ਪਿੰਡ ਦੇ ਵਿਕਾਸ ਲਈ ਯੋਗਦਾਨ ਪਾਉਣ ਵਾਲੇ ਸ. ਸੋਹਨ ਸਿੰਘ ਗਿੱਲ
ਆਪਣੀ ਮਿੱਟੀ ਦਾ ਮੋਹ ਦੇਸ਼ਾਂ ਵਿਦੇਸ਼ਾਂ ਵਿੱਚ ਵਸਦਿਆਂ ਹੋਰ ਵੀ ਵਧ ਜਾਂਦਾ ਹੈ। ਇਸੇ ਤਰਾ ਪਿੰਡ ਨੂੰ ਪਿਆਰ ਕਰਨ ਵਾਲੇ ਸਖ਼ਸ਼ ਹਨ ਸ. ਸੋਹਨ ਸਿੰਘ ਗਿੱਲ ਜੋ ਪਿੰਡ ਜਗਤਪੁਰ ਵਾਸਤੇ ਹਮੇਸ਼ਾਂ ਭਲਾ ਲੋੜਦੇ ਹਨ ਅਤੇ ਕਰਦੇ ਹਨ। ਪਿਤਾ ਸ. ਕਿਹਰ ਸਿੰਘ ਅਤੇ ਮਾਤਾ ਬੀਬੀ ਭਾਗ ਕੌਰ ਦੇ ਘਰ ਜਨਮੇ ਸੋਹਣ ਸਿੰਘ ਹੋਰਾਂ ਪਿੰਡ ਦੇ ਸਕੂਲ ਅਤੇ ਮੁਕੰਦਪੁਰ ਸਕੂਲ ਤੋਂ ਵਿੱਦਿਆ ਹਾਸਲ ਕੀਤੀ। ਪਹਿਲਾਂ ਉਹਨਾ ਨੇ ਪੰਚਾਇਤ ਸਕੱਤਰ ਦੇ ਤੌਰ ਤੇ ਨੌਕਰੀ ਪ੍ਰਾਪਤ ਕੀਤੀ। ਫਿਰ ਜੀਵਨ ਬੀਮਾ ਵਿਭਾਗ ਵਿੱਚ ਉਚ ਅਹੁਦੇ ਤੱਕ ਪੁੱਜ ਕੇ ਸੇਵਾ ਮੁਕਤ ਹੋਣ ਦਾ ਸੁਭਾਗ ਪ੍ਰਾਪਤ ਕੀਤਾ। ਆਪ ਜੀ ਦੇ ਤਿੰਨ ਸਪੁੱਤਰ ਅਤੇ ਦੋ ਬੇਟੀਆਂ ਹਨ।  ਆਪਣੇ ਪਰਿਵਾਰ ਸਮੇਤ ਜਲੰਧਰ ਵਿਖੇ ਰਹਿ ਰਹੇ ਹਨ। ਗਿੱਲ ਹੋਰਾਂ ਅਣਥੱਕ  ਤੇ ਸਿਫਤਯੋਗ ਮਿਹਨਤੀ ਸੁਭਾਅ ਨਾਲ਼ ਆਪਣੇ ਪਰਿਵਾਰ ਤੇ ਸਮੁੱਚੇ ਇਲਾਕੇ ਦਾ ਨਾਂ ਉੱਚਾ ਕੀਤਾ। ਗ੍ਰਾਮ ਪੰਚਾਇਤ ਜਗਤਪੁਰ ਦੇ ਕੁਝ ਸਮਾਂ ਸਰਪੰਚ ਵੀ ਰਹੇ। ਥੋੜੇ ਜਿਹੇ ਕਾਰਜਕਾਲ ਵਿਚ ਪਿੰਡ ਦਾ ਸਰਬਪੱਖੀ ਵਿਕਾਸ ਕੀਤਾ। ਆਪ ਜੀ ਦੇ ਸ. ਸਰਵਣ ਸਿੰਘ ਫਿਲੌਰ, ਚੌਧਰੀ ਸੰਤੋਖ ਸਿੰਘ, ਸ. ਅਮਰਜੀਤ ਸਿੰਘ ਸਮਰਾ, ਸ.ਕੁਲਦੀਪ ਸਿੰਘ ਵਡਾਲਾ, ਸ.ਬਲਵੰਤ ਸਿੰਘ ਸਰਹਾਲ ਤੇ ਚੌਧਰੀ ਜਗਤ ਰਾਮ ਆਦਿ ਸਿਆਸੀ ਨੇਤਾਵਾਂ ਨਾਲ਼ ਬੜੇ ਨਜ਼ਦੀਕੀ ਸਬੰਧ ਰਹੇ ਹਨ। ਸੋਹਨ ਸਿੰਘ ਗਿੱਲ ਸੰਤ ਮਾਨਪੁਰੀ ਟਰੱਸਟ ਦੇ ਬਾਨੀ ਪ੍ਰਧਾਨ ਵੀ ਸਨ। ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਵਿਚ ਵੱਡੇ ਹਾਲ ਦੀ ਉਸਾਰੀ ਦਾ ਸ਼ੁੱਭ ਕਾਰਜ ਕੀਤਾ।
ਆਪ ਜੀ ਦੇ ਸ. ਸੁਰਜੀਤ ਸਿੰਘ ਕਨੇਡਾ, ਸ. ਅਮਰੀਕ ਸਿੰਘ ਕਨੇਡਾ, ਸਵ. ਪ੍ਰੀਤਮ ਸਿੰਘ ਤੇ ਸ. ਸਾਧੂ ਸਿੰਘ ਯੂ. ਕੇ. ਵੀਰ ਹਨ। ਸ. ਸੁਰਜੀਤ ਸਿੰਘ ਕਨੇਡਾ ਤੇ ਸ.ਸਾਧੂ ਸਿੰਘ ਯੂ.ਕੇ. ਦੀ ਪਿੰਡ ਦੇ ਵਿਕਾਸ ਲਈ ਦੇਣ ਬਹੁਤ ਹੀ ਪ੍ਰਸੰਸ਼ਾਯੋਗ ਹੈ।
-ਮਾਸਟਰ ਬਖ਼ਤਾਵਰ ਸਿੰਘ