ਉਚ ਸਿੱਖਿਆ ਪ੍ਰਾਪਤ ਉਚ ਅਫ਼ਸਰ ਅਤੇ ਸੰਜੀਦਾ ਲੇਖਕ ਰਵਿੰਦਰ ਚੋਟ
ਜ਼ਰਖੇਜ਼ ਜ਼ਮੀਨ ਵਿੱਚ ਲੱਗੀਆਂ ਜੜਾ, ਫੁੱਟਦੀਆਂ ਕਰੂੰਬਲਾਂ ਵਾਲੇ ਬੂਟੇ ਨੂੰ ਸੰਘਰਸ਼ ਰੂਪੀ ਬੂਰ ਪੈ ਜਾਵੇ ਤਾਂ ਉਸ ਦੇ ਫੁੱਲ ਮਹਿਕਦੇ ਹਨ ਤੇ ਫਲ਼ ਮਿੱਠੇ ਭਾਵ ਸਾਰਥਕ ਲੱਗਦੇ ਹਨ। ਪਿੰਡ ਜਗਤਪੁਰ ਦੀ ਜ਼ਰ ਵੀ ਐਸੀ ਹੈ ਕਿ ਇਸ ਦੇ ਸਪੂਤ ਆਪਣੇ ਸਮਾਜਿਕ ਰੁਤਬਿਆਂ ਕਰਕੇ ਪ੍ਰਸਿੱਧੀ ਹਾਸਲ ਕਰਦੇ ਹਨ। ਆਪਣੇ ਜੀਵਨ ਨੂੰ ਇੱਕ ਮਿਸਾਲ ਬਣਾ ਦਿੰਦੇ ਹਨ। ਇਸ ਪਿੰਡ ਦੀਆਂ ਸਖ਼ਸ਼ੀਅਤਾਂ ਦੀ ਫਰਿਹਸਤ ਵਿੱਚ ਇੱਕ ਅਹਿਮ ਨਾਂ ਹੈ ਰਵਿੰਦਰ ਚੋਟ।  ਉਚ ਸਿੱਖਿਆ ਹਾਸਲ, ਲੇਖਕ ਤੇ ਉਚ ਅਫ਼ਸਰ ਰਵਿੰਦਰ ਚੋਟ ਦਾ ਜਨਮ ਸ਼੍ਰੀ ਮੰਗਲ ਰਾਮ ਅਤੇ ਪ੍ਰੀਤਮ ਕੌਰ ਦੇ ਘਰ 13 ਜਨਵਰੀ 1952 ਵਿੱਚ ਹੋਇਆ। ਬਹੁਤ ਹੀ ਗਰੀਬ ਘਰ ਦੇ ਜੰਮਪਲ਼ ਚੋਟ ਹੋਰਾਂ ਅੱਠਵੀਂ ਤੱਕ ਦੀ ਪੜਾਈ ਪਿੰਡ ਦੇ ਮਿਡਲ ਸਕੂਲ ਤੋਂ 1966 ਤੋਂ 1967 ਵਿੱਚ ਦਸਵੀਂ ਹਾਈ ਸਕੂਲ ਜਗਤਪੁਰ ਤੋਂ 1967-68 ਵਿੱਚ ਕਰ ਕੇ ਪ੍ਰੈਪ 1969-70 ਵਿੱਚ  ਸਿੱਖ ਨੈਸ਼ਨਲ ਕਾਲਜ ਬੰਗਾ ਤੋਂ, ਗਿਆਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ 1970 ਵਿੱਚ, ਬੀ.ਏ. ਮਹਿੰਦਰਾ ਕਾਲਜ ਪਟਿਆਲਾ ਤੋਂ 1974-75 ਵਿੱਚ , ਐਮ. ਏ. ਸਾਈਕੌਲੌਜੀ 1977 ਵਿੱਚ ਪੰਜਾਬ ਯੂਨੀਵਰਸਿਟੀ ਅਤੇ ਪੋਸਟ ਗ੍ਰੈਜੂਏਟ ਡਿਪਲੋਮਾ ਇੰਨ ਗਾਂਧੀਅਨ ਫਿਲਾਸਫੀ 1977 ਵਿੱਚ  ਪੰਜਾਬ ਯੂਨੀਵਰਸਿਟੀ ਚੰਡੀਗੜ• ਤੋਂ, ਐਮ.ਏ. ਪੰਜਾਬੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ , ਬੀ.ਐਡ. 1978 ਵਿੱਚ ਸਰਕਾਰੀ ਕਾਲਜ ਜਲੰਧਰ ਤੋਂ ਕਰ ਕੇ ਸੈਂਟਰਲ ਕੋਆਪਰੇਟਿਵ ਬੈਂਕ ਨਵਾਂਸ਼ਹਿਰ 1978 ਵਿੱਚ, ਪੰਜਾਬ ਦੇ  ਅਧਿਆਪਨ ਵਿਭਾਗ ਵਿੱਚ 1979 ਤੋਂ 1986 ਤੱਕ ਨੌਕਰੀ ਕਰਨ ਤੋਂ ਬਾਅਦ ਪੰਜਾਬ  ਆਬਕਾਰੀ ਵਿਭਾਗ ਦੇ ਜ਼ਿਲਾ ਦੇ ਮੁੱਖ ਅਧਿਕਾਰੀ  ਦੇ ਅਹੁਦੇ ਤੋਂ 1987 ਤੋਂ 2010 ਤੱਕ ਸੇਵਾ ਨਿਭਾ ਕੇ ਸੇਵਾ ਮੁਕਤ ਹੋਏ ਹਨ। ਗਰੀਬ ਅਤੇ ਮਿਹਨਤੀ ਪਰਿਵਾਰ ਵਿੱਚ ਪਲ਼ੇ ਪੜੇ ਰਵਿੰਦਰ ਚੋਟ ਹੋਰੀਂ ਬੜੀ ਮਿਹਨਤ ਨਾਲ਼ ਪੜਾਈ ਕੀਤੀ । 9ਵੀਂ ਜਮਾਤ ਵਿੱਚ ਪੜਦੇ ਹੋਏ ਉਹ ਦਸਵੀਂ ਦੇ ਵਿਦਿਆਰਥੀਆਂ ਨੂੰ ਟਿਊਸ਼ਨ ਵੀ ਪੜਾਉਂਦੇ ਰਹੇ। ਪੰਜਾਬੀ ਦੀਆਂ ਸੱਤ ਪੁਸਤਕਾਂ ਦਾ ਸੰਪਾਦਨ ਕੀਤਾ, ਅਖ਼ਬਾਰਾਂ ਵਾਸਤੇ ਲੇਖ ਲਿਖੇ ਅਤੇ ਛੋਟੀਆਂ ਕਹਾਣੀਆਂ ਦੀ ਇੱਕ ਪੁਸਤਕ ”ਹੜ ਵਿੱਚ ਭਿੱਜੀਆਂ ਸੁਰਖੀਆਂ” ਛਪਾਈ ਅਧੀਨ ਹੈ। ਚਰਚਿਤ ਕਹਾਣੀਆਂ ਵਿੱਚ ਖੰਭ ਕਟੀ ਕੂੰਜ, ਬਾਬੇ ਦਾ ਗੰਨਾ, ਦਰਦ ਪ੍ਰਦੇਸੀ ਦਾ, ਲਾਲ ਸੂਰਜ ਹਨ। ਪੰਜਾਬੀ ਦੀਆਂ ਸੱਤ ਕਿਤਾਬਾਂ ਦੀ ਸੰਪਾਦਨਾ ਵੀ ਕਰ ਚੁੱਕੇ ਹਨ। ਪੰਜਾਬੀ ਅਖ਼ਬਾਰ ਅਜੀਤ, ਪੰਜਾਬੀ ਟ੍ਰਿਬਿਊਨ ਵਿੱਚ ਹੋਰ ਰਚਨਾਵਾਂ ਦੇ ਨਾਲ਼-ਨਾਲ਼ ਟੈਕਸ ਸਬੰਧੀ ਲੇਖ ਵੀ ਛਪਦੇ ਰਹੇ ਹਨ। ਹੋਰ ਰਚਨਾਵਾਂ  ਸਾਹਿਤ ਖੇਤਰ ਦੇ ਨਾਲ਼-ਨਾਲ਼ ਗੁਰਸ਼ਰਨ ਸਿੰਘ ਦੇ ਨਾਲ਼ ਨਾਟਕਾਂ ਵਿੱਚ ਵੀ ਕੰਮ ਕੀਤਾ। ਜਗਤਪੁਰ ਮੰਗੂਵਾਲ ਵਿੱਚ ਇਨਕਲਾਬੀ ਡਰਾਮਾ ਕਲੱਬ ਬਣਾਈ  ਹੋਈ ਸੀ। ਜਿਸ ਵਿੱਚ ਪਿੰਡ ਦੇ ਸਾਥੀ ਸਤਨਾਮ ਸਿੰਘ, ਰਸ਼ਪਾਲ ਸਿੰਘ, ਗੁਰਦਿਆਲ ਸਿੰਘ ਆਦਿ ਕਲਾਕਾਰ ਸ਼ਾਮਲ ਸਨ। ਇਹ ਸਾਰਾ ਤਜ਼ਰਬਾ ਓੇੇੁਹਨਾ ਨੇ ਲਿਖਾਰੀ ਸਭਾ ਜਗਤਪੁਰ ਤੋਂ ਹੀ ਹਾਸਲ ਕੀਤਾ। ਲਿਖਾਰੀ ਸਭਾ ਜਗਤਪੁਰ ਨਾਲ਼ 1975-76 ਤੋਂ ਜੁੜੇ ਹੋਏ ਹਨ। ਇਸ ਸਭਾ ਵਲੋਂ ਓੇੇੁਹਨਾ ਨੇ ਵੱਡੇ ਸਹਿਤਕ ਸਮਾਗਮਾਂ ਵਿੱਚ ਵੀ ਵਧ ਚੜ ਕੇ ਯੋਗਦਾਨ ਪਾਇਆ ਹੈ। ਇਹਨਾ ਸੇਵਾਵਾਂ ਕਰਕੇ ਚੋਟ ਸਾਹਿਬ ਨੂੰ ਅਨੇਕਾਂ ਸਨਮਾਨ ਮਿਲੇ ਹਨ। ਉਹਨਾ  ਨੂੰ ਵਧੀਆ ਵਿਭਾਗੀ ਕਾਰਗੁਜ਼ਾਰੀ  ਵਾਸਤੇ ਵੀ ਡੀ. ਸੀ. ਨਵਾਂਸ਼ਹਿਰ ਵਲੋਂ ਵੀ ਐਵਾਰਡ ਦਿੱਤਾ ਗਿਆ ਹੈ। ਇਸ ਦੇ ਨਾਲ਼ ਹੀ ਉਹ ਕੇਂਦਰੀ ਲੇਖਕ ਸਭਾ ਪੰਜਾਬ ਦੇ ਉਮਰ ਭਰ ਦੇ ਮੈਂਬਰ, ਸੀਨੀਅਰ ਸਿਟੀਜਨ ਕਲੱਬ ਦੇ ਮੈਂਬਰ, ਕਰ ਅਤੇ ਆਬਕਾਰੀ  ਅਫ਼ਸਰਾਂ ਦੀ ਐਸੋਸੀਏਸ਼ਨ ਦੇ ਮੈਂਬਰ, ਸਿਟੀ ਕਲੱਬ ਫਗਵਾੜਾ ਦੇ ਮੈਂਬਰ, ਸਾਊਥ ਈਸਟ ਰੋਟਰੀ ਕਲੱਬ ਫਗਵਾੜਾ ਦੇ ਪ੍ਰਧਾਨ ਅਤੇ ਸਰਪਰਸਤ ਅਕਾਂਊਂਟੈਂਟ ਐਸੋਸੀਏਸ਼ਨ ਫਗਵਾੜਾ ਦੀਆਂ ਸੇਵਾਵਾਂ ਵੀ ਨਿਭਾ ਰਹੇ ਹਨ। ਨੌਕਰੀ ਦੌਰਾਨ ਵੀ  ਉਹਨਾ  ਨੇ ਪੜਾਈ ਕਰਨ  ਨੂੰ ਪਹਿਲ ਦਿੱਤੀ। ਉਹਨਾ ਦੀਆਂ ਕੋਸ਼ਿਸ਼ਾਂ ਅਤੇ ਅਗਵਾਈ ਸਦਕਾ ਚਾਰ ਚੌਥਾ ਦਰਜਾ ਮੁਲਾਜ਼ਮਾਂ ਨੂੰ ਪੜਨ ਦੀ ਪ੍ਰੇਰਨਾ ਦੇ ਕੇ ਕਰ ਅਤੇ ਆਬਾਕਾਰੀ ਵਿਭਾਗ ਵਿੱਚ ਇੰਸਪੈਕਟਰ ਦੇ ਅਹੁਦੇ ਤੱਕ ਪਹੁੰਚਾਇਆ।
ਬਹੁਤ ਹੀ ਸਾਦਾ, ਸੰਜੀਦਾ, ਗਹਿਰ ਗੰਭੀਰ ਅਤੇ ਮਿੱਠ ਬੋਲੜੇ ਸੁਭਾਅ ਤੋਂ ਉਹਨਾ ਦੀ ਅਫ਼ਸਰੀ ਦਾ ਕਦੇ ਵੀ ਝਉਲਾ ਨਹੀਂ ਪੈਂਦਾ। ਸਮਾਜ ਦੇ ਨਿਘਾਰ ਦਾ ਦਰਦ ਉਹ ਸ਼ਿੱਦਤ ਨਾਲ਼ ਮਹਿਸੂਸ ਕਰਦੇ ਹਨ। ਉਹਨਾ ਦੀ ਚਾਹਤ ਹੈ ਕਿ ਪਿੰਡ ਵਿੱਚ ਹਮੇਸ਼ਾਂ ਸਨੇਹ, ਪਿਆਰ ਬਣਿਆਂ ਰਹੇ ਅਤੇ ਪਿੰਡ ਤਰੱਕੀ ਕਰੇ ਬੱਚੇ, ਨੌਜਵਾਨ ਨੈਤਿਕ ਕਦਰਾਂ ਤੋਂ ਲਾਂਭੇ ਨਾ ਜਾਣ। ਜਿਸ ਵਾਸਤੇ ਪਿੰਡ ਦੇ ਸੂਝਵਾਨ ਵਿਅਕਤੀ ਲੱਗੇ ਹੋਏ ਹਨ ਉਹਨਾ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਵੇ।
ਰਵਿੰਦਰ ਚੋਟ ਹੋਰੀਂ ਫਗਵਾੜਾ ਵਿੱਚ ਆਪਣੇ ਪਰਿਵਾਰ ਨਾਲ਼ ਰਹਿ ਰਹੇ ਹਨ ਜਿਸ ਵਿੱਚ ਉਹਨਾ ਦੀ ਜੀਵਨ ਸਾਥਣ ਸੰਤੋਸ਼ ਕੁਮਾਰੀ, ਉਚ ਸਿੱਖਿਅਤ ਬੱਚਿਆਂ ਸਪੁੱਤਰ ਡਾ. ਪਰਮਿੰਦਰ ਸਿੰਘ ਐਮ.ਡੀ.ਐਸ. ਨੂੰਹ ਡਾ. ਅਮਰਜੀਤ ਕੌਰ ਬੀ.ਡੀ.ਐਸ. ਨਾਲ਼ ਰਹਿ ਰਹੇ ਹਨ। ਉਹਨਾ ਦੀ ਲੜਕੀ ਸੁਖਦੀਪ ਕੌਰ ਨੇ ਬੀ.ਡੀ. ਕੀਤੀ  ਹੋਈ ਹੈ।
-ਰੇਸ਼ਮ ਕਰਨਾਣਵੀ