ਆਪਣੇ ਸਮੇਂ ਦੇ ਕਬੱਡੀ ਦੇ ਤਕੜੇ ਜਾਫ਼ੀ ਅਤੇ ਸੁਜੋਗ  ਅਧਿਆਪਕ ਮਾਸਟਰ ਅਜੀਤ ਸਿੰਘ
ਪਿੰਡ ਜਗਤਪੁਰ ਹੋਰ ਖੂਬੀਆਂ ਦੇ ਨਾਲ਼-ਨਾਲ਼ ਖੇਡ ਪ੍ਰੇਮੀਆਂ ਅਤੇ ਖਿਡਾਰੀਆਂ ਦੀ ਬਹੁਗਿਣਤੀ ਵਾਲਾ ਪਿੰਡ ਹੈ। ਇੱਥੇ ਇੱਕ ਵਾਧਾ ਹੋਰ ਦਰਜ ਹੈ ਕਿ ਖੇਡਾਂ ਦੇ ਨਾਲ਼-ਨਾਲ਼ ਉੱਚ ਸਿੱਖਿਆ ਖੇਤਰ ਵਿੱਚ ਵੀ ਮੋਹਰੀ ਭੂਮਿਕਾ ਰਹੀ ਹੈ। ਮਾਸਟਰ ਅਜੀਤ ਸਿੰਘ ਵੀ ਕਬੱਡੀ ਖਿਡਾਰੀ ਹੋਣ ਦੇ ਨਾਲ਼ ਅਧਿਆਪਨ ਦੇ ਖੇਤਰ ਵਿੱਚ ਆਪਣੀਆਂ ਸੇਵਾਵਾਂ ਦੇ ਕੇ ਪਿੰਡ ਦੀਆਂ ਚੋਣਵੀਆਂ ਸਖ਼ਸ਼ੀਅਤਾਂ ਵਿੱਚ ਸ਼ੁਮਾਰ ਹਨ।
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਾਨਕਾ ਪਿੰਡ ਮੋਰਾਂਵਾਲੀ ਜ਼ਿੱਲਾ ਹੁਸ਼ਿਆਰਪੁਰ ਵਿੱਚ ਅਜੀਤ ਸਿੰਘ ਦਾ ਜਨਮ ਵੀ 12 ਮਈ 1942 ਨੂੰ ਉਨਾਂ ਦੇ ਨਾਨਕਾ ਪਿੰਡ ਵਿੱਚ ਹੀ ਹੋਇਆ। ਪਿਤਾ ਸ਼੍ਰੀ ਗੁਰਬਚਨ ਸਿੰਘ ਅਤੇ ਮਾਤਾ ਸ਼੍ਰੀਮਤੀ ਚੰਨਣ ਕੌਰ ਦੇ ਸਪੁੱਤਰ ਅਜੀਤ ਸਿੰਘ ਨੇ ਪ੍ਰਾਇਮਰੀ ਤੋਂ ਹਾਇਰ ਸੈਕੰਡਰੀ ਦੀ ਸੱਤਵੀਂ ਜਮਾਤ ਤੱਕ ਦੀ ਪੜਾਈ ਖਾਲਸਾ ਹਾਈ ਸਕੂਲ ਸਰਹਾਲ ਕਾਜ਼ੀਆਂ ਤੋਂ ਪਾਸ ਕਰਕੇ ਅਗਲੀ ਦਸਵੀਂ ਤੱਕ ਦੀ ਪੜਾਈ ਜਲੰਧਰ ਜ਼ਿੱਲਾ ਦੇ ਪਿੰਡ ਨੰਗਲ ਅੰਬੀਆਂ ਤੋਂ ਕੀਤੀ। ਫਿਰ ਜੇ.ਬੀ.ਟੀ. ਸਰਕਾਰੀ ਹਾਈ ਸਕੂਲ ਸ਼ੰਕਰ ਮੰਜਕੀ ਤੋਂ 1962-1964 ਵਿੱਚ ਕੀਤੀ। ਇਸ ਦੇ ਨਾਲ਼ ਹੀ 10ਜੂਨ 1965 ਵਿੱਚ ਬਤੌਰ ਅਧਿਆਪਕ ਨੌਕਰੀ ਦੀ ਸ਼ੁਰੂਆਤ ਕੀਤੀ। 1968 ਤੋਂ ਸਰਕਾਰੀ ਪ੍ਰਾਇਮਰੀ ਸਕੂਲ ਤਾਹਰਪੁਰ,1970 ਵਿੱਚ ਤਲਵੰਡੀ ਫੱਤੂ, ਫਿਰ ਮੁਕੰਦਪੁਰ, ਤਲਵੰਡੀ ਫੱਤੂ ਸੇਵਾ ਨਿਭਾਉਣ ਤੋਂ ਬਾਅਦ ਸਰਕਾਰੀ ਪ੍ਰਾਇਮਰੀ ਸਕੂਲ ਖਾਨਖਾਨਾ ਵਿੱਚ ਬਤੌਰ ਮੁੱਖ ਅਧਿਆਪਕ ਰਹਿ ਕੇ ਆਪਣੇ ਪਿੰਡ ਜਗਤਪੁਰ ਵਿੱਚੋਂ ਸਾਲ 2000 ਵਿੱਚ ਸੇਵਾ ਮੁਕਤ ਹੋਏ। ਅਧਿਆਪਕ ਦੇ ਹੱਕਾਂ ਦੀ ਲੜਾਈ ਲਈ ਗੌਰਮਿੰਟ ਟੀਚਰ ਯੂਨੀਅਨ ਦੇ ਬਲਾਕ ਮੁਕੰਦਪੁਰ ਦੇ ਸੇਵਾ ਮੁਕਤੀ ਤੱਕ ਵਫ਼ਾਦਾਰ ਸਾਥੀ ਤੇ ਪ੍ਰਧਾਨ ਰਹੇ। ਬਾਅਦ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਵੀ ਨਿਸ਼ਕਾਮ ਕਾਰਕੁੰਨ ਰਹੇ।ਇਨਾਂ ਬਹੁਤ ਹੀ ਸਖ਼ਤ ਮਿਹਨਤ ਕਰਨ ਵਾਲੇ ਮਾਸਟਰ ਅਜੀਤ ਸਿੰਘ ਨੇ ਖੇਡ ਖੇਤਰ ਵਿੱਚ ਆਪਣੇ ਕਮਾਏ ਹੋਏ ਸਰੀਰ ਦੇ ਜੌਹਰ ਕਬੱਡੀ ਵਿੱਚ ਦਿਖਾਏ। ਕਬੱਡੀ ਦੇ ਧਾਕੜ ਜਾਫ਼ੀ ਦੇ ਤੌਰ ਦੇ ਇਨਾਂ ਦਾ ਇਲਾਕੇ ਵਿੱਚ ਵੱਡਾ ਨਾਮ ਰਿਹਾ ਹੈ। ਮਾਸਟਰ ਅਜੀਤ ਸਿੰਘ ਹੋਰੀਂ ਸਟੇਟ ਅਤੇ ਇੰਟਰ ਸਟੇਟ ਟੂਰਨਾਮੈਂਟ ਖੇਡੇ ਹਨ। ਪੇਂਡੂ ਟੂਰਨਾਮੈਂਟ ਵਿੱਚ ਵੀ ਆਪਣੀ ਖੇਡ ਦਾ ਜਾਨਦਾਰ ਪ੍ਰਦਰਸ਼ਨ ਕੀਤਾ। ਇਨਾਂ ਵਲੋਂ ਧਾਵੀ ਨੂੰ ਲਾਇਆ ਜੱਫਾ ਜਿੰਦਰੇ ਬਰਾਬਰ ਹੁੰਦਾ ਸੀ। ਅਜੀਤ ਸਿੰਘ ਦੀ ਯਾਦ ਰੱਖਣਯੋਗ ਪਕੜ ਸੱਤਾ ਅਮ੍ਰਿਤਸਰੀਆ ਨੂੰ ਲਾਇਆ ਜੱਫਾ ਸੀ। ਅਮ੍ਰਿਤਸਰ ਦਾ ਜੰਮਪਲ ਸੱਤਾ ਪੰਜਾਬ ਯੂਨੀਵਰਸਿਟੀ ਲੁਧਿਆਣਾ ਦਾ ਕੋਚ ਵੀ ਸੀ ਤੇ ਮਸ਼ਹੂਰ ਧਾਵੀ ਵੀ ਸੀ।
ਮਾਸਟਰ ਅਜੀਤ ਸਿੰਘ ਹੋਰਾਂ ਦੇ ਪਿਤਾ ਜੀ ਸ਼੍ਰੀ ਗੁਰਬਚਨ ਸਿੰਘ ਨੂੰ ਪਿੰਡ ਬਘੌਰਾ ਦੇ ਪਹਿਲੇ ਸਰਪੰਚ ਹੋਣ ਦਾ ਮਾਣ ਪ੍ਰਾਪਤ ਹੈ। ਖੇਤੀਬਾੜੀ ਨਾਲ਼ ਸਬੰਧਤ ਪਰਿਵਾਰ ਵਿੱਚ ਉਨਾਂ ਦੀ ਪਤਨੀ ਸੁਰਿੰਦਰ ਕੌਰ ਦਾ ਵੀ ਭਰਪੂਰ ਸਹਿਯੋਗ ਰਿਹਾ ਹੈ। ਮਾਸਟਰ ਜੀ ਦਾ ਲੜਕਾ ਬਲਵੀਰ ਸਿੰਘ ਖੇਤੀ ਕਰ ਰਿਹਾ ਹੈ ਅਤੇ ਦੂਸਰਾ ਲੜਕਾ ਸਵਰਗੀ ਰਣਵੀਰ ਸਿੰਘ ਬਿੱਲਾ ਵੀ ਖੇਤੀਬਾੜੀ ਕਰਦਾ ਸੀ। ਲੜਕੀ ਸੁਖਵਿੰਦਰ ਕੌਰ ਕਨੇਡਾ ਵਸੀ ਹੋਈ ਹੈ। ਮਿਹਨਤੀ ਪਰਿਵਾਰ ਦਾ ਇਹ ਮੋਢੀ ਸਰਬੱਤ ਦੇ ਭਲੇ ਦਾ ਹਾਮੀ ਹੈ ਅਤੇ ਕੁਝ ਸਮੇਂ ਤੋਂ ਨਜ਼ਰ ਦੀ ਕਮਜ਼ੋਰੀ ਨਾਲ਼ ਜੂਝਦਾ ਹੋਇਆ, ਗੱਲਬਾਤ ਵਿੱਚ ਗੜਕਾ ਅਤੇ ਠਰੰਮਾ ਰੱਖਦਾ ਹੈ ਅਤੇ ਵਾਹਿਗੁਰੂ ਦੀ ਰਜ਼ਾ ਵਿੱਚ ਰਾਜ਼ੀ ਹੈ।

 

master