਲ ਕਾਵਿ-ਦਰਪਨ” ਨਾਮ ਦੀ ਪੁਸਤਕ ਵੀ ਪ੍ਰਕਾਸਤ ਕੀਤੀ, ਜਿਸ ਦਾ ਸੰਪਾਦਨ ਤੇ ਸੰਕਲਨ ਵੀ ਮੈਂ ਆਪ ਹੀ ਕੀਤਾ। ਇਸ ਦੇ “ਦ੍ਰਿਸ਼ਟੀਕੋਨ” ਭਾਗ ਵਿਚ ਜਿੱਥੇ ਡਾ. ਹਰਿਭਜਨ ਸਿੰਘ, ਡਾ. ਜਸਬੀਰ ਸਿੰਘ ਆਹਲੂਵਾਲੀਆ ਅਤੇ ਰਵਿੰਦਰ ਰਵੀ ਦੇ ਸਿਧਾਂਤਕ ਲੇਖ ਸ਼ਾਮਿਲ ਕੀਤੇ ਗਏ ਸਨ, ਉੱਥੇ “ਸਿਰਜਣਾ” ਭਾਗ ਵਿਚ ਹੇਠ ਲਿਖੇ ਕਵੀਆਂ ਦੀਆਂ ਪ੍ਰਯੋਗਸ਼ੀਲ ਕਵਿਤਾਵਾਂ ਵੀ ਪ੍ਰਕਾਸ਼ਤ ਕੀਤੀਆਂ ਗਈਆਂ ਸਨ:
ਪ੍ਰੋ. ਮੋਹਨ ਸਿੰਘ, ਦੇਵਿੰਦਰ ਸੱਤਿਆਰਥੀ, ਪ੍ਰੀਤਮ ਸਿੰਘ ਸਫੀਰ, ਡਾ. ਹਰਿਭਜਨ ਸਿੰਘ, ਤਾਰਾ ਸਿੰਘ, ਸ਼ੁਖਬੀਰ, ਡਾ. ਜਸਬੀਰ ਸਿੰਘ ਆਹਲੂਵਾਲੀਆ, ਅੰਮ੍ਰਿਤਾ ਪ੍ਰੀਤਮ, ਸੁਖਪਾਲਵੀਰ ਸਿੰਘ ਹਸਰਤ, ਅਜਾਇਬ ਕਮਲ, ਰਵਿੰਦਰ ਰਵੀ, ਸਵਰਨ, ਸ.ਸ. ਮੀਸ਼ਾ, ਗਿਆਨ ਸਿੰਘ, ਪ੍ਰਭਜੋਤ ਕੌਰ, ਨਰਿੰਦਰਪਾਲ ਸਿੰਘ, ਜਗਤਾਰ, ਸੁਰਜੀਤ ਹਾਂਸ, ਹਰਿਨਾਮ, ਸਤਿ ਕੁਮਾਰ, ਸਰਬੰਸ, ਗੁਲਵੰਤ, ਸੁਰਜਨ ਸਿੰਗ ਫਰਿਆਦੀ, ਕ੍ਰਿਸ਼ਨ ਅਸ਼ਾਂਤ ਅਤੇ ਹਰਭਜਨ ਸਿੰਘ ਹੁੰਦਲ।
“ਸੰਭਾਵਨਾ” ਭਾਗ ਵਿਚ ਹੇਠ ਲਿਖੇ ਉੱਭਰ ਰਹੇ ਨੌਜਵਾਨ ਪ੍ਰਯੋਗਸ਼ੀਲ ਕਵੀਆਂ ਦੀਆਂ ਕਵਿਤਾਵਾਂ ਪ੍ਰਕਾਸ਼ਤ ਕੀਤੀਆਂ ਗਈਆਂ ਸਨ:
ਰਣਧੀਰ ਬੇਦੀ, ਮੋਹਨਜੀਤ, ਸੁਰਿੰਦਰ ਗਿੱਲ, ਵਰਿਆਮ ਅਸਰ, ਹਿੰਮਤ ਸਿੰਘ ਸੋਢੀ, ਦਰਬਾਰਾ ਸਿੰਘ, ਰਣਧੀਰ ਸਿੰਘ ਚੰਦ, ਨਿਰਮਲ ਮਾਹੀ, ਰਤਨ ਸਿੰਘ ਰੀਹਲ, ਮੁਹਿੰਦਰ ਦੁਸਾਂਝ, ਅਮਰਜੀਤ ਚਾਵਲਾ(‘ਅਕਸ’), ਬਲਦੇਵ ਸਿੰਘ, ਤਰਲੋਕ ਸਿੰਘ ਹੁੰਦਲ ਅਤੇ ਕੇਵਲ ਸਿੰਘ ਨਿਰਦੋਸ਼।
“ਅੰਤਰਝਾਤ” ਭਾਗ ਵਚ ਹੇਠ ਲਿਖੇ ਕਵੀਆਂ ਦੀਆਂ ੧੩ ਕੁ ਚੋਣਵੀਆਂ ਕਵਿਤਾਵਾਂਅਤੇ ਉਨ੍ਹਾਂ ਉੱਤੇ ਡਾ. ਹਰਿਭਜਨ ਸਿੰਘ, ਡਾ. ਜਸਬੀਰ ਸਿੰਘ ਆਹਲੂਵਾਲੀਆ, ਰਵਿੰਦਰ ਰਵੀ, ਸੁਖਪਾਲਵੀਰ ਸਿੰਘ ਹਸਰਤ, ਅਜਾਇਬ ਕਮਲ ਤੇ ਪ੍ਰੇਮ ਸਿੰਘ ਦੁਆਰਾ ਲਿਖੇ ਗਏ ਗਹਿਨ ਅਧਿਅਨ ਵੀ ਛਾਪੇ ਗਏ ਸਨ:
ਪਾ. ਹਰਿਭਜਨ ਸਿੰਘ, ਸੁਖਪਾਲਵੀਰ ਸਿੰਘ ਹਸਰਤ, ਡਾ. ਜਸਬੀਰ ਸਿੰਘ ਆਹਲੂਵਾਲੀਆ, ਰਵਿੰਦਰ ਰਵੀ, ਅਜਾਇਬ ਕਮਲ, ਸ.ਸ. ਮੀਸ਼ਾ, ਸਰਬੰਸ, ਸਤਿ ਕੁਮਾਰ ਅਤੇ ਡਾ. ਜਸਵੰਤ ਸਿੰਘ ਨੇਕੀ।
ਪ੍ਰਯੋਗਸ਼ੀਲ ਲਹਿਰ ਦਾ, ਉਸ ਸਮੇਂ ਤਕ ਛਪਿਆ, ਇਹ ਇਕ ਪ੍ਰਤਿਨਿਧ ਤੇਇਹਾਸਿਕ ਸੰਗ੍ਰਹਿ ਸੀ, ਜਿਸ ਵਿਚ ਪੰਜਾਬੀ ਕਵਿਤਾ ਦੀਆਂ ੪ ਪੀੜ੍ਹੀਆਂ ਦੇ ਪ੍ਰਮੁੱਖ ਕਵੀਆਂ ਦੀਆਂ ਰਚਨਾਵਾਂ ਸ਼ਾਮਿਲ ਕੀਤੀਆਂ ਗਈਆਂ ਸਨ।
੧੯੬੪ ਵਿਚ ਮੇਰੀ ਬਦਲੀ ਪਹਿਲਾਂ ਜਲੰਧਰ ਤੇ ਫੇਰ ਤਲਵਣ ਦੀ ਹੋ ਗਈ। ਉਸ ਸਮੇਂ ਤੋਂ ਹੀ ਇਸ ਸਭਾ ਦੀ ਵਾਗ ਡੋਰ,ਬਤੌਰ ਪ੍ਰਧਾਨ, ਮੁਹਿੰਦਰ ਦੋਸਾਂਝ ਨੇ ਸੰਭਾਲੀ ਹੋਈ ਹੈ। ਉਸ ਨੇ ਇਸ ਸਭਾ ਨੂੰ ਰਜਿਸਟਰ ਕਰਵਾ ਕੇ,ਸਾਹਿਤਿਕ ਸਰਗਰਮੀਆਂ ਦੇ ਖੇਤਰ ਵਿਚ, ਨਵੀਆਂ ਸਿਖਰਾਂ ਛੁਹੀਆਂ।
ਜਨਵਰੀ ੨੦, ੧੯੬੭ ਨੂੰ, ਮੁੰਬਈ ਤੋਂ ਸਮੁੰਦਰੀ ਜਹਾਜ਼ ਦੁਆਰਾ, ਕਰਾਚੀ ਤੇ ਸ਼ੀਸ਼ਲਜ਼ ਰਾਹੀਂ, ੧੩ ਕੁਦਿਨ ਦਾ ਸਫਰ ਕਰ ਕੇ, ੨ ਫਰਵਰੀ, ੧੯੬੭ ਨੂੰ, ਮੈਂ ਕੀਨੀਆਂ ਦੀ ਬੰਦਰਗਾਹ ਮੁੰਬਾਸਾ ਦੇ ਘਾਟ ਉੱਤੇ ਜਾ ਉੱਤਰਿਆ। ਏਥੋਂ ਰੇਲ ਰਾਹੀਂ, ੫ ਫਰਵਰੀ, ੧੯੬੭ ਨੂੰ, ਕੀਨੀਆਂ ਦੀ ਰਾਜਧਾਨੀ ਨੈਰੋਬੀ ਪਹੁੰਚ ਗਿਆ। ੬ ਫਰਵਰੀ ਨੂੰ ਮੇਰੀ ਕੀਨੀਆਂ ਦੇ ਵਿੱਦਿਅਕ ਮੰਤਰਾਲੇ ਨਾਲ ਇੰਟਰਵਿਊ ਹੋਈ ਅਤੇ ੮ ਫਰਵਰੀ ਨੂੰ ਮੈਂ “ਕਾਮੋਦਾਈ ਹਾਈ ਸਕੂਲ” ਵਿਚ, ਅੰਗਰੇਜ਼ੀ ਭਾਸ਼ਾ, ਅੰਗਰੇਜ਼ੀ ਸਾਹਿਤ ਅਤੇ ਇਤਿਹਾਸ ਦਾ ਅਧਿਆਪਕ ਲੱਗ ਗਿਆ। ਇਸ ਸਮੇਂ ਦੌਰਾਨ ਮੁਹਿੰਦਰ ਦੌਸਾਂਝ ਅਤੇ ਜਗਤ ਪੁਰ ਦੀ ਲਿਖਾਰੀ ਸਭਾ ਨਾਲ ਮੇਰਾ ਸੰਪਰਕ ਲਗਾਤਾਰ ਬਣਿਆਂ ਰਿਹਾ।
ਦਸੰਬਰ, ੧੯੬੯ ਵਿਚ, ਜਦੋਂ ਮੈਂ ਪਹਿਲੀ ਵਾਰ ਕੀਨੀਆਂ ਤੋਂ ਭਾਰਤ-ਫੇਰੀ ਲਈ ਪਰਤਿਆ, ਤਾਂ ਮੁਹਿੰਦਰ ਦੋਸਾਂਝ ਨੇ ਮੇਰੇ ਪਿੰਡ ਦੀ ਇਸ ਸਭਾ ਵਲੋਂ ਮੇਰਾ ਉਚੇਚਾ ਸਵਾਗਤ ਕੀਤਾ। ਫਗਵਾੜਾ ਦੇ ਟਾਊਨ ਹਾਲ ਵਿਚ, ਮੇਰੇ ਲਈ ਇਕ ਵਿਸ਼ੇਸ਼ ਸਨਮਾਨ ਸਮਾਰੋਹ ਆਯੋਜਤ ਕੀਤਾ ਗਿਆ ਸੀ, ਜਿਸ ਦੀ ਪ੍ਰਧਾਨਗੀ ਬਾਬਾ ਬੋਹੜ ਸੰਤ ਸਿੰਘ ਸੇਖੋਂ ਅਤੇ ਪਰਸਿੱਧ ਕਵੀ ਪ੍ਰੋ. ਮੋਹਨ ਸਿੰਘ ਨੇ ਕੀਤੀ।ਇਸ ਸਮਾਗਮ ਵਿਚ ਸਭਾ ਦੇ ਮੈਂਬਰਾਂ ਤੋਂ ਬਿਨਾਂ ਇਕ ਵੱਡੀ ਗਿਣਤ ਿਵਿਚ ਨਵੀਂ ਤੇ ਪੁਰਾਣੀ ਪੀੜ੍ਹੀ ਦੇ ਸਾਹਿਤਕਾਰ ਪਹੁੰਚੇ ਹੋਏ ਸਨ। ਈਸ਼ਰ ਸਿੰਘ ਅਟਾਰੀ, ਸ.ਸ. ਮੀਸ਼ਾ, ਪ੍ਰੋ. ਪਿਆਰਾ ਸਿੰਘ ਗਿੱਲ ਅਤੇ ਮੁਹਿੰਦਰ ਦੋਸਾਂਝ ਆਦਿ ਨੇ ਮੇਰਾ ਤੁਆਰਫ ਕਰਵਾਇਆ। ਗੀਤ ਸੰਗੀਤ ਅਤੇ ਕਵੀ ਦਰਬਾਰ ਨੇ ਰੰਗ ਬੰਨ੍ਹ ਦਿੱਤਾ ਸੀ।
ਸਮਾਗਮ ਤੋਂ ਬਾਅਦ, ਸ਼ਾਮ ਨੂੰ, ਸੰਤ ਸਿੰਘ ਸੇਖੋਂ, ਮੋਹਨ ਸਿੰਘ, ਡਾ. ਰਘਬੀਰ ਸਿੰਘ ‘ਸਿਰਜਣਾ’ ਅਤੇ ਕਾਮਰੇਡ ਹਰਦਿਆਲ(ਨੇਤਾ ਜੀ) ਆਦਿ ਕੁਝ ਮਿੱਤਰ ਮੇਰੇ ਪਿਤਾ ਪ੍ਰੋ. ਪਿਆਰਾ ਸਿੰਘ ਗਿੱਲ ਨੂੰ ਮਿਲਣ ਅਤੇ ਪਾਰਟੀ ਦਾ ਰੰਗ ਬੰਨ੍ਹਣ ਵਾਸਤੇ, ਸਾਡੇ ਘਰ ਜਲੰਧਰ ਪਹੁੰਚ ਗਏ।
ਦੂਜੀ ਵਾਰੀ ਅਗਸਤ, ੧੯੮੧ ਵਿਚ, ਮੈਂ ਕੈਨੇਡਾ ਤੋਂ, ਭਾਰਤ ਪਰਤਿਆ, ਤਾਂ ਭਾਸ਼ਾ ਵਿਭਾਗ ਪੰਜਾਬ(ਪਟਿਅਲਾ) ਅਤੇ ਪੰਜਾਬ ਆਰਟਸ ਕੌਂਸਲ(ਚੰਡੀ ਗੜ੍ਹ) ਨੇ, ਮੈਨੂੰ ਸਾਲ ੧੯੮੦ ਲਈ, ਸ਼੍ਰੋਮਣੀ ਸਾਹਿਤਕਾਰ(ਬਦੇਸ਼ੀ) ਦੇ ਪੁਰਸਕਾਰਾਂ ਨਾਲ ਸਨਮਾਨਣ ਦੀ ਘੋਸ਼ਣਾ ਕੀਤੀ ਹੋਈ ਸੀ। ਮੇਰੇ ਪਿੰਡ ਜਗਤ ਪੁਰ ਦੀ ਲਿਖਾਰੀ ਸਭਾ ਨੇ ਵੀ ਮੁਕੰਦ ਪੁਰ ਦੇ ਹਾਈ ਸਕੂਲ ਵਿਚ ਇਕ ਵਿਸ਼ੇਸ਼ ਸਮਾਗਮ ਦਾ ਅਯੋਜਨ ਕਰ ਕੇ, ਮੇਰਾ ਉਚੇਚਾ ਸਨਮਾਨ ਕੀਤਾ। ਇਸ ਸਮਾਗਮ ਦੀ ਪ੍ਰਧਾਨਗੀ ਮੁੱਖ ਮਹਿਮਾਨ ਅਤੇ ਪ੍ਰਸਿੱਧ ਕਵੀ ਸ.ਸ. ਮੀਸ਼ਾ ਨੇ ਕੀਤੀ। ਪਿਆਰਾ ਸਿੰਘ ਭੋਗਲ, ਈਸ਼ਰ ਸਿੰਘ ਅਟਾਰੀ, ਮੁਹਿੰਦਰ ਦੋਸਾਂਝ ਅਤੇ ਪ੍ਰੋ. ਅਵਤਾਰ ਜੌੜਾ ਆਦਿ ਨੇ ਮੇਰੀ ਜਾਣਕਾਰੀ ਕਰਵਾਉਂਦਿਆਂ ਅਨੇਕਾਂ ਯਾਦਾਂ ਸਾਂਝੀਆਂ ਕੀਤੀਆਂ।
ਜਨਵਰੀ-ਫਰਵਰੀ, ੨੦੦੬ ਦੀ ਮੇਰੀ ਭਾਰਤ ਫੇਰੀ ਦੌਰਾਨ, ਮੇਰੇ ਸਵਾਗਤ ਲਈ, ਲਿਖਾਰੀ ਸਭਾ ਵਲੋਂ, ਜਗਤ ਪੁਰ ਦੇ ਦੋਸਾਂਝ ਫਾਰਮ ਵਿਚ, ਇਕ ਵਿਸ਼ੇਸ਼ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ, ਜਿਸਦਾ ਉਦਘਾਟਨ ‘ਦੂਰ ਦਰਸ਼ਨ”(ਜਲੰਧਰ) ਦੇ ਡਾਇਰੈਕਟਰ ਨੇ ਕੀਤਾ ਅਤੇ ਪ੍ਰਧਾਨਗੀ ਪ੍ਰਸਿੱਧ ਸਾਹਿਤਕਾਰ ਗੁਲਜ਼ਾਰ ਸਿੰਘ ਸੰਧੂ ਨੇ ਕੀਤੀ ਸੀ। ਪ੍ਰਸਿੱਧ ਨਾਟਕਕਾਰ ਡਾ. ਆਤਮਜੀਤ, ਪ੍ਰਮੁੱਖ ਕਵੀ ਗੁਰਭਜਨ ਗਿੱਲ, ਗੀਤਕਾਰ ਇੰਦਰਜੀਤ ਹਸਨ ਪੁਰੀ ਅਤੇ ਜਾਣੇ ਪਛਾਣੇ ਕਵੀ ਬਲਿਹਾਰ ਸਿੰਘ ਰੰਧਾਵਾ(ਇੰਗਲੈਂਡ) ਤੋਂ ਬਿਨਾਂ ਸਭਾ ਦੇ ਮੈਂਬਰ ਅਤੇ ਮੇਰੇ ਪਿੰਡ ਦੇ ਵਾਸੀ ਵੱਡੀ ਗਿਣਤੀ ਵਿਚ ਪਹੁੰਚੇ ਹੋਏ ਸਨ, ਜਿਨ੍ਹਾਂ ਵਿਚ ਮੇਰੇ ਸਾਬਕਾ ਵਿੱਦਿਆਰਥੀ ਤੇ ਭੰਗੜਾ ਕਲੱਬ ਦੇ ਮੈਂਬਰ ਹਰਬਖਸ ਸਿੰਘ ਆਦਿ ਅਤੇ ਮੇਰੇ ਨਾਲ ੧੯੫੫-੬੦ ਦੌਰਾਨ, ਪਿੰਡ ਦੀ ਕਬੱਡੀ ਦੀ ਟੀਮ ਵਿਚ ਖੇਡ ਚੁੱਕੇ ਕਬੱਡੀ ਦੇ ਖਿਡਾਰੀ ਮੀਆਂ ਦੇ ਸੁੱਚਾ ਸਿੰਘ ਤੇ ਬਖਸ਼ੀਸ਼ ਸਿੰਘ ਆਦਿ ਵੀ ਪਹੁੰਚੇ ਹੋਏ ਸਨ। ਮੇਰੀ ਭੈਣ ਬਿਕਰਮਜੀਤ ਕੌਰ ਸੰਧੂ(ਇੰਗਲੈਂਡ), ਭਰਾ ਜੰਗ ਬਹਾਦਰ ਸਿੰਘ ਗਿੱਲ, ਸਵਰਗੀ ਭਰਾ ਕਰਨਜੀਤ ਸਿੰਘ ਗਿੱਲ ਦਾ ਜਗਤ ਪੁਰ ਵਿਚ ਰਹਿੰਦਾ ਪਰਵਾਰ ਅਤੇ ਮੇਰੀ ਪਤਨੀ ਕਸ਼ਮੀਰ ਕੌਰ ਗਿੱਲ ਵੀ ਹਾਜ਼ਰ ਸਨ। ਗੁਲਜ਼ਾਰ ਸਿੰਘ ਸੰਧੂ ਦੀ ਪਤਨੀ ਡਾ. ਸੁਰਜੀਤ ਕੌਰ ਵੀ ਉਚੇਚੇ ਤੋਰ ਉੱਤੇ ਪਹੁੰਚੀ ਹੋਈ ਸੀ। ਨਿਸ਼ਚੇ ਹੀ ਇਹ ਇਕ ਯਾਦਗਾਰੀ ਸਮਾਗਮ ਹੋ ਨਿੱਬੜਿਆ। ਇਸ ਸਮਾਗਮ ਵਿਚ ਇਕ ਨਾਟਕ ਦੀ ਪੇਸ਼ਕਾਰੀ ਤੋਂ ਬਿਨਾਂ ਗੀਤ ਸੰਗੀਤ ਵੀ ਪ੍ਰਸਤੁਤ ਕੀਤਾ ਗਿਆ।
ਇਨ੍ਹਾਂ ਸਮਾਗਮਾਂ ਦੀਆਂ ਕੁਝ ਯਾਦਗਾਰੀ ਤਸਵੀਰਾਂ ਵੀ ਇੱਥੇ ਦਿੱਤੀਆਂ ਜਾ ਰਹੀਆਂ ਹਨ-
ਰਵਿੰਦਰ ਰਵੀ