Interview 1
ਪ੍ਰਯੋਗਸ਼ੀਲ਼ ਲਹਿਰ ਦਾ ਮੋਢੀ ਅਤੇ ਬਹੁ-ਵਿਧ ਲੇਖਕ: ਰਵਿੰਦਰ ਰਵੀ
ਮੁਲਾਕਾਤੀ: ਸਤਨਾਮ ਸਿੰਘ ਢਾਅ
ਪੰਜਾਬੀ ਸਾਹਿਤਕ ਜਗਤ ਵਿੱਚ ਰਵਿੰਦਰ ਰਵੀ ਦਾ ਨਾਂ ਇੱਕ ਜਾਣਿਆ ਪਛਾਣਿਆ ਨਾਂ ਹੈ। ਉਹ ਭਾਵੇਂ ਕਿਸੇ ਜਾਣ ਪਛਾਣ ਦਾ ਮਥਾਜ ਨਹੀ ਪਰ ਬਹੁਤ ਸਾਰੇ ਨਵੇਂ ਪਾਠਕ ਜਿੰਨ੍ਹਾਂ ਨੇ ਰਵੀ ਨੂੰ ਬਹੁਤਾ ਪੜ੍ਹਿਆ ਨਹੀਂ, ਉਨ੍ਹਾਂ ਲਈ ਸੰਖ਼ੇਪ ਜਿਹੀ ਜਾਣਕਾਰੀ ਦੇਣਾ ਵੀ ਜ਼ਰੂਰੀ ਬਣ ਜਾਂਦਾ ਹੈ। ਰਵਿੰਦਰ ਰਵੀ ਇੱਕ ਅਜਿਹਾ ਸਹਿਤਕਾਰ ਹੈ ਜੋ ਪਿਛਲੇ ਪੰਜ ਦਹਾਕਿਆਂ ਤੋਂ ਲਗਾਤਾਰ ਪੰਜਾਬੀ ਸਾਹਿਤ ਸਿਰਜਣਾ ਵਿੱਚ ਲੱਗਾ ਹੋਇਆ ਹੈ।ਹੁਣ ਤੱਕ ਕੋਈ ਸੱਠ ਬਾਹਟ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲ਼ੀ ਪਾ ਚੁੱਕਿਆ ਹੈ।ਰਵਿੰਦਰ ਰਵੀ ਨੇ ਸਿਆਲਕੋਟ (ਲਹਿੰਦੇ ਪੰਜਾਬ) ਵਿੱਚ ਪੋ. ਪਿਆਰਾ ਸਿੰਘ ਗਿੱਲ ਅਤੇ ਮਾਤਾ ਜੀ ਚਰਨਜੀਤ ਕੌਰ ਦੇ ਘਰ ਜਨਮ ਲਿਆ। ਚੜ੍ਹਦੇ ਪੰਜਾਬ ਵਿੱਚ ਜੱਦੀ ਪਿੰਡ ਜਗਤ ਪੁਰ (ਹੁਣ) ਜਿਲ੍ਹਾ ਨਵਾਂ ਸ਼ਹਿਰ ਵਿੱਚ ਵੀ ਤੇ ਸਿਆਲਕੋਟ ਵਿੱਚ ਵੀ ਆਪਣੇ ਬਚਪਨ ਦਾ ਕੀਮਤੀ ਅਤੇ ਦੋਹਰਾ ਅਨੁਭਵ ਪਾ੍ਰਪਤ ਕੀਤਾ।ਇਸ ਅਨੁਭਵ ਨੇ ਹੀ ਉਸ ਦੇ ਸਿਰਜਣਾ ਕਾਰਜ ਵਿੱਚ ਬਹੁਤ ਮਦਦ ਕੀਤੀ ਹੈ।ਉਸ ਦਾ ਕਹਿਣਾ ਹੈ ਕਿ ਹਰ ਇਨਸਾਨ ਨੂੰ ਆਪਣੇ ਦਿਲਚਸਪੀ ਦਾ ਕਿੱਤਾ ਅਪਣਾਉਣ ਦੀ ਖੁੱਲ਼੍ਹ ਹੋਣੀ ਚਾਹੀਦੀ ਹੈ, ਜਿਹੜੀ ਕਿ ਪਿੱਛਲਿਆਂ ਸਮਿਆਂ ਵਿੱਚ ਨਹੀਂ ਸੀ ਹੁੰਦੀ। ਅੱਜ ਤੱਕ ਵੀ ਸਾਡੇ ਪੰਜਾਬੀ ਮਾਪੇ ਇਸੇ ਗੱਲ ਤੇ ਜ਼ੋਰ ਦਿੰਦੇ ਦੇਖੇ ਗਏ ਹਨ ਕਿ ਉਹ ਆਪਣੇ ਬੱਚਿਆਂ ਨੂੰ ਧੱਕੇ ਨਾਲ ਡਾਕਟਰ, ਇੰਜੀਨੀਅਰ ਜਾਂ ਵਕੀਲ ਬਣਾਉਣਾ ਚਾਹੁੰਦੇ ਹਨ। ਪਰ ਉਨ੍ਹਾਂ ਦੀ ਰੁਚੀ ਕੁਝ ਹੋਰ ਬਣਨ ਦੀ ਹੁੰਦੀ ਹੈ।ਰਵੀ ਦਾ ਕਹਿਣਾ ਹੈ ਕਿ ਸਾਰਿਆਂ ਮਾਪਿਆਂ ਨੂੰ ਬੱਚੇ ਦੀਆਂ ਦਿਲਚਸਪੀਆਂ ਦੇਖ ਕੇ ਓਧਰ ਉਤਸ਼ਾਹਿਤ ਕਰਨ ਨਾਲ ਹੀ ਬੱਚਾ ਕਾਮਯਾਬ ਹੋ ਸਕਦਾ ਹੈ।
ਬਹੁਤ ਸਾਰੇ ਸਾਹਿਤਕ ਆਲੋਚਕਾਂ ਨੇ ਰਵਿੰਦਰ ਰਵੀ ਨੁੰ ‘ਬ੍ਰਹਿਮੰਡੀ ਚੇਤਨਾ’ ਦਾ ਲੇਖਕ ਮੰਨਿਆ ਹੈ। ਵਾਕਿਆ ਹੀ ਰਵਿੰਦਰ ਰਵੀ ਸਾਰੇ ਬ੍ਰਹਿਮੰਡ ਦਾ ਲੇਖਕ ਹੈ। ਉਹ ਦੂਜੇ ਲੇਖਕਾਂ ਵਾਂਗ ਪਰੰਪਰਾਵਾਦੀ ਲੇਖਕ ਨਹੀਂ ਕਿ ਕਾਲਪਨਿਕ ਕਵਿਤਾ ਜਾਂ ਕਹਾਣੀ ਲਿਖ ਦਿੱਤੀ ਤੇ ਲੇਖਕ ਦਾ ਕਰਮ ਪੂਰਾ ਹੋ ਗਿਆ। ਉਹਦਾ ਕਹਿਣਾ ਹੈ ਕਿ ਮੈਂ ਕਲਪਨਾ ਦਾ ਲੇਖਕ ਨਹੀਂ ਮੈਂ ਜੀਵਨ ਦੇ ਅਨੁਭਵ ਦਾ ਲੇਖਕ ਹਾਂ, ਇਸੇ ਸਿਧਾਂਤ ਅਨੁਸਾਰ ਲਿਖਦਾ ਹਾਂ ਕਿ ਜਿਵੇਂ ਜ਼ਿੰਦਗੀ ਜੀਓ, ਤਿਵੇਂ ਹੀ ਲਿਖੋ। ਇਸ ਗੱਲ ਨੇ ਕੁਝ ਅਲੋਚਕਾਂ ਦੇ ਦਿਮਾਗ ਵਿੱਚ ਇਹ ਗੱਲ ਪੈਦਾ ਕਰ ਦਿੱਤੀ ਕਿ ਰਵਿੰਦਰ ਰਵੀ ਡੂੰਘਾ, ਔਖਾ ਅਤੇ ਨੰਗੇਜ਼ ਵੀ ਲਿਖਦਾ ਹੈ।ਹਾਂ, ਰਵੀ ਦੀਆਂ ਬਹੁਤ ਸਾਰੀਆਂ ਲਿਖਤਾਂ ਵਿੱਚ ਇਸਤਰੀ- ਮਰਦ ਦੇ ਅਤ੍ਰਿਪਤ ਸੰਬੰਧਾਂ ਦੀ ਗੱਲ ਕੀਤੀ ਗਈ ਹੈ ਜਿਸ ਵਿੱਚ ਉਸ ਨੇ ਸਮੇਂ ਦਾ ਸੱਚ ਉਕਰਨ ਦੀ ਕੋਸ਼ਿਸ਼ ਕੀਤੀ ਹੈ।ਰਵੀ ਨੇ ਅਧੁਨਿਕ ਦੁਨੀਆਂ ਦੇ, ਪੂੰਜੀਵਾਦੀ ਸੰਸਾਰ ਦੇ ਖ਼ਤਰਨਾਕ ਰੁਝਾਨਾਂ, ਸਮਾਜਿਕ ਬੁਰਾਈਆਂ ਬਾਰੇ ਵੀ ਆਪਣੀਆਂ ਲਿਖਤਾਂ ਵਿੱਚ ਨਿੱਠ ਕੇ ਗੱਲ ਕੀਤੀ ਹੈ।ਆਮ ਦੇਖਿਆ ਗਿਆ ਹੈ ਕਿ ਕਈ ਵਾਰ ਬਹੁਤੇ ਲੇਖਕ ਕਹਿਣੀ ਕਰਨੀ ਦਾ ਸੁਮੇਲ ਨਹੀਂ ਹੁੰਦੇ। ਉਹ ਆਪਣੀਆਂ ਲਿਖਤਾਂ ਵਿੱਚ ਪੂਰੇ ਸੂਰੇ ਸੱਚੇ ਸੁੱਚੇ ਅਦਰਸ਼ਵਾਦੀ ਹੁੰਦੇ ਹਨ ਪਰ ਨਿੱਜੀ ਜ਼ਿੰਦਗੀ ਬਿਲਕੁਲ ਉਲਟ।ਪਰ ਰਵਿੰਦਰ ਰਵੀ ਅੰਦਰੋਂ ਬਾਹਰੋ ਇੱਕ ਹੈ।ਕੁਝ ਲੇਖਕ ਰਾਵਿੰਦਰ ਰਵੀ ਦੇ ਇਸ ਸਿਧਾਂਤ ਨਾਲ ਸਹਿਮਤ ਨਾਂ ਹੋਣ ਕਰਕੇ, ਕਦੇ ਕਦੇ ਉਸ ਨਾਲੋਂ ਆਪਣੀ ਦੂਰੀ ਬਣਾਈ ਰੱਖਦੇ ਨਜ਼ਰ ਆਉਦੇ ਹਨ।ਪਰ ਰਵੀ ਕਦੇ ਇਹੋ ਜਿਹੀਆਂ ਗੱਲਾਂ ਦੀ ਪਰਵਾਹ ਕੀਤੇ ਬਿਨਾਂ ਨਿਰੰਤਰ ਪਿੱਛਲੇ ਪੰਜਾਹ ਸਾਲਾਂ ਤੋਂ ਸਿਰਜਣਾ ਦੇ ਕੰਮ ਵਿੱਚ ਜੁਟਿਆ ਹੋਇਆ ਹੈ।ਉਸ ਦਾ ਕਹਿਣਾ ਹੈ ਕਿ ਜਦੋਂ ਤੋਂ ਮੈਂ ਲਿਖਣਾ ਸ਼ੁਰੂ ਕੀਤਾ, ਉਦੋਂ ਤੋਂ ਹੀ ਮੇਰਾ ਵਿਰੋਧ ਹੋ ਰਿਹਾ ਹੈ। ਇਹ ਮੇਰੇ ਲਈ ਕੋਈ ਨਵੀਂ ਗੱਲ ਨਹੀਂ। ਇਸ ਵਿਰੋਧ ਨਾਲ ਸਗੋਂ ਮੈਨੂੰ ਹੋਰ ਉਤਸ਼ਾਹ ਅਤੇ ਐਨਰਜ਼ੀ ਮਿਲਦੀ ਹੈ।
ਉਹਦਾ ਕਹਿਣਾ ਹੈ ਕਿ “ਮੈਂ ਇੱਕ ਕੰਟਰੋਵਰਸ਼ਲ ਲੇਖਕ ਹਾਂ। ਮੇਰੀਆਂ ਲਿਖਤਾਂ ਬਾਰੇ ਵਾਦ ਵਿਵਾਦ, ਮੇਰੇ ਪਹਿਲੇ ਕਾਵਿ-ਸੰਗ੍ਰਹਿ: ‘ਦਿਲ ਦਰਿਆ ਸਮੁੰਦਰੋਂ ਡੂੰਘੇ” ਵਿੱਚ ਲਿਖੇ ਬਾਬਾ ਬੋਹੜ ਸੰਤ ਸਿੰਘ ਸੇਖੋਂ ਦੇ ਮੁੱਖਬੰਧ ਨਾਲ ਹੀ ਸ਼ੁਰੂ ਹੋ ਗਿਆ ਸੀ। ਇਹ ੧੯੬੧ ਦੀ ਗੱਲ ਹੈ। ਉਦੋਂ ਤੋਂ ਹੀ ਮੈਂ ਲਗਾਤਾਰ ਚਰਚਾ ਵਿੱਚ ਰਿਹਾ ਹਾਂ ਤੇ ਮੇਰੇ ਸਾਹਿਤ ਬਾਰੇ ਹਮੇਸ਼ਾ ਹੀ ਇੱਕ ਤੋਂ ਵਧੀਕ ਰਾਵਾਂ ਰਹੀਆਂ ਹਨ। ਜੋ ਲੇਖਕ ਵੀ ਲੀਕ ਤੋਂ ਹਟ ਕੇ ਕੁਝ ਨਵਾਂ ਤੇ ਵੱਖਰਾ ਲਿਖੇਗਾ, ਉਸ ਬਾਰੇ ਵਾਦ ਵਿਵਾਦ ਛਿੜਨਾਂ, ਇੱਕ ਕੁਦਰਤੀ ਗੱਲ ਹੈ। ਮੇਰਾ ਸਾਹਿਤ ਸਮੇਂ ਤੋਂ ਹਮੇਸ਼ਾ ਅੱਗੇ ਚੱਲਿਆ ਹੈ ਤੇ ਇਹ ਹੈ ਵੀ ਬੌਧਕ। ਇਸ ਲਈ ਪਛੜੇ ਹੋਏ ਪਾਠਕਾਂ ਤੇ ਆਲੋਚਕਾਂ ਨੂੰ ਮੇਰੇ ਨਾਲ ਰਲਣ ਵਿਚ ਕੁਝ ਸਮਾਂ ਤਾਂ ਲੱਗਣਾਂ ਹੀ ਸੀ।”
ਰਵੀ ਪੰਜਾਬ, ਭਾਰਤ, ਵਿੱਚ ਦਸ ਸਾਲ ਅਧਿਆਪਨ ਕਰਨ ਉਪਰੰਤ, ਮੁੰਬਈ ਤੋਂ, ੧੩ ਦਿਨਾਂ ਦਾ ਸਮੁੰਦਰੀ ਜਹਾਜ਼ ਦਾ ਸਫਰ ਕਰਕੇ, ੫ ਫਰਵਰੀ, ੧੯੬੭ ਨੂੰ ਨੈਰੋਬੀ, ਕੀਨੀਆਂ ਪਹੁੰਚ ਗਿਆ।ਏਥੇ ਨੈਰੋਬੀ ਦੇ ਨੇੜੇ, ਕਾਮੋਦਾਈ ਹਾਈ ਸਕੂਲ ਵਿੱਚ ਉਸ ਨੇ ਲਗਾਤਾਰ ਅੱਠ ਸਾਲ, ਅੰਗਰੇਜ਼ੀ ਭਾਸ਼ਾ ਅਤੇ ਸਾਹਿਤ ਦਾ ਅਧਿਆਪਨ ਕੀਤਾ ਤੇ ਨਾਲ ਦੀ ਨਾਲ ਸਾਹਿਤਕ ਸਿਰਜਣਾ ਵੀ ਕੀਤੀ। ਫੇਰ ੧੪ ਦਸੰਬਰ, ੧੯੭੪ ‘ਚ ਕੈਨੇਡਾ ਆ ਕੇ ਸਾਢੇ ਸਤਾਈ ਸਾਲ(੧੯੭੬-੨੦੦੩) ਸੈਕੰਡਰੀ ਸਕੂਲ ਵਿੱਚ ਪੜ੍ਹਾਇਆ। ਸਾਹਿਤਕ ਸਿਰਜਣਾ ਕਰਨ ਦੇ ਨਾਲ ਹੀ ਰਵੀ ਨੇ ਟੀਚਰ ਯੂਨੀਅਨ ਵਿੱਚ ਪੂਰੀ ਤਰ੍ਹਾਂ ਸਰਗਰਮੀ ਨਾਲ ਕੰਮ ਕੀਤਾ। ਬਹੁਤ ਸਾਰੀਆਂ ਸਾਹਿਤਕ ਸੰਸਥਾਵਾਂ ਕਾਇਮ ਕੀਤੀਆਂ ਤੇ ਜ਼ਿੰਮੇਦਾਰੀ ਵਾਲੇ ਅਹੁਦੇ ਨਿਭਾਉਦਿਆਂ ਅੰਗਰੇਜ਼ੀ ਤੇ ਪੰਜਾਬੀ ਵਿੱਚ ਲਿਖਣ ਵਿੱਚ ਮਸਰੂਫ ਇਹ ਲੇਖਕ, ਕੈਨੇਡਾ ਦੇ ਕਵੀ ਦਰਬਾਰਾਂ ਅਤੇ ਸਾਹਿਤਕ ਕਾਨਫ਼ਰੰਸਾਂ ਵਿੱਚ ਸਰਗਰਮ ਰਿਹਾ। ਉਸ ਦਾ ਸਿਰਜਣਾ ਦਾ ਘੇਰਾ ਏਸ਼ੀਆ, ਯੂਰਪ, ਅਫ਼ਰੀਕਾ ਅਤੇ ਉੱਤਰੀ ਅਮਰੀਕਾ ਤੱਕ ਫੈਲਿਆ ਹੋਇਆ ਹੈ ਤੇ ਬਹੁਤ ਸਾਰੀਆਂ ਭਾਸ਼ਾਵਾਂ ਸੱਭਿਆਚਾਰਾਂ ਦਾ ਸੁਮੇਲ ਉਸ ਦੀ ਸਿਰਜਣਾ ਵਿੱਚ ਮਿਲਦਾ ਹੈ।ਰਵੀ ਬਹੁ-ਵਿਧ ਸਾਹਿਤਕਾਰ ਹੈ ਜਿਸ ਨੇ ਕਵਿਤਾ, ਕਹਾਣੀ, ਕਵਿ-ਨਾਟ, ਸਫਰਨਾਮਾਂ, ਸਵੈ-ਜੀਵਨੀ, ਆਲੋਚਨਾ, ਵਾਰਤਕ ਅਤੇ ਗਦ-ਕਵਿ ਵਰਗੀਆਂ ਵਿਧੀਆਂ ਰਾਹੀਂ ਆਪਣੇ ਅਨੁਭਵਾਂ ਨੂੰ ਸਿਰਜਣਾ ਵਿੱਚ ਲਿਆਂਦਾ ਹੈ। ਜੋ ਉਸ ਨੂੰ ਬਾਕੀ ਪੰਜਾਬੀ ਸਾਹਿਤਕਾਰਾਂ ਨਾਲੋਂ ਵੱਖ਼ਰਿਆਉਂਦਾ ਵੀ ਹੈ। ਪਰਵਾਸ ਵਿਚ ਵੱਸਦਾ ਉਹ ਸਭ ਤੋਂ ਪਹਿਲਾ ਪੰਜਾਬੀ ਸਾਹਿਤਕਾਰ ਹੈ, ਜਿਸ ਨੂੰ ਭਾਸ਼ਾ ਵਿਭਾਗ ਪੰਜਾਬ, ਪਟਿਆਲ਼ਾ, ਭਾਰਤ, ਨੇ ੧੯੮੦ ਵਿੱਚ ‘ ਸ਼੍ਰੋਮਣੀ ਸਾਹਿਤਕਾਰ (ਬਦੇਸ਼ੀ)’ ਦੇ ਪੁਰਸਕਾਰ ਨਾਲ ਨਿਵਾਜਿਆ। ੧੯੮੦ ਵਿਚ ਹੀ ਪੰਜਾਬ ਆਰਟਸ ਕੌਂਸਲ, ਚੰਡੀਗੜ੍ਹ, ਨੇ ਵੀ, ਉਸ ਨੂੰ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਨਾਲ ਸਨਮਾਨਿਆ।ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਡਾ. ਐਮ.ਐਸ. ਰੰਧਾਵਾ ਦੇ ਹੱਥੋਂ ਇਹ ਪੁਰਸਕਾਰ ਪ੍ਰਾਪਤ ਕਰਕੇ ਰਵਿੰਦਰ ਰਵੀ ਨੂੰ ਉਚੇਚੀ ਖੁਸ਼ੀ ਮਹਿਸੂਸ ਹੋਈ। ਸੰਤ ਸਿੰਘ ਸੇਖੋਂ ਅਤੇ ਡਾ. ਰਘਬੀਰ ਸਿੰਘ “ਸਿਰਜਣਾ” ਵੀ ਇਸ ਸਮੇਂ ਹਾਜ਼ਰ ਸਨ।
ਦੂਜੀ ਵੱਖਰੀ ਗੱਲ ਇਹ ਹੈ ਕਿ ਦੋਹਾਂ ਪੰਜਾਬਾਂ (ਲਹਿੰਦੇ ਪੰਜਾਬ ਅਤੇ ਚੜ੍ਹਦੇ ਪੰਜਾਬ) ਵਿੱਚ ਉਸ ਦੇ ਲਿਖੇ ਸਾਹਿਤ ‘ਤੇ ਪੀ.ਐਚ.ਡੀ. ਦੇ ਵਿਦਿਆਰਥੀਆਂ ਨੇ ਖੋਜ ਕੀਤੀ ਤੇ ਥੀਸਿਸ ਲਿਖੇ ਹਨ। ਭਾਰਤ ਅਤੇ ਪਕਿਸਤਾਨ ਦੋਂਹਾਂ ਦੇਸ਼ਾਂ ਵਿੱਚ ਉਸ ਦੀਆਂ ਕਿਤਾਬਾਂ ਐੱਮ. ਏ. ਪੰਜਾਬੀ ਦੇ ਕੋਰਸਾਂ ਵਿੱਚ ਵੀ ਪੜ੍ਹਾਈਆਂ ਜਾਂਦੀਆਂ ਰਹੀਆਂ ਹਨ।ਰਵੀ ੨੦੦੩ ਤੋਂ ਅਧਿਆਪਨ ਦੇ ਕਿੱਤੇ ਤੋਂ ਸੇਵਾ-ਮੁਕਤ ਹੋ ਕੇ ਪੂਰਾ ਸਮਾਂ ਸਾਹਿਤਕ ਸਿਰਜਣਾ ਵਿੱਚ ਜੁਟਿਆ ਹੋਇਆ ਹੈ। ਦਿਲ ਦਾ ਮਰੀਜ਼ ਹੋਣ ਦੇ ਬਾਵਜੂਦ ਵੀ ਉਸ ਦੀ ਲਿਖਣ ਦੀ ਰਫ਼ਤਾਰ ਧੀਮੀ ਨਹੀਂ ਪਈ। ਉਸੇ ਜੋਸ਼ੋ ਖਰੋਸ਼ ਨਾਲ ਲ਼ਿਖਣ ਦਾ ਸਫ਼ਰ ਜਾਰੀ ਹੈ। ਪਿਛਲੇ ਦਿਨੀ ‘ਅਰਪਨ ਲਿਖਾਰੀ ਸਭਾ ਕੈਲਗਰੀ’ ਨੇ ਉਸ ਦੀ ਸਾਹਿਤਕ ਘਾਲਣਾ ਨੂੰ ਦੇਖਦਿਆਂ “ਇਕਬਾਲ ਅਰਪਨ ਯਾਦਗਾਰੀ ਅਵਾਰਡ” ਨਾਲ ਸਨਮਾਨਿਤ ਕੀਤਾ ਹੈ। ਮੈਨੂੰ ਰਾਵਿੰਦਰ ਰਵੀ ਨੂੰ ਨੇੜਿਓ ਹੋ ਕੇ ਉਸ ਦੇ ਸਹਿਤਕ-ਸਫ਼ਰ ਤੇ ਜ਼ਿੰਦਗੀ ਦੇ ਹੋਰ ਅਨੁਭਵਾਂ ਬਾਰੇ ਗੱਲਬਾਤ ਕਰਨ ਦਾ ਮੌਕਾ ਮਿਲ਼ਿਆ। ਜੋ ਕੁਝ ਇਸ ਰੰਗੀਨ ਸ਼ਖ਼ਸੀਅਤ ਦੇ ਜੀਵਨ ਦੀ ਖੁੱਲੀ ਕਿਤਾਬ ਦੇ ਪੰਨਿਆਂ ਨੂੰ ਪੜ੍ਹਿਆ, ਉਸ ਦੇ ਕੁਝ ਅੰਸ਼ ਹਾਜ਼ਰ ਹਨ।
? ਰਵਿੰਦਰ ਰਵੀ ਜੀ ਮੈਂ ਅੱਜ ਵਾਲੇ ਰਵਿੰਦਰ ਰਵੀ ਦੇ ਨਕਸ਼ ਬਚਪਨ ਵਿੱਚ ਦੇਖਣੇ ਚਾਹੁੰਦਾ ਹਾਂ?
– ਸਤਨਾਮ ਜੀ, ਜ਼ਿੰਦਗੀ ਲਗਾਤਾਰ ਵਿਕਾਸ ਦਾ ਨਾਂ ਹੈ।ਬਚਪਨ ਮੇਰਾ ਬੜਾ ਸ਼ਾਨਦਾਰ ਗੁਜ਼ਰਿਆ। ਮੇਰਾ ਜਨਮ ਇੱਕ ਪੜ੍ਹੇ ਲਿਖੇ ਬਾਪ ਸ਼੍ਰ. ਪਿਆਰਾ ਸਿੰਘ ਗਿੱਲ ਦੇ ਘਰ, ਜਿਹੜੇ ਉਸ ਸਮੇਂ ਸਿਆਲਕੋਟ ਦੇ ਮਰੇ ਕਾਲਜ ਵਿੱਚ ਪ੍ਰਫੈਸਰ ਲੱਗੇ ਹੋਏ ਸਨ, ਦੇ ਘਰ ਹੋਇਆ।ਮੇਰਾ ਜਨਮ ਮੇਰੇ ਮਾਤਾ ਪਿਤਾ ਦੇ ਵਿਆਹ ਤੋਂ ਸੱਤ ਸਾਲ ਬਾਅਦ ਹੋਇਆ ਅਤੇ ਮੈਂ ਆਪਣੇ ਮਾਪਿਆਂ ਦੇ ਘਰ ਪਹਿਲਾ ਬੱਚਾ ਸਾਂ। ਮੈਂ ਬੜੇ ਲਾਡ ਪਿਆਰ ਨਾਲ ਪਲ਼ਿਆ। ਮੈਨੂੰ ਸਾਰੀਆਂ ਸੁੱਖ ਸਹੁਲਤਾਂ ਮਿਲ਼ੀਆਂ।ਇਸ ਨਾਲ ਖ਼ੁੱਲ੍ਹ ਖੇਡ ਤੇ ਵਧੇਰੇ ਸੁਤੰਤਰਤਾ ਦੀਆਂ ਆਦਤਾਂ ਵੀ ਪੈ ਗਈਆਂ, ਜਿਹੜੀਆਂ ਅੱਜ ਵੀ ਉਸੇ ਤਰਾਂ੍ਹ ਜਾਰੀ ਹਨ।
? ਆਪਣੇ ਬਚਪਨ ਦੀ ਕੋਈ ਅਭੁੱਲ ਯਾਦ ਜੋ ਤੁਹਾਡੇ ਚੇਤਿਆਂ ਵਿੱਚ ਅੱਜ ਵੀ ਉਸੇ ਤਰ੍ਹਾਂ ਹੈ ਤੇ ਜਿਸ ਨੇ ਤੁਹਾਡੀਆਂ ਲਿਖਤਾਂ ਨੂੰ ਵੀ ਪ੍ਰਭਾਵਿਤ ਕੀਤਾ ਹੋਵੇ?
-ਜੀ ਬਹੁਤ ਸਾਰੀਆਂ, ਇੱਕ ਬਹੁਤ ਪਿਆਰੀ ਯਾਦ ਹੈ। ਅਮਨ, ਜੰਗ, ਵਿਸ਼ਵ-ਯੁੱਧ ਅਤੇ ਹਿੰਸਾ ਦਾ ਜ਼ਿਕਰ ਮੇਰੀਆਂ ਕਵਿਤਾਵਾਂ ਵਿੱਚ ਵੀ ਆਇਆ ਹੈ।ਇਹ ਕੋਈ ੧੯੪੩ ਦੀ ਗੱਲ ਹੈ, ਜਦੋਂ ਦੂਜਾ ਵਿਸ਼ਵ ਯੁੱਧ ਲੱਗਾ ਹੋਇਆ ਸੀ।ਸਿਆਲਕੋਟ ਮਿਲਟਰੀ ਦੀ ਛਾਉਣੀ ਹੁੰਦਾ ਸੀ।ਉੱਥੇ ਬਲੈਕ-ਆਊਟ ਦੀ ਰੀਹਰਸਲ ਕਰਾਉਂਦੇ ਹੁੰਦੇ ਸੀ ਕਿ ਪਲੇਨ ਹਮਲਾ ਕਰਨ ਆ ਗਏ ਹਨ ਤੇ ਲੋਕਾਂ ਨੂੰ ਕਹਿਣਾ ਕਿ ਲਾਈਟਾਂ ਬੁਝਾ ਦਿਉ। ਮੈਂ ਉਨ੍ਹਾਂ ਦਿਨਾਂ ਵਿੱਚ ਕੋਈ ਪੰਜ ਛੇ ਸਾਲ ਦਾ ਸੀ।ਮੈਂ ਵੀ ਘਰੋਂ ਕੈਂਹੇਂ ਦੀ ਥਾਲ਼ੀ ਤੇ ਚਮਚਾ ਲੈ ਕੇ ਗਲ਼ੀ ਵਿੱਚ ਖੜਕਾਉਦੇ ਤੇ ਕਹਿੰਦੇ ਫਿਰਨਾ ਲਾਇਟ ਡਾਊਨ ਕਰੋ, ਲਾਈਟ ਡਾਊਨ ਕਰੋ।ਇਹ ਸਾਰਾ ਅਨੁਭਵ ਅਵਚੇਤਨ ਮਨ ‘ਚੋਂ ਚੇਤਨ ਮਨ ਵਿੱਚ ਆ ਜਾਂਦਾ ਹੈ। ਮੇਰੀਆਂ ਲਿਖਤਾਂ ਵਿੱਚ ਵੀ ਆ ਗਿਆ। ਇਸੇ ਤਰ੍ਹਾਂ ਇੱਕ ਹੋਰ ਯਾਦ ਸਾਂਝੀ ਕਰਨਾ ਚਾਹਾਂਗਾ ਕਿ ਉਸ ਸਮੇਂ ਸਾਰੇ ਸਕੂਲ ਇੱਕ ਡਿਸਟ੍ਰਿਕ ਬੋਰਡ ਦੇ ਹੇਠਾਂ ਹੁੰਦੇ ਸੀ। ਡਿਸਟ੍ਰਿਕ ਬੋਰਡ ਵੱਲੋਂ ਹਰ ਸਾਲ ਚੌਥੀ ਜਮਾਤ ਦੇ ਵਿੱਦਿਆਰਥੀਆਂ ਦਾ ਇੱਕ ਵਜ਼ੀਫ਼ੇ ਦਾ ਇਮਤਿਹਾਨ ਹੁੰਦਾ ਸੀ। ਹੁੰਦਾ ਵੀ ਸਿਆਲਕੋਟ ਵਿਚ, ਜਿਸ ਨੂੰ ਰਾਜੇ ਸਲਵਾਨ ਦਾ ਕਿਲ੍ਹਾ ਕਹਿੰਦੇ ਹਨ, ਉੱਥੇ ਹੁੰਦਾ ਸੀ।ਅਸੀਂ ਤਿੰਨ ਮਿੱਤਰ ਮੁੰਡੇ, ਜ਼ਿਲੇ ਦੇ ਹੋਰ ਵਿੱਦਿਆਰਥੀਆਂ ਦੇ ਨਾਲ, ਇਮਤਿਹਾਨ ਵਿੱਚ ਬੈਠੇ। ਇੱਕ ਮੈਂ ਸਾਂ ਸਿੱਖਾਂ ਦਾ ਮੁੰਡਾ, ਇੱਕ ਹਿੰਦੂਆਂ ਦਾ, ਜਿਸ ਦਾ ਨਾਂ ਮੰਗੀ (ਮੰਗਲ) ਅਤੇ ਇੱਕ ਮੁਸਲਮਾਨਾ ਦਾ ਮਹੰਮਦ ਇਅਜਾਜ਼। ਸਾਨੂੰ ਤਿੰਨਾਂ ਨੂੰ ਵਜ਼ੀਫਾ ਮਿਲਿਆ। ਚਾਰ, ਚਾਰ ਰੁਪਏ ਮਹੀਨਾ ਦੇ ਹਿਸਾਬ ਨਾਲ ਛੇ ਮਹੀਨੇ ਦਾ ਇਕੱਠਾ ਚੌਵੀ ਰੁਪਏ ਬਣਿਆਂ।ਉਨ੍ਹਾਂ ਦਿਨਾਂ ਵਿੱਚ ਚੌਵੀ ਰੁਪਏ ਬਹੁਤ ਹੁੰਦੇ ਸਨ।ਇਹ ਪੈਸੇ ਲਿਆ ਕੇ ਮੈਂ ਆਪਣੀ ਨਿੱਕੀ ਭੈਣ ਜੋ ਅਜੇ ਕੁਝ ਮਹੀਨਿਆਂ ਦੀ ਸੀ। ਮੇਰੀ ਮਾਤਾ ਉਸ ਨੂੰ ਮੰਜੇ ਤੇ ਪਾ ਕੇ ਆਪ ਕੋਈ ਘਰ ਦਾ ਕੰਮ ਕਾਰ ਕਰਦੀ ਹੋਵੇਗੀ, ਮੈਂ ਇਹ ਰੁਪਏ ਉਹਦੇ ਹੱਥ ਵਿੱਚ ਫੜਾ ਦਿੱਤੇ। ਇਹ ਚੰਗਾ ਇਸ ਲਈ ਲੱਗਾ ਕਿ ਇਹ ਕਾਂਣੀ ਵੰਡ ਨਹੀਂ ਸੀ। ਸਾਰੇ ਧਰਮਾਂ ਦੇ ਲੋਕਾਂ ਨੂੰ ਲਿਆਕਤ ਦੇ ਅਨੁਸਾਰ ਬਰਾਬਰ ਦੇਖਿਆ ਗਿਆ ਸੀ।
?ਆਪਣੇ ਪਰਿਵਾਰ ਬਾਰੇ ਦੱਸੋ।ਪਰਿਵਾਰਕ ਪਿਛੋਕੜ ਅਤੇ ਮਾਤਾ ਪਿਤਾ ਭੈਣ ਭਰਾਵਾਂ ਬਾਰੇ ਕੁਝ ਜਾਣਕਾਰੀ ਦਿਉ।ਕੀ ਉਹ ਵੀ ਇਧਰ ਕੈਨੇਡਾ ਜਾਂ ਪੰਜਾਬ ਵਿੱਚ ਹੀ ਹਨ?
ਮੇਰਾ ਸੰਬਧ ਇੱਕ ਸਧਾਰਨ ਕਿਸਾਨ ਘਰਾਣੇ ਨਾਲ ਹੈ। ਮੇਰੇ ਪਿਤਾ ਜੀ ਪ੍ਰੋ. ਪਿਆਰਾ ਸਿੰਘ ਗਿੱਲ ਅਤੇ ਮਾਤਾ ਜੀ ਸ੍ਰਦਾਰਨੀ ਚਰਨਜੀਤ ਕੌਰ ਸਨ।ਪਿਤਾ ਜੀ,ਜਿਨ੍ਹਾਂ ਬਾਰੇ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਸਿਆਲਕੋਟ ਮਰ੍ਹੇ ਕਾਲਿਜ ਪੜ੍ਹਾਉਦੇ ਸਨ। ਵੰਡ ਤੋਂ ਬਾਅਦ ਲਾਇਲਪੁਰ ਖ਼ਾਲਸਾ ਕਲਿਜ ਜਲੰਧਰ ਵਿਚ ਪੜ੍ਹਾਉਂਦੇ ਰਹੇ। ਸਾਡਾ ਜੱਦੀ ਪਿੰਡ ਜਗਤ ਪੁਰ ਹੈ, ਮੁੰਕਦਪੁਰ ਦੇ ਨੇੜੇ, ਅੱਜ ਕੱਲ੍ਹ ਜ਼ਿਲ੍ਹਾ ਨਵਾਂ ਸ਼ਹਿਰ ਵਿੱਚ ਪੈਂਦਾ ਹੈ। ਇਸ ਤਰ੍ਹਾਂ ਮੇਰਾ ਪਿਛੋਕੜ ਦੋ ਤਰ੍ਹਾਂ ਦਾ ਹੈ, ਇੱਕ ਤਾਂ ਪਿਉਰ ਪੇਂਡੂ ਤੇ ਇੱਕ ਪਿਉਰ ਸ਼ਹਿਰੀ। ਜਦੋਂ ਗਰਮੀਆਂ ਦੀਆਂ ਛੁੱਟੀਆਂ ਕੱਟਣ ਪਿੰਡ ਜਗਤ ਪੁਰ ਆਉਣਾ ਤਾਂ ਇੱਥੇ ਪਿੰਡ ਦਿਆਂ ਬੱਚਿਆਂ ਨਾਲ ਉਨ੍ਹਾਂ ਦੀ ਤਰ੍ਹਾਂ ਮਿੱਟੀ ਘੱਟੇ ਜਾਂ ਗਾਰੇ ਵਿੱਚ ਨੰਗੇ ਪੈਰੀਂ ਪਿੰਡ ਦੀਆਂ ਗਲ਼ੀਆਂ ਵਿੱਚ ਨੱਠੇ ਫਿਰਨਾ। ਦੂਜਾ, ਸ਼ਹਿਰ ਵਿੱਚ ਬੂਟ ਸੂਟ ਪਾਈ ਸ਼ਹਿਰੀ ਨਿਆਣਿਆਂ ਨਾਲ ਸ਼ਹਿਰੀ ਬਚਪਨਾ ਵੀ ਮੈਂ ਭੋਗਿਆ ਹੈ।ਮੇਰੇ ਬਾਬਾ ਜੀ ਸ੍ਰ. ਜਵਾਲਾ ਸਿੰਘ ਬਾਰਾਂ ਸਾਲ ਕੈਲੇਫੋਰਨੀਆਂ, ਅਮਰੀਕਾ ਵਿੱਚ ਰਹੇ ਸਨ। ਉਨ੍ਹਾਂ ਨਾਲ ਮੇਰਾ ਰਿਸ਼ਤਾ ਦੋਸਤਾਂ ਵਰਗਾ ਹੀ ਸੀ। ਉਹ ਸਾਡੇ ਕੋਲ ਸਿਆਲਕੋਟ ਵੀ ਆਉਂਦੇ ਰਹਿੰਦੇ ਸਨ।ਮੈਨੂੰ ਘੁੰਮਾਉਣ ਜੰਮੂ ਲੈ ਜਾਣਾ। ਫੇਰ ਮੈਨੂੰ ਬਾਹਰਲੀਆਂ ਧਰਤੀਆਂ ਤੇ ਸਮੁੰਦਰਾਂ ਬਾਰੇ ਗੱਲਾਂ ਸੁਣਾਉਣੀਆਂ। ਕਿaੁਂਕਿ ਉਨ੍ਹਾਂ ਦਿਨਾਂ ਵਿੱਚ ਲੋਕ ਸਮੁੰਦਰੀ ਜਹਾਜ਼ ਰਾਹੀ ਆਉਂਦੇ ਜਾਂਦੇ ਸਨ। ਉਨ੍ਹਾਂ ਨੂੰ ਛੇ ਮਹੀਨੇ ਅਮਰੀਕਾ ਆਉਣ ਨੂੰ ਲੱਗੇ ਸਨ।ਉਹ ਗੱਲਾਂ ਵੀ ਮੇਰੇ ਅੰਦਰ ਘਰ ਕਰ ਗਈਆਂ ਹੋਣ ਕਰਕੇ ਬ੍ਰਹਿਮੰਡੀ ਚੇਤਨਾ ਦੀ ਗੱਲ ਮੇਰੀਆਂ ਲਿਖਤਾਂ ਵਿੱਚ ਸਜਿ-ਸੁਭਾ ਆ ਜਾਂਦੀ ਹੈ।ਇਹ ਬਚਪਨ ਤੋਂ ਹੀ ਸ਼ੁਰੂ ਹੋ ਗਈ ਸੀ।ਬਾਕੀ ਪਰਿਵਾਰ ਬਾਰੇ, ਮਾਤਾ ਪਿਤਾ ਜੀ ਗੁਜ਼ਰ ਗਏ ਹਨ। ਅਸੀਂ ਚਾਰ ਭਰਾ ਅਤੇ ਇੱਕ ਭੈਣ ਹਾਂ। ਇੱਕ ਭਰਾ ਮੇਰਾ ਗੁਜ਼ਰ ਗਿਆ ਸੀ, ਉਸ ਦਾ ਟੱਬਰ ਪਿੰਡ ਰਹਿੰਦਾ ਹੈ। ਪਿੰਡ ਜ਼ਮੀਨ ਘਰ ਵਗੈਰਾ ਦੀ ਦੇਖ ਭਾਲ ਉਹ ਹੀ ਕਰਦੇ ਹਨ। ਇੱਕ ਭਰਾ ਮੇਰਾ ਅਮਰੀਕਾ ਵਿੱਚ ਹੈ ਇੱਕ ਇੱਥੇ ਕੇਨੇਡਾ ਵਿੱਚ ਹੈ ਅਤੇ ਭੈਣ ਇੰਗਲੈਂਡ ਵਿੱਚ ਹੈ।
?ਵਿੱਦਿਆ ਪ੍ਰਾਪਤੀ ਫੇਰ ਨੌਕਰੀ ਵਗੈਰਾ ਕਿੱਥੇ ਤੇ ਕਦੋਂ ਕਦੋਂ ਕੀ ਕੀਤਾ ਇਹਦੇ ਬਾਰੇ ਕੁਝ ਦਸੋ?
– ਇਹ ਵੀ ਬੜਾ ਦਿਲਚਸਪ ਕਿੱਸਾ ਹੈ।ਪਿਤਾ ਜੀ ਸੰਤਾਲ਼ੀ ਤੋਂ ਬਾਅਦ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਆ ਗਏ।ਉਨ੍ਹਾਂ ਦੀ ਇੱਛਾ ਸੀ ਕਿ ਮੈਂ ਡਾਕਟਰ ਬਣਾ ਪਰ ਰਵਿੰਦਰ ਰਵੀ ਨੂੰ ਸਾਇੰਸ ਨਾਲ ਕੋਈ ਲਗਾਉ ਨਹੀਂ ਸੀ। ਪਹਿਲਾਂ ਪਹਿਲ ਤਾਂ ਮੈਂ ਪਿਤਾ ਜੀ ਨੂੰ ਕੁਝ ਨਾ ਕਹਿ ਸਕਿਆ।ਜਦੋਂ ਸਾਇੰਸ (ਕੈਮਿਸਟਰੀ, ਫ਼ਿਜ਼ਿਕਸ) ਦੇ ਵਿਸ਼ੇ ਨਾ ਚੱਲ ਸਕੇ ਤਾਂ ਮੈਂ ਬੇਨਤੀ ਕੀਤੀ ਕਿ ਮੈਨੂੰ ਉਹ ਕੰਮ ਕਰਨ ਦਿਉ ਜਿਸ ਵਿੱਚ ਮੇਰੀ ਦਿਲਚਸਪੀ ਹੈ, ਤਾਂ ਉਹ ਮੰਨ ਗਏ।ਉੱਨੀ ਸੌ ਪਚਵੰਜਾਂ ਵਿੱਚ ਮੈਂ ਦੁਆਬਾ ਖਾਲਸਾ ਹਾਈ ਸਕੂਲ ਜਲੰਧਰ ਵਿੱਚ ਜੇ. ਬੀ. ਟੀ. ਵਿੱਚ ਦਾਖ਼ਲਾ ਲੈ ਲਿਆ। ੧੯੫੬ ਵਿੱਚ ਜੇ. ਬੀ. ਟੀ. ਕਰਕੇ ਮੈਂ ਆਪਣੇ ਪਿੰਡ ਜਗਤਪੁਰ ਵਿੱਚ ਟੀਚਰ ਲੱਗ ਗਿਆ।ਉੱਥੇ ਹੀ ਮੈਂ ਪ੍ਰਈਵੇਟ ਤੌਰ ਤੇ ਗਿਆਨੀ, ਐਫ. ਏ., ਬੀ. ਏ., ਬੀ. ਟੀ., ਐੱਮ. ਏ. ਨਿਆਣਿਆਂ ਨੂੰ ਪੜ੍ਹਾaੁਂਦੇ ਅਤੇ ਆਪ ਪੜ੍ਹਦਿਆਂ, ਕਬੱਡੀ ਖੇਡਦੇ ਖਿਡਾਉਦਿਆਂ ਸਾਰੇ ਕੰਮ ਕਾਰ ਕੀਤੇ। ਇੱਥੇ ਇੱਕ ਹਾਸੇ ਦੀ ਗੱਲ ਤੁਹਾਨੂੰ ਸੁਣਾ ਦਿਆਂ ਕਿ ਮੈਂ ਅਜੇ ਅੱਠਵੀਂ ਵਿੱਚ ਹੀ ਪੜ੍ਹਦਾ ਸੀ ਜਦੋਂ ਬੰਗਿਆਂ ਲਾਗੇ ਪਿੰਡ ਛੋਕਰਾਂ ਤੋਂ ਨੰਬਰਦਾਰ ਮਹਿਗਾ ਸਿੰਘ ਹੋਰਾਂ ਦੀ ਲੜਕੀ ਕਸ਼ਮੀਰ ਕੌਰ ਨਾਲ ਇੱਕ ਰੁਪਈਆ, ਇੱਕ ਮੁੱਠ ਸ਼ੱਕਰ ਦੀ ਅਤੇ ਛੁਆਰਿਆਂ ਨਾਲ ਮੇਰੀ ਮੰਗਣੀ ਕਰ ਦਿੱਤੀ ਗਈ ਸੀ।ਫੇਰ ਜਦੋਂ ਮੈਂ ਆਪਣੇ ਪਿੰਡ ਟੀਚਰ ਲੱਗਾ ਉਦੋਂ ਘਰ ਦਿਆਂ ਨੇ ਇਹ ਜੁਗਾੜ ਵਿਆਹ ਕਰ ਦਿੱਤਾ।ਮੇਰੇ ਦੋ ਬੱਚੇ ਵੀ ਇੱਥੇ ਹੋਏ।ਇੱਕ ਹੋਰ ਗੱਲ ਤੁਹਾਡੀ ਜਾਣਕਾਰੀ ਲਈ ਮੈਂ ਇੱਥੇ ਦੱਸ ਜਾਵਾਂ ਕਿ ਉਨ੍ਹਾਂ ਦਿਨਾਂ ਵਿੱਚ ਪੰਜਾਬੀ, ਉਰਦੂ ਤੇ ਹਿੰਦੀ ਵਿਚ ਹਾਈਇਸਟ ਐਜੁਕੇਸ਼ਨ ਗਿਆਨੀ, ਪ੍ਰਭਾਕਰ ਤੇ ਮੁਣਸ਼ੀ ਫ਼ਾਜ਼ਲ ਵਗੈਰਾ ਦੀ ਡਿਗਰੀ ਹੀ ਹੁੰਦੀ ਸੀ। ਇਨ੍ਹਾਂ ਭਾਸ਼ਾਵਾਂ ਵਿਚ ਬੀ. ਏ., ਐਮ. ਏ. ਤਾਂ ਸੰਤਾਲ਼ੀ ਤੋਂ ਬਾਅਦ ਹੀ ਸ਼ੁਰੂ ਹੋਈਆਂ।
? ਆਪਣੀ ਸਿਰਜਣ-ਪ੍ਰਕਿਆ ਬਾਰੇ ਕੁਝ ਦੱਸੋ? ਸਾਹਿਤਕ ਲਗਨ ਤੁਹਾਨੂੰ ਵਿਰਾਸਤ ਵਿੱਚ ਮਿਲੀ ਜਾਂ ਸਮੇਂ ਦੇ ਨਾਲ ਤੁਸੀਂ ਆਪਣੇ ਅਨੁਭਵ ਪ੍ਰਗਟ ਕਰਨ ਦਾ ਸਾਧਨ ਲੱਭਿਆ?
-ਜਿਹੜੀ ਰਚਨਾਤਿਮਿਕ ਕ੍ਰਿਆ ਹੈ ਇਹ ਬੜੀ ਗੁੰਝਲਦਾਰ ਹੈ। ਇਹਦੇ ਬਾਰੇ ਆਪਾਂ ਦੱਸ ਨਹੀਂ ਸਕਦੇ ਕਿ ਇਹ ਕਿਉਂ, ਕਦੋਂ ਅਤੇ ਕਿਵਂੇ ਹੁੰਦੀ ਹੈ।ਤੁਸੀਂ ਕਈ ਵਾਰ ਸਵੇਰ ਤੋਂ ਪੇਪਰ ਤੇ ਪੈੱਨ ਲੈ ਕੇ ਲਿਖਣ ਦੀ ਕੋਸ਼ਿਸ਼ ਕਰਦੇ ਹੋ ਪਰ ਲਿਖਿਆ ਕੁਝ ਨਹੀਂ ਜਾਂਦਾ। ਪਰ ਕਈ ਵਾਰ ਤੁਸੀਂ ਅਚਾਨਕ ਤੁਰੇ ਜਾਂਦੇ ਜਾਂ ਕੋਈ ਕੰਮ ਕਾਰ ਕਰਦੇ ਹੋ ਤਾਂ ਕੋਈ ਖ਼ਿਆਲ ਤੁਹਾਨੂੰ ਲਿਖਣ ਲਈ ਮਜਬੂਰ ਕਰ ਸਕਦਾ ਹੈ।ਬਾਕੀ ਗੱਲ ਇਹ ਹੈ ਕਿ ਲਿਖਣ ਵੱਲ ਆਉਣ ਲਈ ਮੁੱਢਲੇ ਜੀਵਨ ਵਿੱਚ ਮੇਰੇ ਪਿਤਾ ਜੀ ਦਾ ਖ਼ਾਸ ਕਰ ਹੱਥ ਬਹੁਤਾ ਹੈ।ਕਿਉਂ ਕਿ ਉਹ ਆਪ ਵੀ ਇੱਕ ਲੇਖਕ ਸਨ। ਉਨ੍ਹਾਂ ਦੇ ਮਿੱਤਰ ਦੋਸਤ ਪਿੰ੍ਰਸੀਪਲ ਸੇਖੋਂ ਵਰਗੇ ਵਿੱਦਵਾਨ ਸਾਡੇ ਘਰ ਆਇਆ ਕਰਦੇ ਸਨ। ਕਈ ਸਹਿਤਕ ਮੈਗਜ਼ੀਨ ਤੇ ਅਖ਼ਬਾਰਾਂ ਘਰ ਅਉਂਦੀਆਂ ਸਨ ਅਤੇ ਬਹੁਤ ਸਾਰਾ ਸਾਹਿਤ ਘਰ ਵਿੱਚ ਹੀ ਪੜ੍ਹਨ ਨੂੰ ਮਿਲ ਜਾਂਦਾ ਸੀ। ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਮੈਂ ਦੋਹਰਾ ਜੀਵਨ ਜੀਵਿਆ, ਇੱਕ ਸ਼ਹਿਰੀ ਇੱਕ ਪੇਂਡੂ। ਪੁਰਾਣੇ ਸਮਿਆਂ ਵਿੱਚ ਪਿੰਡਾਂ ਵਿੱਚ ਨਕਲਾਂ, ਰਾਸਾਂ ਦੇਖਣੀਆਂ ਰਾਤਾਂ ਨੂੰ ਅਪਣੇ ਪਿੰਡੋਂ ਸੱਤ ਸੱਤ ਮੀਲ ਦੂਰ ਜਾ ਕੇ ਕੀਮਾਂ ਮਲਕੀ ਦੇ ਗੀਤ ਤੇ ਡਰਾਮੇਂ ਵਗੈਰਾ। ਇਹ ਸਭ ਕੁਝ ਮੇਰੇ ਅਵਚੇਤਨ ਵਿੱਚ ਹੀ ਪਿਆ ਸੀ।ਇਸੇ ਤਰ੍ਹਾਂ ਇੱਕ ਸਿਲਸਿਲੇ ਵਾਰ ਇਹ ਕਥਾ ਜਿਹੀ ਬਣਦੀ ਤੁਰਦੀ ਰਹੀ। ਬਾਕੀ ਜੁਆਨੀ ਵਿੱਚ ਅਫ਼ਲਾਤੂਨੀ ਪਿਆਰ ਵੀ ਹੋਇਆ ਪਰ ਛੇਤੀ ਹੀ ਭਰਮ ਭਲੇਖੇ ਦੂਰ ਹੋ ਗਏ। ਉਨ੍ਹਾਂ ਦਿਨਾਂ ਵਿੱਚ ਮੈਂ ਕਵਿਤਾ ਵੀ ਲਿਖੀ, ਜਿਸ ਤਰ੍ਹਾਂ:
ਤ੍ਰੀਮਤ ਆਪਣੇ ਅੰਦਰ ਦੀ ਮੈਂ ਬਾਹਰ ਭਾਲਦਾ ਫਿਰਦਾਂ
ਗੁਨਾਹ ਕਹਿ ਕੇ ਜੇ ਨਿੰਦਣਾਂ ਨਿੰਦ ਲਵੋ ਇਹ ਅਮਲ ਕਰਤਾਰੀ
ਮੇਰੇ ਅੰਦਰ ਦਾ ਆਦਮ ਫਿਰ ਅੰਜੀਰਾਂ ਖਾਣ ਚੱਲਿਆ ਹੈ!
ਸੋ ਹਰ ਬੰਦੇ ਦੇ ਅੰਦਰ ਇੱਕ ਆਦਰਸ਼ ਔਰਤ ਹੁੰਦੀ ਹੈ।ਵੈਸੇ ਵੀ ਜਿਹੜਾ ਤੁਹਾਡਾ ਸੁਪਨਾ ਹੈ, ਉਹ ਤੁਹਾਡੇ ਨਾਲੋਂ ਦੋ ਕਦਮ ਅੱਗੇ ਹੁੰਦਾ ਹੈ।ਜਿੰਨਾ ਚਿਰ ਤੁਹਾਡੇ ਕੋਲ ਕੋਈ ਸੁਪਨਾ ਨਹੀਂ, ਤੁਸੀਂ ਲਿਖ ਹੀ ਨਹੀਂ ਸਕਦੇ।
? ਤੁਹਾਡੀ ਸ਼ੁਰੂਆਤ ਆਮ ਲੇਖਕਾਂ ਵਾਂਗ ਕਵਿਤਾ ਤੋਂ ਜਾਂ ਵਾਰਤਕ ਤੋਂ ਹੋਈ। ਤੁਹਾਨੂੰ ਤੁਹਾਡੇ ਅੰਦਰਲੇ ਲੇਖਕ ਨੇ ਪਹਿਲੀ ਵਾਰ ਕਦੋਂ ਜਗਾਇਆ? ਜੋ ਕੁਝ ਤੁਸੀਂ ਪਹਿਲਾਂ ਪਹਿਲ ਲਿਖਿਆ ਸੀ ਉਹ ਸਾਂਭਿਆ ਜਾਂ ਫੇਰ ਸੁੱਟ ਦਿੱਤਾ?
– ੧੯੫੫-੫੬ ਵਿੱਚ ਸਭ ਤੋਂ ਪਹਿਲਾਂ ਮੈਂ ਕਹਾਣੀ ਲਿਖੀ। ਉਨ੍ਹਾਂ ਦਿਨਾਂ ਵਿੱਚ ਮੈਂ ਕਹਾਣੀ ਬਹੁਤ ਪੜ੍ਹਦਾ ਹੁੰਦਾ ਸੀ, ਜਸੂਸੀ ਨਾਵਲ ਪੜ੍ਹਨ ਦਾ ਸ਼ੌਕ ਸੀ। ਮੈਂ ਇੱਕੀ ਕਹਾਣੀਆਂ ਲਿਖੀਆਂ ਸੀ ਪਰ ਸਿਰਫ਼ ਦੋ ਕਹਾਣੀਆਂ ਮੈਂ ਉਨ੍ਹਾਂ ਵਿੱਚੋਂ ਰੱਖੀਆਂ। ਇੱਕ ਸੀ, ‘ਚਰਾਵੀ’ ਤੇ ਦੂਜੀ ਸੀ, ‘ਫ਼ਰੰਟ ਸੀਟ’। ਇਸੇ ਤਰ੍ਹਾਂ ਕਵਿਤਾਵਾਂ….. ਜਦੋਂ ਮੈਂ ਉੰਨੀ ਸੌ ਇਕਾਹਟ ਵਿੱਚ ਪਹਿਲਾ ਕਵਿ ਸੰਗ੍ਰਹਿ ‘ਦਿਲ ਦਰਿਆ ਸਮੁੰਦਰਂੋ ਡੁੰਘੇ’ ਛਾਪਿਆ ਤਾਂ ਬਹੁਤ ਕੁਝ ਕੱਚਾ ਲੱਗਾ। ਮੈਨੂੰ ਲੱਗਾ ਕਿ ਸਿਰਫ਼ ਤੁਕਬੰਦੀ ਹੀ ਹੈ।ਪਰ ਫੇਰ ਵੀ ਬਹੁਤ ਕੁਝ ਅਜਿਹਾ ਛਪ ਗਿਆ ਜਿਸ ਨਾਲ ਭਾਵੁਕ ਸਾਂਝ ਸੀ।ਜੁਆਨੀ ਵਿੱਚ ਏਨੀ ਸਮਝ ਵੀ ਨਹੀਂ ਸੀ।ਹੋਇਆ ਇਹ ਕਿ ਉਨ੍ਹਾਂ ਦਿਨਾਂ ਵਿੱਚ ਪ੍ਰਯੋਗਸ਼ੀਲ ਲਹਿਰ ਲਈ ਜ਼ਮੀਨ ਤਿਆਰ ਹੋ ਰਹੀ ਸੀ।ਅਸੀਂ ਨਵੀਂ ਪੀੜ੍ਹੀ ਵਾਲੇ ਗੱਲ ਕਰਨ ਲੱਗ ਪਏ ਕਿ ਪਹਿਲੀ ਪ੍ਰਗਤੀਵਾਦੀ ਕਵਿਤਾ, ਮੋਹਣ ਸਿੰਘ ਧਾਰਾ, ਅਮਿੰ੍ਰਤਾ ਪ੍ਰੀਤਮ ਧਾਰਾ ਵਿੱਚ ਖੜੋਤ ਆ ਗਈ ਹੈ। ਇਸ ਨੂੰ ਅਗਾਂਹ ਤੋਰਨ ਦੀ ਲੋੜ ਹੈ।ਇਸ ਤਰ੍ਹਾਂ ਮੇਰੇ ਪਹਿਲਾ ਕਵਿ ਸੰਗ੍ਰਹਿ ‘ਦਿਲ ਦਰਿਆ ਸਮੰਦਰੋਂ ਡੂੰਘੇ’ ਵਿਚਲੀਆਂ ਕਵਿਤਾਵਾਂ ਦਾ ਚੌਥਾ ਹਿੱਸਾ ਪ੍ਰਯੋਗਸ਼ੀਲ ਹਨ।ਪਹਿਲੇ ਦਿਨ ਤੋਂ ਹੀ ਬਹਿਸ ਦਾ ਵਿਸ਼ਾ ਬਣ ਗਈਆਂ। ਸੇਖੋਂ ਅਤੇ ਜਸਬੀਰ ਆਹਲੂਵਾਲੀਆਂ ਵਿਚਕਾਰ ਵਾਦ-ਵਿਵਾਦ ਸ਼ੁਰੂ ਹੋ ਗਿਆ। ਇਸ ਚਰਚਾ ਨਾਲ ਮੈਂ ਰੋਸ਼ਨੀ ਵਿੱਚ ਆ ਗਿਆ।ਇਸ ਨੇ ਹੀ ਮੈਨੂੰ ਕਵੀ ਬਣਾ ਦਿੱਤਾ। ਮੈਂ ਆਪਣੀ ਰਚਨਾ ਆਪਣੇ ਤਜੱਰਬੇ ਤੋਂ ਆਪਣੇ ਹੀ ਪ੍ਰਭਾਵ ਵਾਲੀ ਲਿਖਣੀ ਚਾਹੁੰਦਾ ਸੀ। ਇਸ ਕਰਕੇ ਪਹਿਲੀਆਂ ਲਿਖੀਆਂ ਰਚਨਾਵਾਂ ਵਿੱਚੋਂ ਬਹੁਤ ਕੁਝ ਮੈਂ ਸਾਂਭਿਆ ਨਹੀਂ , ਕੱਚਾ ਪਿੱਲਾ ਸਮਝ ਕੇ ਸੁੱਟ ਦਿੱਤਾ।
? ਜਦੋਂ ਤੁਸੀਂ ਲਿਖਣਾ ਸ਼ੁਰੂ ਕੀਤਾ ਉਸ ਸਮੇਂ ਦੇ ਬਹੁਤੇ ਲੇਖਕ ਮਾਰਕਸਵਾਦੀ ਵਿਚਾਰਾਂ ਦੇ ਪ੍ਰਭਾਵ ਹੇਠ ਲਿਖ ਰਹੇ ਸਨ। ਉਸ ਤੋਂ ਪਹਿਲਾਂ ਵਾਲੇ ਅਧਿਆਤਮਕ ਅਤੇ ਰੋਮਾਂਸਵਾਦੀ ਕਵਿਤਾ, ਵਾਰਤਕ। ਪਰ ਤੁਸੀਂ ਇਹ ਦੋਵੇ ਲੀਹਾਂ ਨੂੰ ਪਾੜ ਕੇ ਇੱਕ ਨਵੇਕਲਾ ਰਾਹ ਅਪਨਾਇਆ ਇਹ ਅਚੇਤ ਹੀ ਹੋਇਆ ਜਾਂ ਸੁਚੇਤ..?
– ਸਤਨਾਮ ਜੀ, ਇਹ ਸੁਚੇਤ ਹੋਇਆ, ਇਹਦੇ ਜਵਾਬ ਲਈ ਪੰਜਾਬੀ ਸਾਹਿਤ ਦੇ ਇਤਿਹਾਸ ਤੇ ਨਿਗ੍ਹਾਂ ਮਾਰਨੀ ਪਵੇਗੀ। ਮੈਂ ਸੰਖ਼ੇਪ ਵਿੱਚ ਤੁਹਾਡੇ ਸਆਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਦਾਂ। ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਹੀ ਹੈ।ਮੋਹਣ ਸਿੰਘ ਅੰਮ੍ਰਿਤਾ ਪ੍ਰੀਤਮ ਹੋਰਾਂ ਨੇ ਅਧਿਆਤਮਿਕਵਾਦ ਤੋਂ ਬਗਾਵਤ ਕਰ ਕੇ ਪ੍ਰਗਤੀਵਾਦ, ਮਾਰਕਸਵਾਦ ਅਤੇ ਰੋਮਾਂਸਵਾਦ ਨੂੰ ਅੱਗੇ ਲਿਆਂਦਾ ।੧੯੩੫ ਵਿੱਚ ਜਿਹੜੀ ਕਮਿਉਨਿਸਟ ਕਾਂਨਫ਼੍ਰੰਸ ਹੋਈ ਸੀ ਉਸ ਸਮੇਂ ਤੋਂ ਲੈ ਕੇ ੧੯੫੫ ਤੱਕ ਦਾ ਸਮਾਂ ਹੈ ਵੀਹ ਸਾਲ ਦਾ, ਇਹਨੂੰ ਅਸੀਂ ਪ੍ਰਗਤੀਵਾਦੀ ਰੋਮਾਸਵਾਦੀ ਧਾਰਾ ਦਾ ਸਮਾਂ ਕਹਿੰਦੇ ਹਾਂ। ਪਚਵੰਜਾ ਵਿੱਚ ਖੜੋਤ ਆ ਜਾਂਦੀ ਹੈ। ਪਚਵੰਜਾ ਤੋਂ ਸੱਠ ਤੱਕ ਦੇ ਸਮੇਂ ਨੂੰ ਅਸੀਂ ਸੰਕ੍ਰਾਂਤੀ ਕਾਲ ਕਹਿੰਦੇ ਹਾਂ। ਇਹਦੇ ਵਿੱਚ ਮਹਿਸੂਸ ਤਾਂ ਕੀਤਾ ਕਿ ਖੜੋਤ ਆ ਗਈ ਹੈ, ਯਤਨ ਵੀ ਕੀਤੇ ਪਰ ਕੋਈ ਮਿੱਥ ਕੇ ਨਿਸਚਿਤ ਰੂਪ ਵਿੱਚ ਵਿਉਂਤਵਧ ਹੋ ਕੇ ਕੁਝ ਨਾ ਕਰ ਸਕੇ। ਫੇਰ ਅਸੀਂ ੧੯੬੧ ਵਿੱਚ ਲਾਮਬੰਦ ਹੋ ਕੇ ਕੰਮ ਕਰਨਾ ਸ਼ੁਰੂ ਕੀਤਾ। ਸਾਡੇ ਤੋਂ ਪਹਿਲੇ ਲੇਖਕ ਵੀ ਕੁਝ ਨਾਰਾਜ਼ ਹੋਏ ਕਿ ਤੁਸੀਂ ਮਾਰਕਸਵਾਦ ਤੋਂ ਕਿਵੇਂ ਮੁੱਖ ਮੋੜ ਸਕਦੇ ਹੋ।ਮੈਨੀਫੈਸਟੋ ਕਵਿਤਾ ਦੇ ਬਣਾ ਕੇ ਪ੍ਰਚਾਰ ਕਰਨ ਦੇ ਅਸੀਂ ਵਿਰੁਧ ਸੀ। ਉਸ ਵੇਲੇ ਦੇ ਜੀਵਨ ਵਿੱਚ ਬਹੁਤ ਤਬਦੀਲੀ ਆ ਚੁੱਕੀ ਸੀ।ਖੇਤੀਬਾੜੀ ਦੇ ਤੌਰ ਤਰੀਕੇ, ਮਸ਼ੀਨੀ ਯੁੱਗ ਆ ਚੁੱਕਾ ਸੀ। ਬਹੁਤ ਸਾਰੀਆਂ ਨਵੀਆਂ ਫ਼ੈਕਟਰੀਆਂ ਲੱਗ ਚੁੱਕੀਆਂ ਸਨ। ਕਲਚਰ ਬਦਲ ਚੁੱਕਿਆ ਸੀ। ਸਭ ਕੁਝ ਅਧੁਨਿਕ ਹੋ ਚੁੱਕਿਆ ਸੀ। ਪਰ ਸਾਹਿਤ ਪੁਰਾਣਾ ਪਰੰਪਰਾਵਾਦੀ ਹੀ ਰਚਿਆ ਜਾ ਰਿਹਾ ਸੀ।ਸਾਡੀ ਸੋਚ ਸੀ ਕਿ ਅੱਜ ਦੇ ਹਾਣ ਦੀ ਗੱਲ ਕਰਨੀ ਚਾਹੀਦੀ ਹੈ। ਅੱਜ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਲਿਖੋ। ਉਨ੍ਹਾਂ ਸਮਝਿਆ ਕਿ ਅਸੀਂ ਬਾਗੀ ਹੋ ਗਏ ਹਾਂ । ਮੇਰੇ ਕੋਲ ਅਜੇ ਤੱਕ ਲਿਖਤੀ ਰਿਕਾਰਡ ਹੈ। ਮੈਂ “ਪ੍ਰਯੋਗਸ਼ੀਲ ਕਵਿ-ਦਰਪਨ” ਵਿੱਚ ਇੱਕ ਲੇਖ ਲਿਖਿਆ ਹੋਇਆ ਹੈ ਉਹਦਾ ਨਾਂ ਹੈ ‘ਪ੍ਰਯੋਗਸ਼ੀਲਤਾ’ aਹਦੇ ਵਿੱਚ ਮੈਂ ਬੜਾ ਸ਼ਪਸ਼ਟ ਰੂਪ ਵਿੱਚ ਲਿਖਿਆ ਹੈ ਕਿ ‘ਪ੍ਰਯੋਗਸ਼ੀਲਤਾ ਹਮੇਸ਼ਾ ਅੱਗਰਗਾਮੀ ਹੁੰਦੀ ਹੈ’।ਪ੍ਰਯੋਗ ਕਰਦੇ ਹੀ ਅਗਾਂਹ ਜਾਣ ਲਈ ਹਾਂ। ਪਰ ਇਹ ਉਨ੍ਹਾਂ ਦਾ ਇੱਕ ਭੁਲੇਖਾ ਸੀ।
?ਰਵੀ ਜੀ, ਉਸ ਸਮੇਂ ਤਹੁਡੇ ਨਾਲ ਇਸ ਕਾਫ਼ਲੇ ਵਿੱਚ ਹੋਰ ਲੇਖਕ ਵੀ ਚੱਲੇ ਹੋਣਗੇ ਜਿੰਨ੍ਹਾ ਨੇ ਪ੍ਰਯੋਗਸ਼ੀਲ ਲਹਿਰ ਨੂੰ ਅਗੇ ਵਧਾਇਆ? ਉਹਨਾਂ ਬਾਰੇ ਕੁਝ ਦੱਸੋ?
– ਉਸ ਸਮੇਂ ਮੋਢੀਆਂ ਵਿੱਚੋਂ ਮੇਰੇ ਨਾਲ ਜਸਬੀਰ ਸਿੰਘ ਆਹਲੂਵਾਲੀਆ ਸੀ। ਉਹ ਉਨ੍ਹਾ ਦਿਨਾਂ ਵਿੱਚ ਜਲੰਧਰ ਫ਼ਸਟ ਕਲਾਸ ਮੈਜਸਟਰੇਟ ਲੱਗਾ ਹੁੰਦਾ ਸੀ, ਅਸੀਂ ਜਲੰਧਰ ਕੌਫ਼ੀ ਹਾਉਸ ਵਿੱਚ ਇਕੱਠੇ ਹੋ ਜਾਂਦੇ ਸੀ। ਸੁਖਪਾਲਬੀਰ ਹਸਰਤ ਵੀ ਜਲੰਧਰ ਹੀ ਪਬਲਿਕ ਰੀਲੇਸ਼ਨ ਵਿਭਾਗ ਵਿਚ ਲੱਗਾ ਹੁੰਦਾ ਸੀ। ਅਜਾਇਬ ਕਮਲ, ਡਾ. ਜਗਤਾਰ ਫੇਰ ਸਾਡੇ ਨਾਲ ਐਸ. ਐਸ. ਮੀਸ਼ਾ ਸੀ, ਇੰਨੇ ਕੁ ਬੰਦੇ ਅਸੀਂ ਪਹਿਲਾਂ ਤੁਰੇ ਸੀ।
? ਕਈ ਆਲੋਚਕਾਂ ਨੇ ਤੁਹਾਡੀ ਸਿਰਜਣਾ ਦਾ ਮੁੱਢ ਤੋਂ ਵਿਰੋਧ ਕੀਤਾ।ਤੁਸੀਂ ਕੀ ਸਮਝਦੇ ਹੋ ਕਿ ਇਨ੍ਹਾਂ ਅਲੋਚਕਾਂ ਕੋਲ ਸਹੀ ਪੈਮਾਨਾ ਨਹੀਂ, ਜਾਂ ਤੁਹਾਡੀ ਕਵਿਤਾ ਤੇ ਵਾਰਤਕ ਨੇ ਪਹਿਲੀ ਲੀਹ ਨੂੰ ਛੱਡਿਆ ਕਰਕੇ ਵਿਰੋਧ ਹੋਇਆ? ਪ੍ਰਯੋਗਵਾਦੀ ਲਹਿਰ ਹੁਣ ਖ਼ਤਮ ਹੋ ਚੁੱਕੀ ਹੈ ਜਾਂ ਤੁਹਾਡੇ ਵੱਲੋਂ ਅਜੇ ਉਸੇ ਤਰ੍ਹਾਂ ਕਾਇਮ ਹੈ?
ਕਹਾਣੀ ਕਵਿਤਾ ਜਾਂ ਨਾਟਕ ਦੇ ਖੇਤਰ ਵਿਚ, ਪੱਛਮ ਵਿੱਚ, ਹਰ ਦਸ ਸਾਲ ਬਾਅਦ ਪੀੜ੍ਹੀ ਬਦਲ ਜਾਂਦੀ ਹੈ। ਉਹਦੀਆਂ ਨਵੀਂਆਂ ਕਦਰਾਂ ਕੀਮਤਾਂ ਆ ਜਾਂਦੀਆਂ ਹਨ। ਅੱਠ ਦੱਸ ਸਾਲ ਇਸ ਦੀ ਉਮਰ ਹੁੰਦੀ ਹੈ।ਇਸੇ ਸਮੇਂ ਦੌਰਾਨ ਜੋ ਕੁਝ ਲਿਖਿਆ ਗਿਆ ਹੁੰਦਾ ਹੈ ਉਹਦੇ ਮਾਪ-ਦੰਡ ਕਾਇਮ ਕਰ ਕੇ ਇਸ ਨੂੰ ਈਵੈਲ਼ੂਏਟ ਕੀਤਾ ਜਾਂਦਾ ਹੈ। ਪਰ ਬਦਕਿਸਮਤੀ ਨਾਲ ਸਾਡੇ ਇਹੋ ਜਿਹੇ ਆਲੋਚਕ ਪੈਦਾ ਹੋ ਗਏ ਜਿਨ੍ਹਾਂ ਨੂੰ ਪ੍ਰਗਤੀਵਾਦੀ ਜਾਂ ਰੋਮਾਸਵਾਦੀ ਕਹਿੰਦੇ ਹਾਂ।ਬਹੁਤੇ ਤਾਂ ਸਮਝਦਾਰ ਸਨ ਜਿਵੇਂ ਸੰਤ ਸਿੰਘ ਸੇਖੋਂ ਵਰਗੇ ਜਿਨ੍ਹਾਂ ਨੇ ਸਾਨੂੰ ਅਕਾਮੋਡੇਟ ਕੀਤਾ। ਪਰ ਜਿਹੜੇ ਕੁਝ ਹੇਠਲੀ ਪੱਧਰ ਦੇ ਆਲੋਚਕ ਸਨ, ਉਹ ਉੱਥੇ ਹੀ ਅੜੇ ਖੜ੍ਹੇ ਰਹੇ। ਜਿਨ੍ਹਾਂ ਨੂੰ ਇਹ ਸਮਝ ਨਾ ਆਈ. ਉਨ੍ਹਾਂ ਨੇ ਖਿੱਚ-ਧੂ ਕੇ ਸਾਨੂੰ ਜਾਂ ਤਾਂ ਜਿਹੜੀ ਕਸਵੱਟੀ ਬਣ ਚੁੱਕੀ ਸੀ ਉਸ ਤੇ ਪਰਖਣ ਦਾ ਯਤਨ ਕੀਤਾ ਜਾਂ ਇਹ ਸਮਝ ਲਿਆ ਕਿ ਇਹ ਪ੍ਰਯੋਗਵਾਦੀ ਹਨ। ਇਹ ਸਾਡੇ ਵਿਰੋਧ ਵਿੱਚ ਉੱਠ ਖੜ੍ਹੇ ਸਨ। ਇਸ ਕਰਕੇ ਸਾਡਾ ਵਿਰੋਧ ਕੀਤਾ ।ਤੀਜੀ ਗੱਲ ਇਹ ਸੀ ਕਿ ਉਨ੍ਹਾਂ ਨੇ ਸਾਡੇ ਜਿਹੜੇ ਪ੍ਰਯੋਗਸ਼ੀਲ ਸਿਧਾਂਤ ਬਾਰੇ ਲੇਖ ਲਿਖੇ ਹੋਏ ਸਨ ਉਹ ਵੀ ਨਹੀਂ ਪੜ੍ਹੇ। ਉਹਦੇ ਵਿੱਚ ਸਪਸ਼ਟ ਲਿਖਿਆ ਹੈ ਕਿ ਜਿਹੜੇ ਪ੍ਰਯੋਗਸ਼ੀਲ ਸਾਹਿਤਕਾਰ ਹਨ ਇਹ ਕਦੇ ਵੀ ਪਿਛਾਂ-ਖਿਚੂ ਨਹੀਂ ਹੁੰਦੇ ਹਮੇਸ਼ਾ ਅਗਾਂਹਵਧੂ ਹੁੰਦੇ ਹਨ।ਇਹਦਾ ਮਾਰਕਸ ਨਾਲ ਕੋਈ ਕਲੈਸ਼ ਨਹੀਂ।ਮਾਰਕਸਇਜ਼ਮ ਨੂੰ ਜੀਵਨ ਵਿੱਚ ਕਿਵੇਂ ਲਾਗੂ ਕਰਨਾ ਅੱਜ ਦੇ ਜੀਵਨ ਵਿੱਚ ਜੋ ਉਦਯੋਗਵਾਦੀ ਤਬਦੀਲ਼ੀਆਂ ਆਈਆਂ ਉਹਨਾ ਉੱਤੇ ਕਿਵੇਂ ਢੁਕਾਉਣਾ ਹੈ।ਅੱਜ ਦੇ ਜ਼ਮਾਨੇ ਜਿਹੜਾ ਕੌਫ਼ੀ ਹਾਉਸ ਦਾ ਕਲਚਰ ਪੈਦਾ ਹੋਇਆ ਉਸ ਨੂੰ ਕਿਵੇਂ ਲਿਆਉਣਾ ਹੈ। ਜਿਹੜੀਆਂ ਨਵੀਂਆਂ ਤਬਦੀਲੀਆਂ ਜ਼ਿੰਦਗੀ ਵਿੱਚ ਆਈਆਂ ਉਨ੍ਹਾਂ ਦੇ ਮੁਤਬਿਕ ਮਾਰਕਸਿਜ਼ਮ ਨੂੰ ਵਰਤੋ ਅਤੇ ਅਸਤਿਤਵਵਾਦ ਨੂੰ ਵਰਤੋ। ਇਹ ਵੱਖ ਵੱਖ ਸਾਧਨ ਹਨ ਸਾਡੇ ਕੋਲ ਸਾਹਿਤ ਨੂੰ ਪਰਖਣ ਦੇ।ਕੁਝ ਲੋਕ ਤਾਂ ਦੇਖਦੇ ਹੀ ਇਹ ਸੀ ਕਿ ਇਹਦੇ ਵਿੱਚ ਕੀ ਨਹੀਂ ਹੈ।ਜਾਂ ਇਹਦੇ ਵਿੱਚ ਕੀ ਹੋਣਾ ਚਾਹੀਦਾ ਹੈ।ਉਨ੍ਹਾਂ ਦੀ ਸੋਚ ਨੇਗਟਿਵ ਸੀ।ਉਨ੍ਹਾਂ ਨੇ ਇਹ ਦੇਖਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਇਹਦੇ ਵਿੱਚ ਹੈ ਕੀ? ਬਹੁਤ ਹੀ ਸੀਮਤ ਦਾਇਰੇ ਵਿੱਚ ਰਹਿ ਕੇ ਸਾਹਿਤ ਦੀ ਪਰਖ ਕੀਤੀ। ਦੂਜੀ ਗੱਲ ਹੈ ਕਿ ਇਹਨਾਂ ਦਾ ਗਿਆਨ ਵੀ ਏਨਾਂ ਵਿਸ਼ਾਲ ਨਹੀਂ ਸੀ।
ਅੱਜ ਦੇ ਪੰਜਾਬੀ ਆਲੋਚਕ ਓਨਾ ਪੜ੍ਹਦੇ ਵੀ ਨਹੀਂ ਜਿਨਾਂ ਇਨ੍ਹਾਂ ਨੂੰ ਪੜ੍ਹਨਾ ਚਾਹੀਦਾ ਹੈ। ਸਾਡੇ ਜ਼ਮਾਨੇ ਵਿੱਚ ਲੋਕ ਘੱਟੋ ਘੱਟ ਚਾਰ ਜ਼ੁਬਾਨਾ ਸਿੱਖਦੇ ਸੀ ਉਰਦੂ, ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਦੇ ਸਾਹਿਤ ਭਾਵ ਇੱਕ ਤੋਂ ਵੱਧ ਬੋਲੀ ਦੇ ਸਹਿਤ ਨੂੰ ਪੜ੍ਹਨ ਤੇ ਪੜਚੋਲਣ ਨਾਲ ਗਿਆਨ ਬਹੁਤ ਵਿਸ਼ਾਲ ਹੁੰਦਾ ਸੀ।ਇਥੇ ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਹਾਂ ਕਿ ਯੂਰਪ ਵਿੱਚ ਇੱਕ ਲਹਿਰ ਚੱਲੀ ਸੀ ‘ਐਂਗਰੀ ਯੰਗਮੈਨ’ ਉਹਦੇ ਵਿੱਚ ‘ਜੋਨ ਔਜ਼ਬੌਰਨ’ ਨਾਂ ਦਾ ਇੱਕ ਬ੍ਰਿਟਿਸ਼ ਨਾਵਲਿਸਟ ਹੋਇਆ ਉਹਨੇ ਇੱਕ ਨਾਵਲ ਲਿਖਿਆ ‘ਰੂਮ ਐਟ ਦਾ ਟੌਪ’ ਉਹਦੇ ਵਿੱਚ ਪਹਿਲੀ ਵਾਰ ਐਂਗਰੀ ਯੰਗਮੈਨ ਦਾ ਕਾਨਸੈਪਟ ਦਿੱਤਾ। ਉਹਦੇ ਤੋਂ ਇੱਕ ਪੀੜ੍ਹੀ ਤੁਰ ਪਈ ਸ਼ਾਇਰਾਂ, ਕਹਾਣੀਕਾਰਾਂ ਅਤੇ ਨਾਵਲਿਸਟਾਂ ਦੀ ਜਿਹੜੀ ਦਸ ਸਾਲ ਚੱਲੀ।ਬਹੁਤ ਸਾਰੇ ਵਿਦਵਾਨ ਲੋਕ ਇੱਧਰ ਨੂੰ ਤੁਰੇ। ਦੱਸ ਸਾਲ ਬਾਅਦ ਉਨ੍ਹਾਂ ਨੇ ਇਹਦੀ ਈਵੈਲੂਏਸ਼ਨ ਕੀਤੀ ਤਾਂ ਇੱਕ ਕਿਤਾਬ ਪੰਜ ਛੇ ਸੌ ਸਫ਼ੇ ਦੀ ਛੱਪੀ ‘ਐਂਗਰੀ ਡੈਕੇਡ’। ਉਹਦੇ ਸਮਾਨਅੰਤਰ ਹੀ ਆਪਣੇ ਦੇਸ਼ ਵਿੱਚ ਅਸਰ ਹੋਇਆ। ਹਿੰਦੀ ਵਿੱਚ ਇਸ ਲਹਿਰ ਦੇ ਪ੍ਰਭਾਵ ਹੇਠ ‘ਰੁਸ਼ਟ ਯੁਵਾ’ ਲਹਿਰ ਸ਼ੁਰੂ ਹੋਈ। ਇਸੇ ਤਰ੍ਹਾਂ ਪੰਜਾਬੀ ਵਿੱਚ ਮੈਂ ਸੀ, ਉਸ ਲਹਿਰ ਹੇਠ ਲਿਖਣ ਵਾਲਾ। ਫੇਰ ਇਸੇ ਤਰ੍ਹਾਂ ਇੱਕ ਹੋਰ ਲਹਿਰ ਚੱਲੀ ‘ਹੰਗਰੀ ਜੈਨਰੇਸ਼ਨ’। ਇਸ ਲਹਿਰ ਦੇ ਅਸਰ ਹੇਠ ਹਿੰਦੀ ਵਿੱਚ ‘ਭੂੱਖੀ ਪੀੜ੍ਹੀ’ ਕੇ ਸ਼ਾਇਰ’ ਲਹਿਰ ਚੱਲੀ। ਜਗਦੀਸ਼ ਚਤੁਰਵੇਦੀ ਵਰਗੇ ਸ਼ਾਇਰਾਂ ਨੇ ਇਸ ਲਹਿਰ ਦੇ ਅਸਰ ਹੇਠ ਲਿਖਿਆ।ਪੰਜਾਬੀ ਵਿਚ ਪ੍ਰਯੋਗਸ਼ੀਲ ਲਹਿਰ ਖ਼ਤਮ ਨਹੀਂ ਹੋਈ।ਇਸੇ ਤਰ੍ਹਾਂ ਚੱਲ ਰਹੀ ਹੈ ।ਇਸ ਦੇ ਨਾਮ ਤੇ ਪ੍ਰਸੰਗ ਬਦਲੇ ਹਨ।ਪ੍ਰਯੋਗਸ਼ੀਲਤਾ ਦੀ ਤ੍ਰੈਕਾਲਕ ਚੇਤਨਾ ਹਰ ਕਾਲ, ਹਰ ਯੁੱਗ ਵਿਚ ਜਾਰੀ ਰਹਿੰਦੀ ਹੈ। ਅਜਾਇਬ ਕਮਲ ਪੜਯਥਾਰਥਵਾਦੀ(ਸ਼ੁਰਰeaਲਸਿਟ) ਹੋ ਗਿਆ, ਸ.ਸ. ਮੀਸ਼ਾ ਸਿਆਣਪੀ, ਸੁਖਪਾਲਵੀਰ ਸਿੰਘ ਹਸਰਤ ਸ਼ਕਤੀਵਾਦੀ ਅਤੇ ਜਸਬੀਰ ਸਿੰਘ ਆਹਲੂਵਾਲੀਆ ਸਿਆਸੀ ਕਟਾਖਸ਼ ਤੇ ਰੈਦੀਕਲ ਯਥਾਰਥਵਾਦ ਵਲ ਤੁਰ ਪਿਆ।ਮੈਂ ਗਲੋਬਲ ਤੇ ਬ੍ਰਹਮੰਡਕ ਚਿੰਤਨ ਨੂੰ ਅਪਣਾ ਕੇ ਵਿਸ਼ਵੀਕਰਨ ਦੀ ਕਿਰਿਆ ਨਾਲ ਜੁੜ ਗਿਆ। ਡਾ. ਜਗਤਾਰ ਮੁੜ ਕੇ ਗ਼ਜ਼ਲ ਵਲ ਆ ਗਿਆ।
? ਰਾਵਿੰਦਰ ਜੀ, ਇੱਥੇ ਇੱਕ ਹੋਰ ਸਵਾਲ ਪੈਦਾ ਹੁੰਦਾ ਹੈ ਕਿ ਕੀ ਲਹਿਰਾਂ ਸਾਹਿਤ ਨੂੰ ਪ੍ਰਭਾਵਿਤ ਕਰਦੀਆਂ ਹਨ ਜਾਂ ਸਾਹਿਤ ਲਹਿਰਾਂ ਨੂੰ? ਬਹੁਤ ਸਾਰੇ ਲੋਕਾਂ ਦਾ ਖ਼ਿਆਲ ਹੈ ਕਿ ਰੂਸ ਵਿੱਚ ਇਨਕਲਾਬ ਲਿਆਉਣ ਲਈ ਗੋਰਕੀ ਦੇ “ਮਾਂ” ਨਾਵਲ ਨੇ ਬਹੁਤ ਵੱਡਾ ਰੋਲ ਅਦਾ ਕੀਤਾ।ਕੀ ਤੁਸੀਂ ਇਸ ਕਥਨ ਨਾਲ ਸਹਿਮਤ ਹੋ?
-ਸਤਨਾਮ ਜੀ, ਭਾਵੇਂ ਇੱਕ ਵਿਅਕਤੀ ਭਾਵੇਂ ਕੁਝ ਵਿਅਕਤੀਆਂ ਦਾ ਕਾਫ਼ਲਾ ਕਿਸੇ ਇੱਕ ਵਿਚਾਰ ਨੂੰ ਲੈ ਕੇ ਲਿਖਣ ਲੱਗ ਜਾਂਦਾ ਹੈ ਤਾਂ ਲਹਿਰ ਪੈਦਾ ਹੋ ਜਾਂਦੀ ਹੈ।ਜਿਸ ਤਰ੍ਹਾਂ ਸਾਰਤਰ ਅਤੇ ਉਸ ਤੋਂ ਬਾਅਦ ਕਾਮੂ ਆ ਗਿਆ। ਇਸੇ ਤਰ੍ਹਾਂ ਮਾਰਕਸਿਜ਼ਮ ਨੂੰ ਚਲਾਉਣ ਵਾਲਾ ਉਹਦਾ ਮੁੱਖ ਧੁਰਾ ਮਾਰਕਸ ਸੀ।ਉਸ ਤੋਂ ਬਾਅਦ ਰੂਸ ਵਿੱਚ ਗੋਰਕੀ ਆ ਗਿਆ।ਸੋ ਇਸ ਤਰ੍ਹਾਂ ਲਹਿਰ ਇੱਕ ਜਾਂ ਕੁਝ ਵਿਆਕਤੀਆਂ ਤੋਂ ਸ਼ੁਰੂ ਹੁੰਦੀ ਹੈ, ਬਾਕੀ ਤਾਂ ਉਸ ਦੇ ਮਗਰ ਚੱਲਣ ਵਾਲੇ ਹੁੰਦੇ ਹਨ।ਉਨ੍ਹਾਂ ਨੂੰ ਇੱਕ ਬਣਿਆ ਬਣਾਇਆ ਢਾਂਚਾ ਮਿਲ ਜਾਂਦਾ ਹੈ। ਤੁਹਾਡਾ ਕੀ ਖਿਆਲ ਹੈ ਕਿ ਸਾਡੇ ਮੋਹਣ ਸਿੰਘ, ਅੰਮ੍ਰਿਤਾ ਪ੍ਰੀਤਮ ਜਾਂ ਪ੍ਰਗਤੀਵਾਦੀ- ਰੋਮਾਂਸਵਾਦੀ ਲਹਿਰ ਦੇ ਸੰਤੋਖ ਸਿੰਘ ਧੀਰ ਨੇ ‘ਦਾ ਕੈਪੀਟਲ’ ਪੜਿਆ ਹੋਵੇਗਾ? ਨਹੀਂ, ਬਿਲਕੁਲ ਨਹੀਂ। ਕਿਉਂਕਿ ਇਕਨੌਮਿਕਸ ਦੀ ਥੀਉਰੀ ਨੂੰ ਸਮਝਣਾ ਹਰ ਬੰਦੇ ਦੇ ਵਸ ਦਾ ਰੋਗ ਨਹੀਂ ਹੁੰਦਾ।ਇਸ ਤਰ੍ਹਾਂ ਨੱਬੇ ਪ੍ਰੀਸ਼ਤ ਪ੍ਰਗਤੀਸ਼ੀਲ ਲੇਖਕਾਂ ਨੇ ਵੀ ਮਾਰਕਸ ਨਹੀਂ ਪੜ੍ਹਿਆ। ਲਹਿਰ ਦੀਆਂ ਰੌਆਂ ਦੇਖ ਕੇ ਏਨੀ ਗੱਲ ਦਾ ਜ਼ਰੂਰ ਗਿਆਨ ਹੋ ਗਿਆ ਕਿ ਕਿਸਾਨ ਅਤੇ ਮਜ਼ਦੂਰ ਦੀ ਲੁੱਟ ਹੋ ਰਹੀ ਹੈ।ਇਨ੍ਹਾਂ ਦੇ ਹੱਕ ਵਿੱਚ ਲਿਖਣਾ ਹੈ। ਧੰਨਾਢ ਲੋਕ ਲੁੱਟ ਰਹੇ ਹਨ ਇਨ੍ਹਾਂ ਦੇ ਵਿਰੋਧ ਵਿੱਚ।ਇਸੇ ਤਰ੍ਹਾਂ ਇੱਕ ਮਾਡਲ ਮਿਲ ਜਾਂਦਾ ਹੈ।ਲੇਖਕ ਉਸੇ ਲੀਹੇ ਤੁਰ ਪੈਂਦੇ ਹਨ।
ਬਾਕੀ ਗੱਲ ਜੋ ਤੁਸੀਂ ਗੋਰਕੀ ਦੀ ਕੀਤੀ ਹੈ ਮੈਂ ਇਸ ਨਾਲ ਸਹਿਮਤ ਨਹੀਂ। ਕਿਉਂ ਕਿ ਬੁਧੀਜੀਵੀ ਦਾ ਦੁਖਾਂਤ ਹੀ ਇਹ ਹੈ ਕਿ ਸਮੇਂ ਤੋਂ ਅੱਗੇ ਹੁੰਦਾ ਭਾਵੇਂ ਉਹ ਕਿਸੇ ਵੀ ਦੇਸ਼ ਵਿੱਚ ਪੈਦਾ ਹੁੰਦਾ ਹੈ।ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਗੋਰਕੀ ਦੇ “ਮਾਂ” ਨਾਵਲ ਵਿੱਚ ਇਨਕਲਾਬ ਦਾ ਫ਼ਲਸਫ਼ਾ ਬੜੇ ਹੀ ਯਥਾਰਥਕ ਢੰਗ ਨਾਲ ਬਹੁਤ ਹੀ ਸ਼ਕਤੀਸ਼ਾਲੀ ਰੂਪ ਵਿੱਚ ਪੇਸ਼ ਹੋਇਆ।ਜਿਹੜੇ ਲੋਕਾਂ ਨੇ ਉਹ ਕਿਤਾਬ ਪੜ੍ਹੀ ਹੋਵੇਗੀ ਉਹ ਤਾਂ ਵਾਕਿਆ ਹੀ ਇਸ ਤੋਂ ਪ੍ਰਭਾਵਿਤ ਹੋਏ ਹੋਣਗੇ। ਉਨ੍ਹਾਂ ਨੂੰ ਜ਼ਰੂਰ ਪ੍ਰੇਰਨਾ ਮਿਲੀ ਹੋਵੇਗੀ।ਪਰ ਤੁਸੀਂ ਦੇਖੋ ਉਸ ਸਮੇਂ ਰੂਸ ਦੀ ਕਿੰਨੀ ਆਂਬਾਦੀ ਸੀ ਉਨ੍ਹਾਂ ਵਿੱਚੋਂ ਕਿੰਨਿਆਂ ਨੇ ਪੜ੍ਹਿਆ ਹੋਵੇਗਾ।ਫੇਰ ਤੁਸੀਂ ਦੇਖੋ ਜਿਹੜੇ ਲੋਕ ਲਾਮਬੰਦ ਹੋਏ, ਜਿਨ੍ਹਾਂ ਲੋਕਾਂ ਨੇ ਜ਼ਾਰ ਨੂੰ ਮਾਰਿਆ, ਪਹਿਲਾਂ ਉਹ ਲੈਨਿਨ ਅਤੇ ਸਟਾਲਿਨ ਦੇ ਪਿੱਛੇ ਲੱਗੇ। ਉਨ੍ਹਾਂ ਵਿੱਚ ਕਿੰਨਿਆਂ ਨੇ ਉਹ ਕਿਤਾਬ ਪੜ੍ਹੀ ਹੋਵੇਗੀ? ਹਾਂ ਕੁਝ ਲੋਕਾਂ ਨੇ ਜ਼ਰੂਰ ਉਹ ਕਿਤਾਬ ਪੜ੍ਹੀ ਹੋਵੇਗੀ ਪਰ ਬਹੁ-ਗਿਣਤੀ ਲੋਕ ਲਿਟਰੇਚਰ ਨੂੰ ਨਹੀਂ ਪੜ੍ਹਦੇ। ਆਮ ਲੋਕਾਂ ਤੇ ਇਸ ਕਿਤਾਬ ਦਾ ਪ੍ਰਭਾਵ ਨਹੀਂ ਸੀ। ਆਮ ਲੋਕ ਤਾਂ ਨਾਹਰੇ ਪਿੱਛੇ, ਮੈਨੀਫ਼ੈਸਟੋ ਦੇ ਪਿੱਛੇ ਲੱਗੇ ਜਾਂ ਇਸ ਲਈ ਕਿ ਇਹਦੇ ਵਿੱਚ ਸਾਡੀ ਭਲਾਈ ਹੋਵੇਗੀ। ਮਾਰਕਸਵਾਦ ਨੂੰ ਸਮਝਣ ਬਾਰੇ ਇੱਕ ਨਿੱਕੀ ਜਿਹੀ ਗੱਲ ਸਮਝਣ ਦੀ ਲੋੜ ਹੈ। ਉਨ੍ਹਾਂ ਦਾ ਇੱਕੋ ਇੱਕ ਗੋਲਡਨ ਅਸੂਲ ਹੈ ਕਿ ਹਰ ਬੰਦੇ ਤੋਂ ਉਸ ਦੀ ਯੋਗਤਾ ਤੇ ਸਮਰੱਥਾ ਅਨੁਸਾਰ ਕੰਮ ਲਂੈਣਾ ਅਤੇ ਉਸ ਦੀਆਂ ਲੋੜਾਂ ਅਨੁਸਾਰ ਉਸ ਨੂੰ ਦੇਣਾ। ਭਾਵੇਂ ਤੁਸੀਂ ਡਾਕਟਰ, ਇੰਜੀਨੀਅਰ ਪ੍ਰੋਫੈਸਰ ਹੋ, ਤੁਹਡੀ ਲੋੜ ਸਟੇਟ ਨੇ ਪੂਰੀ ਕਰਨੀ ਹੈ। ਇਹ ਤਾਂ ਬਹੁਤ ਵਧੀਆ ਗੱਲ ਹੈ। ਸੋ ਮੇਰੇ ਖ਼ਿਆਲ ਨਾਲ ਇਨਕਲਾਬ ਜਾਂ ਕੋਈ ਤਬਦੀਲੀ ਉਦੋਂ ਹੀ ਆਉਂਦੀ ਹੈ ਜਦੋਂ ਆਮ ਲੋਕ ਉਨ੍ਹਾਂ ਵਿਚਾਰਾਂ ਨਾਲ ਸਾਹਿਮਤ ਹੋਣ ਤੇ ਨਾਲ ਤੁਰਨ ਨੂੰ ਤਿਆਰ ਹੋਣ। ਇਹ ਕੰਮ ਕਦੀ ਨਾਅਰੇ ਕਰਦੇ ਹਨ ਤੇ ਕਦੀ ਸਾਹਿਤ ਕਰਦਾ ਹੈ, ਪਰ ਸਮੁੱਚੇ ਲੋਕ ਹਮੇਸ਼ਾਂ ਲਿਟਰੇਚਰ ਨਹੀਂ ਪੜ੍ਹਦੇ।
? ਰਵੀ ਜੀ, ਗੱਲ ਲਹਿਰਾਂ ਅਤੇ ਸਾਹਿਤ ਦੀ ਚੱਲੀ ਹੈ, ਜਦੋਂ ਤੋਂ ਤੁਸੀਂ ਲਿਖਦੇ ਹੋ ਉਦੋਂ ਤੋਂ ਹੁਣ ਤੱਕ ਸਾਡੇ ਦੇਸ਼ ਵਿੱਚ ਕਈ ਲਹਿਰਾਂ ਚੱਲੀਆਂ ਅਤੇ ਮਰੀਆਂ ਮੁੱਕੀਆਂ ਪਰ ਦੋ (ਨਕਸਲਵਾਦੀ ਅਤੇ ਖ਼ਾਲਿਸਤਾਨੀ) ਲਹਿਰਾਂ ਨੇ ਆਜ਼ਾਦੀ ਦੀ ਲਹਿਰ ਤੋਂ ਬਾਅਦ ਪੰਜਾਬ ਨੂੰ ਏਨਾ ਪ੍ਰਭਾਵਿਤ ਕੀਤਾ ਕਿ ਨਾ ਪੂਰਿਆ ਜਾਣ ਵਾਲਾ ਘਾਟਾ ਵੀ ਪਿਆ। ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ ਕਿ ਇਨ੍ਹਾਂ ਲਹਿਰਾਂ ਦੌਰਾਨ ਸਾਹਿਤ ਤੇ ਲਹਿਰਾਂ ਦਾ ਪ੍ਰਭਾਵ ਪਿਆ ਜਾਂ ਲਹਿਰਾਂ ਨੂੰ ਸਾਹਿਤ ਨੇ ਪ੍ਰਭਾਵਿਤ ਕੀਤਾ?
ਦੇਖੋ, ਜਿੱਥੇ ਤੱਕ ਨਕਸਲਵਾਦੀ ਲਹਿਰ ਦੀ ਰਚਨਾ ਦਾ ਸਵਾਲ ਹੈ, ਇਹ ਪ੍ਰਯੋਗਸ਼ੀਲ ਲਹਿਰ ਦੇ ਦਿੱਤੇ ਫਲਸਫੇ ਕਿ ਜਿਵੇਂ ਜੀਵੋ ਤਿਵੇਂ ਲਿਖੋ ਨਾਲ ਜੁੜ ਗਈ। ਇਨ੍ਹਾਂ ਲੇਖਕਾ ਨੇ ਉਸੇ ਸਿਧਾਂਤ ਨੂੰ ਲੈ ਕੇ ਲਿਖਿਆ। ਜੋ ਦੇਖਿਆ ਭੋਗਿਆ ਜੋ ਉਨ੍ਹਾਂ ਦਾ ਅਨੁਭਵ ਸੀ, ਉਨ੍ਹਾਂ ਨੇ ਉਹੀ ਲਿਖਿਆ।ਇਨ੍ਹਾਂ ਮੁੰਡਿਆਂ ਨੇ ਦੁੱਖ ਭੋਗੇ, ਗੋਲੀਆਂ ਖਾਧੀਆਂ, ਕੁਰਬਾਨੀਆਂ ਕੀਤੀਆਂ, ਤਸੀਹੇ ਝੱਲੇ। ਅਸੀਂ ਉਨ੍ਹਾਂ ਲਈ ਰਸਤਾ ਸਾਫ਼ ਕਰ ਦਿੱਤਾ ਸੀ ਕਿ ਹੁਣ ਫ਼ਰਜ਼ ਕਰਕੇ ਕਿਸਾਨ ਅਤੇ ਮਜ਼ਦੂਰ ਬਾਰੇ ਲਿਖਣ ਦੀ ਲੋੜ ਨਹੀਂ। ਤੁਸੀਂ ਉਹ ਕੁਝ ਲਿਖੋ ਜੋ ਕੁਝ ਵਾਪਰ ਰਿਹਾ ਹੈ। ਪਰ ਜਿਹੜਾ ਫ਼ਲਸਫ਼ਾ ਸੀ ਗੋਲੀ ਵਾਲਾ ਕਿ ਇਨਕਲਾਬ ਗੋਲੀ ਨਾਲ ਲਿਆਉਣਾ ਹੈ, ਉਹ ਗ਼ਲ਼ਤ ਸੀ। ਹੁਣ ਤੁਸੀਂ ਦੇਖੋ ਇੱਕ ਪੁਲੀਸਮੈਨ ਨੂੰ ਮਾਰ ਦਿਉ ਜਾਂ ਕਿਸੇ ਜਗੀਰਦਾਰ ਨੂੰ ਮਾਰ ਦਿਉ ਉਸ ਨਾਲ ਅਸੀਂ ਸਹਿਮਤ ਨਹੀਂ।ਜਿੰਨਾ ਚਿਰ ਗਰਾਸ-ਰੂਟਸ ਵਿੱਚ ਲੋਕਾਂ ਨਾਲ ਕੰਮ ਹੀ ਨਹੀਂ ਕੀਤਾ ਜਾਂਦਾ।ਆਮ ਲੋਕਾਂ ਤੱਕ ਗੱਲ ਹੀ ਨਹੀਂ ਜਾਂਦੀ, ਲੋਕਾਂ ਵਿੱਚ ਚੇਤਨਾ ਹੀ ਨਹੀਂ ਜਾਗਦੀ, ਲੋਕ-ਰਾਏ ਤੁਹਾਡੇ ਨਾਲ ਨਹੀਂ ਤਾਂ ਲਹਿਰ ਨਹੀਂ ਚੱਲ ਸਕਦੀ। ਇਨਕਲਾਬ ਕਿੱਥੋਂ ਆ ਜਾਵੇਗਾ? ਇਸ ਫ਼ਲਸਫ਼ੇ ਨੂੰ ਅਸੀਂ ਹੀ ਨਹੀਂ ਸਗੋਂ ਪ੍ਰਗਤੀਵਾਦ ਦੀਆਂ ਤਿੰਨਾਂ ਹੀ ਪਾਰਟੀਆਂ (ਸੀ. ਪੀ. ਆਈ., ਸੀ. ਪੀ ਆਈ. ਐਮ. ਅਤੇ ਲੈਨਿਨਨਿਸਟ ਮਾਰਕਸਿਸਟ) ਨੇ ਵੀ ਰੱਦ ਕੀਤਾ ਕਿ ਇਨ੍ਹਾਂ ਦੀ ਇਹ ਸੋਚ ਤੇ ਫ਼ਲਸਫ਼ਾ ਗ਼ਲ਼ਤ ਹੈ। ਪਰ ਜਿਹੜੇ ਮੁੰਡੇ ਭਾਵੁਕ ਤੌਰ ਤੇ ਉਸ ਸਿਧਾਂਤ ਨਾਲ ਜੁੜੇ ਸੀ ਉਹ ਉਸੇ ਸਟੋਪ ਸਾਈਨ ਤੇ ਖੜ੍ਹੇ ਹਨ।ਪਾਸ਼ ਨੇ ਕਵਿਤਾ ਲਿਖੀ, ਉਹ ਮੁੱਕ ਗਿਆ। ਅਮਰਜੀਤ ਚੰਦਨ ਇੰਗਲੈਂਡ ਬੈਠਾ ਹੈ, ਸੁਰਿੰਦਰ “ਹੇਮ ਜੋਤੀ” ਪਰਚਾ ਕੱਢਦਾ ਹੁੰਦਾ ਸੀ, ਉਹ ਜਰਮਨੀ ਚਲਾ ਗਿਆ ਸੀ ਉੱਥੇ ਉਸ ਦੀ ਮੌਤ ਹੋ ਗਈ। ਸੁਰਜੀਤ ਪਾਤਰ ਨੇ ਵੀ ਪਹਿਲਾਂ ਪਹਿਲ ਕੁਝ ਕਵਿਤਾਵਾਂ ਲਿਖੀਆਂ। ਉਦੋਂ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦਾ ਮੁੱਖ ਮੰਤਰੀ ਹੁੰਦਾ ਸੀ, ਪੁਲੀਸ ਨੇ ਝੂਠੇ ਮੁਕੱਦਮੇਂ ਬਣਾ ਕੇ ਬਹੁਤ ਸਾਰੇ ਮੁੰਡੇ ਮਾਰ ਦਿੱਤੇ। ਕੁਝ ਪੰਜਾਬ ਛੱਡ ਕੇ ਵਿਦੇਸ਼ਾਂ ਵੱਲ ਭੱਜ ਗਏ।ਇਸ ਕਰਕੇ ਇਹ ਲਹਿਰ ਡੇੜ੍ਹ ਦੋ ਸਾਲ ਚੱਲੀ ਅਤੇ ਖ਼ਤਮ ਹੋ ਗਈ। ਇਸੇ ਤਰ੍ਹਾਂ ਖ਼ਾਲਿਸਤਾਨੀ ਲਹਿਰ ਦੀ ਗੱਲ ਤੁਸੀਂ ਕਰਦੇ ਸੀ।ਉਹ ਵੀ ਠੁਸ ਹੋ ਗਈ। ਦਰਅਸਲ ਮੈਂ ਕਿਸੇ ਤਰ੍ਹਾਂ ਦੀ ਵੀ ਅਤਿਵਾਦੀ ਲਹਿਰ ਦੇ ਖ਼ਿਲਾਫ਼ ਹਾਂ। ਭਾਵੇਂ ਉਹ ਧਾਰਮਿਕ, ਰਾਜਨੀਤਿਕ ਅਤੇ ਭਾਵੇਂ ਪ੍ਰਗਤੀਵਾਦੀ ਹੈ। ਲਿਖਾਰੀ ਦੀ ਜੰਗ ਸ਼ਬਦ ਦੀ ਜੰਗ ਹੈ। ਸ਼ਬਦ ਦੀ ਜੰਗ ਨਾਲ, ਕੁਦਰਤੀ ਪ੍ਰੌਸਿਸ ਵਿੱਚ, ਜੇ ਕੋਈ ਰੈਵੋਲਿਊਸ਼ਨ ਆਉਣ ਲੱਗਦੀ ਹੈ ਅਤੇ ਸਾਨੂੰ ਹੱਥਿਆਰ ਚੁੱਕਣੇ ਪੈਂਦੇ ਹਨ, ਤਾਂ ਉਹ ਜਾਇਜ਼ ਹੈ। ਲੇਕਨ ਲੋਕਾਂ ਨੂੰ ਇਸ ਰੈਵੋਲਿਊਸ਼ਨ ਲਈ ਨਾਲ ਲਏ ਬਿਨਾ ਹੀ ਉੱਪਰਲੇ ਲੈਵਲ ਦੇ ਦਸ ਵੀਹ ਬੰਦੇ ਮਾਰ ਦੇਣੇ ਕੋਈ ਬਹਾਦਰੀ ਨਹੀਂ। ਇਹ ਕਤਲ ਹੈ, ਇਹ ਜੁਰਮ ਹੈ। ਮੈਂ ਇਸ ਸੋਚ ਦੇ ਬਿਲਕੁਲ ੧੦੦% ਖ਼ਿਲਾਫ਼ ਹਾਂ।ਇਨਕਲਾਬ ਬਾਰੇ ਪ੍ਰੋ. ਮੋਹਣ ਸਿੰਘ ਨੇ ਇੱਕ ਬਹੁਤ ਵਧੀਆਂ ਸ਼ੇਅਰ ਲਿਖਿਆ:
“ਆਉਣ ਵਾਲ਼ੀ ਪਰ ਕਿਆਮਤ ਆਉਣ ਵਾਲੀ ਹੋਏਗੀ
ਤਾਂਬੇ ਦਾ ਆਸਮਾਨ ਬਣਸੀ, ਧਰਤ ਬਣਸੀ ਲੋਹੇ ਦੀ”
ਹੁਣ ਤੁਸੀਂ ਦੇਖੋ ਕਿੰਨੇ ਵਰ੍ਹੇ ਹੋ ਗਏ। ਨਾ ਧਰਤੀ ਲੋਹੇ ਦੀ ਬਣੀ। ਨਾ ਆਸਮਾਨ ਤਾਂਬੇ ਦਾ ਬਣਿਆ। ਨਾ ਇਨਕਲਾਬ ਹੀ ਆਇਆ। ਹੁਣ ਹੋਰ ਦੇਖੋ ਕਿੰਨੇ ਕੁ ਬੰਦੇ ਪੰਜਾਬ ਵਿੱਚੋਂ ਕਮਿਉਨਿਸਟ ਪਾਰਟੀਆਂ ਵਿੱਚੋਂ ਅਸੈਬਲੀ ਵਿੱਚ ਜਾਂਦੇ ਹਨ? ਅਜੇ ਪਹਿਲਾਂ ਇੱਕ ਦੋ ਬੰਦੇ ਗੱਠ ਤੁਪ ਕਰਕੇ ਭੇਜ ਹੀ ਦਿੰਦੇ ਸੀ ਪਰ ਹੁਣ ਤਾਂ ਤੁਸੀਂ ਦੇਖਦੇ ਹੋ ਕਿ ਲੋਕਾਂ ਵਿੱਚ ਕੋਈ ਪ੍ਰਭਾਵ ਹੀ ਨਹੀਂ। ਕਮਿਉਨਿਸਟ ਖ਼ਿਆਲ ਲੋਕਾਂ ਵਿੱਚ ਆਪਣੀਆਂ ਜੜ੍ਹਾਂ ਨਹੀਂ ਫੈਲਾ ਸਕੇ। ਲੋਕ ਹਾਲੇ ਵੀ ਧਾਰਮਿਕ ਅਤੇ ਸੰਪਰਦਾਇਕ ਸੋਚ ਨਾਲ ਬੱਝੇ ਹੋਏ ਹਨ। ਅਕਾਲੀ ਅਕਾਲੀਆਂ ਨਾਲ, ਹਿੰਦੂ ਜਨਸੰਘ ਨਾਲ{ ਕੋਈ ਆਰੀਆ ਸਮਾਜੀ ਹੈ ਤੈ ਕੋਈ ਕਬੀਰ ਪੰਥੀ ਹਨ।ਮਾਰਕਸ ਤਾਂ ਇਹ ਕਹਿੰਦਾ ਹੈ ਕਿ ਸਮਾਜਿਕ ਵੰਡ ਆਰਥਿਕ ਅਧਾਰ ਤੇ ਹੋਣੀ ਚਾਹੀਦੀ ਹੈ। ਇਹ ਜੰਗ ਉਨ੍ਹਾਂ ਲੋਕਾਂ ਦੇ ਵਿਚਕਾਰ ਹੈ ਜਿਨ੍ਹਾਂ ਕੋਲ ਕੁਝ ਹੈ ਅਤੇ ਜਿਨ੍ਹਾਂ ਕੋਲ ਕੁਝ ਵੀ ਨਹੀਂ ਹੈ। ਮਾਰਕਸਵਾਦ ਦਾ ਇਹ ਫ਼ਲਸਫ਼ਾ ਬਹੁਤ ਕਮਾਲ ਦਾ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਪਰ ਇਹਨੂੰ ਲਾਗੂ ਕਰਨ ਦਾ ਢੰਗ ਬਹੁਤ ਗ਼ਲਤ ਹੈ।ਨਕਸਲਵਾੜੀ ਲਹਿਰ ਦੇ ਸਮੇਂ ਜੋ ਕੁਝ ਲਿਖਿਆ ਗਿਆ ਇਹ ਜਜ਼ਬਾਤੀ ਜਾਂ ਭਾਵੁਕ ਉਬਾਲ ਸੀ, ਆਇਆ ਤੇ ਚਲੇ ਗਿਆ। ਦੂਜੀ ਲਹਿਰ ਖ਼ਾਲਿਸਤਾਨ ਬਾਰੇ ਵੀ ਇਹੋ ਗੱਲ ਹੈ ਕਿ ਅੱਤਵਾਦ ਜਾਂ ਆਤੰਕਵਾਦ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ। ਤਬਦੀਲੀ ਲਿਆਉਣ ਲਈ ਲੋਕਾਂ ਵਿੱਚ ਰਹਿ ਕੇ ਉਨ੍ਹਾਂ ਦਾ ਵਿਸ਼ਵਾਸ਼ ਅਤੇ ਬਹੁਮੱਤ ਪ੍ਰਪਤ ਕਰਨ ਦੀ ਲੋੜ ਹੁੰਦੀ ਹੈ। ਕੁਝ ਵਿਅਕਤੀਆ ਦੀ ਹੱਤਿਆ ਕਰਕੇ, ਖ਼ੂਨ ਖਰਾਬੇ, ਖ਼ੌਫ, ਨਫ਼ਰਤ ਤੇ ਦਹਿਸ਼ਤ; ਬਦਅਮਨੀ ਅਤੇ ਬੇਕਾਨੂੰਨੀ ਦਾ ਵਾਤਾਵਰਣ ਪੈਦਾ ਕਰਕੇ ਨਾ ਕਦੇ ਕੋਈ ਇਨਕਲਾਬ ਆਇਆ ਹੈ ਤੇ ਨਾ ਹੀ ਆਵੇਗਾ। ਇਨ੍ਹਾਂ ਆਤੰਕਵਾਦੀਆਂ ਵਿੱਚ ਭੇਸ ਵਟਾ ਕੇ, ਤਸਕਰਾਂ, ਕਾਤਲਾਂ, ਮੁਰਜਮਾਂ ਤੇ ਹੋਰ ਨਿਖੇਧਾਤਮਕ ਕਿਰਦਾਰਾਂ ਨੂੰ ਸ਼ਾਮਿਲ ਹੋਣ ਦਾ ਮੌਕਾ ਵੀ ਮਿਲ ਜਾਂਦਾ ਹੈ। ਤਬਦੀਲੀ ਸ਼ਾਤਮਈ ਤੇ ਜਮਹੂਰੀ ਢੰਗ ਨਾਲ ਲਿਆਉਣੀ ਚਾਹੀਦੀ ਹੈ।
ਖ਼ਾਲਿਸਤਾਨੀ ਲਹਿਰ ਸਮੇਂ ਸਾਹਿਤਕ ਸਿਰਜਣਾ ਬਾਰੇ ਜੋ ਤੁਸੀਂ ਪੁੱਛਿਆ ਹੈ, ਉਹਦੇ ਬਾਰੇ ਵੀ ਇਹੋ ਗੱਲ ਲਾਗੂ ਹੁੰਦੀ ਹੈ ਕਿ ਜਿੰਨਾ ਚਿਰ ਲੋਕ ਤੁਹਾਡੇ ਨਾਲ ਨਹੀਂ ਤੁਰਦੇ ਉਨਾਂ ਚਿਰ ਕੋਈ ਵੀ ਲਹਿਰ ਕਾਮਯਾਬ ਨਹੀਂ ਹੋ ਸਕਦੀ। ਨਾ ਹੀ ਕੋਈ ਇਨਕਲਾਬ ਲੋਕਾਂ ਦੀ ਸਹਾਇਤਾ ਤੋਂ ਬਿਨਾਂ ਆ ਸਕਦਾ ਹੈ, ਭਾਵੇ ਉਹ ਹਥਿਆਰਬੰਦ ਹੋਵੇ ਜਾਂ ਸ਼ਾਂਤਮਈ ਹੋਵੇ। ਖ਼ਾਲਿਸਤਾਨ ਲਹਿਰ ਸਮੇਂ ਕੁਝ ਜਜ਼ਬਾਤੀ ਕਵਿਤਾਵਾਂ ਵੀ ਲਿਖੀਆਂ ਗਈਆਂ ਪਰ ਕੋਈ ਖ਼ਾਸ ਨਹੀਂ। ਕੁੱਝ ਵਿਦਵਾਨਾ ਨੇ ਜੋ ਲਿਖਿਆ ਹੈ ਉਹ ਬਹੁਤਾ ਇਸ ਗੱਲ ਨੂੰ ਲੈ ਕੇ ਲਿਖਿਆ ਕਿ ਇੱਕ ਪਾਸੇ ਤਾਂ ਫ਼ਿਰਕੂ ਅੱਤਵਾਦ ਸੀ ਤੇ ਦੂਜੇ ਪਾਸੇ ਸਟੇਟ ਅੱਤ-ਵਾਦ ਸੀ। ਦੋਨਾਂ ਧਿਰਾਂ ਨੂੰ ਨਿੰਦਿਆ ਗਿਆ ਹੈ। ਕਿਸੇ ਇੱਕ ਧਿਰ ਦੇ ਹੱਕ ਵਿੱਚ ਨਹੀਂ ਲਿਖਿਆ। ਕਰਤਾਰ ਸਿੰਘ ਦੁੱਗਲ, ਡਾ. ਹਰਿਭਜਨ ਸਿੰਘ, ਗੁਲਜ਼ਾਰ ਸਿੰਘ ਸੰਧੂ ਤੇ ਅਜੀਤ ਕੌਰ ਆਦਿ ਨੇ ਸਾਰਥਕ ਲਿਖਿਆ। ਮੈਂ ਵੀ ਇੱਕ ਡਰਾਮਾ ‘ਰੂਹ ਪੰਜਾਬ ਦੀ’ ਲਿਖਿਆ।ਕੁਝ ਕਵਿਤਾਵਾਂ ਵੀ ਲਿਖੀਆਂ। ਬਾਕੀ ਜਸਵੰਤ ਸਿੰਘ ਕੰਵਲ, ਅਤੇ ਸੰਤ ਸਿੰਘ ਸੇਖੋਂ ਨੇ ਵੀ ਅਖ਼ਬਾਰਾਂ ਵਿੱਚ ਕੁਝ ਲੇਖ ਵਗੈਰਾ ਲਿਖੇ। ਇਸ ਸਮੇਂ ਦੌਰਾਨ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਹਿਤ ਨੇ ਲਹਿਰ ਨੂੰ ਜਾਂ ਲਹਿਰ ਨੂੰ ਸਾਹਿਤ ਨੇ ਪ੍ਰਭਾਵਿਤ ਕੀਤਾ। ਕਿਉਂਕਿ ਦੋਵੇ ਪਾਸੇ ਦਹਿਸ਼ਤਵਾਦ ਦੇ ਹੱਥਿਆਰ ਨਾਲ ਇੱਕ ਦੂਜੇ ਨਾਲ ਲੜ ਰਹੇ ਸੀ। ਅੱਜ ਦੇ ਯੁੱਗ ਵਿੱਚ ਕਿਸੇ ਵੀ ਮਸਲੇ ਨੂੰ ਗੱਲਬਾਤ ਤੋਂ ਬਿਨਾ ਕਦੇ ਵੀ ਹੱਲ ਨਹੀਂ ਕੀਤਾ ਜਾ ਸਕਦਾ। ਦੂਜੀ ਗੱਲ ਕਿ ਲੋਕਾਂ ਦੀ ਬਹੁ-ਸਮੰਤੀ ਤੋਂ ਬਿਨਾ ਕੁਝ ਵੀ ਸੰਭਵ ਨਹੀਂ। ਸੰਤ ਭਿੰਡਰਾਂ ਵਾਲੇ ਦਾ ਹਰਿਮੰਦਰ ਸਾਹਿਬ ਵਿੱਚ ਸ਼ਰਨ ਲੈਣਾ ਗ਼ਲਤ ਸੀ। ਇੰਦਰਾ ਗਾਂਧੀ ਦਾ ਹਰਿਮੰਦਰ ਤੇ ਹਮਲਾ ਕਰਨਾ ਗ਼ਲਤ ਸੀ। ਇਸ ਨਾਲ ਕਿੰਨੇ ਨਿਰਦੋਸ਼ ਲੋਕਾਂ ਦਾ ਕਤਲ ਹੋਇਆ। ਇੰਦਰਾਂ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਵਿਚ ਅਨੇਕਾਂ ਸਿੱਖਾਂ ਨੂੰ ਕਤਲ ਕੀਤਾ ਗਿਆ। ਘਰ ਤੇ ਬਸਤੀਆਂ ਜਲਾ ਦਿੱਤੀਆਂ ਗਈਆਂ।ਪਰ ਮਸਲਾ ਕੋਈ ਵੀ ਹੱਲ ਨਹੀਂ ਹੋਇਆ। ਸਗੋਂ ਅਨੇਕਾਂ ਹੋਰ ਮੁਸੀਬਤਾਂ ਦਾ ਆਮ ਲੋਕਾਂ ਨੂੰ ਸਾਹਮਣਾ ਕਰਨਾ ਪਿਆ।
? ਤੁਹਾਡਾ ਕਹਿਣਾ ਹੈ ਕਿ ਸਮਾਜਵਾਦ ਹੀ ਲੋਕ-ਹਿੱਤਾਂ ਦਾ ਰਾਹ ਹੈ। ਪਰ ਰੂਸ ਵਿੱਚ ਤੇ ਯੂਰਪੀ ਦੇਸ਼ਾ ਵਿੱਚ ਇਹ ਅਸਫ਼ਲ ਰਿਹਾ। ਹੁਣ ਦੁਨੀਆ ਵਿੱਚ ਪੂੰਜੀਵਾਦ ਦੀਆਂ ਨੀਹਾਂ ਵੀ ਹਿੱਲ ਚੁੱਕੀਆਂ ਹਨ। ਕੀ ਕੋਈ ਤੀਜਾ ਬਦਲ ਹੈ ਜਿਸ ਤੋਂ ਕੋਈ ਆਸ ਕੀਤੀ ਜਾ ਸਕਦੀ ਹੈ?
ਹੁਣ ਤੱਕ ਜਿੰਨੇ ਫ਼ਲਸਫ਼ੇ ਆਏ ਹਨ ਜਿਹੜੇ ਜ਼ਿੰਦਗੀ ਨੂੰ ਸੁਹਾਵਣਾ ਬਣਾਉਣ ਲਈ ਬਰਾਬਰੀ ਦੇ ਹੱਕਾਂ ਨਾਲ ਜਿੰਦਗੀ ਜਿਉਣ ਦੀ ਗੱਲ ਕਰਦੇ ਹਨ, ਉਨ੍ਹਾਂ ਸਾਰਿਆਂ ਵਿੱਚੋਂ ਇਹ ਫ਼ਲਸਫ਼ਾ ਬਹੁਤ ਹੀ ਵਧੀਆ ਫ਼ਲਸਫ਼ਾ ਹੈ। ਅੱਜ ਦੇ ਹਾਲਾਤ ਇਹ ਹਨ ਕਿ ਸੋਵੀਅਤ ਯੂਨੀਅਨ ਟੁੱਟ ਗਿਆ ਪਰ ਰੂਸ ਹਾਲੇ ਵੀ ਖ਼ੇਤਰਫ਼ਲ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ।ਉੱਥੇ ਬਜਾਏ ਇਸ ਗੱਲ ਦੇ ਕਿ ਰੂਸ ਦਾ ਅਸਰ ਸਰਮਾਏਦਾਰ ਦੇਸ਼ਾਂ ਤੇ ਪੈਂਦਾ ਉਲਟਾ ਇਹ ਹੋ ਰਿਹਾ ਹੈ ਕਿ ਸਰਮਾਏਦਾਰ ਦੇਸ਼ਾ ਦਾ ਅਸਰ ਰੂਸ ਤੇ ਪੈ ਰਿਹਾ ਹੈ। ਅੱਜ ਦੀ ਸਥਿਤੀ ਅਨੁਸਾਰ ਦੁਨੀਆ ਦੇ ਸਭ ਤੋਂ ਅਮੀਰ ਲੋਕ ਜਾਂ ਤਾਂ ਚੀਨ ਦੇ ਸ਼ਹਿਰ ਸ਼ੰਘਾਈ ਵਿੱਚ, ਹਾਂਗਕਾਂਗ ਵਿੱਚ ਜਾਂ ਫੇਰ ਮਾਸਕੋ ਵਿੱਚ ਹਨ। ਸਾਡੀਆਂ ਜਿਹੜੀਆਂ ਚੀਜ਼ਾਂ ਜੁ ਇੱਥੇ ਬਣਦੀਆਂ ਸਨ, ਉਹ ਹੁਣ ਬਾਹਰੋਂ ਬਣਨ ਲੱਗ ਪਈਆਂ ਹਨ। ਹੁਣ ਸ਼ੰਘਾਈ ਜਾ ਕੇ ਦੇਖੋ ਲੋਕ ਰੋਲਜ਼ ਰਾਇਸ ਚਲਾ ਰਹੇ ਹਨ। ਕਈ ਤਾਂ ਅਪਰਟਮਿੰਟਾਂ ਦੇ ਮਾਲਕ ਹਨ। ਦੂਜੇ ਪਾਸੇ ਕਿਸੇ ਕੋਲ ਇੱਕ ਬੈਡ ਰੂਮ ਦਾ ਕਮਰਾ ਵੀ ਨਹੀਂ। ਮੁੱਢਲੀਆਂ ਜ਼ਰੂਰਤਾਂ ਤੋਂ ਵਾਂਝੇ ਹਨ। ਚੀਨ ਵਿੱਚ ਕਿਸਾਨ ਦੀ ਹਾਲਤ ਦੇਖੋ ਕਿੰਨੀ ਮਾੜੀ ਹੈ। ਨਾ ਹੀ ਕੋਈ ਐਜੂਕੇਸ਼ਨ, ਨਾ ਹੀ ਸਿਹਤ, ਕੋਈ ਵੀ ਕਿਸੇ ਤਰ੍ਹਾਂ ਦੀ ਸਹੂਲਤ ਨਹੀਂ। ਕਮਿਉਨਿਸਟ ਟਾਈਪ ਬਹੁ-ਗਿਣਤੀ ਢਾਂਚੇ ਵਿੱਚ ਸੈਟੇਲਾਈਟ ਪੈਦਾ ਹੋ ਗਏ, ਜਿਹੜੇ ਕਿ ਪੂਰੀ ਤਰ੍ਹਾਂ ਪੂੰਜੀਵਾਦੀ ਹਨ।ਬਹੁ-ਗਿਣਤੀ ਲੋਕ ਉੱਥੇ ਹਾਲੇ ਵੀ ਜ਼ਿੰਦਗੀ ਦੀਆਂ ਮੁੱਢਲੀਆਂ ਸੁੱਖ ਸਹੂਲਤਾਂ ਤੋਂ ਖਾਲ਼ੀ ਹਨ।ਇਹ ਕਿਸ ਤਰ੍ਹਾਂ ਦਾ ਸਮਾਜਵਾਦ ਹੈ? ਰੂਸ ਵਿਚ ਪੂਰੀ ਤਰ੍ਹਾਂ ਨਾਲ ਡਿਕਟੇਟਰਸ਼ਿਪ ਸੀ। ਸਟਾਲਿਨ ਨੇ ਲੱਖਾਂ ਲੋਕ ਮਰਵਾ ਦਿੱਤ,ੇ ਕੋਈ ਗੁਲੈਗ ‘ਚ ਭੇਜ ਦਿੱਤੇ। ਕਾਨਸੈਨਟਰੇਸ਼ਨ ਕੈਂਪਾਂ ਵਿੱਚ ਭੇਜ ਦਿੱਤੇ। ਕਿਸੇ ਨੂੰ ਸ਼ੂਟ ਕਰਵਾ ਦਿੱਤਾ। ਉਹਦੇ ਮੂਹਰੇ ਕੋਈ ਜਾਵਾਬ ਨਹੀਂ ਸੀ ਦੇ ਸਕਦਾ। ਇਸੇ ਤਰ੍ਹਾਂ ਮਾਓ ਸੀ, ਉਹਨੇ ਵੀ ਚੰਮ ਦੀਆਂ ਚਲਾਈਆਂ।ਮਾਰਕਸਵਾਦੀ ਫ਼ਲਸਫ਼ਾ ਲੋਜੀਕਲ ਹੋਣ ਦਾ ਫ਼ਲਸਫ਼ਾ ਹੈ।ਇਹ ਇਕਨੌਮਿਕ ਵੰਡ ਦਾ ਫ਼ਲਸਫ਼ਾ ਹੈ। ਇਹਦੇ ਬਾਰੇ ਤਾਂ ਕੋਈ ਗੱਲ ਹੀ ਨਹੀਂ ਹੋਈ। ਨਾ ਲੋਕਾਂ ਦੀ ਪੱਧਰ ਉੱਤੇ ਤੇ ਨਾ ਹੀ ਸਰਕਾਰਾਂ ਦੀ ਪੱਧਰ ਤੇ ਕੋਈ ਗੱਲ ਹੋਈ। ਸੋ ਇਸ ਫ਼ਲਸਫ਼ੇ ਨੂੰ ਲਾਗੂ ਕਰਨ ਵਾਲੇ ਗ਼ਲਤ ਸਨ। ਉਨ੍ਹਾਂ ਦੇ ਢੰਗ ਗ਼ਲਤ ਸਨ।
ਹੁਣ ਜਦੋਂ ਸੋਵੀਅਤ ਯੂਨੀਅਨ ਦੇ ਟੁੱਟਣ ਅਤੇ ਲੀਡਰਾਂ ਦੇ ਮਰਨ ਤੋਂ ਬਾਆਦ ਆਰਥਿਕ ਤੌਰ ਤੇ ਦੋ ਕਲਾਸਾਂ ਰੂਸ ਵਿੱਚ ਅਤੇ ਚੀਨ ਵਿੱਚ ਵੀ ਉਸੇ ਤਰ੍ਹਾਂ ਹੀ ਹਨ ਜਿਸ ਤਰ੍ਹਾਂ ਪੱਛਮੀ ਦੇਸ਼ਾਂ ਵਿੱਚ ਹਨ।ਜਿੰਨੀਆਂ ਵੀ ਕੈਪੀਟਲਿਸਟ ਮੁਲਕਾਂ ਦੀਆਂ ਸਮਾਜਿਕ ਬੁਰਾਈਆਂ ਹਨ ਉਹ ਰੂਸ ਅਤੇ ਚੀਨ ਦੇ ਵੱਡੇ ਸ਼ਹਿਰਾਂ ਵਿੱਚ ਵੀ ਉਸੇ ਤਰ੍ਹਾਂ ਹਨ। ਹੁਣ ਤੁਸੀਂ ਦੇਖੋ ਇਹ ਯੁੱਗ ਸੂਚਨਾ ਅਤੇ ਟੈਕਨੌਲੌਜ਼ੀ ਦਾ ਯੁੱਗ ਹੈ। ਗਲੋਬਲਾਇਜ਼ੇਸ਼ਨ ਨੇ ਸਾਨੂੰ ਇੱਕ ਦੂਜੇ ਦੇ ਬਹੁਤ ਨੇੜੇ ਲੈ ਆਂਦਾ ਹੈ।ਪਹਿਲਾਂ ਜਿਹੜੀ ਜੰਗ ਸੀ ਇੱਕ ਮਿੱਲ ਦੇ ਮਾਲਕ ਨਾਲ ਸੀ। ਗਲੋਬਿਲਾਇਜ਼ੇਸ਼ਨ ਨੇ ਮਲਟੀਨੈਸ਼ਨਲ ਕੰਪਨੀਆਂ ਬਣਾ ਦਿੱਤੀਆਂ ਹਨ। ਹੁਣ ਜਿਹੜੀ ਰਾਜਨੀਤਿਕ ਪਾਵਰ ਹੈ ਉਹ ਇਨ੍ਹਾਂ ਕੰਪਨੀਆਂ ਦੇ ਹੱਥਾਂ ਵਿੱਚ ਚਲੇ ਗਈ ਹੈ। ਹਰ ਦੇਸ਼ ਵਿੱਚ ਇਨ੍ਹਾਂ ਦੀਆਂ ਬਰਾਂਚਾਂ ਹਨ ਤੇ ਹਰ ਦੇਸ਼ ਦੀਆਂ ਸਰਕਾਰਾਂ ਕੋਲ਼ੋਂ ਇਨ੍ਹਾਂ ਨੂੰ ਕੰਨਸ਼ੈਸ਼ਨ ਮਿਲਦੇ ਹਨ। ਟਿਓਟਾ ਦਾ ਪਲਾਂਟ ਲੈ ਲਉ ਇਹ ਅਮਰੀਕਾ, ਕੈਨੇਡਾ, ਇੰਡੀਆ ਅਤੇ ਹੋਰ ਬਹੁਤ ਸਾਰੇ ਵੱਖ ਵੱਖ ਦੇਸ਼ਾਂ ਵਿੱਚ ਲੱਗਿਆ ਹੈ ਪਰ ਹੈ ਇਹ ਜਾਪਾਨੀ। ਇਨ੍ਹਾਂ ਕੰਪਨੀਆਂ ਨੇ ਸਾਡੇ ਸਿਆਸੀ, ਆਰਥਿਕ ਹਾਲਾਤ ਬਦਲ ਕੇ ਰੱਖ ਦਿੱਤੇ ਹਨ। ਗੱਲ ਸਾਰੀ ਕਾਂਣੀ ਵੰਡ ਦੀ ਹੈ। ਤੁਸੀਂ ਜਿਹੜੀ ਗੱਲ ਕੀਤੀ ਹੈ ਤੀਜੇ ਬਦਲ ਦੀ ਉਹਦੇ ਜਵਾਬ ਵਿੱਚ ਮੈਂ ਕਹਾਂਗਾ ਕਿ ਸਾਨੂੰ ਕਦੇ ਨਿਰਾਸ਼ ਨਹੀਂ ਹੋਣਾ ਚਾਹੀਦਾ। ਜਿਸ ਵੇਲੇ ਚੜ੍ਹਤ ਸੀ ਮਾਰਕਸਵਾਦ ਦੀ ਪ੍ਰਗਤੀਵਾਦੀ ਦੌਰ ਦੀ ਉਸ ਵੇਲੇ ਕੈਪੀਟਾਲਿਸਟਾਂ ਨੇ ਤੀਜਾ ਬਦਲ ਕੱਢਿਆ ਸੀ, ਸ਼ੋਸ਼ਲ-ਵੈਲਫ਼ੇਅਰ ਦਾ। ਉਹ ਇਸ ਕਰਕੇ ਜੇਕਰ ਕਿਸੇ ਦਾ ਕੰਮ ਹਟ ਗਿਆ ਉਹਨੂੰ ਏਨੀ ਕੁ ਮਦਦ ਦੇ ਦਿਉ ਕਿ ਭੁੱਖਾ ਨਾ ਮਰੇ। ਸ਼ਾਇਦ ਆਉਣ ਵਾਲੇ ਸਮੇਂ ਵਿੱਚ ਕੋਈ ਨਾ ਕੋਈ ਬਦਲ ਨਿਕਲ ਹੀ ਆਵੇ।
? ਤੁਸੀਂ ਗੱਲ ਕੀਤੀ ਹੈ, ਕਾਂਣੀ ਵੰਡ ਦੀ, ਦੋ ਆਰਥਿਕ ਜਮਾਤਾਂ ਦੀ, ਤੁਸੀਂ ਸਾਰੀ ਜ਼ਿੰਦਗੀ ਐਜੂਕੇਸ਼ਨ ਦੇ ਖ਼ੇਤਰ ਵਿੱਚ ਵੱਖ ਵੱਖ ਦੇਸ਼ਾ ਵਿੱਚ ਕੰਮ ਕੀਤਾ ਹੈ। ਕੈਨੇਡਾ ਵਿੱਚ ਵੀ ਕੁਝ ਸਾਲ ਅਧਿਆਪਨ ਕੀਤਾ। ਇੱਥੇ ਵੀ ਤੁਸੀਂ ਦੇਖਿਆ ਹੋਵੇਗਾ ਕਿ ਵਿੱਦਿਆ ਦੇਣ ਲਈ ਵੀ ਕਾਂਣੀ ਵੰਡ (ਇੱਕ ਅਮੀਰ ਗਰੀਬ) ਦੋ ਤਰ੍ਹਾਂ ਦਾ ਸਿਸਟਮ ਚੱਲ ਰਿਹਾ ਹੈ। ਇਹਦੇ ਬਾਰੇ ਤੁਸੀਂ ਇੱਕ ਅਧਿਆਪਕ ਹੋਣ ਦੇ ਨਾਤੇ ਕੀ ਵਿਚਾਰ ਰੱਖਦੇ ਹੋ?
-ਇਹ ਬਹੁਤ ਵਧੀਆ ਸਵਾਲ ਹੈ ਜੀ, ਇਹਨੂੰ ਅਸੀਂ ਵੈਸਟਡ ਇਨਟਰੈਸਟ ਦੀ ਐਜੂਕੇਸ਼ਨ ਕਹਿ ਦਿੰਦੇ ਹਾਂ। ਕੈਨੇਡਾ ਦੇ ਵੱਡੇ ਸ਼ਹਿਰਾਂ ਵਿੱਚ ਪ੍ਰਇਵੇਟ ਸਕੂਲਾਂ ਦੀ ਗੱਲ ਇਹ ਹੈ ਕਿ ਇਹ ਵੀ ਕਸੂਰ ਲੋਕਾਂ ਦਾ ਹੈ ਕਿ ਪ੍ਰਾਈਵੇਟ ਸਕੂਲ ਧਰਮ ਦੇ ਨਾਂਅ ਤੇ ਕ੍ਰਿਸਚੀਅਨ ਸਕੂਲ, ਮੁਸਲਿਮ ਤੇ ਖ਼ਾਲਸਾ ਸਕੂਲ ਖੁੱਲ੍ਹ ਗਏ । ਫੇਰ ਲਰਨਿੰਗ ਸਕੂਲ ਜਿੱਥੇ ਪੰਜ ਸੱਤ ਕੁ ਬੱਚਿਆਂ ਨੂੰ ਵੱਖਰੇ ਤੌਰ ਤੇ ਸਿੱਖਿਆ ਦਿੱਤੀ ਜਾਂਦੀ ਹੈ।ਪਰਸਨ ਟੂ ਪਰਸਨ ਵਾਲੀ ਗੱਲ ਹੈ।ਜਿੱਥੇ ਬੇਸ਼ੁਮਾਰ ਰੀਸੋਰਸਿਜ਼ ਉਪਲੱਭਦ ਹਨ। ਬਹੁਤ ਸਾਰੇ ਪੈਸੇ ਦੇ ਕੇ ਤੁਹਾਨੂੰ ਇਹ ਸਹੂਲਤ ਮਿਲ਼ ਜਾਂਦੀ ਹੈ। ਜਦੋਂ ਕਿ ਚਾਹੀਦਾ ਇਹ ਹੈ ਕਿ ਇਹ ਸਹੂਲਤ ਹਰ ਬੱਚੇ ਨੂੰ ਸਰਕਾਰੀ ਸਕੂਲ ਵਿਚ ਪਾ੍ਰਪਤ ਹੋਵੇ। ਲੇਕਿਨ ਸਰਕਾਰ ਕੋਲ ਇੰਨੇ ਸਾਧਨ ਨਹੀਂ ਜਾਂ ਇਹ ਕਹਿ ਸਕਦੇ ਹਾਂ ਕਿ ਸਰਕਾਰ ਟੈਕਸਾਂ ਦੀ ਵਿਉਂਤਬੰਦੀ ਠੀਕ ਤਰ੍ਹਾਂ ਨਹੀਂ ਕਰਦੀ। ਇਸ ਕਰਕੇ ਇਸ ਤਰ੍ਹਾਂ ਹੋ ਰਿਹਾ ਹੈ।ਜੇ ਸਰਕਾਰ ਟੈਕਸ ਵਧਾਉਂਦੀ ਹੈ ਤਾਂ ਲੋਕ ਰੌਲ਼ਾ ਪਾaੁਂਦੇ ਹਨ। ਜੇਕਰ ਸਰਕਾਰ ਇਸ ਹਿਸਾਬ ਨਾਲ ਕਰੇ ਕਿ ਆਹ ਟੈਕਸ ਅਸੀਂ ਐਜੂਕੇਸ਼ਨ ਤੇ ਖ਼ਰਚ ਕਰਨਾ ਹੈ, ਆਹ ਅਸੀ ਖੇਡਾਂ ਤੇ ਕਰਨਾ ਹੈ ਜਾਂ ਇਹ ਅਸੀਂ ਹੈਲਥ ਤੇ ਕਰਨਾਂ ਹੈ ਤਾਂ ਸ਼ਾਇਦ ਲੋਕ ਇਨਕਾਰ ਨਾ ਕਰਨ। ਪਰ ਜਦੋਂ ਟੈਕਸ ਇਕੱਠੇ ਕਰਕੇ ਉਹ ਆਪ ਵੰਡ ਕੇ ਖ਼ਰਚ ਹੋਰ ਹੋਰ ਪਾਸੇ ਕਰਦੇ ਹਨ ਤਾਂ ਵੰਡ ਠੀਕ ਨਹੀਂ ਹੁੰਦੀ।ਹੁਣ ਤੁਸੀਂ ਦੇਖੋ ਆਪਣੇ ਇੰਡੀਆ ਵਿੱਚ ਵੀ ਇਸੇ ਤਰ੍ਹਾਂ ਅਮੀਰਾਂ ਦੇ ਬੱਚੇ ਡਲਹੌਜ਼ੀ, ਮਸੂਰੀ ਤੇ ਹੋਰ ਇੰਗਲਿਸ਼ ਮੀਡੀਅਮ ਵਾਲੇ ਸਕੂਲਾਂ ਵਿੱਚ ਅਜੂਕੇਸ਼ਨ ਲੈਂਦੇ ਹਨ। ਇੱਥੇ ਇੱਕ ਗੱਲ ਮੈਂ ਤੁਹਾਡੇ ਧਿਆਨ ਵਿੱਚ ਲਿਆਉਣੀ ਚਾਹੁੰਦਾ ਹਾਂ ਕਿ ਉਨ੍ਹਾਂ ਦੀਆਂ ਫ਼ੈਮਲੀਆਂ ਬੱਚਿਆਂ ਨੂੰ ਮੋਟੀਵੇਟ ਕਰਦੀਆਂ ਹਨ ਕਿ ਜੇਕਰ ਪਿਉ ਵਕੀਲ ਹੈ ਤਾਂ ਪੁੱਤ ਜੱਜ ਬਣੇ ਜੇਕਰ ਪਿਉ ਪੁਲੀਸ ਅਫ਼ਸਰ ਹੈ ਤਾਂ ਪੁੱਤ ਵੀ ਪੁਲੀਸ ਅਫ਼ਸਰ ਹੋਵੇ।ਵਿੱਦਿਆ ਤਾਂ ਪਬਲਿਕ ਸਕੂਲ ਵਿੱਚ ਵੀ ਮਾੜੀ ਨਹੀਂ।
ਮੈਂ ਆਪ ਸਤਾਈ ਸਾਲ ਪਬਲਿਕ ਸਕੂਲ ਵਿੱਚ ਪੜ੍ਹਾਇਆ ਹੈ। ਪਰ ਇੱਥੇ ਤਾਂ ਮਾਪੇ ਬੱਚੇ ਦੀ ਪ੍ਰੋਗਰਿਸ ਰੀਪੋਰਟ ਲਈ ਟੀਚਰ ਨਾਲ ਕਦੇ ਗੱਲ ਵੀ ਨਹੀਂ ਕਰਦੇ। ਉਹ ਕੰਮਾਂ ਕਾਰਾਂ ਵਿੱਚ ਏਨੇ ਮਗਨ ਹਨ ਕਿ ਘਰ ਵਿੱਚ ਵੀ ਬੱਚਿਆਂ ਨਾਲ ਗੱਲ ਬਾਤ ਕਰਨ ਦਾ ਉਨ੍ਹਾਂ ਕੋਲ ਸਮਾਂ ਨਹੀਂ। ਮਾਪਿਆਂ ਨੂੰ ਰੈਗੂਲਰਲੀ ਸਕੂਲ ਵਿੱਚ ਜਾ ਕੇ ਬੱਚੇ ਦੀ ਪੜ੍ਹਾਈ ਬਾਰੇ ਗੱਲ ਉਸ ਦੇ ਅਧਿਆਪਕਾਂ ਨਾਲ ਕਰਨੀ ਚਾਹੀਦੀ ਹੈ।ਪਬਲਿਕ ਸਕੂਲਾਂ ਦੇ ਪੜ੍ਹੇ ਬੱਚੇ ਵੀ ਚੰਗੀ ਪੜ੍ਹਾਈ ਕਰਕੇ ਡਾਕਟਰ, ਇੰਨੀਜੀਨੀਅਰ ਤੇ ਵਕੀਲ ਲੱਗੇ ਹੋਏ ਹਨ।ਮੈਂ ਤਾਂ ਇਹ ਕਹਾਂਗਾ ਕਿ ਜੇਕਰ ਤੁਸੀਂ ਬੱਚਿਆਂ ਦੇ ਅੰਦਰ ਸੋਝੀ ਜਗਾ ਦਿਉ, ਕੋਈ ਗੋਲ਼, ਮੰਤਵ ਪੈਦਾ ਕਰ ਦਿਉਂ। ਉਹਦੇ ਅੰਦਰ ਪ੍ਰੇਰਨਾ ਜਗਾ ਦਿੰਦੇ ਹੋ ਫੇਰ ਉਹ ਕਿਸੇ ਵੀ ਸਕੂਲ ਵਿੱਚ ਵਿੱਦਿਆ ਲੈਂਦਾ ਹੋਵੇ ਤਾਂ ਸਮਝੋ ਉਹ ਆਪਣੀ ਜ਼ਿੰਦਗੀ ਵਿੱਚ ਸਫ਼ਲ ਹੈ।ਮੇਰੇ ਖ਼ਿਆਲ ਨਾਲ ਬਹੁਤੇ ਮਹਿੰਗੇ ਸਕੂਲਾਂ ਤੇ ਜਾਂ ਸਸਤੇ ਸਕੂਲਾਂ ਦਾ ਕੋਈ ਬਹੁਤਾ ਫ਼ਰਕ ਨਹੀਂ ਪੈਂਦਾ।
?ਆਓ, ਤੁਹਾਡੀ ਸਾਹਿਤਕ ਸਿਰਜਣਾ ਬਾਰੇ ਥੋੜ੍ਹੀ ਹੋਰ ਗੱਲ ਕਰੀਏ। ਗੱਲ ਆਪਾਂ ਤੁਹਾਡੀ ਕਵਿਤਾ ਤੋਂ ਸ਼ੁਰੂ ਕਰਦੇ ਹਾਂ। ਕੀ ਤੁਹਾਨੂੰ ਲੱਗਦਾ ਕਿ ਤੁਹਾਡੀ ਕਵਿਤਾ ਪਹਿਲਾਂ ਤਾਂ ਆਮ ਪਾਠਕ ਲਈ ਨਹੀਂ? ਇਹ ਐਕਡੈਮਿਕ ਲੋਕਾਂ ਲਈ ਜਾਂ ਕਹਿ ਲਓ ਕਿ ਇਹ ਇੱਕ ਖ਼ਾਸ ਵਰਗ ਦੇ ਲੋਕਾਂ ਲਈ ਹੈ। ਪਰ ਸਿਰਜਣਾ ਵਿੱਚਲੇ ਪਾਤਰ ਆਮ ਲੋਕਾਂ ਵਿੱਚੋਂ ਜਾਂ ਵਰਕਿੰਗ ਕਲਾਸ ਦੇ ਹਨ? ਕੀ ਇਹ ਸੁਚੇਤ ਅਵਸਥਾ ਵਿੱਚ ਹੋਇਆ ?ਤੁਸੀਂ ਇਹਨੂੰ ਕਿਹੜੇ ਲੋਕਾਂ ਦਾ ਪ੍ਰਤੀਨਿਧ ਸਾਹਿਤ ਮੰਨਦੇ ਹੋ?
– ਸਤਨਾਮ ਜੀ, ਤਸੀਂ ਬਹੁਤ ਹੀ ਵਧੀਆ ਸਵਾਲ ਕੀਤਾ ਹੈ। ਇਹ ਸਭ ਸੁਚੇਤ ਹੋਇਆ। ਦੂਜੀ ਗੱਲ ਕਿ ਬੁਨਿਆਦੀ ਤੌਰ ਤੇ ਹਰ ਯੁਗ ਵਿੱਚ ਸਾਹਿਤ ਕਈਆਂ ਪੱਧਰਾਂ ਤੇ ਲਿਖਿਆ ਜਾਂਦਾ ਹੈ। ਪਹਿਲਾ, ਜੋ ਲੋਕ ਪੱਧਰ ਤੇ, ਆਮ ਲੋਕਾਂ ਬਾਰੇ, ਲੋਕਾਂ ਲਈ ਲਿਖਿਆ ਹੋਵੇ। ਦੂਜਾ, ਸਟੇਜੀ ਸ਼ਾਇਰੀ ਜਿਸ ਤਰ੍ਹਾਂ ਸੁਰਜੀਤ ਪਤਾਰ ਤੇ ਸ਼ਿਵ ਕਮਾਰ ਦੀ ਕਵਿਤਾ ਜਿਹੜੀ ਪ੍ਰਫ਼ੌਰਮ ਕਰਨ ਵਾਲ਼ੀ ਹੈ। ਇਹਦੇ ਵਿੱਚ ਬੌਧਿਕ ਸ਼ਾਇਰੀ ਵੀ ਆ ਜਾਂਦੀ ਹੈ ਜਿਹੜੀ ਆਮ ਲੋਕਾਂ ਬਾਰੇ ਹੁੰਦੀ ਹੋਈ ਵੀ ਵਸ਼ਿਸ਼ਟ ਵਰਗ ਦੇ ਲੋਕਾਂ ਲਈ ਲਿਖੀ ਜਾਂਦੀ ਹੈ।ਸ਼ਿਵ ਅਤੇ ਪਾਤਰ ਦੀ ਕਵਿਤਾ ਜਦੋਂ ਲੋਕ ਉਨ੍ਹਾਂ (ਕਵੀ) ਦੀ ਜ਼ਬਾਨੀ ਸੁਣਦੇ ਹਨ ਤਾਂ ਗੱਲ ਹੋਰ ਹੁੰਦੀ ਹੈ ਜਦੋਂ ਤੁਸੀਂ ਆਪ ਉਸੇ ਕਵਿਤਾ ਨੂੰ ਪ੍ਰਫ੍ਰੌਮ ਕਰਦੇ ਹੋ ਤਾਂ ਉਹ ਗੱਲ ਨਹੀਂ ਬਣਦੀ। ਇਹ ਮਨੋਰੰਜਨ ਵਧੇਰੇ ਕਰਦੀ ਹੈ ਪਰ ਬੌਧਿਕ ਘੱਟ ਹੁੰਦੀ ਹੈ। ਆਮ ਲੋਕਾਂ ਨੂੰ ਸਮਝ ਪੈਂਦੀ ਹੈ। ਪਰ ਬੋਧਿਕ ਰਚਨਾਵਾਂ ਬਾਰੇ, ਇਹ ਅੱਜ ਦੀ ਗੱਲ ਨਹੀਂ ‘ਸੀ ਕੇ. ਸ਼ਟੈਡ’ ਦੀ ਇੱਕ ਕਿਤਾਬ ਹੈ ‘ਹਿਸਰਟੀ ਆਫ਼ ਇੰਗਲਿਸ਼ ਡਰਾਮਾਂ’ ਉਹਦੇ ਵਿੱਚ ਉਹਨੇ ਸਪਸ਼ਟ ਲਿਖਿਆ ਹੈ ਕਿ ਮੁੱਢ-ਕਾਲ ਤੋਂ ਤਿੰਨ ਕਿਸਮ ਦਾ ਨਾਟਕ ਲਿਖਿਆ ਜਾਂਦਾ ਰਿਹਾ ਹੈ। ਇੱਕ, ਉਹ ਜਿਹੜਾ ਆਮ ਮਨੋਰੰਜਨ ਲਈ ਹੈ, ਜਿਸ ਤਰ੍ਹਾਂ ਆਪਣੇ ਪਿੰਡਾਂ ਵਿੱਚ ਨਕਲਾਂ ਹੁੰਦੀਆਂ ਸੀ। ਦੂਜਾ, ਜਿਹੜੇ ਕਿਸੇ ਵਿਸ਼ੇਸ਼ ਵਰਗ ਵਲੋਂ ਸਪੌਂਸਰ ਹੋਇਆ ਭਾਵੇਂ ਉਹ ਸਰਕਾਰਾਂ ਨੇ ਕੀਤਾ ਜਾਂ ਕਿਸੇ ਰਾਜਨੀਤਿਕ ਪਾਰਟੀ ਨੇ ਕੀਤਾ।ਤੀਜਾ, ਉਹ ਜੋ ਕਿਸੇ ਵਸ਼ਿਸ਼ਟ ਵਰਗ ਲਈ ‘ਈਲੀਟ ਪਲੇ’ ਵਜੋਂ ਲਿਖਿਆ ਗਿਆ। ਇਹ ਤਿੰਨੇ ਨਾਲੋਂ ਨਾਲ ਚੱਲਦੇ ਰਹੇ। ਕਿਸੇ ਦਾ ਇੱਕ ਦੂਜੇ ਨਾਲ ਕੋਈ ਕਲੈਸ਼ ਨਹੀਂ। ਲੇਕਨ ਜੋ ਗੱਲ ਤੁਰਨੀ ਚਾਹੀਦੀ ਹੈ, ਉਹ ਇਹ ਹੈ ਕਿ ਉਸ ਵੇਲੇ ਦੀਆਂ ਵੈਲਿਊਜ਼ ਨੂੰ ਕਿਹੜਾ ਲਿਟਰੇਚਰ ਵਧੇਰੇ ਚੰਗੀ ਤਰ੍ਹਾਂ ਰੈਪਰੇਜ਼ੈਂਟ ਕਰਦਾ ਹ? ਉਹ ਵਧੀਆ ਸਾਹਿਤ ਮੰਨਿਆ ਜਾਂਦਾ ਹੈ। ਹੁਣ ਤੁਹਾਡੇ ਸਾਹਮਣੇ ਸ਼ੈਕਸ਼ਪੀਅਰ ਦੀ ਉਦਾਹਰਣ ਲੈ ਲਉ ਕਿੰਨੇ ਕੁ ਲੋਕਾਂ ਨੂੰ ਉਹਦੇ ਡਰਾਮੇਂ ਸਮਝ ਆaੁਂਦੇ ਹਨ ਤੇ ਕਿੰਨੇ ਕੁ ਲੋਕ ਉਸਨੂੰ ਪੜ੍ਹਦੇ ਹਨ। ਇਸੇ ਤਰ੍ਹਾਂ ਸਾਰਤਰ ਅਤੇ ਕਾਮੂ ਦੀ ਗੱਲ ਹੈ। ਹੁਣ ਆਪਣੇ ਪੰਜਾਬੀ ਸਾਹਿਤ ਉੱਤੇ ਵੀ ਇਹੋ ਗੱਲ ਲਾਗੂ ਹੁੰਦੀ ਹੈ। ਇਹ ਜਿਹੜਾ ਰੋਲ਼ਾ ਪਾ ਕੇ ਭੁਲੇਖਾ ਪਾਇਆ ਜਾਂਦਾ ਹੈ ਕਿ ਬੌਧਿਕ ਲਿਖਤਾਂ ਨੂੰ ਕੌਣ ਪੜ੍ਹੇਗਾ? ਇਹ ਬਹੁਤ ਗ਼ਲ਼ਤ ਭੁਲੇਖਾ ਪਾਇਆ ਜਾਂਦਾ ਹੈ। ਸਾਨੂੰ ਇਹਦੇ ਵਿੱਚੋਂ ਨਿਕਲਣ ਦੀ ਲੋੜ ਹੈ।ਪ੍ਰਤੀਨਿਧ ਸਾਹਿਤਕਾਰ ਉਹ ਹੈ, ਜਿਹੜਾ ਲੋਕਾਂ ਬਾਰੇ ਬੌਧਿਕ ਪੱਧਰ ਉੱਤੇ, ਹਾਲਾਤ ਅਤੇ ਸਮੇਂ ਨੂੰ ਸਮਝਕੇ ਅੱਜ ਦੇ ਟਰੈਂਡਜ਼, ਜ਼ਿੰਦਗੀ, ਸਾਹਿਤ, ਫ਼ਲਸਫੇ ਅਤੇ ਮਨੋਵਿਗਿਆਨ ਦੇ ਸੁਮੇਲ ਨੂੰ ਲੈ ਕੇ ਰਚਨਾ ਕਰਦਾ ਹੈ।ਉਹ ਸਾਹਿਤ ਲੰਮਾਂ ਸਮਾਂ ਿਜਊਂਦਾ ਰਹਿੰਦਾ ਹੈ ਅਤੇ ਪ੍ਰਤੀਨਿਧ ਸਾਹਿਤ ਮੰਨਿਆ ਜਾਂਦਾ ਹੈ।
? ਰਾਵਿੰਦਰ ਜੀ, ਤੁਸੀਂ ਆਪਣੀਆਂ ਰਚਨਾਵਾਂ ਦੇ ਸੰਕਲਪ ਬਾਰੇ ਸੰਖ਼ੇਪ ਵਿੱਚ ਕੁਝ ਦੱਸੋ? ਤਸੀਂ ਸਾਹਿਤ ਨੂੰ ਕੀ ਸਮਝਦੇ ਹੋ? ਆਮ ਕਰਕੇ ਪ੍ਰਯੋਗਵਾਦੀਆਂ ਬਾਰੇ ਲੋਕ ਸੋਚਦੇ ਹਨ ਕਿ ਪ੍ਰਤੀਗਾਮੀ ਜਾਂ ਰਿਗਰੈਸਿਵ ਸਾਹਿਤ ਤੁਸੀਂ ਪੈਦਾ ਕੀਤਾ, ਇਸ ਸੰਦਰਭ ਵਿੱਚ ਕੀ ਕਹਿਣਾ ਚਾਹੋਗੇ?
-ਢਾਅ ਜੀ, ਮੈਂ ਇਸ ਗੱਲ ਦਾ ਜ਼ਿਕਰ ਸ਼ਾਇਦ ਪਹਿਲਾਂ ਵੀ ਕੀਤਾ ਹੈ ਕਿ ੧੯੬੪ ਵਿੱਚ ਮੇਰੀ ਇੱਕ ਕਿਤਾਬ ਛਪੀ ਸੀ ‘ਪ੍ਰਯੋਸ਼ੀਲ ਕਾਵਿ-ਦਰਪਨ’। ਉਹਦੇ ਵਿੱਚ ਮੇਰਾ ਇੱਕ ਲੇਖ ਹੈ ਜਿਸ ਵਿਚ ਮੈਂ ਲਿਖਿਆ ਸੀ ਕਿ ‘ਪ੍ਰਯੋਗਸ਼ੀਲ ਲਹਿਰ ਅੱਗਰਗਾਮੀ’ ਹੁੰਦੀ ਹੈ (ਭਾਵ) ਅਗਾਂਹਵਧੂ ਹੁੰਦੀ ਹੈ। ਪ੍ਰਯੋਗ ਕੀਤੇ ਹੀ ਅਗੇ ਜਾਣ ਲਈ ਹਨ।ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਸਾਡੇ ਵਿੱਚ ਵੀ ਕੁਝ ਲੋਕਾਂ ਨੇ ਪ੍ਰਯੋਗ ਦੀ ਖ਼ਾਤਰ ਹੀ ਪ੍ਰਯੋਗ ਕੀਤੇ ਹਨ।ਜਿਸ ਵਿੱਚ ਜਿਹੜਾ ਅਨੁਭਵ ਉਨ੍ਹਾਂ ਨੇ ਪੇਸ਼ ਕੀਤਾ ਉਹ ਬਹੁਤ ਵਧੀਆ ਜਾਂ ਉਸਾਰੂ ਨਹੀਂ ਸੀ, ਪਰ ਹੋਲ਼ੀ ਹੋਲ਼ੀ ਉਹ ਟਰੈਂਡ ਖ਼ਤਮ ਹੋ ਗਿਆ।ਆਪਣੇ ਲੇਖਾਂ ਵਿੱਚ ਅਸੀਂ ਇਸ ਗੱਲ ਨੂੰ ਮੁੱਖ ਰੱਖਿਆ ਸੀ ਕਿ ਪ੍ਰਯੋਗਸ਼ੀਲ ਕਵਿਤਾ ਵਿੱਚ ਕਿਹੜੇ ਗੁਣ ਹੋਣੇ ਚਾਹੀਦੇ ਹਨ? ਉਹਦਾ ਸੰਕਲਪ ਕੀ ਹੋਣਾ ਚਾਹੀਦਾ ਹੈ? ਉਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਸੀ ਕਿ ਇਹ ਲੋਕਾਂ ਦਾ ਸਹਿਤ, ਲੋਕਾਂ ਬਾਰੇ ਹੈ।ਫ਼ਰਕ ਇੱਥੇ ਆaੁਂਦਾ ਹੈ ਕਿ ਹਰ ਲੇਖਕ ਨੇ ਆਪਣੀ ਪੱਧਰ ਤੇ ਲਿਖਣਾ ਹੁੰਦਾ ਹੈ। ਇੱਕ ਆਮ ਲੇਖਕ ਜਿਸ ਦਾ ਅਧਿਆਨ ਸਧਾਰਨ ਹੈ ਜਾਂ ਡੂੰਘਾ ਅਧਿਅਨ ਨਹੀਂ। ਦੂਜੇ ਲੇਖਕ ਦਾ ਵਿਸ਼ਾਲ ਅਧਿਅਨ ਤੇ ਤਜੱਰਬਾ ਹੈ।ਨ੍ਹਾਂ ਦੋਹਾਂ ਲੇਖਕਾਂ ਦੀ ਲਿਖਤ ਵਿਚ ਫ਼ਰਕ ਜ਼ਰੂਰ ਹੋਵੇਗਾ।ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਉਦਾਹਰਣ ਲੈ ਲਉ। ਗੁਰੂ ਨਾਨਕ ਦੇਵ ਦੀ ਬਾਣੀ ਦੂਜੇ ਗੂਰੂਆਂ ਨਾਲੋਂ ਸਮਝਣੀ ਇਸ ਕਰਕੇ ਔਖੀ ਹੈ ਕਿ ਉਸ ਵਿੱਚ ਬੌਧਿਕਤਾ ਬਹੁਤ ਜ਼ਿਆਦਾ ਹੈ। ਬਾਬੇ ਨਾਨਕ ਨੇ ਬਹੁਤ ਦੂਰ ਤੱਕ ਜਿਸ ਤਰ੍ਹਾਂ ਬਗਦਾਦ, ਬਨਾਰਸ ਅਤੇ ਹੋਰ ਦੇਸ਼ਾਂ ਦੇ ਕਈ ਹਿੱਸਿਆਂ ਦਾ ਭਰਮਣ ਕੀਤਾ। ਗੁਰੁ ਨਾਨਕ ਦੀ ਕਵਿਤਾ ਵਿਚ ਦੂਜੀਆਂ ਬੋਲੀਆਂ ਦੇ ਸ਼ਬਦਾਂ ਦੇ ਨਾਲ਼ ਨਾਲ਼ ਫ਼ਲਸਫ਼ੇ ਦੀ ਡੂੰਘਿਆਈ ਜ਼ਿਆਦਾ ਹੈ। ਜਦੋਂ ਕਿ ਬਾਕੀ ਗੂਰੂਆਂ ਦਾ ਭਰਮਣ ਜ਼ਿਆਦਾ ਨਹੀਂ ਸੀ ਤੇ ਉਨ੍ਹਾਂ ਦੀ ਬੋਲੀ ਵੀ ਆਮ ਲੋਕ-ਬੋਲੀ ਹੋਣ ਕਰਕੇ ਸੌਖੀ ਸਮਝੀ ਜਾ ਸਕਦੀ ਹੈ। ਬਾਰਾਮਾਹਾਂ ਗੁਰੂ ਨਾਨਕ ਦੇਵ ਦਾ ਵੀ ਹੈ ਅਤੇ ਗੁਰੂ ਅਰਜਨ ਦੇਵ ਦਾ ਵੀ। ਪਰ ਗੁਰੂ ਨਾਨਕ ਦੇਵ ਦਾ ਬਾਰਾਂਮਾਹਾਂ ਪੜ੍ਹਨ ਅਤੇ ਇਸ ਨੂੰ ਸਮਝਣ ਲਈ ਤੁਹਾਨੂੰ ਮਿਹਨਤ ਕਰਨੀ ਪੈਂਦੀ ਹੈ। ਸਾਡੀ ਲਹਿਰ ਦੀ ਸ਼ਾਇਰੀ ਦਾ ਇਕ ਮੁੱਖ ਮੰਤਵ ‘ਸਮਸਤ ਅਨਿਆਏ ਦਾ ਵਿਰੋਧ’ ਵੀ ਸੀ। ਅਨਿਆਂ ਕਿਸੇ ਵੀ ਕਿਸਮ ਦਾ ਹੋਵੇ, ਕਿਸੇ ਵੀ ਮਨੁੱਖ ਨਾਲ ਹੋ ਰਿਹਾ ਹੋਵੇ, ਉਸ ਦਾ ਵਿਰੋਧ ਕਰਨਾ ਸਾਡਾ ਕਰਤੱਵ ਹੈ, ਸਾਡੀ ਜ਼ਿੰਮੇਵਾਰੀ ਹੈ।
ਇਸੇ ਤਰ੍ਹਾਂ ਪ੍ਰਯੋਗਸ਼ੀਲਤਾ ਲੇਟੈਸਟ ਤੇ ਨਵੀਨ ਮਾਨਵੀ ਕਦਰਾਂ ਕੀਮਤਾਂ ਨੂੰ ਅੱਗੇ ਲਿਅਉਣ ਲਈ ਹੁੰਦੀ ਹੈ।ਉਸ ਵੇਲੇ ਦੀ ਸੋਚ ਮੁਤਾਬਿਕ ਜ਼ਿੰਦਗੀ ਵਿੱਚ ਜਿਹੜੀਆਂ ਤਬਦੀਲੀਆਂ ਆਈਆਂ, ਉਨ੍ਹਾਂ ਨੂੰ ਅੱਗੇ ਲਿਆਣ ਲਈ, ਇਹ ਸਾਨੁੰ ਹਮੇਸ਼ਾਂ ਅਗੇ ਵੱਲ ਨੂੰ ਖੜਦੀ ਹੈ।ਇਹ ਸਾਨੂੰ ਆਪਣੇ ਆਪ ਦਾ ਅੰਦਰੋਂ ਵਿਸ਼ਲੇਸ਼ਨ ਕਰਕੇ ਹੋਰ ਹੀਰੇ ਜਵਾਹਾਰਤ ਕੱਢਣ ਲਈ ਪ੍ਰੇਰਨਾ ਦਿੰਦੀ ਹੈ। ਜਦੋਂ ਤੁਸੀਂ ਕੁਦਰਤ ਵਿੱਚ ਰਹਿੰਦੇ ਹੋ ਤੁਹਾਡੀ ਲਿਖਤ ਵਿੱਚ ਕੁਦਰਤ ਦੇ ਬਿੰਬ ਆਉਣੇ ਕੁਦਰਤੀ ਹਨ। ਜਦੋਂ ਤੁਸੀਂ ਅਧੁਨਿਕ ਸਮਾਜ ਵਿੱਚ ਰਹਿੰਦੇ ਹੋ ਤਾਂ ਕੁਦਰਤੀ ਹੈ ਕਿ ਤੁਹਾਡੀ ਕਵਿਤਾ ਵਿੱਚ ਟਕਨੌਲੋਜੀ ਦੇ ਬਿੰਬ ਆਉਣਗੇ। ਕੁਝ ਲੋਕ ਉੱਥੇ ਹੀ ਖੜ੍ਹੇ ਦਿਖਾਈ ਦਿੰਦੇ ਹਨ।ਪ੍ਰਗਤੀਵਾਦੀ ਉੱਥੇ ਹੀ ਖੜ੍ਹੇ ਹਨ।ਮਜ਼ਦੂਰ, ਕਿਸਾਨ, ਦਾਤੀ ਹਥੌੜਾ, ਲਾਲ ਫਰੇਰਾ… ਇਸ ਵਿੱਚੋਂ ਬਾਹਰ ਨਹੀਂ ਨਿਕਲੇ।ਜੁਝਾਰਵਾਦੀ ਕੇਵਲ ਦੋ ਕੁ ਸਾਲ ਹੀ ਚੱਲੇ। ਸਾਡੀ ਸ਼ਾਇਰੀ ਨਵੇਂ ਬਿੰਬ-ਵਿਧਾਨ ਨੂੰ, ਨਵੀਆਂ ਪ੍ਰੋਬਲਮਜ਼ ਨੂੰ, ਨਵੇਂ ਰੂਪਾਂ ਵਿੱਚ ਜੱਟਿਲਤਾ ਸਮੇਤ ਪੇਸ਼ ਕਰਦੀ ਹੈ। ਸਾਡੇ ਤੋਂ ਪਹਿਲਾਂ ਵਾਲੇ ਪ੍ਰੋਬਲਮ ਨੂੰ ਸਰਲੀ-ਕਰਨ ਕਰਕੇ ਪੇਸ਼ ਕਰਦੇ ਸਨ। ਅੱਜ ਦਾ ਮਨੁੱਖ ਜੱਟਿਲ ਹੈ ਤੇ ਕਿਸੇ ਵੀ ਸਮੱਸਿਆ ਨੂੰ ਉਸ ਦੀ ਜੱਟਿਲਤਾ ਸਮੇਤ ਪੇਸ਼ ਕਰਨ ਦੀ ਲੋੜ ਹੈ।
ਇੱਥੇ ਤੁਹਾਡੇ ਧਿਆਨ ਵਿੱਚ ਇੱਕ ਹੋਰ ਗੱਲ ਲਿਆਉਣੀ ਚਾਹੁੰਦਾ ਹਾਂ ਕਿ ਮੇਰੀਆਂ ਕਹਾਣੀਆਂ ਦੀ ਇੱਕ ਕਿਤਾਬ ‘ਮੈਲ਼ੀ ਪੁਸਤਕ’ ਛਪੀ ਸੀ, ਉਹਦੇ ਬੈਕ ਟਾਇਟਲ ਤੇ ਮੈਂ ਲਿਖਿਆ ਹੋਇਆ ਹੈ ਕਿ ਮੇਰਾ ਜਿਹੜਾ ਸਾਹਿਤ ਹੈ ਇਹ ਬੌਧਿਕ ਸਾਹਿਤ ਹੈ। ਬੌਧਿਕ ਸਾਹਿਤ ਇਕ ਟੂ-ਵੇਅ ਟ੍ਰੈਫ਼ਿਕ ਵਾਂਗ ਹੈ। ਇਹਦੇ ਵਿੱਚ ਪਾਠਕ ਦੀ ਬੌਧਿਕ ਸ਼ਮੂਲੀਅਤ ਬਹੁਤ ਜ਼ਰੂਰੀ ਹੈ।ਇਹ ਅੰਤਰ-ਕ੍ਰਿਆਵੀ ਸਾਹਿਤ ਹੈ। ਕੰਪਿਉੁਟਰ ਦੀਆਂ ਅੰਤਰਕਿਰਿਆਵੀ ਖੇਡਾਂ ਵਾਂਗ। ਮੇਰੀ ਇਹ ਕਿਤਾਬ ੧੯੭੩ ਵਿੱਚ ਛਪੀ ਸ਼ੀ- ਉਸ ਸਮੇਂ ਮੈਂ ਕੀਨੀਆ ਵਿੱਚ ਸਾਂ। ਮੈਂ ਇੱਕ ਥਾਂ ਹੋਰ ਵੀ ਲਿਖਿਆ ਹੈ ਕਿ ਤੁਹਾਨੂੰ ਮੇਰਾ ਸਾਹਿਤ ਸਮਝਣ ਲਈ ਮਿਹਨਤ ਕਰਨੀ ਪਵੇਗੀ। ਪ੍ਰਸਿੱਧ ਅੰਗਰੇਜ਼ੀ ਕਵੀ ਟੀ. ਐਸ. ਅਲ਼ੀਅਟ ਨੇ ਵੀ ਕਿਹਾ ਸੀ ਕਿ ਨਵੇਂ ਸਾਹਿਤ ਨੂੰ ਸਮਝਣ ਲਈ ਪਾਠਕ ਨੂੰ ਵੀ ਓਨੀ ਮਿਹਨਤ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ, ਜਿੰਨੀ ਮਿਹਨਤ ਇੱਕ ਵਕੀਲ ਨੂੰ ਇੱਕ ਗੁੰਝਲਦਾਰ ਕੇਸ ਨੂੰ ਅਦਾਲਤ ਵਿੱਚ ਜੱਜ ਦੇ ਸਾਹਮਣੇ ਪੇਸ਼ ਕਰਨ ਲਈ ਕਰਨੀ ਪੈਂਦੀ ਹੈ। ਤੁਸੀਂ ਮੇਰੀਆਂ ਰਚਨਾਵਾਂ ਪੜ੍ਹ ਕੇ ਵਾਹ ਵਾਹ ਨਹੀਂ ਕਰੋਗੇ, ਤੁਸੀਂ ਸੋਚ ਵਿੱਚ ਪੈ ਜਾਉਗੇ। ਜੇਕਰ ਕੋਈ ਰਚਨਾ ਤੁਹਾਨੂੰ ਸੋਚਣ ਲਈ ਮਜਬੂਰ ਨਹੀਂ ਕਰਦੀ ਹੈ, ਤਾਂ ਮੈਂ ਸਮਝਦਾ ਹਾਂ ਕਿ ਇਹ ਮੇਰਾ ਸਾਹਿਤ ਨਹੀਂ ਹੈ। ਮੈਂ ਰਚਨਾਂ ਨੂੰ ਰਚਨਹਾਰੇ ਦਾ ਰਚਨਾਤਮਿਕ ਆਪਾ ਸਮਝਦਾ ਹਾਂ। ਮੈਂ ਸਮਝਦਾ ਹਾਂ ਕਿ ਜ਼ਿੰਦਗੀ ਦਾ ਸਿੱਧਾ ਰਿਸ਼ਤਾ ਤੁਹਾਡੇ ਸਾਹਿਤ ਨਾਲ ਹੈ। ਜੋ ਜੀਵੋਂ ਸੋ ਲਿਖੋ।
ਤੁਹਾਡੇ ਸਵਾਲ ਦਾ ਜਵਾਬ ਹੋਰ ਸਪਸ਼ਟ ਕਰ ਦਿਆਂ ਕਿ ਸਾਡੇ ਤੋਂ ਪਹਿਲੇ ਸਾਹਿਤਕਾਰ ਜਿਵੇਂ ਪ੍ਰੋ. ਮੋਹਣ ਸਿੰਘ ਹੋਰੀ… ਉਹ ਮਧ-ਵਰਗ ਦੇ ਬੰਦੇ ਸੀ… ਜਗੀਰੂ ਸੋਚਾਂ ਵਾਲੇ ਸਨ। ਪਰ ਸ਼ਾਇਰੀ ਮਜ਼ਦੂਰ ਤੇ ਕਿਸਾਨ ਬਾਰੇ ਕਰਦੇ ਸੀ। ਅਸੀਂ ਉਸ ਦੌਰ ਵਿੱਚੋਂ ਨਿਕਲਣਾ ਚਾਹੁੰਦੇ ਸੀ।ਖ਼ਾਸ ਕਰਕੇ ਮੈਂ ਚਾਹੁੰਦਾ ਸੀ ਕਿ ਅਸੀਂ ਅਸਲੀ ਜ਼ਿੰਦਗੀ ਨਾਲ ਜੁੜੀਏ। ਜੋ ਵੇਖਿਆ ਹੈ, ਜੋ ਜੀਵਿਆ ਹੈ, ਉਹਦੇ ਬਾਰੇ ਲਿਖੀਏ। ਤੁਸੀਂ ਮੈਨੂੰ ਪਹਿਲਾਂ ਵੀ ਕਿਧਰੇ ਪੁੱਛਿਆ ਸੀ ਕਿ ਮੈਂ ਆਪਣੀਆਂ ਰਚਨਾਵਾਂ ਵਿੱਚ ਹੁੰਦਾਂ ਹਾਂ ਜਾਂ ਨਹੀਂ ਹੁੰਦਾ। ਸਤਨਾਮ ਜੀ, ਮੈਂ ਆਪਣੀ ਹਰ ਰਚਨਾ (ਕਹਾਣੀ, ਨਾਟਕ, ਕਵਿਤਾ) ਵਿੱਚ ਹਾਜ਼ਰ ਹੁੰਦਾ ਹਾਂ।ਮੇਰਾ ਸਾਹਿਤ ਸਵੈ-ਜੀਵਨੀਆਤਮਿਕ ਹੈ। ਇਹਦੇ ਵਿੱਚ ਹੋਰ ਕਰੈਕਟਰ ਵੀ ਆaੁਂਦੇ ਹਨ ਪਰ ਤੁਸੀਂ ਮੈਨੂੰ ਪਛਾਣ ਸਕਦੇ ਹੋ ਕਿ ਮੈਂ ਕੌਣ ਹਾਂ। ਆਪਣੇ ਨਾਟਕਾਂ ਵਿੱਚ ਵੀ ਮੈਂ ਆਪ ਹੀ ਪਾਤਰ ਹੁੰਦਾ ਹਾਂ। ਕਈ ਵਾਰ ਆਪਣੇ ਆਪ ਨਾਲ ਹੀ ਗੱਲਾਂ ਕਰੀ ਜਾ ਰਿਹਾ ਹੁੰਦਾ ਹਾਂ। ਅੱਜ ਦਾ ਮਨੁੱਖ ਬਹੁ-ਮੁਖੀ ਹੈ ਤੇ ਇੱਕੋ ਸਮੇਂ ਵੱਖ ਵੱਖ ਸਮੱਸਿਆਵਾਂ ਨੂੰ ਕਈ ਕੋਨਾਂ ਤੋਂ ਦੇਖਦਾ ਹੈ।ਤੁਸੀਂ ਮੇਰੇ ਵੱਖ ਵੱਖ ਚੇਹਰੇ, ਮੇਰੇ ਸਾਹਿਤ ਵਿੱਚੋਂ ਵੇਖ ਸਕਦੇ ਹੋ।
? ਕੁਝ ਗੱਲ ਤੁਹਾਡੀ ਕਹਾਣੀ ਬਾਰੇ ਕਰੀਏ ਮੈਂ ਤੁਹਾਡੀ ਇੱਕ ਕਹਾਣੀ, “ਚਰਾਵੀ” ਪੜ੍ਹੀ ਸੀ। ਚਰਾਵੀ ਦਾ ਪਾਤਰ ਤੇ ਸਮਾਂ ਸਥਾਨ ਪੰਜਾਬ ਦੇ ਪੇਂਡੂ ਸਮਾਜ ਨਾਲ ਸੰਬਧਤ ਹੈ।ਮੈਨੂੰ ਇਹ ਰਚਨਾ ਬਹੁਤ ਕਮਾਲ ਦੀ ਲੱਗੀ। ਇਹ ਕਹਾਣੀ ਕਦੋਂ ਤੇ ਕਿਵੇ ਲਿਖੀ ਗਈ?
– ਸਤਨਾਮ ਜੀ, ੧੯੫੬ ਵਿੱਚ ਮੈਂ ਆਪਣੇ ਪਿੰਡ ਜਗਤ ਪੁਰ ਵਿੱਚ ਅਧਿਆਪਕ ਲੱਗ ਚੁੱਕਾ ਸੀ।ਸਾਡੇ ਪਿੰਡ ਇੱਕ ਆਦਿ-ਧਰਮੀ ਪਰਿਵਾਰ ਵਿੱਚ ਪਿਤਾ ਦੀ ਮੌਤ ਹੋ ਗਈ, ਘਰ ਵਿੱਚ ਦੋ ਜੀਅ ਸਨ ਲੜਕੀ ਅਤੇ ਉਸ ਦੀ ਮਾਂ। ਮਾਂ ਦੀ ਨਿਗ੍ਹਾ ਬਿਲਕੁਲ ਜਾ ਚੁੱਕੀ ਸੀ।ਇੱਥੇ ਤੱਕ ਸੱਚ ਹੈ।ਉਨ੍ਹਾਂ ਦਿਨਾਂ ਵਿੱਚ ਸਾਡਾ ਸਮਾਜ ਇਹ ਗੱਲ ਬਰਦਾਸ਼ਤ ਨਹੀਂ ਸੀ ਕਰਦਾ ਕਿ ਚਰਵਾਹੇ ਦਾ ਕੰਮ ਇੱਕ ਕੁੜੀ ਕਰੇ।ਇਹ ਉਹ ਸਮਾਂ ਸੀ ਜਦੋਂ ਕੁੜੀਆਂ ਨੂੰ ਇਕੱਲੀਆਂ ਨੂੰ ਬਾਹਰ ਜਾਣ ਦੀ ਇਜ਼ਾਜਤ ਨਹੀਂ ਸੀ ਹੁੰਦੀ।ਉਹ ਕੁੜੀ ਉਸ ਘਰ ਦਾ ਮਰਦ ਸੀ, ਉਨ੍ਹਾਂ ਦੀ ਲੋੜ ਸੀ।ਜੀਵਨ ਲਈ ਸੰਘਰਸ਼ ਦੀ ਲੋੜ ਵਿੱਚੋਂ ਉਹਦੇ ਅੰਦਰ ਇੱਛਾ ਪੈਦਾ ਹੋਈ।ਉਸ ਕੋਲ ਕੋਈ ਵਿੱਦਿਆ ਨਹੀਂ ਸੀ। ਅਜੇ ਕੋਈ ਕੰਮ ਨਹੀਂ ਸੀ ਸਿੱਖਿਆ। ਆਪਣੇ ਬਾਪ ਦੇ ਨਾਲ ਪਸ਼ੂ ਚਾਰਨ ਜਾਂ ਘਾਹ ਖੋਤਣ ਦਾ ਕੰਮ ਉਹਨੇ ਦੇਖਿਆ ਜਾਂ ਸਿੱਖਿਆ ਸੀ। ਜਾਂ ਕਹਿ ਲਉ ਆਉਂਦਾ ਸੀ। ਉਹਨੇ ਹੌਸਲਾ ਕਰਕੇ ਇਸ ਕਿੱਤੇ ਨੂੰ ਅਪਣਾ ਲਿਆ। ਸੋ ਇਹ ਜੀਵਨ ਦੇ ਸੰਘਰਸ਼ ਦੀ ਕਹਾਣੀ ਹੈ। ਇੱਕ ਤਾਂ ਇਹਦੇ ਵਿੱਚ ਦੱਸਣ ਦੀ ਕੋਸ਼ਿਸ ਇਹ ਕੀਤੀ ਗਈ ਹੈ ਕਿ ਕੋਈ ਵੀ ਕਿਰਤ ਮਾੜੀ ਨਹੀਂ ਹੁੰਦੀ। ਦੂਜਾ ਇਹ ਕਿ ਉਹ ਜਵਾਨ ਹੋ ਰਹੀ ਹੈ। ਉਸ ਦੀਆਂ ਭਾਵਨਾਵਾਂ ਅਤੇ ਮਾਨਸਕ ਲੋੜਾਂ ਹਨ। ਉਸ ਨੂੰ ਵਿਰੋਧੀ ਸੈਕਸ ਪ੍ਰਤੀ ਆਕਰਸ਼ਨ ਵੀ ਪੈਦਾ ਹੋ ਰਿਹਾ ਹੈ। ਉਹਦੀ ਜ਼ਿੰਦਗੀ ਇੱਕਸਾਰ ਧਾਰਾ ਨਹੀਂ। ਉਹ ਵੱਖ ਵੱਖ ਗੁੰਝਲਾਂ ਇੱਕੋ ਸਮੇਂ ਨਜਿੱਠਣ ਲਈ ਜੱਦੋ-ਜਹਿਦ ਕਰ ਰਹੀ ਹੈ।ਇੱਕ ਪਾਸੇ ਆਰਥਿਕ ਲੋੜਾਂ ਤੇ ਉਸ ਦੀ ਅੰਨ੍ਹੀਂ ਮਾਂ ਹੈ, ਤੇ ਦੂਜੇ ਪਾਸੇ ਆਪਣੇ ਕਿੱਤੇ ਪ੍ਰਤੀ ਸਮਾਜ ਨਾਲ ਟੱਕਰ ਹੈ।ਉਹ ਆਪਣੇ ਮਕਸਦ ਵਿੱਚ ਕਾਮਯਾਬ ਹੁੰਦੀ ਹੈ। ਇੱਥੇ ਕਹਾਣੀ ਖ਼ਤਮ ਹੁੰਦੀ।
?ਤੁਹਾਡੀਆਂ ਪਹਿਲੀਆਂ ਕਹਾਣੀਆਂ ਵਿੱਚੋਂ ਦੋ ਹੋਰ ਕਹਾਣੀਆਂ ਬਾਰੇ ਗੱਲ ਕਰਨੀ ਚਾਹਾਂਗਾ ਇੱਕ ਤਾਂ ਕਹਾਣੀ ਹੈ ‘ਐਵਰੀ ਮੈਨਜ਼ ਵਾਟਰ’ ਇਸ ਕਹਾਣੀ ਦੀ ਸਿਰਜਣਾ ਬਾਰੇ ਦੱਸੋ ਕਦੋ ਤੇ ਕਿਵੇਂ ਸਿਰਜਣਾ ਹੋਈ? ਦੂਜੀ ਕਹਾਣੀ ਹੈ ‘ਪਾਸਪੋਰਟ’ ਇਸ ਕਹਾਣੀ ਬਾਰੇ ਵੀ ਕੁਝ ਦੱਸੋ? ਇਹ ਯਥਾਰਥ ਦੇ ਕਿੰਨਾਂ ਕੁ ਨੇੜੇ ਹਨ? ਇਨ੍ਹਾਂ ਦੇ ਪਾਤਰਾਂ ਬਾਰੇ ਕੋਈ ਗੱਲ ਕਰਨੀ ਚਾਹੋਗੇ?
–
ਇਨ੍ਹਾਂ ਦੋਹਾਂ ਕਹਾਣੀਆਂ ਦੇ ਰਚਨਾ-ਕਾਲ ਵਿੱਚ ੫ -੬ ਸਾਲ ਦਾ ਫਰਕ ਹੈ। ਦੋਵੇਂ ਕਹਾਣੀਆਂ, ਪਰਵਾਸੀ ਜੀਵਨ ਤੇ ਉਸ ਦੇ ਪ੍ਰਭਾਵਾਂ ਬਾਰੇ ਲਿਖੀਆਂ, ਪੰਜਾਬੀ ਸਾਹਿਤ ਦੀਆਂ ਪਹਿਲੀਆਂ ਕਹਾਣੀਆਂ ਹਨ।”ਪਾਸਪੋਰਟ” ੧੯੬੩ ਵਿੱਚ ਛਪੇ, ਮੇਰੇ ਪਹਿਲੇ ਕਹਾਣੀ-ਸੰਗ੍ਰਹਿ: “ਚਰਾਵੀ”(ਛਾ ਘਰਿਲ) ਵਿੱਚ ਸ਼ਾਮਿਲ ਹੈ। ਇਸ ਪੁਸਤਕ ਦੇ ਮੁੱਖਬੰਧ ਕੁਲਵੰਤ ਸਿੰਘ ਵਿਰਕ, ਦੇਵਿੰਦਰ ਸਤਿਆਰਥੀ ਅਤੇ ਨੌਜਵਾਨ ਆਲੋਚਕ ਕੁਲਬੀਰ ਕਾਂਗ ਨੇ ਲਿਖੇ ਸਨ। ਇਹ ਕਹਾਣੀ ਵਿਰਕ ਨੂੰ ਬਹੁਤ ਪਸੰਦ ਸੀ। ਇਹ ਕਹਾਣੀ ਇਕ ਸੱਚੀ ਘਟਨਾ ਤੇ ਅਧਾਰਤ ਹੈ।ਵਿਰਕ ਦਾ ਵਿਚਾਰ ਹੈ ਕਿ ਸੱਚ ਨੂੰ ਜਿਓਂ ਦਾ ਤਿਓਂ ਬਿਆਨ ਕਰ ਦੇਣ ਨਾਲ ਚੰਗੀ ਕਹਾਣੀ ਨਹੀਂ ਬਣਦੀ ਸਗੋਂ ਲੇਖਕ ਨੂੰ ਇਸ ਕੱਚੀ ਸਾਮੱਗਰੀ ਵਿੱਚੋਂ ਗੱਲ ਬਣਾਉਣ ਦੀ ਜਾਚ ਹੋਣੀ ਚਾਹੀਦੀ ਹੈ। ਇਹ ਹੀ ਕਲਾ ਹੁੰਦੀ ਹੈ। ਇਸ ਕਹਾਣੀ ਦਾ ਨਾਇਕ ਜ਼ਮੀਨ ਵੇਚਕੇ, ਹੋਰ ਵਧੇਰੇ ਪੈਸੇ ਕਮਾਉਣ ਲਈ, ਆਪਣੀ ਸੱਜ-ਵਿਆਹੀ ਪਤਨੀ ਨੂੰ ਆਪਣੇ ਪਿੰਡ ਛੱਡ ਕੇ, ਇੰਗਲੈਂਡ ਚਲੇ ਜਾਂਦਾ ਹੈ।ਪੈਸਿਆਂ ਨਾਲ ਲੱਦਿਆ ਜਦੋਂ ਉਹ ਵਾਪਸ ਭਾਰਤ ਪਰਤਦਾ ਹੈ, ਤਾਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਇਸ ਦੌਰਾਨ ਉਸ ਦਾ ਛੋਟਾ ਭਰਾ ਉਸ ਦੀ ਪਤਨੀ ਉੱਤੇ ਚਾਦਰ ਪਾ ਲੈਂਦਾ ਹੈ। ਉਸ ਦੀ ਪਤਨੀ ਦੇ ਕੁੱਛੜ, ਉਸ ਦੇ ਛੋਟੇ ਭਰਾ ਦਾ ਪੁੱਤਰ ਹੈ।ਪੈਸਿਆਂ ਦੀ ਆਪਣੀ ਹਕੀਕਤ ਤੇ ਲੋੜ ਹੈ ਅਤੇ ਜਵਾਨੀਆਂ ਤੇ ਜਿਸਮਾਂ ਦੀ ਆਪਣੀ। ਇਹੋ ਜਿਹੇ ਦੁਖਾਂਤ ਜ਼ਿੰਦਗੀ ਦੇ ਅਰਥ ਤੇ ਦਿਸ਼ਾ ਹੀ ਬਦਲ ਕੇ ਰੱਖ ਦਿੰਦੇ ਹਨ।
“ਐਵਰੀ ਮੈਨਜ਼ ਵਾਟਰ” ਕਹਾਣੀ ,੧੯੬੯ ਵਿੱਚ ਛਪੇ ਮੇਰੇ ਤੀਜੇ ਕਹਾਣੀ-ਸੰਗ੍ਰਹਿ: “ਸ਼ਹਿਰ ਵਿੱਚ ਜੰਗਲ” ਵਿੱਚ ਸ਼ਾਮਿਲ ਹੈ।ਇਹ ਕਹਾਣੀ ਮੈਂ ਮੁੰਬਈ ਤੋਂ ਕੀਨੀਆਂ ਦੀ ਬੰਦਰਗਾਹ ਮੁੰਬਾਸਾ ਤਕ ਦਾ ਸਫਰ,ਸਮੁੰਦਰੀ ਜਹਾਜ਼ ਵਿੱਚ ਕਰਦਿਆਂ, ਜਨਵਰੀ, ੧੯੬੭ ਵਿੱਚ, ਹਿੰਦ ਮਹਾਂ ਸਾਗਰ ਵਿੱਚ ਹੀ ਲਿਖੀ ਸੀ।ਇਸ ਕਹਾਣੀ ਦਾ ਮੁੱਖ ਕਿਰਦਾਰ ਤੇ ਕੁਝ ਹੋਰ ਕਿਰਦਾਰ ਭਾਵੇਂ ਮੈਨੂੰ ਇਸ ਜਹਾਜ਼ ਵਿੱਚ ਹੀ ਪਹਿਲੀ ਵਾਰ ਮਿਲੇ ਸਨ, ਪਰ ਇਸ ਕਹਾਣੀ ਵਿਚਲਾ ਅਨੁਭਵ ਮੈਨੂੰ ਸਕੂਲ ਵਿੱਚ ਪੜ੍ਹਦਿਆਂ ੧੯੫੦ ਤੋਂ ਹੀ ਹੋਣਾ ਸ਼ੁਰੂ ਹੋ ਚੁੱਕਾ ਸੀ। ਕੀਨੀਆਂ ਤੋਂ ਭਾਰਤ ਨੂੰ ਪੈਸੇ ਕੱਢਣੇ ਬਹੁਤ ਔਖੇ ਸਨ। ਬਦੇਸ਼ੀ ਕਰੰਸੀ ਦੀਆਂ ਪਾਬੰਦੀਆਂ ਸਨ। ਕੀਨੀਆਂ ਵਿੱਚ ਵੱਸਦੇ ਰਾਮਗੜ੍ਹੀਆ ਪਰਵਾਸੀਆਂ ਨਾਲ ਸੰਬੰਧਤ ਮੇਰੇ ਕੁਝ ਹਮਜਮਾਤੀ ਬਹੁਤ ਹੀ ਖੂਬਸੂਰਤ ਤੇ ਕੀਮਤੀ ਸਾਈਕਲਾਂ ਉੱਤੇ ਸਕੂਲ ਪੜ੍ਹਨ ਆਉਂਦੇ ਹੁੰਦੇ ਸਨ। ਇਨ੍ਹਾਂ ਦੇ ਕੀਨੀਆਂ ਵੱਸਦੇ ਰਿਸ਼ਤੇਦਾਰ ਪੈਸੇ ਕੱਢਣ ਲਈ ਸਾਈਕਲ, ਕਾਰਾਂ, ਸੋਨਾ ਤੇ ਹੋਰ ਕੀਮਤੀ ਸਾਮਾਨ ਕੀਨੀਆਂ ਤੋਂ ਆਪਣੇ ਨਾਲ ਭਾਰਤ ਲੈ ਆਉਂਦੇ ਸਨ।ਏਧਰ ਆ ਕੇ ਚੰਗਾ ਚੋਖਾ ਮੁੱਲ ਵੱਟਦੇ ਸਨ।ਇਸ ਤਸਕਰੀ ਦਾ ਲਾਭ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਵੀ ਹੁੰਦਾ ਸੀ। ਇਹ ਕਹਾਣੀ ਦਾ ਤਾਣਾ ਪੇਟਾ ਜਾਂ ਸੰਦਰਭ ਸੀ। ਇਸ ਕਹਾਣੀ ਦਾ ਕੀਨੀਆਂ ਵਿੱਚ ਵੱਸਦਾ ਪਰਵਾਸੀ ਪੰਜਾਬੀ ਨਾਇਕ ਮੌਤ-ਗ੍ਰੰਥੀ (ਧeaਟਹ ਛੋਮਪਲeਣ) ਵਿੱਚ ਗ੍ਰੱਸਿਆ, ਮੌਤ ਦੇ ਭੈ ਹੇਠ ਵਿਚਰ ਰਿਹਾ ਸੀ।ਉਸ ਦੇ ਪਿਤਾ ਦੀ ਮੌਤ ਸਮੁੰਦਰੀ ਜਹਾਜ਼ ਵਿੱਚ ਸਫ਼ਰ ਕਰਦਿਆਂ ਹੋ ਗਈ ਸੀ ਅਤੇ ਉਸ ਦੀ ਲਾਸ਼ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਗਿਆ ਸੀ। ਮੇਰੇ ਨਾਲ ਜਹਾਜ਼ ਵਿੱਚ ਸਫਰ ਕਰਦਿਆਂ ਇਹ ਨਾਇਕ ਵੀ ਡਰ ਰਿਹਾ ਸੀ ਕਿ ਉਸ ਦੀ ਮੌਤ ਵੀ ਉਸ ਦੇ ਪਿਤਾ ਵਾਂਗ ਹੋਵੇਗੀ ਤੇ ਉਸ ਦੀ ਲਾਸ਼ ਨੂੰ ਸਮੁੰਦਰ ਵਿੱਚ ਮੱਛੀਆਂ ਤੇ ਮਗਰਮੱਛਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਉਹ ਬਹੁਤ ਉਦਾਸ ਤੇ ਚਿੰਤਤ ਸੀ। ਮੈਂ ਉਸ ਨੂੰ ਭੈ ਦੀ ਏਸ ਗਰੰਥੀ ਤੋਂ ਮੁਕਤ ਕਰ ਕੇ ਜ਼ਿੰਦਗੀ ਦੇ ਵਡੇਰੇ ਸੱਚ ਨਾਲ ਜੋੜਨਾ ਚਾਹੁੰਦਾ ਸਾਂ। ਜ਼ਿੰਦਗੀ ਜਿਸ ਨੂੰ ਕਈ ਵਾਰ “ਨੋ ਮੈਨਜ਼ ਲੈਂਡ”(ਂੋ ੰaਨ’ਸ ਲ਼aਨਦ) ਵੀ ਕਿਹਾ ਜਾਂਦਾ ਹੈ। ਮੈਂ ਇਸ ਨੂੰ “ਐਵਰੀ ਮੈਨਜ਼ ਵਾਟਰ” ਆਖਕੇ, ਇਸ ਕਹਾਣੀ ਦੇ ਨਾਇਕ ਨੂੰ ਜ਼ਿੰਦਗੀ ਦੇ ਏਸ ਮਹਾਨ ਸੱਚ ਨਾਲ ਜੋੜਨਾ ਚਾਹੁੰਦਾ ਸਾਂ।”ਐਵਰੀ ਮੈਨਜ਼ ਵਾਟਰ” ਜਾਂ ਵਿਸਕੀ ਦਾ ਗਲਾਸ ਏਥੇ ਚਿੰਨ੍ਹ ਜਾਂ ਪ੍ਰਤੀਕ ਵਜੋਂ ਹੀ ਵਰਤਿਆ ਗਿਆ ਹੈ।ਕਹਾਣੀ ਪੜ੍ਹਨ ਨਾਲ ਹੀ ਤੁਅੱਲਕ ਰੱਖਦੀ ਹੈ। ਇਹ ਕਹਾਣੀ, ਮੇਰੀਆਂ ਉਨ੍ਹਾਂ ਬਿਹਤਰੀਨ ਕਹਾਣੀਆਂ ਵਿੱਚੋਂ ਇੱਕ ਹੈ, ਜਿਹੋ ਜਿਹੀਆਂ ਪੰਜਾਬੀ ਵਿੱਚ ਕਦੇ ਵੀ ਨਹੀਂ ਸਨ ਲਿਖੀਆਂ ਗਈਆਂ।ਇਨ੍ਹਾਂ ਕਹਾਣੀਆਂ ਵਿਚਲਾ ਅਨੁਭਵ, ਚਿੰਤਨ ਅਤੇ ਜਟਿੱਲ ਵਾਤਾਵਰਨ ਜਿਸ ਬੌਧਕ ਸੂਝ ਤੇ ਆਧੁਨਿਕ ਸੰਵੇਦਨਾ ਦੀ ਮੰਗ ਕਰਦਾ ਸੀ, ਉਸਦਾ, ਉਸ ਸਮੇਂ, ਪੰਜਾਬੀ ਪਾਠਕਾਂ ਅਤੇ ਆਲੋਚਕਾਂ, ਦੋਹਾਂ ਵਿੱਚ ਹੀ ਅਭਾਵ ਸੀ।
‘ਬੀਮਾਰ ਸਦੀ’ ਵਰਗੀ ਰਚਨਾ ਵਿੱਚ ਤੁਸੀਂ ਸਮਾਜ ਦੇ ਉਨ੍ਹਾਂ ਪਾਤਰਾਂ ਨੂੰ ਲਿਆ ਜਿਨ੍ਹਾਂ ਦਾ ਕੰਮ ਹੀ ਮਾੜੇ ਕੰਮ ਕਰਨਾ ਹੈ? ਤੁਸੀਂ ਇਸ ਬੀਮਾਰੀ ਬਾਰੇ ਅਧਿਐਨ ਕਿੱਥੋਂ ਕੀਤਾ ਹੈ? ਤੁਹਾਨੂੰ ਇਸ ਦਾ ਕੋਈ ਕਾਰਨ ਵੀ ਨਜ਼ਰੀ ਪਿਆ?
ਢਾਹ ਜੀ, ਇਹਦੇ ਬਾਰੇ ਗੱਲ ਇਹ ਹੈ ਕਿ ਜਦੋਂ ਮੈਂ ਇਹ ਨਾਟਕ ਲਿਖਿਆ ਸੀ ਤਾਂ ਆਪਣੇ ਲੋਕ ਕਹਿੰਦੇ ਸੀ ਕਿ ਇਹ ਤਾਂ ਸਾਡੇ ਸਮਾਜ ਦੀ ਸਮੱਸਿਆ ਹੀ ਨਹੀਂ। ਪਰ ਮੈਂ ਦੇਖਿਆ ਸੀ ਕਿ ਇਹ ਸਮੱਸਿਆ ਮਾਝੇ, ਮਾਲਵੇ ਅਤੇ ਸਾਡੇ ਦੁਆਬੇ ਵਿੱਚ ਵੀ ਸੀ। ਮੈਂ ਜਦੋਂ ਪੰਜਾਬ ਵਿੱਚ ਸੀ ਤਾਂ ਨੂਰਮਹਿਲ ਦੇ ਨੇੜੇ ਬਹੁਤ ਵੱਡਾ ਪਿੰਡ ਹੈ, ਤਲਵਣ ਉੱਥੇ ਪੜ੍ਹਾਉਦੇ ਹੋਏ ਇਹ ਸਭ ਕੁਝ ਮੈਂ ਅੱਖੀ ਦੇਖਿਆ। ਫੇਰ ਅਫ਼ਰੀਕਾ ਤੇ ਬਾਕੀ ਪੱਛਮੀ ਦੇਸ਼ਾਂ ਵਿੱਚ ਵੀ ਇਹ ਸਭ ਕੁਝ ਦੇਖਣ ਸੁਨਣ ਨੂੰ ਮਿਲਦਾ ਹੈ। ਜਿੰਨ੍ਹਾਂ ਨੂੰ ਆਪਾਂ ਵੈਲੀ ਜਾਂ ਸ਼ਰਾਬੀ ਭਾਵ ਮਾੜੇ ਕੰਮ ਕਰਨ ਵਾਲੇ ਲੋਕ ਕਹਿੰਦੇ ਸਾਂ।ਪਰ ਇਹ ਗਿਣਤੀ ਵਿਚ ਉਦੋਂ ਥੋੜ੍ਹੇ ਸਨ। ਲੋਕਾਂ ਦੀ ਨਿਗ੍ਹਾ ਵਿੱਚ ਨਹੀਂ ਸਨ ਰੜਕਦੇ। ਆਮ ਲੋਕ ਇਸ ਨੂੰ ਸਮੱਸਿਆ ਨਹੀਂ ਸਨ ਸਮਝਦੇ। ਹੁਣ ਜਦੋਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਅਤੇ ਜੁਰਮ ਦੀ ਅੱਗ ਲੱਗ ਚੁੱਕੀ ਹੈ, ਤਾਂ ੩੪-੩੫ ਸਾਲਾਂ ਬਾਅਦ , ਇਹ ਹੀ ਲੋਕ ਕਹਿ ਰਹੇ ਹਨ ਕਿ ਹੁਣ ਇਹ ਸਾਡੀ ਸਮੱਸਿਆ ਜ਼ਰੂਰ ਹੈ। ਇਨ੍ਹਾਂ ਨੂੰ ਮੇਰੇ ਨਾਲ ਰਲਣ ਵਿਚ ਤਿੰਨ ਦਹਾਕੇ ਲੱਗ ਗਏ। ਬੌਧਕ ਚਿੰਤਨ ਵਾਲਾ ਲੇਖਕ ਭਵਿੱਖ-ਦਰਸ਼ੀ ਅਤੇ ਪਾਰਦਰਸ਼ੀ(ਵਸਿਨaਰੇ) ਹੁੰਦਾ ਹੈ। ਆਉਣ ਵਾਲੀਆਂ ਘਟਨਾਵਾਂ ਦੀ ਉਹ ਪਹਿਲਾਂ ਹੀ ਭਵਿੱਖ-ਵਾਣੀ ਕਰਕੇ ਲੋਕਾਂ ਨੂੰ ਸੁਚੇਤ ਕਰ ਦਿੰਦਾ ਹੈ।
?ਇਸੇ ਤਰ੍ਹਾਂ ਇੱਕ ਹੋਰ ਕਵਿ-ਨਾਟਕ ‘ਮਨ ਦੇ ਹਾਣੀ’ ਬਾਰੇ ਵੀ ਕੁਝ ਦੱਸੋ ਜਿਨ੍ਹਾਂ ਲੋਕਾਂ ਨੇ ਇਹ ਪੜ੍ਹਿਆ ਜਾਂ ਦੇਖਿਆ ਹੈ ਉਨ੍ਹਾ ਦਾ ਕਹਿਣਾ ਹੈ ਕਿ ਕਮਾਲ ਦੀ ਰਚਨਾ ਹੈ। ਪਰ ਜਿਨ੍ਹਾਂ ਨੇ ਦੇਖਿਆ, ਪੜ੍ਹਿਆ ਨਾ ਹੋਵੇ ਉਹਨਾ ਨੂੰ ਸੰਖ਼ੇਪ ਵਿੱਚ ਦੱਸੋ ਇਸ ਦਾ ਜਨਮ ਕਦਂੋ ਤੇ ਕਿਵਂੇ ਹੋਇਆ?
-ਸਤਨਾਮ ਜੀ, ੧੯੯੦ ਵਿੱਚ ਮੇਰੀ ਤਿੰਨ ਕਾਵਿ-ਨਾਟਕਾ ਦੀ ਇੱਕ ਪੁਸਤਕ ਛਪੀ ਸੀ ਜਿਸ ਦਾ ਨਾਂ ਹੈ ‘ਤਿੰਨ ਨਾਟਕ’ ਇਸ ਤੋ ਪੂਰੇ ਪੰਦਰਾਂ ਸਾਲ ਬਾਅਦ ਮੈਂ ਆਪਣਾ ਦਸਵਾਂ ਨਾਟਕ ‘ਮਨ ਦੇ ਹਾਣੀ’ ੨੦੦੫ ਵਿੱਚ ਲਿਖਿਆ। ਇਸੇ ਸਾਲ ਇਹ ਸ਼ਾਹਮੁਖੀ ਅੱਖ਼ਰਾਂ ਵਿੱਚ ਪਕਿਸਤਾਨ ਵਿੱਚ ਵੀ ਛਪਿਆ। ਇਹ ਬਹੁ-ਚਰਚਿੱਤ ਕਾਵਿ-ਨਾਟਕ ਹੈ, ਜਿਸ ਨੂੰ ਸਰਗਵਾਸੀ ਗੁਰਸ਼ਰਨ ਸਿੰਘ ਦੇ ਸ਼ਾਗਿਰਦ ਡਾ. ਸਾਹਿਬ ਸਿੰਘ ਨੇ ਸੱਤ ਵਾਰ ਮੰਚਤ ਕੀਤਾ। ੨੦੦੮ ਤੇ ੨੦੦੯ ਵਿੱਚ ਉਸ ਨੇ ਦੋ ਦੋ ਸ਼ੋਅ ਚੰਡੀਗੜ੍ਹ ਤੇ ਅੰਮ੍ਰਿਤਸਰ ਕੀਤੇ ਅਤੇ ਇੱਕ ਇੱਕ ਸ਼ੋਅ ਦਿੱਲੀ, ਬਠਿੰਡਾ ਤੇ ਮੁੱਲਾਂਪੁਰ-ਦਾਖਾ ਕੀਤੇ.. ਕੁੱਲ ਸੱਤ ਸ਼ੋਅ ਕਰਕੇ ਆਪਣੀ ਨਿਦੇਸ਼ਕੀ ਸਮਰੱਥਾ ਦੀ ਧਾਕ ਜਮਾਈ। ਇਸ ਕਵਿ-ਨਾਟਕ ਦਾ ਥੀਮ ਜਾਂ ਵਿਸ਼ਾ ਇਸਤਰੀ ਪੁਰਖ ਵਿੱਚ ਮਾਨਸਿਕ ਹਾਣ ਦੇ ਰਿਸ਼ਤੇ ਦੀ ਸਥਾਪਨਾ ਹੈ।’ਮਨ ਦੇ ਹਾਣੀ’ ਦੇ ਥੀਮ-ਗੀਤ ਦੇ ਇਸ ਮੁਖੜੇ ਤੋਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ:
‘ਮਨ ਦੇ ਹਾਣੀ ਕਿੱਥੋਂ ਲੱਭੀਏ?
ਮਨ ਦੇ ਹਾਣ ਨਾ ਲੱਭਦੇ।
ਤਨ ਦੀ ਭਾਸ਼ਾ ਬੋਲਣ ਸਾਰੇ,
ਬੂਹੇ ਬੰਦ ਨੇ ਸਭ ਦੇ।’
ਮੈਂ ਇਸਤਰੀ ਪੁਰਖ ਦੇ ਰਿਸ਼ਤੇ ਨੂੰ ‘ਮਨ ਦੇ ਹਾਣੀ’ ਵਜੋਂ ਲਿਆ ਹੈ। ਇਕੱਲੇ ਤਨ ਦਾ ਰਿਸ਼ਤਾ ਕਈ ਵਾਰ ਵੇਸਵਾਈ ਹੋ ਨਿੱਬੜਦਾ ਹੈ ਤੇ ਇਕੱਲੇ ਮਨ ਦਾ ਰਿਸ਼ਤਾ, ਅਫ਼ਲਾਤੂਨੀ ਪਿਆਰ। ਇਹ ਦੋਵੇਂ ਰਿਸ਼ਤੇ ਉਲਾਰ ਅਤੇ ਅਧੂਰੇ ਹਨ। ‘ਦੇਹੀ ਅੰਨਦ’ ਅਤੇ ‘ਮਾਨਸਿਕ ਸੰਤੁਸਟੀ’ ਦਾ ਮੇਲ ਜ਼ਰੂਰੀ ਹੈ ਤਾਂ ਹੀ ਇਹ ਰਿਸ਼ਤਾ ਚਿਰਜੀਵੀ ਅਤੇ ਖ਼ੁਸ਼ੀਆਂ ਖੇੜਿਆਂ ਭਰਿਆ ਹੋ ਸਕੇਗਾ।ਜੇਕਰ ਨੌਜੁਆਨ ਪੀੜ੍ਹੀ ਇਸਤ੍ਰੀ ਪੁਰਸ਼ ਦੋਵੇ ਮਨ ਦੇ ਹਾਣੀ ਲੱਭਣ ਦੀ ਕੋਸ਼ਿਸ ਕਰਨ ਤਾਂ ਉਹਨਾ ਦਾ ਵਿਆਹੁਤਾ ਜੀਵਨ ਖੁਸ਼ੀਆਂ ਭਰਿਆ ਤੇ ਸੰਤੁਸ਼ਟ ਹੋ ਸਕੇਗਾ। ਉਹ ਸਰੀਰਕ ਤੇ ਮਾਨਸਿਕ ਰੂਪ ਵਿੱਚ ਬੱਝਕੇ ਇੱਕ ਦੂਜੇ ਦੇ ਪੂਰਕ ਬਣ ਜਾਣਗੇ। ਕੋਈ ਭਟਕਣ ਨਹੀਂ ਰਹੇਗੀ।ਮਾਨਸਿਕ ਤੇ ਸਰੀਰਕ ਤੌਰ ਤੇ ਇੱਕ ਦੂਜੇ ਵਿੱਚ ਅਭੇਦ ਹੋ ਜਾਣਾ ਹੀ ਪੂਰਨ ‘ਅੰਨਦ’ ਦੀ ਅਵਸਥਾ ਦੀ ਪ੍ਰਾਪਤੀ ਹੈ।ਇਸ ਕਾਵਿ-ਨਾਟ ਵਿਚ ਹੇਠ ਲਿਖੀਆਂ ਸਤਰਾਂ ਇਸ ਪ੍ਰਸੰਗ ਵਿੱਚ ਧਿਆਨ ਮੰਗਦੀਆਂ ਹਨ:
‘ਮਨ ਨੂੰ ਮਿਲ਼ੇ ਜੇ ਮਨ ਦਾ ਹਾਣੀ
ਤਨ ਵੀ ਹਾਣੀ ਹੋ ਜਾਂਦਾ ਹੈ
ਸੂਰਜ ਦੇ ਨਾਲ ਚਾਨਣ ਵਾਂਗੂੰ
ਮੋਢਾ ਜੋੜ ਖੜੋ ਜਾਂਦਾ ਹੈ।’
‘ਸੂਰਜ’ ਤੇ ‘ਚਾਨਣ’ ਨੂੰ ਇੱਕ ਦੂਜੇ ਨਾਲੋਂ ਤੋੜਿਆ ਨਹੀਂ ਜਾ ਸਕਦਾ। ਇਹ ਇੱਕ ਸਦੀਵੀ ਰਿਸ਼ਤਾ ਹੈ।ਪਤੀ, ਪਤਨੀ ਲਈ ਵੀ ਮੈਂ ਇਸ ਕਾਵਿ-ਨਾਟ ਵਿੱਚ ਇੱਕ ਐਸੇ ਰਿਸ਼ਤੇ ਦੀ ਕਲਪਣਾ ਕਰਦਾ ਹਾਂ।ਜੇ ਦੋਹਾਂ ਦੀਆਂ ਸੋਚਾਂ ਦੀ ਪੱਧਰ ਇੱਕ ਹੋਵੇ, ਸ਼ੌਂਕ ਅਹਿਸਾਸ ਤੇ ਦਿਲਚਸਪੀਆਂ ਵਿੱਚ ਸਾਂਝ ਹੋਵੇ, ਆਪਣੇ ਆਪ ਦੀ ਪਹਿਚਾਣ ਵਿੱਚ ਜੇ ਪਤੀ ਨੂੰ ਪਤਨੀ ਦੇ ਆਪੇ ਦੀ ਪਹਿਚਾਣ ਹੋ ਜਾਏ, ਤਾਂ ਇਹ ਰਿਸ਼ਤਾ ਜੀਵਨ-ਕਾਲ ਸਥਾਈ ਹੋ ਸਕਦਾ ਹੈ।
ਇਨ੍ਹਾਂ ਵਿਚਾਰਾਂ ਦੀ ਪ੍ਰਸਤੁਤੀ ਲਈ ਮੈਂ ਇਸ ਨਾਟਕ ਵਿੱਚ ਹੋਰ ਕਿਰਦਾਰਾਂ ਤੋਂ ਬਿਨਾਂ, ਤਿੰਨ ਮੁਖ ਕਿਰਦਾਰ ਵੀ ਲਏ ਹਨ। ਉਹ ਹਨ ‘ਪਤੀ’, ‘ਪਤਨੀ’ ਅਤੇ ‘ਮਰਦ’।’ਪਤੀ’, ਪਤਨੀ ਪੱਛਮੀ ਕਿਰਦਾਰ ਹਨ। ਇਹ ਇਕੱਠੇ ਸਕੂਲ ਵਿੱਚ ਪੜ੍ਹੇ। ਇਨ੍ਹਾਂ ਦਾ ਆਪਸ ਵਿਚ ਪਿਆਰ ਹੋ ਗਿਆ, ਬੱਚੇ ਹੋ ਗਏ।ਪਹਿਲਾਂ ਪਤੀ ਤਨਖਾਹ ਤੇ ਟੱਰਕ ਚਲਾਉਂਦਾ ਸੀ। ਫੇਰ ਉਸ ਨੇ ਆਪਣਾ ਟੱਰਕ ਲੈ ਲਿਆ ਤੇ ਮਾਲਕ/ਡਰਾਇਵਰ ਬਣ ਗਿਆ। ਉਸ ਦੀ ਲਾਲਸਾ ਇੱਕ ਤੋਂ ਬਾਅਦ ਦੋ, ਫੇਰ ਤਿੰਨ ਤੇ ਫੇਰ ਟੱਰਕਾਂ ਦੀ ਕੰਪਨੀ ਸਥਾਪਤ ਕਰਨ ਤਕ ਪਹੁੰਚ ਜਾਂਦੀ ਹੈ। ਪੈਸੇ ਤੇ ਵਕਾਰ ਦੀ ਇਸ ਦੌੜ ਵਿੱਚ ਪਤੀ ਅਪਣੀ ਪਤਨੀ ਵਲਾਂ ਕੋਤਾਹੀ ਵਰਤਦਾ ਹੈ। ਪਤਨੀ ਉਸ ਨੂੰ ਜਵਾਨੀ ਦੇ ਪ੍ਰੇਮੀ ਦੇ ਰੂਪ ਵਿੱਚ ਪਾ੍ਰਪਤ ਕਰਨਾ ਚਾਹੁੰਦੀ ਹੈ। ਉਨ੍ਹਾਂ ਦੋਹਾਂ ਵਿੱਚ ਤਣਾਅ ਨਿੱਤ ਵਧਦਾ ਤੇ ਰਿਸ਼ਤਾ ਟੁੱਟਣ ਤਕ ਪਹੁੰਚ ਜਾਂਦਾ ਹੈ।
ਇਸ ਸਮੇਂ ਹੀ ਉਸ ਦੀ ਮੁਲਾਕਾਤ ‘ਮਰਦ’ ਪਾਤਰ ਨਾਲ ਹੁੰਦੀ ਹੈ। ਇਹ ਭਾਰਤੀ ਮੂਲ ਦਾ ਪ੍ਰਵਾਸੀ ਹੈ। ਜਿਸ ਦਾ ਉਸ ਦੀ ਮਰਜ਼ੀ ਪੁੱਛੇ ਬਿਨਾ ਜੁਗਾੜ- ਵਿਆਹ ਕਰ ਦਿੱਤਾ ਜਾਂਦਾ ਹੈ। ਇਸ ਤੋਂ ਪਹਿਲਾਂ ਕਿ ਉਸ ਨੂੰ ਜੀਵਨ ਦੇ ਰਿਸ਼ਤਿਆਂ ਦੀ ਸਮਝ ਪੈਂਦੀ, ਕਾਮ-ਚੇਸ਼ਟਾ ਦੇ ਅੰਨੇ ਵਹਾ ਵਿੱਚ ਉਸ ਦੇ ਬੱਚੇ ਵੀ ਹੋ ਜਾਂਦੇ ਹਨ। ਉਸ ਦੀ ਪਤਨੀ ਤੇ ਬੱਚੇ ਭਾਰਤ ਵਿੱਚ ਹਨ ਅਤੇ ਹੁਣ ਉਹ ਵੀ ‘ਪਤਨੀ’ ਪਾਤਰ ਵਾਂਗ ‘ ਮਨ ਦੇ ਹਾਣੀ’ ਦੀ ਤਲਾਸ਼ ਵਿੱਚ ਹੈ।ਇਹ ਕਹਾਣੀ ਕਈ ਉਤਰਾਵਾਂ ਚੜ੍ਹਾਵਾ ਵਿੱਚੋਂ ਲੰਘਦੀ ‘ਮਰਦ’ ਅਤੇ ‘ਪਤਨੀ’ ਪਾਤਰਾਂ ਦੇ ਮਨ ਦੇ ਹਾਣ ਦੇ ਸਾਥ ਵਿੱਚ ਸਦਾ ਲਈ ਬੱਝ ਜਾਣ ਨਾਲ ਸਿਖ਼ਰ ਉੱਤੇ ਪਹੁੰਚਦੀ ਹੈ। ਨਾਟਕ ਖੇਡਣ ਲਈ ‘ਪਤੀ’ ਤੇ ‘ਪਤਨੀ’ ਕਿਰਦਾਰ ਭਾਰਤੀ ਵੀ ਹੋ ਸਕਦੇ ਹਨ। ਇਸ ਕਾਵਿ-ਨਾਟਕ ਵਿਚ ‘ਪ੍ਰੇਮ-ਵਿਅਹ’ ਤੇ ‘ਜੁਗਾੜ-ਵਿਆਹ’ ਦੋਵੇਂ ਹੀ ਸਫ਼ਲ ਨਹੀਂ ਹੁੰਦੇ ਕਿਉਂਕਿ ਇਨ੍ਹਾਂ ਦੋਹਾਂ ਜੋੜੀਆਂ ਵਿੱਚ ਮਾਨਸਿਕ ਹਾਣ ਦੇ ਸਾਥ ਦੀ ਅਣਹੋਂਦ ਸੀ।ਇਹ ਕਵਿ-ਨਾਟਕ ਹੇਠ ਲਿਖੇ ਬੋਲਾਂ ਨਾਲ ਸਮਾਪਤ ਹੋ ਜਾਂਦਾ ਹੈ:
‘ਰਿਸ਼ਤੇ ਮਹਿਕ ਜਿਉਂ ਵਿੱਚ ਹਵਾਵਾਂ
ਫੁੱਲ ਖਿੜ ਪੈਂਦੇ ਜਿਉਂ ਵਿੱਚ ਸਾਹਵਾਂ
ਜਦ ਜਦ ਰਿਸ਼ਤੇ ਮਨ ਤਨ ਦਿਲ ਤੋਂ
ਹੱਕ ਮੰਗਣ ਲਈ ਉੱਠ ਖੜੋਏ
ਤਦ ਤਦ ਰੁਖ ਪਲਟੇ ਦਰਿਆਵਾਂ’
ਮੇਰੇ ਕਾਵਿ-ਨਾਟਕਾਂ “ਬੀਮਾਰ ਸਦ”ਿ, ਚੌਕ ਨਾਟਕ”,” ਰੂਹ ਪੰਜਾਬ ਦੀ”, “ਸਿਫਰ ਨਾਟਕ” ਅਤੇ “ਮਖੌਟੇ ਤੇ ਹਾਦਸੇ” ਆਦਿ ਵਾਂਗ ਹੀ “ਮਨ ਦੇ ਹਾਣੀ” ਵੀ ਭਾਰਤ ਦੀਆਂ ਯੂਨਵਿਰਸਟੀਆਂ ਵਿਚ ਐਮ.ਏ.(ਪੰਜਾਬੀ) ਦੇ ਵਿਦਿਆਰਥੀਆਂ ਨੂੰ ਪਾਠ-ਪੁਸਤਕ ਵਜੋਂ ਪੜ੍ਹਾਇਆ ਜਾਂਦਾ ਰਿਹਾ ਹੈ।
?ਤੁਸੀਂ ਤ੍ਰੈ-ਲੜੀ ਮਹਾਂ-ਨਾਟਕ: “ਸੂਰਜ ਨਾਟਕ” ਦੀ ਰਚਨਾ ਵੀ ਕੀਤੀ, ਜਿਸ ਵਿੱਚ ਤਿੰਨੇ ਨਾਟਕ ‘ਬੀਮਾਰ ਸਦੀ’, ‘ਦਰ-ਦੀਵਾਰਾਂ’ ਅਤੇ ਅੱਧੀ ਰਾਤ ਦੁਪਹਿਰ’ ਹਨ। ਇਸ ਰਚਨਾਂ ਨੂੰ ਮੁਕੰਮਲ ਕਰਨ ਲਈ ਕਾਫੀ ਲੰਬਾ ਸਮਾਂ ਵੀ ਲੱਗਿਆ।ਇਹ ਕਾਵਿ-ਨਾਟਕ ਲਿਖਣ ਦਾ ਤੁਹਾਡਾ ਮੰਤਵ ਕੀ ਸੀ?
-‘ਸੂਰਜ ਨਾਟਕ’ ਇੱਕ ਥਮਿਕ ਤਿੱਕੜੀ/ ਤ੍ਰੈਲੜੀ(ਠਹeਮaਟਚਿ ਠਰਲੋਗੇ) ਹੈ।ਇਸ ਵਿੱਚ ਰਵਾਇਤੀ ਕਹਾਣੀ ਦੀ ਕੋਈ ਤੰਦ ਨਹੀਂ ਤੁਰਦੀ ਸਗੋਂ ਇਹ ਵਿਚਾਰਾਂ ਦੇ ਆਦਿ, ਮੱਧ ਅਤੇ ਸਿਖ਼ਰ ਦੀ ਕਹਾਣੀ ਹੈ।ਪਾਤਰ ਸਭ ਪ੍ਰਤੀਕ ਮਾਤਰ ਹਨ।ਕਈ ਵਾਰੀ ਇੰਝ ਜਾਪਦਾ ਰਿਹਾ ਹੈ, ਜਿਵੇਂ ਮੈਂ ਆਪ ਹੀ ਉਨ੍ਹਾਂ ਸਭ ਪਾਤਰ-ਪ੍ਰਤੀਕਾਂ ਵਿੱਚ ਟੁੱਟ ਗਿਆ ਹੋਵਾਂ। ਜਿਵੇਂ ਉਹ ਮੇਰੇ ਹੀ ਪਾਤਰ-ਅੰਸ਼ ਜਾਂ ਵਿਭਿੰਨ ਮਖ਼ੌਟੇ ਹੋਣ। ਇਹ ਤਿੰਨੇ ਹੀ ਕਵਿ-ਨਾਟਕ ਵੱਖਰੇ ਵੱਖਰੇ ਰੂਪ ਵਿੱਚ ਵੀ ਆਦਿ, ਮੱਧ ਤੇ ਅੰਤ ਵਾਲੇ ਤਿੰਨ ਪੂਰਨ ਕਾਵਿ-ਨਾਟਕ ਹਨ।ਜਦੋਂ ਕਿ ‘ਸੂਰਜ ਨਾਟਕ’ ਦੇ ਰੂਪ ਵਿੱਚ ਇੱਕ ਦੂਜੇ ਨੂੰ ਅੱਗੇ ਤੋਰਦੇ ਹੋਏ, ਇਹ ਤਿੰਨੇ ਰਲ ਕੇ, ਇੱਕ ਮਹਾਂਕਾਵਿਕੀ ਨਾਟਕ ਬਣ ਜਾਂਦੇ ਹਨ।’ਬੀਮਾਰ ਸਦੀ’ ਮੈਂ ੧੯੭੩ ਵਿੱਚ ਲਿਖਿਆ ਤੇ ੧੯੭੪ ਵਿੱਚ ਪ੍ਰਕਾਸ਼ਤ ਕੀਤਾ। ਡਾ. ਸੁਰਜੀਤ ਸਿੰਘ ਸੇਠੀ ਨੇ ਪੰਜਾਬੀ ਯੁਨੀਵਰਸਿਟੀ ਪਟਿਆਲਾ ਵਿੱਚ, ਇਸ ਨੂੰ ੧੯੭੬ ਵਿੱਚ ਪੂਰੀ ਸਫ਼ਲਤਾ ਨਾਲ ਖੇਡਿਆ।’ਦਰ ਦੀਵਾਰਾਂ’ ਮੈਂ ਕੈਨੇਡਾ ਪਹੁੰਚਕੇ ੧੯੮੧ ਵਿੱਚ ਲਿਖਿਆ ਅਤੇ ‘ਅੱਧੀ ਰਾਤ ਦੁਪਹਿਰ’ ਵੀ ਇੱਥੇ ਰਹਿੰਦਿਆਂ ੧੯੮੩ ਵਿੱਚ ਲਿਖਿਆ।’ਭਾਸ਼ਾ ਵਿਭਾਗ ਪੰਜਾਬ’ (ਭਾਰਤ) ਨੇ ਇਸ ਕਾਵਿ-ਨਾਟਕ ਉੱਤੇ ਮੈਨੂੰ ੧੯੮੩ ਵਿੱਚ ‘ਈਸ਼ਵਰ ਚੰਦਰ ਨੰਦਾ ਪੁਰਸਕਾਰ’ ਨਾਲ ਸਨਮਾਨਿਆਂ।’ਬੀਮਾਰ ਸਦੀ’ ਵਿੱਚ ਮੈਂ ਮਸ਼ੀਨੀ ਸੱਭਿਅਤਾ ਦੇ ਖ਼ਤਰਿਆਂ ਤੋਂ ਮਨੁੱਖ ਨੂੰ ਸੁਚੇਤ ਕਰਨ ਦਾ ਯਤਨ ਕੀਤਾ ਅਤੇ ਉਸ ਦੀ ਸੋਚ ਅੱਗੇ ਕੁਝ ਸਵਾਲ ਖੜ੍ਹੇ ਕੀਤੇ ਜਿੰਨ੍ਹਾ ਦੇ ਜਵਾਬ ਮੈਂ ਅਗਲੇ ਦੋ ਕਵਿ ਨਾਟਕਾਂ ਦੀਆਂ ਘਟਨਾਵਾ ਵਿੱਚ ਵਿਕਸਤ ਅਤੇ ਪ੍ਰਗਟ ਹੁੰਦੇ ਵੇਖੇ। ‘ਬੀਮਾਰ ਸਦੀ’ ਦੇ ਅੰਤ ਵਿੱਚ ‘ਅੋਰਤ’ ਅਤੇ ‘ਮਰਦ’ ਦੇ ਵਾਰਤਾਲਾਪਾਂ ਦੀਆਂ ਹੇਠ ਲਿਖੀਆਂ ਟੂਕਾਂ ਮਸ਼ੀਨੀ ਸੱਭਿਆਤਾ ਦੇ ਪ੍ਰਭਾਵ ਹੇਠ ਬਦਲ ਰਹੀਆਂ ਕੀਮਤਾਂ ਨੂੰ ਪੇਸ਼ ਕਰਕੇ ਹੇਠ ਲਿਖੇ ਪ੍ਰਸ਼ਨ ਖੜ੍ਹੇ ਕਰਦੀਆਂ ਹਨ:
ਮਰਦ:
ਇਹ ਚਿੰਤਨ ਤਪਦੀ ਭੱਠੀ ਹੈ,
ਇਹ ਜੀਵਨ ਤਿੱਖੀਆਂ ਕਿੱਲਾਂ ‘ਤੇ
…………………..
ਬੀਮਾਰ ਸਦੀ ਦੀਆਂ ਪੌਣਾ ਵਿਚ,
ਜੇ ਬਚਿਆਂ ਰਹਿ ਗਿਆ ਕੱਲ੍ਹ ਤਾਈਂ,
……………
ਫਿਰ ਸੋਚਾਂਗਾ ਮਹਿਸੂਸਾਂਗਾ,
ਤੇਰੀ ਹੋਂਦ ਨੂੰ ਖੋਲ੍ਹਾਂ, ਘੋਖਾਂਗਾ
……………
ਪਰ ਹੁਣ ਮੈਂ ਅੱਕਿਆ, ਥੱਕਿਆ ਹਾਂ,
ਮੈਂ ਆਪਣੇ ਅੰਦਰ ਡੱਕਿਆਂ ਹਾਂ,
ਦੇ ਗੋਲੀ ਦੇ, ਦੇ ਗੋਲੀ ਦੇ
ਮੈਂ ਸੋਚ ਤੋਂ ਮੁਕਤੀ ਚਾਹੁੰਦਾ ਹਾਂ
ਅੋਰਤ:
ਇਹ ਕਹੇ ਸਦੀ ਬੀਮਾਰ ਬੜੀ,
ਮੈਂ ਆਖਾਂ ਦਿਲਕਸ਼, ਸੁਹਜ ਭਰੀ।
ਕੀ ਇਸ ਦੀ ਅੱਖ ਯਰਕਾਨੀ ਹੈ?
ਜਾਂ ਦੁਨੀਆਂ ਦਾ ਰੰਗ ਪੀਲਾ ਹੈ?
………………………
ਜਾਂ ਕੋਨ ਬਦਲ ਗਿਆ ਵੇਖਣ ਦਾ?
ਜਾਂ ਕੀਮਤ ਬਦਲੀ ਜੀਵਨ ਦੀ?
‘ਦਰ ਦੀਵਾਰਾਂ’ ਵਿੱਚ ਇਹ ਪ੍ਰਸ਼ਨ ਪੱਛਮੀ ਅਤੇ ਉੱਤਰੀ ਅਮਰੀਕਾ ਦੇ ਨਿੱਘਰ ਰਹੇ ਜੀਵਨ ਤੇ ਸੱਭਿਆਚਾਰਕ ਪ੍ਰਸੰਗਾਂ ਵਿਚੋਂ ਉੱਭਰਦੇ ਹਨ। ਇੱਕ-ਮਾਪਾ ਪਰਿਵਾਰ, ਸਮਲਿੰਗ ਭੋਗ, ਦੇਹ-ਵਪਾਰ, ਗੋਤ-ਗਮਨ, ਲੈ-ਪਾਲਕ ਬੱਚੇ/ਪਰਿਵਾਰ, ਟੁੱਟੇ ਘਰਾਂ ਵਿੱਚ ਕੋਤਾਹੀ ਦਾ ਵਾਤਾਵਰਣ, ਜੁਰਮ, ਹਿੰਸਾ, ਜੰਗ ਦਾ ਭੈ ਆਦਿ ‘ਦਰ ਦੀਵਾਰਾਂ’ ਦੇ ਤਾਣੇ ਪੇਟੇ ਦਾ ਅੰਗ ਬਣਦੇ ਹਨ। ਇਹ ਕਾਵਿ-ਨਾਟਕ ਮਨੁੱਖੀ ਵਿਹਾਰ ਨੂੰ ਡੂੰਘੇ ਮਨੋਵਿਗਿਆਨਕ ਵਿਸ਼ਲੇਸ਼ਣ ਦਾ ਮਾਧਿਅਮ ਬਣਾ ਕੇ ਮਨ ਦੇ ਇਸ ਉਲਝੇਵੇਂ ਦਾ ਹੱਲ ਵੀ ਮਨ ਵਿੱਚ ਹੀ ਦੱਸਦਾ ਹੋਇਆ ਹੇਠ ਲਿਖੇ ਬੋਲਾਂ ਨਾਲ ਖ਼ਤਮ ਹੁੰਦਾ ਹੈ:
ਕਵੀ, ਮੁਟਿਆਰ ਤੇ ਮਰਦ:
ਬ੍ਰਹਿਮੰਡ ਦੀ ਨਹੀਂ, ਪਿੰਡ ਦੀ ਗੱਲ ਹੈ!
ਦਰ ਤਾਂ ਹੈ ਦੀਵਾਰ ਦੇ ਵਿੱਚ ਹੀ,
ਖੁੱਲ੍ਹਦਾ ਵੀ ਉਹ ਅੰਦਰ ਵੱਲ ਹੈ!
ਇਸ ਸਮੇਂ ਮਨ ਅੰਦਰ ਡੂੰਘੀ ਝਾਤ ਮਾਰ ਕੇ ਆਪਾ ਚੀਨਣ ਅਤੇ ਸਵੈ-ਪਹਿਚਾਣ ਦੀ ਲੋੜ ਹੈ। ‘ਅੱਧੀ ਰਾਤ ਦੁਪਹਿਰ’ ਵਿਚਾਰਾਂ ਦੀ ਤੰਦ ਨੂੰ ਅੱਗੇ ਤੋਰਦਾ ਹੋਇਆ, ਅਜੋਕੀ ਸਥਿਤੀ ਨੂੰ ਕੁਝ ਇਸ ਤਰ੍ਹਾਂ ਪ੍ਰਸਤੁਤ ਕਰਦਾ ਹੈ:
‘ਲੱਕੜ ਦਾ ਇੱਕ ਘਰ ਬਣਾ ਕੇ,
ਵਿੱਚ ਜੰਗਲ ਦੇ ਧਰ ਦਿੱਤਾ ਹੈ।
ਜੱਗ ਤੇ ਇਸ ਨੂੰ ਨਸ਼ਰ ਕਰਨ ਲਈ,
ਹਰ ਰੁੱਖ ਰੋਸ਼ਨ ਕਰ ਦਿੱਤਾ ਹੈ।’
‘ਸ਼ੈਤਾਨ’, ‘ਭਗਵਾਨ’ ਅਤੇ ‘ਆਤੰਕ’ ਦੇ ਪਾਤਰ-ਚਿੰਨ੍ਹਾਂ ਰਾਹੀਂ ਇਹ ਕਵਿ-ਨਾਟਕ ਅਜੋਕੀ ਰਾਜਸੀ, ਸਮਾਜਕ, ਵਿਅਕਤੀਗਤ ਤੇ ਆਰਥਕ ਸਥਿਤੀ ਨੂੰ ਘੋਖਵੀਂ ਨਜ਼ਰ ਨਾਲ ਵੇਖਦਾ ਹੋਇਆ ‘ਸ਼ੁੱਧ ਕ੍ਰਾਂਤੀ’ ਨੂੰ ਪ੍ਰਭਾਸ਼ਤ ਕਰਨ ਦਾ ਯਤਨ ਕਰਦਾ ਹੈ।ਇਸ ਕਵਿ ਨਾਟਕ ਦੇ ਅੰਤਲੇ ਬੋਲ ਉਚੇਚੀ ਪੇਖਣੀ ਮੰਗਦੇ ਹਨ:
‘ਪਤਾ ਨਹੀਂ ਕਦ ਸੂਹੇ ਪਰਚਮ,
ਝੂੱਲਣੇ ਸ਼ੁੱਧ ਕ੍ਰਾਂਤੀ ਦੇ?
ਅੱਜ ਮੈਂ ਪਾੜ ਕੇ ਸੁੱਟ ਦੇਣੇ ਹਨ,
ਪਰਚਮ ਕੁੱਲ ਭਰਾਂਤੀ ਦੇ।
…………..
ਦੀਵੇ ਦੀਵੇ ਸੂਰਜ ਢੋਇਆ,
ਇਹ ਚਿੰਤਨ, ਜਨ-ਚਿੰਤਨ ਹੋਇਆ।
ਅੱਧੀ ਰਾਤ ਦੁਪਹਿਰਾ ਚੜ੍ਹਿਆ,
ਸੂਰਜ ਹੋਰ ਤਿਖੇਰਾ ਹੋਇਆ।
? ਤੁਸੀਂ ਇੱਕੋ ਸਮੇਂ ਕਵਿਤਾ, ਕਹਾਣੀ, ਕਾਵਿ-ਨਾਟ ਅਤੇ ਅਲੋਚਨਾ ਦੀ ਤੇ ਉਹ ਵੀ ਪੰਜਾਬ ਤੋਂ ਬਾਹਰ ਰਹਿ ਕੇ ਪੰਜਾਬੀ ਵਿੱਚ ਰਚਨਾ ਕਰਦੇ ਰਹੇ, ਇਹ ਸਭ ਕੁਝ ਕਿਸ ਤਰ੍ਹਾਂ ਸਭੰਵ ਹੋਇਆ? ਪੰਜਾਬ ਤੋਂ ਬਾਹਰ ਇਹ ਕੰਮ ਔਖਾਂ ਨਹੀਂ ਸੀ ਲੱਗਦਾ?
-ਮੈਂ ਦੁਨੀਆ ਦੇ ਜਿਸ ਕੋਨੇ ਵੀ ਗਿਆਂ, ਪੰਜਾਬੀ ਦੇ ਰਿਸਾਲੇ, ਅਖ਼ਬਾਰਾਂ ਤੇ ਪੁਸਤਕਾਂ ਉੱਥੇ ਮੰਗਵਾਉਂਦਾ ਰਿਹਾਂ ਹਾਂ। ਅੱਜ ਤਾਂ ਬਹੁਤਾ ਕੁਝ ਇੰਰਟਨੈਟ ਤੇ ਹੀ ਮਿਲ਼ ਜਾਂਦਾ ਹੈ। ਪਰ ਉੱਦੋਂ ‘ਆਰਸੀ’, ‘ਨਾਗਮਣੀ’, ‘ਪ੍ਰੀਤ ਲੜੀ’, ‘ਅਕਸ’, ‘ਸਿਰਜਣਾ’, ‘ਜਨ-ਸਹਿਤ’ ਅਤੇ ਹੋਰ ਮੈਗਜ਼ੀਨਾਂ ਤੇ ਅਖ਼ਬਾਰਾਂ ਦਾ ਡਾਕ ਰਾਹੀਂ ਇੰਤਜ਼ਾਰ ਕਰਨਾ ਪੈਂਦਾ ਸੀ। ਨੈਰੋਬੀ (ਕੀਨੀਆ) ਦੇ ਭਾਰਤੀ ਹਾਈ-ਕਮਿਸ਼ਨਰ ਦੀ ਲਾਇਬਰੇਰੀ ਰਾਹੀਂ ਬਹੁਤ ਕੁਝ ਮਿਲ਼ ਜਾਂਦਾ ਸੀ।’ਧਰਮ-ਯੁੱਗ’, “ਸਾਰਿਕਾ”, ‘ਗਯਾਨ-ਉਦਯ’ ਅਤੇ ਹਿੰਦੀ ਤੇ ਅੰਗਰੇਜ਼ੀ ਦੇ ਹੋਰ ਪੱਤਰ ਇੱਥੇ ਆ ਕੇ ਪੜ੍ਹ ਲਈਦੇ ਸਨ। ਦੋਸਤਾਂ ਨਾਲ ਪੱਤਰ-ਵਿਹਾਰ ਤੇ ਫ਼ੋਨ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ। ਗਾਹੇ-ਬਗਾਹੇ ਭਾਰਤ ਦਾ ਗੇੜਾ ਆਪ ਵੀ ਮਾਰ ਲਈਦਾ ਸੀ। ਕੀਨੀਆਂ ਵਿੱਚ ਅਸੀਂ ਨੋਰੋਬੀ ਇਕੱਠੇ ਹੋ ਕੇ ਜਲੰਧਰ ਦੇ ਕੌਫ਼ੀ ਹਾਊਸ ਵਰਗਾ ਮਹੌਲ ਸਿਰਜ ਲੈਂਦੇ ਸਾਂ।ਇਨ੍ਹਾਂ ਬੈਠਕਾਂ ਵਿੱਚ ਮਹਿਰਮ ਯਾਰ, ਅਜਾਇਬ ਕਮਲ, ਅਜੀਤ ਸਤਿ-ਭਾਂਵਰਾ, ਸੋਹਣ ਸਿੰਘ ‘ਜੋਸ਼’, ਚਮਨ ਲਾਲ ‘ਚਮਨ’ ਅਤੇ ਦੀਦਾਰ ਸਿੰਘ ‘ਪ੍ਰਦੇਸੀ’ ਆਦਿ ਸਹਿਤਕਾਰ/ਗਾਇਕ ਰੰਗ ਬੰਨ੍ਹ ਦਿੰਦੇ ਸਨ।ਉੱਦੋਂ ਮੇਰੇ ਪਿਤਾ ਜੀ ਪ੍ਰੋ. ਪਿਆਰਾ ਸਿੰਘ ‘ਗਿੱਲ’ ਜਿਉਂਦੇ ਸਨ। ਮੇਰੀ ਭੇਜੀ ਲਿਸਟ ਅਨੁਸਾਰ ਉਹ ਪੁਸਤਕਾਂ ਅਤੇ ਹੋਰ ਸਹਿਤਕ ਸਮਗਰੀ ਮੈਨੂੰ ਨੋਰੋਬੀ ਬੈਠੇ ਨੂੰ ਭੇਜ ਦਿੰਦੇ ਸਨ।ਸਾਹਿਤਕ ਪੱਖੋਂ ਇੰਝ ਲੱਗਦਾ ਸੀ ਕਿ ਜਿਵੇਂ ਮੈਂ ਪੰਜਾਬ ਵਿੱਚ ਹੀ ਰਹਿ ਰਿਹਾ ਹੋਵਾਂ।
ਇਹ ਸਿਰਜਣਾ ਵਾਲਾ ਕੰਮ ਵੀ ਸਭ ਕੁਝ ਸੁਤੇ ਸਿਧ ਹੀ ਹੋ ਰਿਹਾ ਸੀ। ਮੈਂ ਇੱਕ ਬਹੁ-ਵਿਧ ਸ਼ਖ਼ਸੀਅਤ ਸਾਂ। ਕਵਿ, ਕਹਾਣੀ ਤੇ ਕਵਿ-ਨਾਟਕ ਮੇਰੇ ਸਮੁੱਚੇ ਵਜੂਦ ਦਾ ਅਨਿੱਖੜ ਅੰਗ ਸਨ। ਇੱਕ ਦੂਜੇ ਦੇ ਪੂਰਕ ਸਨ। ਇਨ੍ਹਾਂ ਵਿੱਚ ਕੋਈ ਤਣਾਉ ਨਹੀਂ ਸੀ। ਮੇਰੇ ਅੰਦਰ ਇੱਕ ਸਹਿਜ ਰੂਪ ਵਿੱਚ ਤੇ ਸਹਿ-ਹੋਂਦ ਵਿੱਚ ਜੀਅ ਰਹੇ ਸਨ। ਇਨ੍ਹਾਂ ਤਿੰਨਾਂ ਵਿੱਚ ਵਸਤੂ ਆਪਣਾ ਢੁੱਕਵਾ ਰੂਪ ਆਪ ਹੀ ਤਲਾਸ਼ ਕਰ ਲੈਂਦੀ ਸੀ। ਇਹ ਨਿਰੰਤਰ ਅਤੇ ਨਿਰਵਿਘਨ ਸੰਰਚਨਾ ਦਾ ਸੰਸਾਰ ਸੀ।ਆਲੋਚਨਾ ਮੈਂ ਪ੍ਰਯੋਗਸ਼ੀਲ ਲਹਿਰ ਲਈ ਸੱਠਵਿਆਂ ਤੋਂ ਹੀ ਲਿਖ ਰਿਹਾਂ ਸਾਂ। ਬਾਹਰ ਆ ਕੇ ਵੀ ਲਿਖਦਾ ਰਿਹਾ ਹਾਂ।ਇੱਕ ਮਲਟੀ-ਚੈਨਲ ਵਾਲੇ ਟੀ. ਵੀ. ਜਾਂ ਮਲਟੀ-ਵੇਵਲਿੰਥ ਵਾਲੇ ਰੇਡੀਓ ਵਰਗੀ ਆਪਣੀ ਹੋਂਦ ਜਾਪਦੀ ਹੈ।ਮਨੁੱਖ ਦੇ ਅੰਦਰ ਕਿੰਨਾ ਕੁਝ ਹੁੰਦਾ ਹੈ ਤੇ ਆਪਣੇ ਅੰਦਰ ਦੀ ਥਾਹ ਪਾਉਂਣੀ ਕਿੰਨੀ ਮੁਸ਼ਕਲ ਹੁੰਦੀ ਹੈ? ਪੰਜਾਬੀ ਸਾਹਿਤ ਵਿੱਚ ਮੇਰੇ ਤੋਂ ਪਹਿਲਾਂ ਵੀ ਬਹੁਤ ਸਾਰੇ ਸਾਹਿਤਕਾਰ ਐਸੇ ਹੋਏ ਹਨ ਜਿਨ੍ਹਾਂ ਨੇ ਇੱਕ ਤੋਂ ਵੱਧ ਵਿਧਾਵਾਂ ਵਿੱਚ ਲਿਖਿਆ। ਭਾਈ ਵੀਰ ਸਿੰਘ, ਗੁਰਬਖ਼ਸ਼ ਸਿੰਘ, ਕਰਤਾਰ ਸਿੰਘ ਦੁੱਗਲ, ਸੰਤ ਸਿੰਘ ਸੇਖੋਂ, ਬਲਵੰਤ ਗਾਰਗੀ, ਅੰਮ੍ਰਿਤਾ ਪ੍ਰੀਤਮ, ਦੇਵਿੰਦਰ ਸਤਿਆਰਥੀ ਆਦਿ ਇੱਕ ਤੋਂ ਵੱਧ ਵਿਧਾ ਵਿੱਚ ਲਿਖਣ ਵਾਲੇ ਵੱਡੇ ਲੇਖਕ ਸਨ। ਮੈਂ ਪੰਜਾਬੀ ਸਾਹਿਤ ਨਾਲ ਲਗਾਤਾਰ ਹੁਣ ਤੱਕ ਜੁੜਿਆ ਹੋਇਆ ਹਾਂ। ਇਸ ਕਰਕੇ ਕੁਝ ਵੀ ਔਖਾ ਨਹੀਂ ਲੱਗਾ, ਸਗੋਂ ਅੰਨਦ ਸਹਿਸੂਸ ਕੀਤਾ ਹੈ।
?ਤੁਸੀਂ ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ‘ਵਿਸ਼ਵ ਪੰਜਾਬੀ ਸਾਹਿਤ’ ਦੇ ਸੰਪਾਦਨ ਅਤੇ ਪ੍ਰਕਾਸ਼ਨ ਦਾ ਇੱਕ ਮਹੱਤਵ ਪੂਰਨ ਕੰਮ ਵੀ ਕੀਤਾ। ਇਸ ਦਾ ਖ਼ਿਆਲ ਕਦੋਂ ਤੇ ਕਿਵਂੇ ਆਇਆ? ਕੀ ਕਿਤਾਬ ਪਾਠਕਾਂ ਲਈ ਉਪਲਭਤ ਹੈ?
-ਢਾਅ ਜੀ, ‘ਵਿਸ਼ਵ ਪੰਜਾਬੀ ਸਾਹਿਤ’ ਪੁਸਤਕ ਵਿੱਚ ੧੨ ਦੇਸ਼ਾਂ ਵਿੱਚ ਵੱਸਦੇ ੧੦੦ ਕੁ ਪੰਜਾਬੀ ਲੇਖਕਾਂ ਦੀਆਂ ਰਚਨਾਵਾਂ ਸ਼ਾਮਿਲ ਹਨ।ਵਿਸ਼ਵ ਭਰ ਵਿੱਚ ਆਪਣੀ ਕਿਸਮ ਦਾ ਇਹ ਪਹਿਲਾ ਗ੍ਰੰਥ ਸੀ, ਜਿਸ ਦੀ ਸੰਪਾਦਨਾ ਮੈਂ ‘ਇਆਪਾ’ ਭਾਵ ‘ਇੰਟਰਨੈਸ਼ਨਲ ਐਸੋਸੀਏਸ਼ਨ ਆਫ਼ ਪੰਜਾਬੀ ਆਥਰਜ਼ ਐਂਡ ਆਰਟਿਸਟਸ (ਕੈਨੇਡਾ)’ ਵਾਸਤੇ ਕੀਤੀ ਸੀ। ਇਹ ੪੪੦ ਸਫ਼ਿਆਂ ਦੀ ਕਿਤਾਬ ੧੯੮੧ ਵਿੱਚ ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ ਨੇ ਛਾਪੀ ਸੀ। ਉਨ੍ਹਾਂ ਕੋਲ਼ੋ ਮਿਲ ਸਕਦੀ ਹੈ ਜੇ ਕਿਸੇ ਪਾਠਕ ਨੂੰ ਚਾਹੀਦੀ ਹੋਵੇ।ਇਹ ਪੁਸਤਕ ਮੈਂ ਖ਼ੁਦ ਭਾਰਤ ਅਤੇ ਪਕਿਸਤਾਨ ਜਾ ਕੇ ੧੯੮੧ ਵਿੱਚ ਰੀਲੀਜ਼ ਕੀਤੀ ਸੀ।ਸਾਡੇ ਪ੍ਰਤੀਨਿਧਾਂ ਨੇ ਇਸ ਵਿਸ਼ਵ-ਗ੍ਰੰਥ ਨੂੰ ਕੈਨੇਡਾ, ਅਮਰੀਕਾ, ਇੰਗਲੈਂਡ, ਕੀਨੀਆਂ ਅਤੇ ਹੋਰ ਦੇਸ਼ਾਂ ਵਿੱਚ ਵੀ ਮੇਰੇ ਵਾਂਗ ਹੀ ਲੇਖਕਾਂ ਦੇ ਭਰੇ ਇਕੱਠਾਂ ਵਿੱਚ ਰੀਲੀਜ਼ ਕੀਤਾ। ਇਸ ਬਾਰੇ ਭਾਰਤ ਵਿੱਚ ਸੰਤ ਸਿੰਘ ਸੇਖੋਂ, ਡਾ. ਅਤਰ ਸਿੰਘ, ਡਾ. ਨੂਰ, ਪ੍ਰੋ. ਕਸੇਲ ਆਦਿ ਨੇ ਅਤੇ ਪਕਿਸਤਾਨ ਵਿੱਚ ਅਫ਼ਜ਼ਲ ਅਹਿਸਾਨ ਰੰਧਾਵਾ, ਫ਼ਖ਼ਰ ਜ਼ਮਾਨ, ਸਿਬਤੁਲ ਹਸਨ, ਜ਼ੈਗਮ, ਸ਼ਫ਼ਕਤ ਤਨਵੀਰ ਮਿਰਜ਼ਾ, ਸਲੀਮ ਖ਼ਾਨ ਗਿੰਮੀ ਅਤੇ ਮੁਤਨੱਸਰ ਹੁਸੈਨ ਤਰੜ ਆਦਿ ਲੇਖਕਾਂ ਨੇ ਭਰਪੂਰ ਚਰਚਾ ਕੀਤੀ।ਹੋਰ ਦੇਸ਼ਾਂ ਵਿੱਚ ਵੀ ਇਵੇਂ ਹੋਇਆ।ਇਸ ਪੁਸਤਕ ਦੇ ਸੰਪਾਦਨ ਅਤੇ ਪ੍ਰਕਾਸ਼ਨ ਦਾ ਪ੍ਰੇਰਨਾ-ਸਰੋਤ ਵਿਸ਼ਵ ਭਰ ਵਿੱਚ ਰਚਨਾ ਕਰ ਰਹੇ ਪੰਜਾਬੀ ਸਾਹਿਤਕਾਰ ਸਨ। ਸਤਨਾਮ ਜੀ, ਯਾਦ ਰਹੇ ਕਿ ਇਸ ਕਿਤਾਬ ਵਿੱਚ ਕੈਲਗਰੀ ਨਿਵਾਸੀ ਅਤੇ ਸੁਰਗਵਾਸੀ ਇਕਬਾਲ ‘ਅਰਪਨ’ ਦੀਆਂ ਰਚਨਾਵਾਂ ਵੀ ਛਪੀਆਂ ਹਨ। ਉਹ ਉਸ ਸਮੇਂ ਜ਼ਾਂਬੀਆ ਪੜ੍ਹਾਉਂਦਾ ਸੀ।’ਇਆਪਾ’ ਵੀ ਦੁਨੀਆ ਭਰ ਵਿੱਚ ਪੰਜਾਬੀ ਲੇਖਕਾਂ ਦੀ ਪਹਿਲੀ ਅੰਤਰਰਾਸ਼ਟਰੀ ਸੰਸਥਾ ਸੀ, ਜਿਸ ਦੀ ਸਥਾਪਨਾ ਮੈਂ ਜੁਲਾਈ ੧੯੭੮ ਨੂੰ ਸਵਰਗੀ ਤਾਰਾ ਸਿੰਘ ਹੇਅਰ ਦੇ ਘਰ, ਡਾ. ਗੁਰੂਮੇਲ, ਗੁਰਚਰਨ ‘ਰਾਮਪੁਰੀ’, ਤਾਰਾ ਸਿੰਘ ਹੇਅਰ, ਭੁਪਿਦਰ ਧਾਲ਼ੀਵਾਲ ਅਤੇ ਦਰਸ਼ਨ ਗਿੱਲ ਆਦਿ ਦੇ ਸਹਿਯੋਗ ਨਾਲ ਕੀਤੀ।ਸੰਸਾਰ ਭਰ ਦੇ ੧੨ ਦੇਸ਼ਾ ਵਿੱਚ ਇਸ ਦੇ ਪ੍ਰਤੀਨਿਧ ਕਾਇਮ ਕੀਤੇ। ੧੯੭੮ ਵਿੱਚ ਹੀ ਅਸੀਂ ਪ੍ਰਸਿੱਧ ਰੰਗ-ਕਰਮੀ ਤੇ ਨਾਟਕਕਾਰ ਜੋਗਿੰਦਰ ‘ਬਾਹਰਲਾ’ ਦਾ ਸਰੀ, ਕੈਨੇਡਾ ਵਿੱਚ ਸਨਮਾਨ ਕੀਤਾ।੧੯੮੦ ਵਿੱਚ ਵਿੱਚ ਇਸੇ ਸੰਸਥਾ ਵੱਲੋਂ ‘ਅੰਤਰਰਾਸਟਰੀ ਸ਼੍ਰੋਮਣੀ ਸਹਿਤਕਾਰ ਪੁਰਸਕਾਰ’ ਦੀ ਸਥਾਪਨਾ ਕੀਤੀ, ਜਿਸ ਵਿੱਚ ੫੦੦ ਡਾਲਰ ਦੀ ਰਕਮ ਦੇ ਨਾਲ ਪੁਰਸਕਾਰ-ਪੱਤਰ ਦੇਣ ਦੀ ਰੀਤ ਤੋਰੀ। ਅੰਤਰਰਾਸ਼ਟਰੀ ਪੱਧਰ ਉੱਤੇ ਇਹ ਆਪਣੀ ਕਿਸਮ ਦਾ ਪਹਿਲਾ ਪੁਰਸਕਾਰ ਸੀ, ਜੋ ਸਭ ਤੋਂ ਪਹਿਲਾਂ ਸੰਤ ਸਿੰਘ ਸੇਖੋਂ ਨੂੰ ਦਿੱਤਾ ਗਿਆ।ਬਅਦ ਵਿੱਚ ਕਰਤਾਰ ਸਿੰਘ ਦੁੱਗਲ, ਬਲਵੰਤ ਗਾਰਗੀ, ਅਮਿੰ੍ਰਤਾ ਪ੍ਰੀਤਮ, ਅਜੀਤ ਕੌਰ, ਡਾ. ਦਲੀਪ ਕੌਰ ਟਿਵਾਣਾ, ਡਾ. ਹਰਚਰਨ ਸਿੰਘ, ਡਾ. ਸੁਰਜੀਤ ਸਿੰਘ ਸੇਠੀ, ਡਾ. ਹਰਿਭਜਨ ਸਿੰਘ, ਡਾ. ਜਸਬੀਰ ਸਿੰਘ ਅਹਲੂਵਾਲੀਆ, ਡਾ. ਪ੍ਰੇਮ ਪ੍ਰਕਾਸ਼ ਸਿੰਘ ਅਤੇ ਡਾ. ਸਤਿੰਦਰ ਸਿੰਘ ਨੂਰ, ਆਦਿ ਨੂੰ ਇਸ ਪੁਰਸਕਾਰ ਨਾਲ ਸਨਮਾਨਿਆ ਗਿਆ। ਪਕਿਸਤਾਨ ਦੇ ਫ਼ਖ਼ਰ ਜਮਾਨ, ਅਫ਼ਜ਼ਲ ਰਹਿਮਾਨ ਰੰਧਾਵਾ, ਇਲਿਆਸ ਘੁੰਮਣ, ਡਾ. ਅਖ਼ਤਰ ਹੁਸੈਨ ਅਖ਼ਤਰ, ਪ੍ਰੋ. ਰਾਸ਼ਦ ਹਸਨ ਰਾਣਾ ਅਤੇ ਡਾ. ਨਿਗਹਤ ਖ਼ੁਰਸ਼ੀਦ ਆਦਿ ਨੂੰ ਇਹ ਪੁਰਸਕਾਰ ਦਿੱਤਾ ਜਾ ਚੁੱਕਾ ਹੈ। ਦੁਨੀਆਂ ਭਰ ਵਿੱਚ ਵਸਦੇ ੧੦ ਕੁ ਦੇਸ਼ਾਂ ਵਿੱਚ ਵਸਦੇ ੫੩ ਕੁ ਸਾਹਿਤਕਾਰਾਂ, ਰੰਗ ਕਰਮੀਆਂ, ਪੱਤਰਕਾਰਾਂ ਨੂੰ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਸੋਹਣ ਕਾਦਰੀ ਵਰਗਾ ਅੰਤਰਰਾਸ਼ਟਰੀ ਪ੍ਰਸਿੱਧੀ ਵਾਲਾ ਚਿੱਤਰਕਾਰ ਵੀ ਇਹ ਪੁਰਸਕਾਰ ਪ੍ਰਾਪਤ ਕਰ ਚੁੱਕਾ ਹੈ।
‘ਇਆਪਾ’ ਦੀ ਸਥਾਪਨਾ, ‘ਵਿਸ਼ਵ ਪੰਜਾਬੀ ਸਾਹਿਤ’ ਦਾ ਪ੍ਰਕਾਸ਼ਨ ਅਤੇ ‘ਇਆਪਾ’ ਦੇ ‘ਅੰਤਰਰਾਸ਼ਟਰੀ ਸ਼੍ਰੋਮਣੀ ਸਹਿਤਕਾਰ ਪੁਰਸਕਾਰ’ ਦਾ ਅਰੰਭ ਆਪਣੇ ਆਪ ਵਿੱਚ ਸਭ ਪਹਿਲੇ ਅਤੇ ਮਹੱਤਵਪੂਰਨ ਇਤਿਹਾਸਿਕ ਕਾਰਜ ਹਨ, ਜਿੰਂਨ੍ਹਾ ਬਾਰੇ ਸਾਹਿਤਕ ਅਤੇ ਅਕਦਾਮਿਕ ਹਲਕਿਆਂ ਵਿੱਚ ਹੁਣ ਤੱਕ ਚਰਚਾ ਜਾਰੀ ਹੈ।੧੯੮੩ ਵਿੱਚ ਮੈਂ ਮਨਜੀਤ ਮੀਤ, ਚਰਨ ਸਿੰਘ ਵਿਰਦੀ, ਹਰਮਿੰਦਰ ਸਿਆਣ ਅਤੇ ਸੁਰਜੀਤ ਬੈਂਸ ਨੂੰ ਨਾਲ ਲੈ ਕੇ ‘ਇਆਪਾ’ ਦਾ ਇੱਕ ਹੋਰ ਵਿੰਗ ‘ਸਾਹਿਤ ਵਿਚਾਰ ਮੰਚ ਕੈਨੇਡਾ’ ਕਾਇਮ ਕੀਤਾ, ਜਿਸ ਵੱਲੋਂ ੫੦੦ ਡਾਲਰ ਦਾ ‘ਵਿਸ਼ਵ ਪੰਜਾਬੀ ਸਾਹਿਤਕਾਰ ਪੁਰਸਕਾਰ’ ਸ਼ੁਰੂ ਕੀਤਾ। ਇਹ ਪੁਰਸਕਾਰ ਅਸੀਂ ਕੁਲਵੰਤ ਸਿੰਘ ਵਿਰਕ, ਕਪੂਰ ਸਿੰਘ ਘੁੰਮਣ, ਡਾ. ਮਹਿੰਦਰ ਸਿੰਘ ਰੰਧਾਵਾ, ਅਤੇ ਪੀ੍ਰਤਮ ਸਿਘ ਸਫ਼ੀਰ ਨੂੰ ਭੇਟ ਕੀਤੇ। ਮੈਰਿਟ ਅਤੇ ਠੋਸ ਪਾ੍ਰਪਤੀਆਂ ਦੇ ਅਧਾਰ ‘ਤੇ ਕੀਤੀ ਗਈ ਨਿਰਪੱਖ ਚੋਣ ਲਈ ‘ਇਆਪਾ’ ਦੇ ਹੁਣ ਤੱਕ ਦਿੱਤੇ ਗਏ ਪੁਰਸਕਾਰਾ ਦੀ ਸਾਹਿਤਕ ਹਲਕਿਆਂ ਵਿੱਚ ਭਰਪੂਰ ਚਰਚਾ ਰਹੀ ਹੈ।
? ਤੁਸੀਂ ਕਹਾਣੀ ਕਵਿਤਾ ਲਿਖਣ ਲੱਗਿਆਂ ਕਿਸ ਨੂੰ ਪਹਿਲ ਦਿੰਦੇ ਹੋ? ਪਾਠਕ ਨੂੰ, ਸਮੱਸਿਆ ਨੂੰ ਜਾਂ ਫੇਰ ਉਸ ਦੇ ਹੱਲ ਲਈ ਕਿਸੀ ਸੁਝਾਅ ਨੂੰ? ਕਈ ਵਾਰ ਸਮੱਸਿਆ ਬਾਰੇ ਤਾਂ ਪਾਠਕ ਨੂੰ ਵੀ ਪਤਾ ਹੁੰਦਾ ਹੈ। ਇਸ ਵਿੱਚ ਲੇਖਕ ਦਾ ਕੀ ਰੋਲ ਹੋਣਾ ਚਾਹੀਦਾ ਹੈ?
-ਸਤਨਾਮ ਜੀ, ਕਹਾਣੀ ਲਿਖਣ ਲੱਗਿਆਂ ਮੈਂ ਇਨ੍ਹਾਂ ਸਭ ਦੇ ਨਾਲ ਕਹਾਣੀ ਨੂੰ ਪਹਿਲ ਦਿੰਦਾ ਹਾਂ। ਵਾਪਰੀ ਹੋਈ ਇੱਕ ਘਟਨਾ ਦੀ ਕੱਚੀ ਸਮਗਰੀ ਵਿੱਚੋਂ ਕਹਾਣੀ (ਗਲਪ) ਸਿਰਜਣ ਦੀ ਪ੍ਰਕ੍ਰਿਆ ਬੜੀ ਜੱਟਿਲ ਹੈ।ਜਿਸ ਤਰ੍ਹਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਕੁਲਵੰਤ ਸਿੰਘ ਵਿਰਕ ਨੇ ਮੇਰੀਆਂ ਕਹਾਣੀਆਂ ਦੇ ਸੰਗ੍ਰਹਿ ‘ਚਰਾਵੀ’ ਦੀ ਭੁਮਿਕਾ ਵਿੱਚ ਲਿਖਿਆ ਸੀ ਕਿ ਕਿਸੇ ਵਾਪਰੀ ਘਟਨਾ ਨੂੰ ਜਿਵੇਂ ਦਾ ਤਿਵਂੇ ਹੀ ਬਿਆਨ ਕਰ ਦੇਣਾ ਕਹਾਣੀ ਨਹੀਂ ਹੁੰਦੀ।ਕਹਾਣੀਕਾਰ ਨੂੰ ਉਸ ਵਾਪਰੀ ਹੋਈ ਘਟਨਾ ‘ਚੋਂ ਗੱਲ ਬਣਾਉਣ ਦੀ ਜਾਚ ਹੋਣੀ ਚਾਹੀਦੀ ਹੈ। ਮੈਂ ਵਿਰਕ ਨਾਲ ਸਹਿਮਤ ਹਾਂ। ਵਾਪਰੀ ਹੋਈ ਘਟਨਾ ਦਾ ਬਿਆਨ ਇਤਿਹਾਸ ਜਾਂ ਫ਼ੋਟੋਗਰਾਫ਼ਿਕ ਸੱਚ ਤਾਂ ਹੋ ਸਕਦਾ ਹੈ, ਕਹਾਣੀ ਨਹੀਂ ਬਣ ਸਕਦਾ।
ਮੇਰੀਆਂ ਕਹਾਣੀਆਂ ਪਰੰਪਰਾਗਤ ਕਹਾਣੀਆਂ ਦੇ ਅੰਤਰਗਤ ਨਹੀਂ ਆਉਂਦੀਆਂ। ਇਹ ‘ਇੱਕ ਸੀ ਰਾਜਾ’ ਵਾਲੀ ਵਰਨਣੀ ਕਥਾ-ਸ਼ੈਲੀ ਦੇ ਮੋਹ ਨੂੰ ਵੀ ਭੰਗ ਕਰਦੀਆਂ ਹਨ। ਇਨ੍ਹਾ ਵਿੱਚ ਰਵਾਇਤੀ ਪਾਤਰ ਉਸਾਰੀ ਵੀ ਨਹੀਂ ਹੁੰਦੀਂ ਤੇ ਨਾ ਹੀ ਇਨ੍ਹਾਂ ਵਿੱਚ ‘ਅਦਿ’, ‘ਮੱਧ’, ਤੇ ‘ਅੰਤ’ ਵਾਲਾ ਕਥਾ-ਸੂਤਰ ਜਾਂ ਫਾਰਮੂਲਾ ਵਰਤਿਆ ਹੁੰਦਾ ਹੈ।ਮੇਰੀਆਂ ਕਹਾਣੀਆਂ ਸਪਸ਼ਟ ਰੂਪ ਵਿਚ ਕੋਈ ਹੱਲ ਜਾਂ ਸੁਝਾਅ, ਮੈਨੀਫੈਸਟੋ ਜਾਂ ਨਾਅਰੇ ਤੇ ਪ੍ਰਚਾਰ ਦੇ ਰੂਪ ਵਿੱਚ ਦੇਣ ਤੋਂ ਵੀ ਗੁਰੇਜ਼ ਕਰਦੀਆਂ ਹਨ।ਇਹ ਸਧਾਰਨ ਵਿੱਚ ਕੁਝ ਅਸਧਾਰਨ ਤੇ ਅਸਧਾਰਨ ਵਿਚੋਂ ਕੁਝ ਸਧਾਰਨ ਢੂੰਡਣ ਦਾ ਯਤਨ ਕਰਦੀਆਂ ਹਨ। ਗੱਲ ਮੁੱਕ ਕੇ ਵੀ ਨਹੀਂ ਮੁੱਕਦੀ। ਇਸ ਦੇ ਅੱਗੇ ਤੁਰਨ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਨ੍ਹਾਂ ਵਿੱਚ ਵਰਨਣ ਦੀ ਥਾਂ ਵਾਰਤਾਲਾਪ ਤੇ ਨਾਟਕੀਅਤ ਨੂੰ ਤਰਜ਼ੀਹ ਦਿੱਤੀ ਜਾਂਦੀ ਹੈ। ਬਹੁਤੀ ਵਾਰ ਇਹ ਪਾਠਕ ਨੂੰ ਸਥਿਤੀ ਦੇ ਸਨਮੁਖ ਖੜ੍ਹਿਆਂ ਕਰਕੇ ਉਸ ਪ੍ਰਤੀ ਜਾਗਰੂਕ ਕਰਦੀ ਉਸ ਨੂੰ ਸੋਚਣ ਲਈ ਮਜਬੂਰ ਕਰਦੀ ਹੈ। ਉਸ ਦੇ ਸਾਹਮਣੇ ਸਮੱਸਿਆ ਨਾਲ ਸੰਬੰਧਤ ਪ੍ਰਸ਼ਨ–ਚਿੰਨ ਖੜ੍ਹੇ ਕਰਦੀ ਹੈ। ਕਹਾਣੀ ‘ਦੋ ਜਮ੍ਹਾਂ ਦੋ = ੪ ਦਾ ਫ਼ਾਰਮੂਲਾ’ ਪ੍ਰਸਤੁਤ ਨਹੀਂ ਕਰਦੀ, ਸਗੋਂ ਫ਼ਾਰਮੂਲੇ ਤੱਕ ਪਹੁੰਚਣ ਦੀ ਜੱਟਿਲ ਪ੍ਰਕਿਆ ਤੇ ਜੱਦੋਜਹਿਦ ਨੂੰ ਸਹਿਜ ਰੂਪ ਵਿੱਚ ਸਿਰਜਣ ਦਾ ਨਾਮ ਹੈ।ਮੇਰੀਆਂ ਬਹੁਤੀਆਂ ਕਹਾਣੀਆਂ ਦਾਰਸ਼ਨਿਕ ਅਤੇ ਮਨੋਵਿਗਿਆਨਕ ਹੁੰਦੀਆਂ ਹਨ। ਮਾਨਸਿਕ ਗੁੰਝਲਾਂ ਤੇ ਦਾਰਸ਼ਨਿਕ ਗੁੱਥੀਆਂ ਦੇ ਤਾਣੇ-ਪੇਟੇ ਨੂੰ ਠੀਕ ਭਾਂਤ ਸਮਝਕੇ, ਉਸ ਵਿੱਚੋਂ ਕੁਝ ਸਿਰਜਣ ਦੀ ਲੋੜ ਹੁੰਦੀ ਹੈ।
ਕਰਤਾਰ ਸਿੰਘ ਦੁੱਗਲ ਅਤੇ ਸਤਿੰਦਰ ਸਿੰਘ ਨੂਰ ਨੇ ਇਸ ਨੂੰ ਭਾਸ਼ਾ ਸਿਰਜਣ ਦੀ ਪ੍ਰਕਿਰਆ ਵੀ ਕਿਹਾ ਹੈ। ਇਹ ਤੱਤ ਹੀ ਮੈਨੂੰ ਪੰਜਾਬੀ ਦੇ ਹੋਰ ਕਹਾਣੀਕਾਰਾਂ ਨਾਲੋਂ ਨਿਖੇੜਦਾ ਹੈ। ਕਹਾਣੀ ਤਾਂ ਤੁਹਾਨੂੰ ਪ੍ਰਭਾਵਿਤ ਕਰੇਗੀ ਹੀ, ਕਹਾਣੀ ਕਹਿਣ, ਲਿਖਣ ਤੇ ਸਿਰਜਣ ਦਾ ਢੰਗ ਵੀ ਤੁਹਾਨੂੰ ਆਨੰਦ ਦੇਵੇਗਾ।ਕਈ ਸੂਰਤਾਂ ਵਿੱਚ ਇਹ ਨਾਟਕੀਅਤਾ ਨਾਲ ਹੈਰਾਨ ਵੀ ਕਰੇਗਾ। ਇੱਥੇ ਮੈਂ ਇੱਕ ਉਦਾਹਰਣ ਦੇ ਕੇ ਵਿਰਕ ਦੀ ਕਹਾਣੀ ਬਣਾਉਣ ਵਾਲੀ ਗੱਲ ਨੂੰ ਸਪਸ਼ਟ ਕਰਨ ਦਾ ਯਤਨ ਕਰਾਂਗਾ। ਮੈਂ ਆਪਣੇ ਸਕੂਲ ਵਿੱਚ ਪੱਤਕਾਰੀ ਦੀ ਕਲਾਸ ਇੱਥੇ ਗਿਆਵੀਂ ਤੇ ਬਾਹਰਵੀਂ ਜਮਾਤ ਨੂੰ ਪੜ੍ਹਾਉਂਦਿਆਂ ਇੱਕ ਪੁਸਤਕ ‘ਹੈਡ ਲਾਈਨਜ਼ ਅਤੇ ਡੈਡ ਲਾਈਨਜ਼’ ਵਿੱਚੋਂ ਹਵਾਲਾ ਦਿਆ ਕਰਦਾ ਸਾਂ ਕਿ ‘ਜੇ ਕੁੱਤਾ ਬੰਦੇ ਨੂੰ ਵੱਢੇ ਤਾਂ ਕਹਾਣੀ ਨਹੀਂ ਬਣਦੀ। ਹਾਂ, ਜੇ ਬੰਦਾ ਕੁੱਤੇ ਨੂੰ ਵੱਢੇ ਤਾਂ ਕਹਾਣੀ ਜ਼ਰੂਰ ਬਣ ਜਾਂਦੀ ਹੈ’।ਕਹਾਣੀ ਅਸੀਂ ਪੁਸਤਕ ਲਈ ਲਿਖ ਰਹੇ ਹੋਈਏ ਤੇ ਭਾਵੇਂ ਖ਼ਬਰ ਦੇ ਰੂਪ ਵਿੱਚ ਕਿਸੇ ਅਖ਼ਬਾਰ ਲਈ, ਸਾਨੂੰ ਗੱਲ ਬਣਾਉਣੀ ਆਉਣੀ ਚਾਹੀਦੀ ਹੈ।ਮੈਂ ਕਹਾਂਗਾ ਕਿ ਲੇਖਕ ਨੂੰ ਸਧਾਰਨ ਵਿੱਚੋਂ ਅਸਧਾਰਨ ਤੇ ਅਸਧਾਰਨ ਵਿੱਚੋਂ ਸ਼ਾਧਾਰਨ ਵੇਖਣ ਲਈ ਜਿੱਥੇ ਸੂਝ ਦੀ ਲੋੜ ਹ,ੈ ਉੱਥੇ ਸਿਰਜਣ ਲਈ ਕਲਾ ਤੇ ਯੁਕਤੀ ਦੀ ਵੀ। ਸ਼ਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਾਹਿਤ ਸ਼ਬਦ ਦੀ ਕਲਾ ਹੈ। ਇਸ ਕਲਾ ਦੇ ਜੀਵਨ ਅਤੇ ਸ੍ਰਿਸ਼ਟੀ ਜੇਡੇ ਹੀ ਪਾਸਾਰ ਹਨ।
? ਕਹਾਣੀ ਲਿਖਦਿਆਂ ਤੁਹਾਡੀ ਪਾਤਰ-ਉਸਾਰੀ ਤੇ ਸ਼ੈਲੀ ਬਹੁਤ ਕਮਾਲ ਦੀ ਹੁੰਦੀ ਹੈ। ਇਨ੍ਹਾਂ ਪਾਤਰਾਂ ਵਿੱਚ ਤੁਸੀਂ ਆਪ ਕਿੰਨਾ ਹੋ? ਤੁਹਾਡੀਆਂ ਕਹਾਣੀਆਂ ਦੇ ਪਾਤਰ ਆਮ ਲੋਕਾਂ ‘ਚੋ ਲਏ ਗਏ ਹਨ।ਕੀ ਕਵਿਤਾ ਵਾਂਗ ਕਹਾਣੀ ਵੀ ਕਿਸੇ ਖ਼ਾਸ ਵਰਗ ਲਈ ਲਿਖੀ ਗਈ ਹੈ?
– ਮੈਂ ਸਦਾ ਹੀ ਲੀਕ ਤੋਂ ਹੱਟ ਕੇ ਲਿਖਿਆ ਹੈ। ਕਹਾਣੀ-ਕਲਾ ਦੇ ਪਰਚੱਲਤ ਅਤੇ ਪਰੰਪਰਾਵਾਦੀ ਫ਼ਾਰਮੂਲੇ ਮੈਨੂੰ ਕਦੇ ਰਾਸ ਨਹੀਂ ਆਏ। ਮੇਰੀਆਂ ਕਹਾਣੀਆਂ ਵਧੇਰੇ ਕਰਕੇ ਸਵੈਜੀਵਨੀ-ਆਤਮਕ ਹੁੰਦੀਆਂ ਹਨ। ਬਾਕੀ ਦੀਆਂ ਕਹਾਣੀਆਂ ਵੀ ਮੇਰੇ ਨੇੜੇ ਦੇ ਪਾਤਰਾਂ ਨਾਲ ਵਾਪਰੀਆਂ ਜਾਂ ਮੇਰੀ ਹਾਜ਼ਰੀ ਵਿੱਚ ਘਟੀਆਂ ਹੁੰਦੀਆਂ ਹਨ। ਇਨ੍ਹਾਂ ਕਹਾਣੀਆਂ ਦਾ ਮੇਰੀ ਜ਼ਿੰਦਗੀ ਤੇ ਮੇਰੇ ਆਲ਼ੇ ਦੁਆਲ਼ੇ ਦੇ ਵਾਤਾਵਰਣ ਨਾਲ ਨਹੁੰ-ਮਾਸ ਦਾ ਰਿਸ਼ਤਾ ਹੁੰਦਾ ਹੈ। ਮੈਂ ਫ਼ਰਜ਼ ਕਰਕੇ ਨਹੀਂ ਲਿਖਦਾ।ਬਹੁਤਾ ਕਰਕੇ ਇਨ੍ਹਾਂ ਕਹਾਣੀਆਂ ਵਿੱਚ ਮੈਂ ਆਪ ਹੀ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਹੁੰਦਾ ਹਾਂ। ਕਰਤਾਰ ਸਿੰਘ ਦੁੱਗਲ ਅਨੁਸਾਰ ਕਹਾਣੀ ਵਿੱਚ ਮੈਂ ਇੱਕ ਦੋ ਬੁਰਸ਼-ਛੋਹਾਂ ਨਾਲ ਉਹ ਪ੍ਰਭਾਵ ਉਤਪੰਨ ਕਰ ਦਿੰਦਾ ਹਾਂ ਜੋ ਰਵਾਇਤੀ ਰੂਪ ਵਿੱਚ ਵਰਨਣ ਨਹੀਂ ਕੀਤੇ ਜਾ ਸਕਦੇ।ਇਨ੍ਹਾਂ ਸੂਖਮ ਛੋਹਾਂ ਨੂੰ ਸਮਝਣ ਤੇ ਕਹਾਣੀ ਦੇ ਘਟਨਾਕਰਮ ਦੀਆਂ ਤਹਿਆਂ ਵਿੱਚ ਪਰਤ ਦਰ ਪਰਤ ਪਏ ਬੌਧਕ ਅੰਸ਼ਾਂ ਤੱਕ ਪਹੁੰਚਣ ਲਈ ਪਾਠਕ ਦੀ ਮੇਰੀਆਂ ਕਹਾਣੀਆਂ ਵਿੱਚ ਵੀ ਬੌਧਕ ਸ਼ਮੂਲੀਅਤ ਜ਼ਰੂਰੀ ਹੋਵੇਗੀ। ਮੇਰੇ ਕਵਿ-ਨਾਟਕਾਂ ਬਾਰੇ ਭਾਸ਼ਾ ਵਿਭਾਗ ਪੰਜਾਬ ਦੇ ਸ਼ਹਾਇਕ ਡਾਇਰੈਕਟਰ ਤੇ ‘ਜਨ-ਸਾਹਿਤ’, ‘ਪੰਜਾਬੀ ਦੁਨੀਆ’ ਦੇ ਸੰਪਾਦਕ ਅਜੀਤ ਸਿੰਘ ਕੱਕੜ ਨੇ ਲਿਖਿਆ ਸੀ ਕਿ ਮੇਰੇ ਕਾਵਿ-ਨਾਟ ‘ਜਣੇ ਖਣੇ’ ਦੀ ਪਰੰਪਰਾ ਤੋਂ ਹਟਕੇ ਲਿਖੇ, ਪ੍ਰੋਢ ਬਾਲਗ਼ਾਂ ਦੇ ਨਾਟਕ’ ਹਨ। ਇਹ ਵਸ਼ਿਸਟ ਵਰਗ ਦੀਆਂ ਰਚਨਾਵਾਂ ਹਨ। ਮੇਰੀਆਂ ਬਹੁਤੀਆਂ ਕਹਾਣੀਆਂ ਵੀ ਇਸੇ ਸ਼੍ਰੇਣੀ ਵਿੱਚ ਆ ਜਾਦੀਆਂ ਹਨ। ਇਨ੍ਹਾਂ ਕਹਾਣੀਆਂ ਦੀ ਸੰਰਚਨਾ ਵਿਚ ਕਵਿਤਾ, ਨਾਟਕ, ਸਵੈ-ਜੀਵਨੀ, ਗਲਪ, ਦਰਸ਼ਨ, ਮਨੋਵਿਗਿਆਨ, ਸਮਕਾਲਕ ਇਤਿਹਾਸ ਤੇ ਵਿਗਿਆਨ ਦੇ ਅੰਸ਼ ਓਤ ਪੋਤ ਹਨ, ਜੁ ਇਨ੍ਹਾਂ ਨੂੰ ਵਿਲੱਖਣ ਸ਼ੈਲੀ ਵਿਚ ਪ੍ਰਸਤੁਤ ਕਰਦੇ ਹਨ।
? ਕਵਿਤਾ ਲਿਖਦਿਆਂ ਤੁਹਾਡੇ ਲਈ ਬਿੰਬ, ਪ੍ਰਤੀਕ, ਛੰਦ ਅਤੇ ਅਲੰਕਾਰਾਂ ਦਾ ਕੀ ਮਹੱਤਵ ਹੈ।ਇੱਕ ਅਲੋਚਕ ਦੇ ਤੌਰ ਤੇ ਵਧੀਆ ਕਵਿਤਾ ਦੀ ਪਰਖ ਕਰਨ ਲਈ ਕਿਹੜੇ ਕਿਹੜੇ ਤੱਤਾਂ ਦਾ ਖ਼ਿਆਲ ਰੱਖਣਾ ਜ਼ਰੂਰੀ ਸਮਝਦੇ ਹੋ?
-ਬਿੰਬ, ਪ੍ਰਤੀਕ, ਅਲੰਕਾਰ, ਦਰਸ਼ਨੀ ਪ੍ਰਭਾਵ, ਛੰਦ ਜਾਂ ਅਜਿਹੇ ਹੋਰ ਵੀ ਰੂਪਕ ਸੰਦ ਮਾਧਿਅਮ ਵਜੋਂ ਵਰਤ ਕੇ ਕਵੀ ਕਵਿਤਾ ਨੂੰ ਉਸੇ ਤਰ੍ਹਾਂ ਸ਼ਿੰਗਾਰ ਸਕਦਾ ਹੈ ਜਿਵੇਂ ਗਹਿਣੇ ਔਰਤ ਨੂੰ। ਇਹ ‘ਫ਼ਿਗਰ ਆਫ਼ ਸਪੀਚ’ ਮੌਲਿਕ ਅਤੇ ਵਿਲੱਖਣ ਹੋਣੇ ਚਾਹੀਦੇ ਹਨ। ਇਹ ਗੱਲ ਨੂੰ ਖ਼ੂਬਸੂਰਤ ਢੰਗ ਨਾਲ ਕਹਿਣ ਤੇ ਨਿਖਾਰਨ ਵਿੱਚ ਸਹਾਈ ਹੋਣ ਪਰ ਕਵਿਤਾ ਤੇ ਬੋਝ ਨਾ ਬਣਨ, ਤਾਂਹੀਂ ਯੋਗ ਹਨ। ਜੇ ਗਹਿਣਿਆਂ ਹੇਠ ਔਰਤ ਦਾ ਅਸਲੀ ਰੂਪ ਛੁਪ ਗਿਆ ਤਾਂ ਗਹਿਣਿਆਂ ਦਾ ਕੀ ਲਾਭ? ਗਹਿਣਿਆਂ ਦੀ ਖ਼ੂਬਸੂਰਤੀ ਦਾ ਅਨੰਦ ਤਾਂ ਉਨ੍ਹਾਂ ਨੂੰ ਸਟੈਂਡ ਉੱਤੇ ਪ੍ਰਦਰਸ਼ਿਤ ਕਰਕੇ ਵੀ ਲਿਆ ਜਾ ਸਕਦਾ ਹੈ।
ਕਵਿਤਾ ਬਾਰੇ ਮੇਰਾ ਸਿਧਾਂਤ ਹੈ ਕਿ ‘ਕਵਿਤਾ ਕਵੀ ਦਾ ਰਚਨਾਤਮਿਕ ਆਪਾ ਹੁੰਦੀ ਹੈ ਤੇ ਸੁਹਿਰਦ ਅਨੁਭਵ ਉਸ ਦੀ ਰੀੜ੍ਹ ਦੀ ਹੱਡੀ।’ ਜਿਵੇ ਜੀਵੋ, ਤਿਵੇਂ ਲਿਖੋ। ਦੰਭ ਨਾ ਕਰੋ। ਕਵੀ ਇੱਕ ਸਿਰਜਕ ਅਤੇ ਕਲਾਕਾਰ ਹੁੰਦਾ ਹੈ। ਉਸ ਨੂੰ ਸ਼ਬਦਾਂ ਦੀ ਕਲਾ ਆਉਣੀ ਚਾਹੀਦੀ ਹੈ।ਸ਼ਬਦ ਦੇ ਮਧਿਅਮ ਨੂੰ ਵਰਤਣ ਵਿੱਚ ਕਵੀ ਨੂੰ ਮੁਹਾਰਤ ਹੋਣੀ ਚਾਹੀਦੀ ਹੈ।ਕੱਚੀ ਚੀਕ੍ਹਣੀ ਮਿੱਟੀ ਗੁੰਨ੍ਹ ਕੇ ਤੁਹਾਡੇ ਅਗੇ ਰੱਖ ਦਿੱਤੀ ਹੈ। ਤੁਸੀਂ ਇਸ ਨਾਲ ਕੋਈ ਖ਼ੂਬਸੂਰਤ ਮੂਰਤੀ ਜਾਂ ਫ਼ੁੱਲ ਬਣਾਉਂਦੇ ਹੋ ਜਾਂ ਬੰਦੂਕ, ਇਹ ਤੁਹਾਡੀ ਸੋਚ ਅਤੇ ਕਲਾ-ਸਮਰੱਥਾ ਉੱਤੇ ਨਿਰਭਰ ਕਰਦਾ ਹੈ। ਹਰ ਕਵਿਤਾ ਦੀ ਕਸਵਟੀ ਉਸ ਦੇ ਅੰਦਰ ਪਈ ਹੁੰਦੀ ਹੈ।ਪੱਛਮ ਜਾਂ ਕਿਸੇ ਹੋਰ ਸਾਧਨ ਤੋਂ ਲਏ ਉਧਾਰੇ ਮਾਪ-ਦੰਡ ਕਵਿਤਾ ਤੇ ਲਾਗੂ ਨਹੀਂ ਕਰਨੇ ਚਾਹੀਦੇ। ਕਵਿਤਾ ਦੀ ਅਸਲ ਪਛਾਣ ਅਤੇ ਉਸ ਦਾ ਨਿਆਏਪੂਰਕ ਮੂਲਾਂਕਣ, ਕਵਿਤਾ ਅੰਦਰ ਪਏ ਮਾਪਦੰਡਾਂ ਨੂੰ ਢੂੰਡ ਕੇ ਹੀ ਹੋ ਸਕਦਾ ਹੈ।
? ਤਹੁਨੂੰ ਪ੍ਰਯੋਗਸ਼ੀਲ ਲਹਿਰ ਦੇ ਮੋਢੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਇਸ ਲਹਿਰ ਤੋਂ ਬਾਅਦ ਪੰਜਾਬੀ ਕਵਿਤਾ ਨੇ ਵਿਕਾਸ ਕੀਤਾ ਹੈ? ਇਸ ਦੀਆਂ ਪ੍ਰਾਪਤੀਆਂ ਬਾਰੇ ਕੁਝ ਚਾਨਣਾ ਪਾਉ? ਅੱਜ ਕਿਹੜੇ ਕਿਹੜੇ ਲੇਖਕਾਂ ਨੂੰ ਇਸ ਲਹਿਰ ਦੇ ਲੇਖਕਾਂ ਵਿਚ ਸ਼ਾਮਿਲ ਕਰਦੇ ਹੋ?
-ਦੇਖੋ, ਸਤਨਾਮ ਜੀ, ਪ੍ਰਯੋਗਸ਼ੀਲ ਲਹਿਰ ਦੇ ਮੂਲ ਰੂਪ ਵਿੱਚ ਦੋ ਹੀ ਲਖਸ਼ ਸਨ। ਪਹਿਲਾ ਇਹ ਕਿ ਪਰਗਤੀਵਾਦੀ-ਰੋਮਾਂਸਵਾਦੀ ਧਾਰਾ ਵਿੱਚ ਆ ਚੁੱਕੀ ਖੜੋਤ ਨੂੰ ਤੋੜਿਆ ਜਾਵੇ ਅਤੇ ਦੂਜਾ ਇਹ ਕਿ ਨਵੇਂ ਨਵੇਂ ਪ੍ਰਯੋਗ ਕਰਕੇ ਇਸ ਨੂੰ ਸੋਚ, ਚਿੰਤਨ ਅਤੇ ਰੂਪ ਦੇ ਪੱਖੋਂ, ਉਦਯੋਗਵਾਦੀ ਸੱਭਿਅਤਾ ‘ਚੋਂ ਪੈਦਾ ਹੋਏ ਨਵੇਂ ਸਰੋਕਾਰਾਂ ਨਾਲ ਜੋੜਿਆ ਜਾਵੇ ਤਾਂ ਕਿ ਇਹ ਪਿੱਛਲੇ ਵੀਹਾਂ ਸਾਲ਼ਾਂ (੧੯੩੫-੧੯੫੫) ਵਿੱਚ ਕਹੀਆਂ ਗੱਲਾਂ ਨਾ ਦੁਹਰਾਈ ਜਾਵੇ। ਇਨ੍ਹਾਂ ਦੋਹਾਂ ਲਖਸ਼ਾ ਵਿੱਚ ਇਹ ਪੂਰੀ ਤਰ੍ਹਾਂ ਸਫ਼ਲ ਰਹੀ ਹੈ। ੧੯੫੫ ਤੋਂ ੧੯੬੦ ਤੱਕ ਪ੍ਰਯੋਗਾਂ ਦਾ ਸੰਕ੍ਰਾਤੀ ਕਾਲ ਸੀ ਜਿਸ ਵਿੱਚ ਕਵੀ ਲੋਕ ਨਿੱਜੀ ਤੌਰ ਤੇ ਪ੍ਰਗਤੀਵਾਦੀ ਜਮੂਦ ਨੂੰ ਤੋੜਨ ਦੇ ਵਿਅਕਤੀਗਤ ਯਤਨ ਕਰਦੇ ਰਹੇ। ੧੯੬੧ ਤੋਂ ਸੁਚੇਤ ਰੂਪ ਵਿੱਚ, ਲਾਮਬੰਦ ਹੋ ਕੇ, ਇਹੀ ਯਤਨ ਪ੍ਰਯੋਗਸ਼ੀਲ ਲਹਿਰ ਦਾ ਰੂਪ ਧਾਰਨ ਕਰ ਲਂੈਦੇ ਹਨ।੧੯੬੩-੬੪ ਤੱਕ ਜਮੂਦ (ਖੜੋਤ) ਟੁੱਟ ਜਾਂਦਾ ਹੈ।ਪੰਜਾਬੀ ਦੀ ਨਵੀਂ ਕਵਿਤਾ ਸੋਚ, ਚਿੰਤਨ ਅਤੇ ਰੂਪ ਦੇ ਪੱਖੋਂ ਆਪਣੀ ਇੱਕ ਨਵੀਂ ਪਛਾਣ ਬਣਾ ਲੈਂਦੀ ਹੈ। ਇਸ ਤਰ੍ਹਾਂ ਪ੍ਰਯੋਗਸ਼ੀਲ ਲਹਿਰ ਆਪਣੇ ਲਖਸ਼ ਦੀ ਪਾ੍ਰਪਤੀ ਉਪਰੰਤ ਵੱਖ ਵੱਖ ਕਵੀਆਂ ਅਤੇ ਕਵੀ-ਸਮੂੰਹਾਂ ਵੱਲੋਂ ਨਵੇਂ ਨਵੇਂ ਨਾਵਾਂ ਨਾਲ ਪ੍ਰਭਾਸ਼ਿਤ ਹੋਣ ਲੱਗ ਪੈਂਦੀ ਹੈ। ਡਾ. ਜਸਵੀਰ ਸਿੰਘ ਆਹਲੂਵਾਲ਼ੀਆ ਨੇ ਇਸ ਨੂੰ ‘ਰੈਦੀਕਲ ਚੇਤਨਾ’ ਦੀ ਕਵਿਤਾ ਕਿਹਾ ਤਾਂ ਅਜਾਇਬ ਕਮਲ ਨੇ ‘ਵਿੱਦਰੋਹ’ ਦੀ ਕਵਿਤਾ। ਸੁਖਪਾਲਵੀਰ ਸਿੰਘ ਹਸਰਤ ਇਸ ਨੂੰ ਸ਼ਕਤੀਵਾਦ ਨਾਲ ਜੋੜਨ ਲੱਗ ਪਿਆ ਅਤੇ ਦਿੱਲੀ ਵਾਲੇ ਸਤੀ ਕਮਾਰ ਅਤੇ ਹਰਿਨਾਮ ਇਸ ਨੂੰ ਨਵੀਂ ਕਵਿਤਾ ਕਹਿਣ ਲੱਗ ਪਏ। ਡਾ. ਅਤਰ ਸਿੰਘ ਨੇ ਵੀ ਇਸ ਨਵੀਂ ਉਪਜੀ ਕਵਿਤਾ ਨੂੰ ਨਵੀਂ ਕਵਿਤਾ ਦਾ ਲੇਬਲ ਦਿੱਤਾ। ਮੈਂ ਇਸ ਨੂੰ ਗਲੋਬਲ ਤੇ ਬ੍ਰਹਿ-ਮੰਡਕ ਚੇਤਨਾ ਨਾਲ ਜੋੜਿਆ। ਮੇਰੇ ਅਲੋਚਕ ਡਾ. ਹਰਿਭਜਨ ਸਿੰਘ, ਡਾ. ਸੁਤਿੰਦਰ ਸਿੰਘ ਨੂਰ, ਅਜਾਇਬ ਕਮਲ, ਪ੍ਰੋ. ਬ੍ਰਮਜਗਦੀਸ਼ ਸਿੰਘ ਆਦਿ ਨੇ ਵੀ ਮੈਨੂੰ ਗਲੋਬਲ ਤੇ ਬ੍ਰਹਿ-ਮੰਡਕ ਚੇਤਨਾ ਦਾ ਕਵੀ ਆਖਿਆ। ਅਸੀਂ ਪ੍ਰਗਤੀਵਾਦੀ ਧਾਰਾ ਦੀ ਖੜੋਤ ਅਤੇ ਇਸ ਨਾਲ ਜੁੜੀ ਸੋਚ ਦਾ ਖੰਡਨ ਕਰਕੇ, ਨਵੀਂ ਕਵਿਤਾ ਵਾਸਤੇ ਵਿਅਕਤੀਗਤ ਅਤੇ ਸਮੂੰਹਿਕ ਤੌਰ ਤੇ ਸੁਤੰਤਤਰ ਰੂਪ ਵਿੱਚ ਵਿਕਸਤ ਹੋਣ ਲਈ, ਸਭ ਰਸਤੇ ਖੋਲ੍ਹ ਦਿੱਤੇ ਸਨ। ਇਹ ਆਪਣੇ ਆਪ ਵਿੱਚ ਬਹੁਤ ਵੱਡੀ ਪ੍ਰਪਤੀ ਸੀ। ਡਾ. ਅਤਰ ਸਿੰਘ ਦੇ ਸ਼ਬਦਾਂ ਵਿੱਚ ਇਹ ਕਵਿਤਾ ਪ੍ਰਗਤੀਵਾਦੀਆਂ ਦੇ ਮੈਨੀਫ਼ੈਸਟੋ ਤੋਂ ਮੁਕਤ, ਨਵੀਂ ਤੇ ਸੁਤੰਤਰ ਕਵਿਤਾ ਸੀ।੧੯੬੭ ਵਿੱਚ ਮੈਂ ਤੇ ਅਜਾਇਬ ਕਮਲ ਕੀਨੀਆਂ ਚਲੇ ਗਏ । ੧੯੬੮-੬੯ ਦੇ ਕਰੀਬ ਨਕਸਲਵਾਦੀ ਜਾਂ ਜੁਝਾਰਵਾਦੀ ਕਵੀਆਂ ਨੇ ਵੀ ਪ੍ਰਗਟਾਅ ਦੀ ਇਸ ਆਜ਼ਾਦੀ ਦਾ ਅੰਨਦ ਮਾਣਿਆਂ। ਜਿਵੇਂ ਜੀਵਿਆ, ਤਿਵਂੇ ਲਿਖਿਆ।
ਪ੍ਰਯੋਗਸ਼ੀਲ ਲਹਿਰ ਦੇ ਮੋਢੀਆਂ ਵਿੱਚ ਮੇਰੇ ਤੋਂ ਬਿਨਾਂ, ਡਾ. ਜਸਵੀਰ ਸਿੰਘ ਅਹਲੂਵਾਲੀਆ, ਅਜਾਇਬ ਕਮਲ ਤੇ ਸੁਖਪਾਲਵੀਰ ਹਸਰਤ ਨੂੰ ਗਿਣਿਆ ਜਾ ਸਕਦਾ ਹੈ। ਸ. ਸ. ਮੀਸ਼ਾਂ ਦੀ ਸਿਆਣਪੀ ਕਵਿਤਾ ਵੀ ਪ੍ਰਯੋਗਸ਼ੀਲ ਧਾਰਾ ਦਾ ਅੰਗ ਬਣ ਗਈ।ਡਾ. ਹਰਿਭਜਨ ਸਿੰਘ, ਡਾ. ਜਸਵੰਤ ਸਿੰਘ ਨੇਕੀ, ਤਾਰਾ ਸਿੰਘ, ਸਰਬੰਸ, ਡਾ. ਜਗਤਾਰ, ਵਰਿਆਮ ਅਸਰ, ਮੋਹਨਜੀਤ ਤੇ ਗਿਆਨ ਸਿੰਘ ਆਦਿ ਨੇ ਆਪੋ ਆਪਣੇ ਰੰਗ ਵਿੱਚ ਨਵੇਂ ਪ੍ਰਯੋਗ ਕਰਨੇ ਸ਼ੁਰੂ ਕਰ ਦਿੱਤੇ। ਇੱਥੋਂ ਤੱਕ ਕਿ ਪੋ. ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਸੁਖਬੀਰ ਤੇ ਹਰਿਭਜਨ ਸਿੰਘ ਹੁੰਦਲ ਨੇ ਵੀ ਨਵੇਂ ਪ੍ਰਯੋਗਾਂ ਵੱਲ ਆਪੋ ਆਪਣੀ ਰੁਚੀ ਵਿਖਾਈ।ਦੇਵਿੰਦਰ ਸਤਿਆਰਥੀ ਅਤੇ ਪ੍ਰੀਤਮ ਸਿੰਘ ਸਫ਼ੀਰ ਤਾਂ ਪਹਿਲਾਂ ਹੀ ਪ੍ਰਗਤੀਵਾਧੀ ਧਾਰਾ ਦੀ ਕਵਿਤਾ ਦੇ ਸਮਾਨ-ਅੰਤਰ ਆਪੋ ਆਪਣੀ ਵੱਖਰੀ ਤਰ੍ਹਾਂ ਦੀ ਪਛਾਣ ਬਣਾ ਚੁੱਕੇ ਸਨ।ਇਸ ਮਾਰਗ ਤੇ ਤੁਰਦਿਆਂ ਉਨ੍ਹਾ ਨੇ ਯੁੱਗ ਦੀਆਂ ਨਵੀਂਆਂ ਲੋੜਾਂ ਅਨੁਸਾਰ ਆਪਣੇ ਪ੍ਰਯੋਗ ਜਾਰੀ ਰੱਖੇ।
ਅੱਜ ਦੇ ਕਵੀ ਉਨ੍ਹਾਂ ਧਾਰਨਾਵਾਂ ਅਧੀਨ ਹੀ ਰਚਨਾ ਕਰ ਰਹੇ ਹਨ, ਜਿਨ੍ਹਾਂ ਦੀ ਸਥਾਪਤੀ ਪ੍ਰਯੋਗਸ਼ੀਲ ਲਹਿਰ ਨੇ ਕੀਤੀ ਸੀ। ਵਿਅਕਤੀਗਤ ਅਜ਼ਾਦੀ ਅਤੇ ਆਪਣੀ ਚੋਣ ਨੂੰ ਪਹਿਲ ਦੇਣ ਦੀ ਰੁਚੀ ਇਸ ਕਵਿਤਾ ਵਿੱਚ ਪਰਤ ਦਰ ਪਰਤ ਵੇਖੀ ਜਾ ਸਕਦੀ ਹੈ।’ਪ੍ਰਯੋਗ-ਪ੍ਰਗਤੀ- ਪ੍ਰੰਪਰਾ’ ਅਤੇ ‘ਪ੍ਰਯੋਗ’ਦੀ ਇਹ ਨਿਰੰਤਰ ਲੜੀ ਦੁਨੀਆ ਦੀਆਂ ਸਭ ਭਾਸ਼ਾਵਾਂ ਵਿੱਚ ਇਵੇਂ ਹੀ ਤੁਰਦੀ ਰਹੀ ਹੈ।ਇਹ ਤ੍ਰੈ-ਕਾਲਕ ਚੇਤਨਾ ਸਾਡੀ ਵਿਰਾਸਤ ਹੈ, ਜੋ ਪੀੜ੍ਹੀ ਦਰ ਪੀੜ੍ਹੀ ਸਾਨੂੰ ਨਵੀਂਆਂ ਸਥਿਤੀਆਂ ਤੇ ਕੀਮਤਾਂ ਦੇ ਨਾਲ ਨਾਲ ਤੋਰਦੀ ਹੋਈ, ਨਵੇਂ ਪ੍ਰਯੋਗਾਂ ਦੁਆਰਾ ਨਵੀਂਆਂ ਲਹਿਰਾਂ ਤੋਰਨ ਲਈ ਪ੍ਰੇਰਤ ਕਰਦੀ ਰਹੀ ਹੈ।
?ਕੁਝ ਆਲੋਚਕ ਇਹ ਵੀ ਕਹਿੰਦੇ ਹਨ ਕਿ ਅਧੁਨਿਕ ਕਵਿਤਾ ਵਿੱਚ ਅਸਪਸ਼ਟਤਾ ਬਹੁਤ ਹੈ ਪਰ ਅਧੁਨਿਕ ਕਵੀਆਂ ਦਾ ਕਹਿਣਾ ਹੈ ਕਿ ਇਹ ਕਵਿਤਾ ਡੂੰਘੀ ਅਤੇ ਗੰਭੀਰ ਹੈ।ਅਜਿਹੀ ਕਵਿਤਾ ਆਮ ਪਾਠਕ ਦੀ ਸਮਝ ਵਿੱਚ ਨਹੀਂ ਆਉਂਦੀ।ਤੁਹਾਡਾ ਕੀ ਖ਼ਿਆਲ ਹੈ?
-ਸਤਨਾਮ ਜੀ, ਅਸਪਸ਼ਟਤਾ ਬਾਰੇ ਸਿਰਫ਼ ਪੰਜਾਬੀ ਵਿੱਚ ਹੀ ਨਹੀਂ ਸਗੋਂ ਪੱਛਮੀ ਭਾਸ਼ਾਵਾਂ ਵਿੱਚ ਵੀ ਗੰਭੀਰ ਬਹਿਸ ਚੱਲਦੀ ਰਹੀ ਹੈ।ਉੰਝ ਵੀ ਜੇਕਰ ਇਸ ਗੱਲ ਨੂੰ ਮਾਨਵੀ ਪੈਂਤੜੇ ਤੋਂ ਵਿਚਾਰੀਏ ਤਾਂ ਇਹ ਗੱਲ ਸਪਸ਼ਟ ਹੈ ਕਿ ਜੋ ਗੱਲ ਮੇਰੇ ਲਈ ਸਪਸ਼ਟ ਤੇ ਸੌਖੀ ਹੈ ਉਹ ਗੱਲ ਤੁਹਾਡੇ ਲਈ ਅਸਪਸ਼ਟ ਅਤੇ ਔਖੀ ਹੋ ਸਕਦੀ ਹੈ। ਇੱਕੋ ਸਮਾਜ ਵਿੱਚ ਇੱਕੋ ਸਮੇਂ ਰਹਿੰਦਿਆਂ ਬੌਧਕ ਤੌਰ ਤੇ, ਅਸੀਂ ਵੱਖ ਵੱਖ ਪਧੱਰਾਂ ਉੱਤੇ ਜਿਉਂ ਰਹੇ ਹੁੰਦੇ ਹਾਂ। ਸਾਡੀ ਸ਼ਬਦਾਵਲੀ ਜਾਂ ਸ਼ਬਦ-ਭੰਡਾਰ ਵੱਖੋ ਵੱਖਰੇ ਹੁੰਦੇ ਹਨ। ਕਿਸੇ ਦਾ ਸੌੜਾ ਕਿਸੇ ਦਾ ਵਿਸ਼ਾਲ। ਕਿਸੇ ਵਿੱਚ ਹੋਰ ਬੋਲੀਆਂ ਦੇ ਸ਼ਬਦਾਂ ਦੀ ਖੁੱਲ੍ਹੀ ਵਰਤੋਂ ਹੁੰਦੀ ਹੈ ਅਤੇ ਕਿਸੇ ਵੱਲੋਂ ਗਿਣਤੀ ਦੇ ਉਨ੍ਹਾਂ ਹੀ ਸ਼ਬਦਾਂ ਦਾ ਵਾਰ ਵਾਰ ਆਸਰਾ ਲਿਆ ਜਾਂਦਾ ਹੈ।
ਜਿੱਥੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਾਂ ਕਵਿਤਾ ਵਿਚਾਰ ਤੇ ਚਿੰਤਨ ਦੇ ਪੱਖੋਂ ਵਧੇਰੇ ਗਹਿਰ ਗੰਭੀਰ, ਬੌਧਿਕ ਤੇ ਔਖੀ ਹੈ, ਉੱਥੇ ਸ਼ਬਦ–ਭੰਡਾਰ ਦੇ ਪਖੋਂ ਵੀ ਵਧੇਰੇ ਵਿਸ਼ਾਲ, ਅਮੀਰ ਅਤੇ ਜੱਟਿਲ ਹੈ।ਗੁਰੂ ਨਾਨਕ ਜੀ ਨੇ ਵਿਸ਼ਾਲ ਦੇਸ਼ਾਂ ਦਾ ਰਟਨ ਕੀਤਾ। ਕਈ ਧਰਮਾਂ, ਫਿਰਕਿਆਂ ਤੇ ਬੋਲੀਆਂ ਦੇ ਧਾਰਮਿਕ ਦਾਨਸ਼ਵਰਾਂ ਨਾਲ ਉਨ੍ਹਾਂ ਦੀਆਂ ਗੰਭੀਰ ਗੋਸ਼ਟਾਂ ਹੋਈਆਂ।ਵਿਚਾਰਾਂ ਤੇ ਸ਼ਬਦਾਂ ਦੇ ਇਸ ਆਦਾਨ ਪ੍ਰਦਾਨ ਕਾਰਨ ਗੁਰੂ ਨਾਨਕ ਜੀ ਦੀ ਬਾਣੀ ਸਾਧਾਰਨ ਪਾਠਕ ਨੂੰ ਅਸਪਸ਼ਟ ਤੇ ਔਖੀ ਲੱਗੇਗੀ, ਜਦੋਂ ਕਿ ਬੁੱਧੀਮਾਨ ਪਾਠਕ ਨੂੰ ਉਸ ਰਚਨਾਂ ਵਿੱਚੋਂ ਆਨੰਦ ਅਤੇ ਸੰਤੁਸ਼ਟੀ ਦੀ ਪ੍ਰਪਤੀ ਹੋਵੇਗੀ ।ਬਾਕੀ ਗੁਰੂ ਸਾਹਿਬਾਨ ਪੰਜਾਬ ਵਿੱਚ ਹੀ ਰਹੇ ਸਨ। ਇਸ ਲਈ ਉਨ੍ਹਾਂ ਦੀ ਬਾਣੀ ਵਿੱਚ ਗੁਰੂ ਨਾਨਕ ਦੇਵ ਜੀ ਵਰਗੀ ਬੌਧਕ ਸ਼ਬਦਾਵਲੀ ਨਾਂ ਹੋਣ ਕਰ ਕੇ, ਆਮ ਪਾਠਕ ਨੂੰ ਸਮਝਣੀ ਸੌਖੀ ਲੱਗਦੀ ਹੈ।
ਸੰਵੇਦਨਾ, ਦੇ ਪਾੜੇ ਕਰਕੇ ਵੀ ਕਈ ਵਾਰ ਕੋਈ ਰਚਨਾ ਕਿਸੇ ਵਿਸ਼ੇਸ਼ ਤੇ ਘੱਟ-ਪੜ੍ਹੇ ਲਿਖੇ ਵਰਗ ਨੂੰ ਅਸਪਸ਼ਟ ਲੱਗ ਸਕਦੀ ਹੈ। ਸ਼ਬਦਾਂ ਨੂੰ ਜਦੋਂ ਚਿੰਤਨ ਤੇ ਕਲਪਨਾ ਦੀ ਕੁਠਾਲ਼ੀ ਚਾੜ੍ਹਕੇ-ਅਲੰਕਾਰਾਂ, ਬਿੰਬਾਂ, ਚਿੰਨ੍ਹਾਂ ਅਤੇ ਨਜ਼ਾਕਤ ਵਾਲੇ ਇਸ਼ਾਰਿਆਂ ਦੀ ਭਾਸ਼ਾਂ ਵਿੱਚ ਗੱਲ ਕੀਤੀ ਜਾਵੇ, ਤਾਂ ਐਸੀ ਕਵਿਤਾ, ਸਾਧਾਰਨ ਪਾਠਕ ਨੂੰ ਹੀ ਨਹੀਂ, ਸਗੋਂ ਸੀਮਤ ਸੂਝ ਅਤੇ ਘੱਟ ਅਧਿਐਾਨ ਵਾਲੇ ਆਲੋਚਕਾਂ ਨੂੰ ਵੀ ਅਸਪਸ਼ਟ ਹੀ ਲੱਗੇਗੀ। ਡੂੰਘੇ ਅਰਥਾਂ ਅਤੇ ਅਹਿਸਾਸਾਂ ਨੂੰ ਸਮਝਣ ਲਈ, ਪਹਿਚਾਨਣ ਅਤੇ ਮਾਨਣ ਲਈ ਡੂੰਘੀ ਚੁੱਭੀ ਮਾਰਨੀ ਪੈਂਦੀ ਹੈ।ਇੱਕੋ ਰਚਨਾ ਨੂੰ ਵਾਰ ਵਾਰ ਪੜ੍ਹਨਾ ਪੈਂਦਾ ਹੈ। ਰਵਾਇਤੀ, ਸਟੇਜੀ ਅਤੇ ਰੂੜ੍ਹੀਗਤ ਕਵਿਤਾ ਸੌਖੀ ਸਮਝ ਆਉਂਦੀ ਅਤੇ ਪਾਠਕਾਂ ਵਿੱਚ ਵਾਹ ਵਾਹ ਕਹਿਣ ਤੇ ਤਲੀਆਂ ਮਾਰਨ ਦਾ ਪ੍ਰਤੀਕਰਮ ਪੈਦਾ ਕਰਦੀ ਹੈ। ਜਦੋਂ ਕਿ ਅਜੋਕੀ ਅਧੁਨਿਕ ਭਾਵ-ਬੋਧ ਵਾਲ਼ੀ ਕਵਿਤਾ ਪਾਠਕ ਨੂੰ ਸੋਚਣ ਲਈ ਮਜਬੂਰ ਕਰਦੀ ਹੈ।ਉਸ ਨੂੰ ਵਾਰ ਵਾਰ ਪੜ੍ਹਨ ਦੀ ਪ੍ਰੇਰਨਾ ਦਿੰਦੀ ਹੈ।
ਪ੍ਰਸਿੱਧ ਅੰਗਰੇਜ਼ੀ ਕਵੀ ਟੀ. ਐਸ. ਇਲੀਅਟ ਨੇ ਲਿਖਿਆ ਹੈ ਕਿ ਅਜੋਕੀ ਅਧੁਨਿਕ ਕਵਿਤਾ ਨੂੰ ਠੀਕ ਤਰ੍ਹਾਂ ਸਮਝਣ ਲਈ ਕਈ ਵਾਰੀ ਪਾਠਕ ਨੂੰ ਉੰਨੀ ਮਿਹਨਤ ਕਰਨੀ ਪੈਂਦੀ ਹੈ, ਜਿੰਨੀ ਇੱਕ ਵਕੀਲ ਨੂੰ ਅਦਾਲਤ ਵਿੱਚ ਜੱਜ ਸਾਹਮਣੇ ਇੱਕ ਗੁੰਝਲਦਾਰ ਕੇਸ ਨੂੰ ਪੇਸ਼ ਕਰਨ ਲਈ ਕਰਨੀ ਪੈਂਦੀ ਹੈ।ਅਧੁਨਿਕ ਕਵਿਤਾ ਸ਼ਬਦ ਤੇ ਸੋਚ ਦੀ ਕਲਾ ਹੈ। ਇਸ ਦੀਆਂ ਪਰਤਾਂ ਨੂੰ ਪੂਰੀ ਤਰ੍ਹਾਂ ਖੋਲ੍ਹਣ ਲਈ, ਇੱਕ ਨਹੀਂ ਅਨੇਕਾਂ ਵਾਰੀ ਇਸ ਦਾ ਪਾਠ ਕਰਨਾ ਪੈਂਦਾ ਹੈ।ਇਸ ਲਈ ਉਨ੍ਹਾ ਅਲੋਚਕਾਂ ਨੂੰ ਤਾਂ ਮੈ ਇਹੋ ਕਹਿ ਸਕਦਾ ਹਾਂ ਕਿ ਇਸ ਤੋਂ ਡਰ ਕੇ ਭੱਜੋ ਨਾ, ਸਗੋਂ ਇਸ ਨਾਲ ਬੌਧਕ ਤੇ ਸੂਝਵਾਨ ਦਸਤ- ਪੰਜਾ ਲਵੋ। ਸਿਆਣਪ ਨਾਲ ਸਿਆਣੇ ਬਣੋ।ਇਸ ਦੇ ਹਾਣ ਦੇ ਬਣ ਕੇ, ਇਸ ਨਾਲ ਗੰਭੀਰ ਸੰਵਾਦ ਰਚਾਓ। ਤੁਹਾਨੂੰ ਨਿਰਾਸ਼ਾ ਨਹੀਂ ਹੋਵੇਗੀ।
?ਤੁਸੀਂ ਅਲੋਚਕ ਵੀ ਹੋ। ਮੇਰੇ ਖ਼ਿਆਲ ਨਾਲ ਪੰਜਾਬੀ ਸਹਿਤ ਉੱਤੇ ‘ਵਾਦਾਂ’ ਦੀ ਕਾਫ਼ੀ ਰੰਗਤ ਹੈ। ਬਹੁਤ ਸਾਰੇ ਆਲੋਚਕਾਂ ਨੇ, ਅਲੋਚਨਾ ਕਰਦਿਆਂ ਉੱਤਰ-ਅਧੁਨਿਕਤਾ, ਸਰੰਚਨਾਵਾਦ, ਉੱਤਰ-ਸਰੰਚਨਾਵਾਦ, ਉੱਤਰ- ਮਾਰਕਸਵਾਦ ਆਦਿ ਨੂੰ ਮੁਖ ਰੱਖ ਕੇ ਹੀ ਆਲੋਚਨਾ ਕੀਤੀ ਹੈ।ਕੁਝ ਅਲੋਚਕਾਂ ਨੇ ਤਾਂ ਪ੍ਰਯੋਗਸ਼ੀਲ ਲਹਿਰ ਨੂੰ ਵੀ ‘ਵਾਦ’ ਹੀ ਕਿਹਾ ਹੈ।ਕੀ ਇਹ ਸਭ ਕੁਝ ਜ਼ਰੂਰੀ ਜਾਂ ਠੀਕ ਹੈ? ਤੁਹਾਡਾ ਇਹਦੇ ਬਾਰੇ ਕੀ ਖਿਆਲ ਹੈ …?
-ਸਤਨਾਮ ਜੀ, ਪੰਜਾਬੀ ਅਲੋਚਨਾ ਤੀਨ ਲੋਕ ਸੇ ਨਿਆਰੀ ਹੈ।ਐਸੇ ਅਲੋਚਕਾਂ ਬਾਰੇ ਹੀ ਕਿਸੇ ਨੇ ਲਿਖਿਆ ਸੀ ਕਿ ‘ਅਲੋਚਕ ਉਹ ਬੌਨਾ ਹੈ ਜੋ ਲੇਖਕ ਦੇ ਮੋਢਿਆਂ ਤੇ ਖੜੋ ਕੇ ਕਹਿੰਦਾ ਹੈ ਕਿ ਲੇਖਕ ਮੇਰੇ ਨਾਲੋਂ ਕੱਦ ਵਿਚ ਛੋਟਾ ਹੈ’।ਬਾਹਰੋਂ ਉਧਾਰੇ ਲੈ ਕੇ ਜਾਂ ਨਕਲ ਕਰਕੇ ਆਲੋਚਨਾ ਦੇ ਸਿਧਾਂਤਾਂ ਨੂੰ ਪੰਜਾਬੀ ਸਾਹਿਤ ਉੱਤੇ ਲਾਗੂ ਕਰਨਾ, ਯੋਗ ਨਹੀਂ ਹੈ। ਇਹ ਸਭ ‘ਵਾਦ’ ਪੱਛਮ ਵੱਲੋਂ ਹੀ ਪੰਜਾਬੀ ਵਿੱਚ ਆਏ ਹਨ। ਸਾਹਿਤ ਨੂੰ ਅਲੋਚਨਾ ਦਾ ਮਾਰਗ-ਦਰਸ਼ਨ ਕਰਨਾ ਚਾਹੀਦਾ ਹੈ ਨਾ ਕਿ ਆਲੋਚਨਾ ਨੂੰ ਸਾਹਿਤ ਦਾ। ਬਾਕੀ ਦੇਸ਼ਾ ਵਿੱਚ ਜਾਂ ਬੋਲੀਆਂ ਵਿੱਚ ਸਾਹਿਤ ਪਹਿਲਾਂ ਰਚਿਆ ਜਾਂਦਾ ਹੈ ਤੇ ਆਲੋਚਨਾਤਮਿਕ ਸਿਧਾਂਤਾਂ ਦਾ ਸੂਤਰੀਕਰਨ, ਉਸ ਸਹਿਤ ਵਿੱਚ ਵਿੱਦਮਾਨ, ਉਸ ਦੇ ਮਾਪ-ਦੰਡਾਂ ਅਨੁਸਾਰ ਕੀਤਾ ਜਾਂਦਾ ਹੈ। ਪਰ ਪੰਜਾਬੀ ਆਲੋਚਕ ਬਾਹਰਲੇ ‘ਵਾਦਾਂ’ ਨੁੰ ਅਪਨਾ ਕੇ ਇਹ ਵੇਖਦੇ ਹਨ ਕਿ ਇਨ੍ਹਾਂ ਅਨੁਸਾਰ ਪੰਜਾਬੀ ਸਾਹਿਤ ਵਿੱਚ ਕੀ ਹੈ? ਕੀ ਨਹੀਂ ਹੈ? ਤੇ ਕੀ ਹੋਣਾ ਚਾਹੀਦਾ ਹੈ? ਪੱਛਮ ਦੇ ਦਰਸ਼ਨਵੇਤਾ ਤੇ ਸਾਹਿਤਕਾਰ ਜਿਨ੍ਹਾਂ ਸਮਾਜਿਕ, ਆਰਥਿਕ, ਰਾਜਨੀਤਿਕ, ਦਾਰਸ਼ਨਿਕ ਵਿਅਕਤੀਗਤ ਤੇ ਸਮੂਹਿਕ ਸਥਿਤਿਆਂ ਨਾਲ ਦੋ ਚਾਰ ਹੁੰਦੇ ਹਨ, ਉਨ੍ਹਾਂ ਅਨੁਸਾਰ ਹੀ ਸਹਿਤ, ਦਰਸ਼ਨ ਅਤੇ ‘ਵਾਦ’ ਆਦਿ ਆਪਣੀ ਹੋਂਦ ਗ੍ਰਹਿਣ ਕਰਦੇ ਹਨ। ਪੰਜਾਬੀ ਸਾਹਿਤਕਾਰਾਂ ਨੇ ਅਜਿਹੀਆਂ ਸਥਿਤਿਆਂ ਨੂੰ ਭੋਗਿਆਂ ਨਹੀਂ ਹੁੰਦਾ, ਇਸ ਲਈ ਉਨ੍ਹਾਂ ਵਿੱਚ ਅਜਿਹੇ ਤੱਥਾਂ ਦਾ ਅਭਾਵ ਹੋਣਾ ਇੱਕ ਕੁਦਰਤੀ ਗੱਲ ਹੈ।ਸਾਡੇ ਆਲੋਚਕ ਇਨ੍ਹਾਂ ਪੱਛਮੀ ‘ਵਾਦਾਂ’ ਦਾ ਅਧਿਐਨ ਕਰਨ ਉਪਰੰਤ, ਆਪਣੀ ਵਿੱਦਵਤਾ ਦੇ ਪ੍ਰਦਰਸ਼ਣ ਲਈ ਇਨ੍ਹਾਂ ਨੂੰ ਪੰਜਾਬੀ ਸਾਹਿਤ ਤੇ ਲਾਗੂ ਕਰਨ ਦੀ ਜ਼ਿੱਦ ਕਰਦੇ ਹਨ। ਚਾਹੀਦਾ ਤਾਂ ਇਹ ਹੈ ਕਿ ਅਸੀਂ ਪੰਜਾਬੀ ਸਾਹਿਤ ਨੂੰ ਪੰਜਾਬੀ ਸਥਿਤੀਆਂ ਤੇ ਸਰੋਕਾਰਾਂ ਅਨੁਸਾਰ ਸਮਝੀਏ, ਨਿਰਖ਼ੀਏ ਤੇ ਪਰਖ਼ੀਏ। ਪੰਜਾਬੀ ਸਾਹਿਤ ਵਿੱਚੋਂ ਹੀ ਉਸ ਦੇ ਮਾਪ-ਦੰਡਾਂ ਦੇ ਅਧਾਰ ਢੂੰਡੀਏ। ਪਰ ਇੰਝ ਹੋ ਨਹੀਂ ਰਿਹਾ।
ਅਕਦਾਮਿਕ ਪਧੱਰ ਉੱਤੇ ਇਨ੍ਹਾਂ ਪੱਛਮੀ ‘ਵਾਦਾਂ’ ਤੇ ਸਿਧਾਂਤਾਂ ਨੂੰ ਜ਼ਰੂਰ ਪੜ੍ਹਾਉਂਣਾ ਚਾਹੀਦਾ ਹੈ ਤਾਂ ਕਿ ਵਿੱਦਿਆਰਥੀ ਅਲੋਚਨਾ ਦੇ ਅਧਾਰਾਂ ਤੇ ਿਸਧਾਂਤਾਂ ਦੀ ਤੁਲਣਾ ਕਰ ਸਕਣ। ਸਾਡੀ ਆਲੋਚਨਾ ਲਈ ‘ਸਤਿਯਮ’, ‘ਸ਼ਿਵਮ’ ਤੇ ‘ਸੁੰਦਰਮ’ ਦਾ ਭਾਰਤੀ ਆਧਾਰ ਅਜੇ ਤੱਕ ਵੀ ਸਾਰਥਿਕ ਹੈ।ਹੁਣ ਵਿਸ਼ਵੀਕਰਨ ਦੇ ਕਾਰਨ ਵੱਖ ਵੱਖ ਦੇਸ਼ਾਂ ਤੇ ਬੋਲੀਆਂ ਦੀਆਂ ਵਿਥਾਂ ਮਿੱਟ ਰਹੀਆਂ ਹਨ। ਵਿਚਾਰਧਾਰਕ ਤੇ ਦਾਰਸ਼ਨਿਕ ਆਧਾਰਾਂ ਵਿੱਚ ਸਾਂਝ ਵੀ ਵੱਧ ਰਹੀ ਹੈ। ਸਮਾਂ ਪਾ ਕੇ ਸ਼ਾਇਦ ਪੱਛਮ ਤੇ ਪੂਰਬ ਦੀਆਂ ਇਹ ਵਿੱਥਾ ਵੀ ਬਹੁਤ ਘੱਟ ਜਾਣ। ‘ਪ੍ਰਯੋਗਸ਼ੀਲ’ ਤੇ ‘ਪ੍ਰਯੋਗਵਾਦ’ ਦੋ ਵੱਖ ਵੱਖ ਸੰਕਲਪ ਹਨ। ‘ਪ੍ਰਯੋਗਸ਼ੀਲ’ ਤ੍ਰੈਕਾਲਕ ਚੇਤਨਾ ਨਾਲ ਜੁੜਿਆ ਨਿਰੰਤਰ ਤੇ ਖੁੱਲ੍ਹਾ ਸੰਕਲਪ ਹੈ, ਜੋ ਪੀੜ੍ਹੀ-ਦਰ-ਪੀੜ੍ਹੀ ਸਾਨੂੰ ਅੱਗਿਓ ਹੋਰ ਅਗੇਰੇ ਜਾਣ ਲਈ ਪ੍ਰਯੋਗ-ਚੇਤਨਾ ਨਾਲ ਜੋੜੀ ਰੱਖਦਾ ਹੈ। ‘ਪ੍ਰਯੋਗਵਾਦ’, ‘ਵਾਦ’ ਨਾਲ ਜੁੜਿਆ ਬੱਝਵਾ ਸੰਕਲਪ ਹੈ। ਜਿਸਨੇ ਆਪਣੀ ਆਯੂ ਵਿਹਾਕੇ ਖ਼ਤਮ ਹੋ ਜਾਣਾ ਹੁੰਦਾ ਹੈ।
ਪੰਜਾਬੀ ਆਲੋਚਕਾਂ ਨੂੰ ਪੱਖ ਪਾਤ ਅਤੇ ਮਿੱਤਰਚਾਰਿਆਂ ਤੋਂ ਨਿਰਲੇਪ ਹੋ ਕੇ ਨਿਆਏਯੁਕਤ ਅਤੇ ਤਰਕਸ਼ੀਲ ਦਿਸ਼ਾ ਅਪਨਾਉਣੀ ਚਾਹੀਦੀ ਹੈ, ਤਾਂ ਕਿ ਇਸ ਵਿੱਚ ‘ਗਊ’ ਤੇ ‘ਗਧੇ’ ਦੀ ਤਮੀਜ਼ ਪੈਦਾ ਹੋ ਸਕੇ। ਇਸ ਸਮੇਂ ਪੰਜਾਬੀ ਸਾਹਿਤ ਵਿੱਚ ਵਿਸ਼ਵ ਪੱਧਰ ਦੀਆਂ ਰਚਨਾਵਾਂ aਪਲੱਭਤ ਹਨ, ਪਰ ਅਫ਼ਸੋਸ ਦੀ ਗੱਲ ਹੈ ਕਿ ਪੰਜਾਬੀ ਸਾਹਿਤ ਵਿੱਚ ਇਸ ਸਮੇਂ ਇੱਕ ਵੀ ਨਾਮਵਰ ਤੇ ਉੱੱਚੇ ਕੱਦ ਵਾਲਾ ਆਲੋਚਕ ਵਿਖਾਈ ਨਹੀਂ ਦਿੰਦਾ।ਵਿਸ਼ੇਸਗਤਾ ਵੱਲ ਵੀ, ਸਾਡੇ ਆਲੋਚਕਾਂ ਦਾ ਧਿਆਨ ਨਹੀਂ ਗਿਆ। ਹਰ ਕੋਈ ਜੋਗੀਆਂ, ਨਾਥਾਂ, ਗੂਰ-ਸਾਹਿਬਾਨਾਂ , ਸੂਫ਼ੀ-ਕਵੀਆਂ, ਕਿੱਸਾਕਾਰਾਂ ਤੋਂ ਲੈ ਕੇ ਅੱਜ ਤੱਕ ਦੇ ਸਹਿਤਕਾਰਾਂ ਤੱਕ, ਕਿਸੇ ਵੀ ਵਿਸ਼ੇ ਉੱਤੇ ਅਤੇ ਸਾਹਿਤ ਦੇ ਕਿਸੇ ਵੀ ਰੂਪ ਬਾਰੇ ਲਿਖੀ ਜਾ ਰਿਹਾ ਹੈ। ਕਵਿਤਾ, ਕਹਾਣੀ, ਨਾਟਕ, ਵਾਤਕ ਤੇ ਨਾਵਲ ਦੇ ਖ਼ੇਤਰਾਂ ਵਿੱਚ ਵਿਸ਼ੇਸ਼ਗਾਂ ਦੀ ਲੋੜ ਹੈ। ਇਹ ਵਿਸ਼ੇਸ਼ਗ ਸਾਹਿਤ ਦੀ ਕਾਲ ਵੰਡ ਅਨੁਸਾਰ ਵੀ ਵੱਖ ਵੱਖ ਰੂਪਾਂ ਉੱਤੇ ਆਲੋਚਨਾ ਲਿਖਣ ਵਿੱਚ ਮੁਹਾਰਤ ਹਾਸਿਲ ਕਰ ਸਕਦੇ ਹਨ। ਕੋਈ ਮੱਧਕਾਲੀ ਕਵਿਤਾ ਦਾ ਮਾਹਰ ਹੋਵੇ, ਕੋਈ ਅਧੁਨਿਕ ਕਵਿਤਾ ਦਾ, ਕੋਈ ਪ੍ਰਯੋਗਸ਼ੀਲ ਤੇ ਜੁਝਾਰਵਾਦੀ ਕਵਿਤਾ ਦਾ।ਪ੍ਰਸਿੱਧ ਅੰਗਰੇਜ਼ੀ ਆਲੋਚਕ ‘ਮਾਰਟਿਨ ਐਸਲਿਨ’ ਨੇ ਵਿਸ਼ੇਸ਼ਗਾਂ ਦੀ ਦ੍ਰਿਸ਼ਟੀ ਤੋਂ ‘ਥੀਏਟਰ ਆਫ਼ ਦੀ ਐਬਸਰਡ’ ਨਾਂ ਦੀ ਕਿਤਾਬ ਲਿਖੀ ਜੋ ਕਰੋੜਾਂ ਦੀ ਗਿਣਤੀ ਵਿੱਚ ਵਿਕ ਚੁੱਕੀ ਹੈ। ਇਸ ਵਿਸ਼ੇ ਉੱਤੇ ਲਿਖੀ ਹੁਣ ਤੱਕ ਦੀ ਬੇਹਤਰੀਨ ਕਿਤਾਬ ਹੈ, ਜੋ ਅੰਗਰੇਜ਼ੀ ਥੀਏਟਰ ਦੀ ਇੱਕੋ ਧਾਰਾ ਨੂੰ ਹੀ ਆਪਣੇ ਅਧਿਐਨ ਵਿਸ਼ਲੇਸ਼ਣ ਦਾ ਵਿਸ਼ਾ ਬਣਾਉਂਦੀ ਹੈ।ਪੰਜਾਬੀ ਆਲੋਚਨਾਂ ਨੂੰ ਅਜੇ ਬਹੁਤ ਵੱਡਾ ਪੈਂਡਾ ਤਹਿ ਕਰਕੇ ਸਮੇਂ ਦੇ ਹਾਣ ਦਾ ਹੋਣ ਅਤੇ ਇਨਸਾਫ਼ ਨਾਲ ਵਿਚਰਨ ਦੀ ਵੱਡੀ ਲੋੜ ਹੈ।
?ਤੁਸੀਂ ਆਪਣੀ ਸਾਹਿਤਕ ਸਵੈ-ਜੀਵਨੀ ਵਿੱਚ ਕਿਤੇ ਲਿਖਿਆ ਵੀ ਹੈ ਕਿ ਅਧੁਨਿਕ ਸਾਹਿਤ ਟੂ-ਵੇ ਟ੍ਰੇਫ਼ਿਕ ਹੈ। ਇਸ ਵਿੱਚ ਪਾਠਕ ਦੀ ਬੌਧਿਕ ਸ਼ਮੂਲੀਅਤ ਬਹੁਤ ਜ਼ਰੂਰੀ ਹੈ। ਕੀ ਤੁਹਾਡੀਆਂ ਰਚਨਾਵਾਂ ਇਸੇ ਸਿਧਾਂਤ ਨੂੰ ਲੈ ਕੇ ਰਚੀਆਂ ਗਈਆਂ ਹਨ?
-ਹਾਂ ਜੀ, ਮੇਰੀਆਂ ਰਚਨਾਵਾਂ ਦੀ ਸਿਰਜਨਾ ਇਸੇ ਸਿਧਾਂਤ ਦੇ ਤਹਿਤ ਹੋਈ ਹੈ, ਕਿਉਂਕਿ ਉਹ ਮੇਰੀ ਸਮੁੱਚੀ ਸ਼ਖ਼ਸੀਅਤ ਦਾ ਪ੍ਰਗਟਾਵਾ ਹਨ। ਜਿਸ ਬੌਧਿਕ, ਮਨੋਵਿਗਿਆਨਕ, ਦਾਰਸ਼ਨਕ ਅਤੇ ਵਿਗਿਆਾਨਕ ਪਧੱਰ ਉੱਤੇ ਮੈਂ ਵਿਅਕਤੀਗਤ ਰੂਪ ਵਿੱਚ, ਆਪਣੇ ਯੁੱਗ ਨੂੰ ਜੀਵਿਆ ਅਤੇ ਇਸ ਦੀਆਂ ਸਰਬਹਾਰੀਆਂ ਕੀਮਤਾਂ ਨੂੰ ਸਮਝਿਆ, ਇਸ ਦੀਆਂ ਪਰਤਾਂ ਨੂੰ ਫਰੋਲਿਆ ਹੈ, ਮੇਰੀਆਂ ਰਚਨਾਵਾਂ ਉਸੇ ਦਾ ਪ੍ਰਕਾਸ਼ ਹਨ। ਹਰ ਰਚਨਾ ਹਰ ਵਿਅਕਤੀ ਲਈ ਨਹੀਂ ਹੁੰਦੀ। ਅੱਜ ਤਾਂ ਇਹ ਗੱਲ ਵੀ ਚੱਲ ਪਈ ਹੈ ਕਿ ਬੌਧਿਕ ਸਾਹਿਤ ਆਮ ਆਦਮੀ ਲਈ ਹੁੰਦਾ ਵੀ ਹੈ ਕਿ ਨਹੀਂ? ਮੇਰੀ ਜਾਚੇ ਬੌਧਿਕ ਤੇ ਦਾਰਸ਼ਨਿਕ ਸਾਹਿਤ ਸਮੁੱਚੀ ਮਨੁੱਖਤਾ ਬਾਰੇ ਹੁੰਦਾ ਹੋਇਆ ਵੀ, ਆਮ ਮਨੁੱਖ ਦੀ ਸਮਝ ਵਿੱਚ ਨਹੀਂ ਆਉਂਦਾ। ਇੱਕੋ ਯੁੱਗ ਵਿੱਚ ਰਹਿ ਰਹੇ ਹੋਣ ਦੇ ਬਾਵਜੂਦ ਵੀ, ਸਾਡੀ ਸੋਚ, ਸਮਝ, ਦਿਲਚਸਪੀ ਅਤੇ ਸੰਵੇਦਨਾ ਦੇ ਧਰਾਤਲ ਵੱਖੋ ਵੱਖਰੇ ਹੁੰਦੇ ਹਨ। ਇੱਕੋ ਸਮੇਂ ਰਚਿਆ ਸਾਹਿਤ ਕਈ ਪਧੱਰਾਂ ਤੇ ਵਿਚਰ ਰਿਹਾ ਹੁੰਦਾ ਹੈ। ਸਾਹਿਤ ਦਾ ਔਖਾ ਜਾਂ ਸੌਖਾ ਅਤੇ ਜਾਂ ਬੌਧਿਕ ਤੇ ਜਜ਼ਬਾਤੀ ਹੋਣਾ ਇੰਨਾ ਜ਼ਰੂਰੀ ਨਹੀਂ, ਜਿੰਨਾਂ ਸਾਰਥਕ ਹੋਣਾ ਜ਼ਰੂਰੀ ਹੈ।ਮੇਰੀਆਂ ਰਚਨਾਵਾਂ ਦੀ ਪ੍ਰਕਿਰਤੀ ਜੱਟਿਲ, ਬਹੁ-ਮੁਖੀ, ਬਹੁ-ਦਿਸ਼ਾਵੀ ਗੰਭੀਰ ਅਤੇ ਬੌਧਿਕ ਹੈ। ਇਸ ਲਈ ਇਸ ਵਿੱਚ ਪਾਠਕ ਦੀ ਬੌਧਿਕ ਸ਼ਮੂਲੀਅਤ ਬਹੁਤ ਜ਼ਰੂਰੀ ਹੈ।
?ਕੁਝ ਆਲੋਚਕਾਂ ਵੱਲੋਂ ਤੁਹਾਡੀਆਂ ਰਚਨਾਵਾਂ ਤੇ ਨੰਗੇਜ਼ ਜਾਂ ਅਸ਼ਲੀਲਤਾ ਦਾ ਦੋਸ਼ ਲਾਇਆ ਜਾਂਦਾ ਹੈ। ਤੁਹਾਡੇ ੋਮੌਨ ਹਾਦਸੇ’ੇ ਕਵਿ-ਸੰਗ੍ਰਹਿ ਵਿਚਲੀਆਂ ਕਵਿਤਾਵਾਂ ਜਿਸ ਤਰ੍ਹਾਂ “ਨਿਹਫਲ”, “ਸਿਰਜਨ ਅਤੇ ਸਰਾਪ”, ਅੱਜ ਦੀ ਰਮਾਇਣ, “ਅੱਧਾ ਮਰਦ ਅੱਧੀ ਨਾਰੀ,” “ਇਹ ਸੱਚ ਜਾਣੀ”, “ਲੂਪ ਦੀ ਪੀੜ੍ਹੀ” ਸ਼ਾਇਦ ਹੋਰ ਰਚਨਾਵਾਂ ਬਾਰੇ ਵੀ ਇਹ ਵਿਚਾਰ ਹੋਣ।ਤੁਸੀਂ ਇਹਨਾਂ ਆਲੋਚਕਾਂ ਨੂੰ ਕੀ ਕਹਿਣਾ ਚਾਹੋਗੇ?
-ਜਿਸ ਤਰ੍ਹਾਂ ‘ਖੂਬਸੂਰਤੀ ਵੇਖਣ ਵਾਲੇ ਦੀ ਅੱਖ ਵਿੱਚ ਹੁੰਦੀ ਹੈ’ ਇਸੇ ਤਰ੍ਹਾਂ ਅਸ਼ਲੀਲਤਾ ਵੀ ਵੇਖਣ ਵਾਲੇ ਦੀ ਅੱਖ ਵਿੱਚ ਹੁੰਦੀ ਹੈ।ਨੰਗੇਜ਼ ਅਤੇ ਇਸਤਰੀ ਪੁਰਖ ਸੰਬੰਧ ਆਪਣੇ ਆਪ ਵਿੱਚ ਅਸ਼ਲ਼ੀਲ ਨਹੀਂ ਹੁੰਦੇ। ਇੱਕ ਸੁਘੜ ਸਾਹਿਤਕਾਰ ਜਾਂ ਕਲਾਕਾਰ ਨੰਗੇਜ ਜਾਂ ਇਸਤਰੀ ਪੁਰਖ ਸੰਬੰਧਾਂ ਨੁੰ ਮਧਿਆਮ ਵਜੋਂ ਵਰਤ ਕੇ ਇਨ੍ਹਾਂ ਰਾਹੀਂ ਦਾਰਸ਼ਨਿਕ, ਮਨੋਵਿਗਿਆਨਕ ਅਤੇ ਹਾਂ-ਵਾਚਕ ਅਤੇ ਉਸਾਰੂ ਸੱਚਾਈਆਂ ਤੱਕ ਪਹੁੰਚਦਾ ਹੈ। ਇਨ੍ਹਾਂ ਦੇ ਸੁਹਜ ਨੂੰ ਪਹਿਚਾਣਦਾ ਅਤੇ ਪਰਸਾਰਦਾ ਹੈ। ਅਸ਼ਲੀਲਤਾ ਮੰਤਵ ਵਿੱਚ ਹੁੰਦੀ ਹੈ, ਮਾਧਿਅਮ ਵਿੱਚ ਨਹੀਂ। ਇੱਥੇ ਕੁਝ ਉਦਾਹਰਣਾ ਦੇ ਕੇ ਇਸ ਨੁਕਤੇ ਨੂੰ ਸਪਸ਼ਟ ਕਰਨ ਦੀ ਲੋੜ ਹੈ। ਮਾਂ ਤੇ ਬੱਚੇ ਦਾ ਚਿੱਤਰ ਜਾਂ ਮੂਰਤੀ ਲਗ ਪਗ ਹਰ ਪ੍ਰਸਿੱਧ ਚਿਤਰਕਾਰ ਜਾਂ ਮੂਰਤੀਕਾਰ (ਬੁੱਤ-ਘਾੜੇ) ਨੇ ਬਣਾਈ ਹੈ। ਮਾਂ ਦੀਆਂ ਖ਼ੂਬਸੂਰਤ ਛਾਤੀਆਂ ਨੰਗੀਆਂ ਵਿਖਾਈਆਂ ਗਈਆਂ ਹਨ। ਉਸ ਦੇ ਕੁੱਛੜ ਚੁੱਕੇ ਬਾਲ ਦੀਆਂ ਨਜ਼ਰਾਂ ਪਿਆਰ ਵਿੱਚ ਆਸਵੰਦ ਹੋ ਕੇ ਖੂਬਸੂਰਤ ਛਾਤੀਆਂ ‘ਚੋਂ ਦੁੱਧ ਦੀ ਉਡੀਕ ਵਿੱਚ ਹਨ। ਬੱਚਾ ਵੀ ਅਲਫ਼ ਨੰਗਾ ਵਿਖਾਇਆ ਗਿਆ ਹੈ।’ਮਾਂ ਤੇ ਬੱਚੇ’ ਦੇ ਇਸ ਚਿੱਤਰ ਨੂੰ ਜਾਂ ਬੁੱਤ ਨੂੰ ਤਾਂ ਅੱਜ ਤੱਕ ਕਿਸੇ ਨੇ ਅਸ਼ਲੀਲ ਨਹੀਂ ਕਿਹਾ।
ਯੂਨਾਨ ਅਤੇ ਰੋਮ ਦੇ ਮਿਥਿਹਾਸ ਨਾਲ ਜੁੜੇ ਦੇਵੀ ਦੇਵਤਿਆਂ ਦੇ ਬੁੱਤ ਅਲਫ਼ ਨੰਗੇ ਬਣਾ ਕੇ ਉਨ੍ਹਾਂ ਨੂੰੰ ਆਮ, ਲੋਕਾਂ ਦੇ ਦਰਸ਼ਣਾ ਵਾਸਤੇ ਮੰਦਰਾਂ ਤੇ ਗਿਰਜਿਆਂ ਵਿੱਚ ਸਥਾਪਤ ਕੀਤਾ ਗਿਆ ਸੀ। ਬੁੱਤ ਘਾੜੇ ਦਾ ਮਨੋਰਥ ਇੱਥੇ ਨੰਗੇਜ ਵਿਖਾ ਕੇ ਉਸ ਵਿੱਚੋਂ ਆਨੰਦ ਲੈਣਾ ਨਹੀਂ ਸੀ। ਉਹ ਪੱਥਰ ਦੇ ਮਧਿਅਮ ਵਿੱਚੋਂ ਇਨਸਾਨੀ ਜਿਸਮ ਵਿੱਚ ਛੁਪੀ ਖ਼ੂਬਸੂਰਤੀ ਨੂੰ ਉਭਾਰਦਾ ਹੋਇਆ ਮੂਰਤੀਆਂ ਦੇ ਦੈਵੀ ਗੁਣਾ ਨੂੰ ਪ੍ਰਸਤੁਤ ਕਰ ਰਿਹਾ ਹੈ।ਇਸ ਵਿੱਚ ਅਸ਼ਲੀਲਤਾ ਅਤੇ ਨੰਗੇਜ ਕਿੱਥੋਂ ਆ ਵੜਿਆ?ਯੂਰਪ ਦੇ ਪ੍ਰਚੀਨ ਮਿਥਿਹਾਸ ਅਨੁਸਾਰ ਉੱਥੇ ਲੋਕ ਮਨੁੱਖ ਦੀ ਇੰਦਰੀ ਦਾ ਪੱਥਰ ਵਿੱਚੋਂ ਬੁੱਤ ਘੜ ਕੇ, ਉਸ ਦੀ ਪੂਜਾ ਕਰਦੇ ਸਨ।ਹਰ ਘਰ ਪਰਿਵਾਰ ਲਈ ਬੱਚਿਆ ਦੀ ਮੰਗ ਕਰਦੇ ਸਨ।ਜਾਪਾਨ ਵਿੱਚ ਅੱਜ ਵੀ ਹਰ ਵਰ੍ਹੇ ੧੫ ਮਾਰਚ ਨੂੰ ਮਨੁੱਖਾ ਇੰਦਰੀ ਦਾ ਤਿਉਹਾਰ ਮਨਇਆ ਜਾਂਦਾ ਹੈ, ਜਿਸ ਨੂੰ ‘ਪੀਨਸ ਫ਼ੈਸਟੀਵਲ’ ਕਹਿੰਦੇ ਹਨ। ਇਸ ਮੇਲੇ ਵਿੱਚ ਵੱਡੀਆਂ ਛੋਟੀਆਂ ਮਨੁੱਖਾ ਇੰਦਰੀਆਂ ਦੇ ਬੁੱਤ ਚੁੱਕੀ, ਇਸਤਰੀਆਂ, ਪੁਰਸ਼ ਇਕੱਠੇ ਸ਼ਾਮਿਲ ਹੁੰਦੇ ਹਨ। ਨਗਰ ਕੀਰਤਨ ਵਾਂਗ ਜਲ਼ੂਸ ਕੱਢਦੇ ਹਨ।ਉਹ ਪਰਵਾਰਾਂ ਲਈ ਬੱਚਿਆਂ ਦੀ ਅਰਦਾਸ ਕਰਦੇ ਹਨ ਅਤੇ ਕਿਸਾਨਾਂ ਲਈ ਫਸਲਾਂ ਦੀ।ੀਟ ਸਿ a ਢeਸਟਵਿaਲ ਡੋਰ ਡeਰਟਲਿਟੇ aਨਦ ਰeਨeਾaਲ. ਪੱਛਮ ਵਿੱਚ ‘ਨਗਨਵਾਦ’ ਇੱਕ ਗੰਭੀਰ ਫ਼ਲਸਫਾ ਹੈ। ‘ਨਗਨਵਾਦੀ’ ਇਸ ਫ਼ਲਸਫ਼ੇ ਨੂੰ ਸਮਰਪਿਤ ਨੰਗੇ ਹੋਣ ਵਿੱਚ, ਕੋਈ ਸੰਗ-ਸ਼ਰਮ ਜਾਂ ਅਸ਼ਲੀਲਤਾ ਨਹੀਂ ਸਮਝਦੇ।
ਭਾਰਤ ਵਿੱਚ ਵੀ ‘ਨਾਂਗੇ ਸਾਧੂ’ ਵਿਭੂਤੀ ਮਲ਼ੀ ਹਰਿਦੁਆਰ, ਗੰਗਾ-ਇਸ਼ਨਾਨ ਲਈ ਨੰਗੇ ਹੀ ਜਾਂਦੇ ਹਨ। ਉੱਥੇ ਲੱਖਾਂ ਲੋਕਾਂ ਦੀ ਜੁੜੀ ਭੀੜ ਉਨ੍ਹਾਂ ਨੂੰ ਅਸ਼ਲੀਲ ਨਹੀਂ ਕਹਿੰਦੀ, ਉਨ੍ਹਾਂ ਦੇ ਨੰਗੇਜ ਨੂੰ ਨਹੀਂ ਭੰਡਦੀ। ਨੰਗੇਜ ਉਨ੍ਹਾਂ ਦੀ ਜੀਵਨ-ਸ਼ੈਲ਼ੀ ਹੈ ਅਤੇ ਇਸ ਨਾਲ ਉਨ੍ਹਾਂ ਦੀ ਵਿਚਾਰਧਾਰਾ ਜੁੜੀ ਹੋਈ ਹੈ।ਕਈ ਪਿੰਡਾਂ ਵਿੱਚ ‘ਮਸਤ’ ਜਾਂ ਨਾਂਗੇ ਪੁਰਸ਼ ਵੇਖੇ ਜਾ ਸਕਦੇ ਹਨ। ਭਾਰਤ ਦੇ ਹਿੰਦੂ ਮੰਦਰਾਂ ਵਿਚ ‘ਸ਼ਿਵਲਿੰਗ’ ਦੀ ਪੱਥਰ ਦੀ ਮੂਰਤੀ ਦੀ ਪੂਜਾ ਹੁੰਦੀ ਹੈ। ਇਸ ਨਾਲ ਹੋਰ ਵੀ ਕਈ ਮਿੱਥਾਂ ਜੁੜੀਆਂ ਹੋਈਆਂ ਹਨ। ਮੈਂ, ਨੰਗੇਜ ਅਤੇ ਅਸ਼ਲੀਲ ਸਮਝੇ ਜਾਂਦੇ ਵਿਸ਼ਿਆਂ ਨੂੰ ਸਦਾ ਹੀ ਮਧਿਅਮ ਜਾਂ ਸਾਧਨ ਵਜੋਂ ਵਰਤਕੇ ਉਨ੍ਹਾਂ ਰਾਹੀਂ ਦਾਰਸ਼ਨਿਕ ਤੇ ਮਨੋਵਿਗਿਆਨਕ ਸੱਚਾਈਆਂ ਤੱਕ ਪਹੁੰਚਦਾ ਹਾਂ। ਮੇਰੇ ਜੋ ਆਲੋਚਕ ਮੇਰੇ ਉੱਤੇ ਨੰਗੇਜ ਜਾਂ ਅਸ਼ਲੀਲਤਾ ਦਾ ਦੋਸ਼ ਲਾਉਦੇ ਹਨ, ਉਹ ਅਲਪ ਸੂਝ ਵਾਲੇ ਅਤੇ ਘੱਟ ਪੜ੍ਹੇ ਹੋਏ ਹਨ। ਜੇਕਰ ਪੜ੍ਹੇ ਹੋਏ ਹਨ, ਤਾਂ ਗੁੜ੍ਹੇ ਹੋਏ ਨਹੀਂ। ਉਹ ਰਚਨਾ ਦੇ ਜਿਸਮ ਤਕ ਹੀ ਸੀਮਤ ਰਹਿੰਦੇ ਹਨ।ਇਸ ਅੰਦਰ ਵਸਦੀ ਸੁੰਦਰਤਾ ਨੂੰ ਨਹੀਂ ਪਛਾਣ ਸਕੇ। ਸ਼ਬਦ ਦੀ ਕਲਾ ਦੀ ਪਰਤ-ਦਰ-ਪਰਤ ਡੁੰਘਾਈ ਵਿੱਚ ਨਹੀਂ ਲੱਥ ਸਕੇ।ਲੋੜ ਹੈ ਕਿ ਉਹ ਮੇਰੇ ਵੱਲੋਂ ਦਿੱਤੇ ਗਏੇ ਇਤਿਹਾਸਕ ਤੇ ਮਿਥਿਹਾਸਕ ਹਵਾਲੇ ਜ਼ਰੂਰ ਪੜ੍ਹਨ। ਮੇਰੀਆਂ ਜਿੰਨ੍ਹਾਂ ਕਵਿਤਾਵਾਂ ਦਾ ਜ਼ਿਕਰ ਤੁਸੀਂ ਕੀਤਾ ਹੈ, ਉਹ ਪੱਛਮੀ ਤੇ ਭਾਰਤੀ ਮਿਥਿਹਾਸਕ ਤੇ ਇਤਿਹਾਸਕ ਪ੍ਰਸੰਗਾਂ ਵਿੱਚ ਸਿਰਜੀਆਂ ਗਈਆਂ ਹਨ। ਇਨ੍ਹਾਂ ਨੂੰ ਠੀਕ ਤਰ੍ਹਾਂ ਸਮਝਣ ਲਈ ਪਾਠਕ ਅਤੇ ਆਲੋਚਕ ਲਈ ਇਹ ਬੜਾ ਜ਼ਰੂਰੀ ਹੈ ਕਿ ਪਹਿਲਾਂ ਉਹ ਨਜ਼ਮ ਨਾਲ ਸੰਬੰਧਤ ਇਤਿਹਾਸਕ ਤੇ ਮਿਥਿਹਾਸਕ ਹਵਾਲਿਆਂ ਨੂੰ ਗੰਭੀਰਤਾ ਨਾਲ ਪੜ੍ਹੇ ਤੇ ਸਮਝੇ। ਇਹ ਕਵਿਤਾਵਾਂ ਅੱਜ ਦੇ ਬਦਲੇ ਹੋਏ ਹਾਲਾਤ ਵਿੱਚ ਇਨ੍ਹਾਂ ਮਿੱਥਾਂ ਨੂੰ ਹੀ ਪੁਨਰ-ਸਿਰਜਤ ਜਾਂ ਅਰਥ-ਨਿਰਣਤ ਕਰਦੀਆਂ ਹਨ। ਇਨ੍ਹਾਂ ਕਵਿਤਾਵਾਂ ਵਿੱਚ ਵਿਅੰਗ ਵੀ ਹੈ, ਦਰਸ਼ਨ ਵੀ ਹੈ, ਮਨੋਵਿਗਿਆਨ ਵੀ ਤੇ ਸੁਹਜ ਵੀ।
‘ਨਿਹਫ਼ਲ’ ਕਵਿਤਾ ਵਿੱਚ ਮੈਂ ‘ਆਦਮ-ਲੀਲਥ’ ਦੀ ਮਿਥਿਹਾਸਕ ਕਥਾ ਦਾ ਪ੍ਰਸੰਗ ਉਸਾਰਿਆ ਹੈ।ਲੀਲਥ (ਔਰਤ) ਅਤੇ ਆਦਮ (ਮਰਦ) ਦਾ ਇੱਕ ਬੁੱਤ ਬਣਾਇਆ ਗਿਆ ਹੈ, ਜਿਸ ਵਿੱਚ ਉਨ੍ਹਾਂ ਦੀਆ ਪਿੱਠਾਂ ਜੁੜੀਆਂ ਹੋਈਆਂ ਹਨ। ਉਹ ਇੱਕ ਦੂਜੇ ਨੂੰ ਵੇਖ, ਨਿਹਾਰ ਨਹੀਂ ਸਕਦੇ। ਇੱਕ ਦੂਜੇ ਨਾਲ ਕੋਈ ਰਚਨਾਤਮਿਕ ਰਿਸ਼ਤਾ ਨਹੀਂ ਪੈਦਾ ਕਰ ਸਕਦੇ, ਜਿਸ ਨਾਲ ਨਸਲ ਅੱਗੇ ਤੁਰ ਸਕੇ। ਇਹ ਨਿਹਫ਼ਲ ਹੋਂਦ ਦਾ ਪ੍ਰਤੀਕ ਹੈ। ਇਹ ਹੋਂਦ ਬੰਜਰ ਹੈ। ਕੋਈ ਫ਼ਲ ਜਾਂ ਉਲਾਦ ਪੈਦਾ ਨਹੀਂ ਕਰ ਸਕਦੀ। ਮਰਦ ਔਰਤ ਵਾਲਾ ਕੋਈ ਰਿਸ਼ਤਾ ਨਹੀਂ ਉਸਾਰ ਸਕਦੀ। ਐਸੇ ਬੰਜਰ ਰਿਸ਼ਤਿਆਂ ਦੀ ਸਾਨੂੰ ਕੀ ਲੋੜ ਹੈ? ਇਹ ਕਵਿਤਾ ਇਸੇ ਪ੍ਰਸ਼ਨ ਦੇ ਸਨਮੁਖ ਹੈ।
‘ਸਿਰਜਨ ਅਤੇ ਸਰਾਪ’ ਵਿੱਚ ਮੈਂ ਮਨੁੱਖ ਦੀ ਆਪਣੇ ਅੰਦਰਲੀ ਔਰਤ ਦੀ ਤਲਾਸ਼ ਦੀ ਗੱਲ ਕੀਤੀ ਹੈ। ਆਪਣੇ ਸੁਪਨੇ ਦੀ ਔਰਤ ਨੂੰ ਹਕੀਕਤ ਵਿੱਚ ਬਦਲਣ ਦੀ ਚੇਸ਼ਟਾ ਕੀਤੀ ਹੈ।ਇਹ ਕੁਝ ਕਹਿਣ ਲਈ ਮੈਂ ਈਸਾਈ ਧਰਮ ਦੀ ‘ਆਦਮ’ ਅਤੇ ‘ਹੱਵਾ’ ਦੀ ਮਿੱਥ ਨੂੰ ਪੁਨਰ-ਪ੍ਰੀਭਾਸ਼ਿਤ ਕੀਤਾ ਹੈ।ਇਸ ਕਵਿਤਾ ਵਿੱਚ ਮੈਂ ਹਿੰਦੂ ਧਰਮ ਦੀ ‘ਵਿਸ਼-ਕੰਨਿਆਂ’ ਅਤੇ ‘ਸ਼ਿਵ ਜੀ’ ਦੇ ‘ਨੀਲ-ਕੰਠ’ ਦੀ ਮਿੱਥ ਦੀ ਵਰਤੋਂ ਵੀ ਕੀਤੀ ਹੈ। ਮੇਰੀ ਕਵਿਤਾ ਨੂੰ ਸਮਝਣ ਲਈ ਪਹਿਲਾਂ ਇਨ੍ਹਾਂ ਮਿੱਥਾਂ ਨੂੰ ਪੜ੍ਹੋ, ਗੁੜ੍ਹੋ ਤੇ ਸਮਝੋ।’ਅੱਜ ਦੀ ਰਮਾਇਣ’ ਵਿੱਚ ਸਮਕਾਲੀ ਸਥਿਤੀਆਂ ਦੇ ਪ੍ਰਸੰਗ ਵਿੱਚ ਇਸ ਹਿੰਦੂ ਮਿੱਥ ਨੂੰ ਪੁਨਰ-ਅਰਥ-ਨਿਰਣਤ ਕੀਤਾ ਹੈ।ਇਹ ਇੱਕ ਵਿਅੰਗ-ਮਈ ਕਵਿਤਾ ਹੈ।’ਲੂਪ ਦੀ ਪੀੜ੍ਹੀ’ ਵਿੱਚ ਮੈਂ ਮਨੁੱਖਤਾ ਨੂੰ ਵਿਗਿਆਨ ਦੀਆਂ ਅਜਿਹੀਆਂ ਭਲੇ ਲਈ ਕੱਢੀਆਂ ਗਈਆਂ ਕਾਢਾਂ ਦੇ ਗ਼ਲਤ ਹੱਥਾਂ ਵਿੱਚ ਆ ਕੇ ਗ਼ਲਤ ਸੋਚ ਵਾਲੇ ਮਨੁੱਖਾਂ ਰਾਹੀਂ ਇਨ੍ਹਾਂ ਦੇ ਦੁਰਉਪਯੋਗ ਕਰਨ ਦੇ ਖ਼ਤਰੇ ਤੋਂ ਸੁਚੇਤ ਕੀਤਾ ਹੈ। ਪਰਿਵਾਰ-ਨਿਯੋਜਨ ਲਈ ਤਾਂ ਲੂਪ ਦੀ ਵਰਤੋਂ ਚੰਗੀ ਹੈ। ਪਰ ਇਸ ਦੇ ਦੁਰਉਪਯੋਗ ਨਾਲ ਮਰਦ ਅਤੇ ਇਸਤਰੀ ਦੋਵੇਂ, ਪਰਿਵਾਰਕ ਰਿਸ਼ਤਿਆਂ ਵਿੱਚ, ਸੰਦੇਹ ਦੀਆਂ ਦੀਵਾਰਾਂ ਖੜ੍ਹੀਆਂ ਕਰਕੇ, ਉਨ੍ਹਾਂ ਵਿੱਚ ਤ੍ਰੇੜਾਂ ਪਾ ਸਕਦੇ ਹਨ। ‘ਲੂਪ’ ਦੀ ਵਰਤੋਂ ਦੇਹ-ਵਪਾਰ ਤੇ ਦੇਹ-ਆਨੰਦ ਵਰਗੀਆਂ ਅਨੈਤਿਕ ਤੇ ਸਦਾਚਾਰ-ਹੀਣ ਪ੍ਰਵਿਰਤੀਆਂ ਨੂੰ ਉਤਸ਼ਾਹਿਤ ਕਰ ਸਕਦੀ ਹੈ। ਇਸ ਕਵਿਤਾ ਦੀ ਹੇਠ ਲਿਖੀ ਟੂਕ ਵਿੱਚ ਵੇਖੋ ਇੱਕ ‘ਮਰਦ’ ਕਿਵਂੇ ਇੱਕ ਔਰਤ ਨੂੰ ਇਸ ਦੇ ਦੁਰਉਪਯੋਗ ਦੀ ਪ੍ਰੇਰਣਾ ਦਿੰਦਾ ਹੋਇਆ, ਇਸਤਰੀ-ਪੁਰਸ਼ ਰਿਸ਼ਤਿਆਂ ਦੇ ਸਥਾਪਤ ਸੰਕਲਪ ਅੱਗੇ ਪ੍ਰਸ਼ਨ-ਚਿੰਨ੍ਹ ਖੜ੍ਹੇ ਕਰ ਰਿਹਾ ਹੈ:
‘ਹੇ ਨਾਰੀ, ਲੈ ਲੂਪ, ਜ਼ਰਾ ਜਿਸਮ ਜਗਾ,
ਛਿਣ ਦੀ ਛਿਣ ,
ਹਰ ਮਰਦ ਤੇਰਾ ਸੰਗੀ ਹੈ।
ਕਿਸ ਨੇ ਭਲਾ
ਉਮਰ ਭਰ ਲਈ,
ਤੇਰੀ ਵਫ਼ਾ ਮੰਗੀ ਹੈ???
ਵਿਗਿਆਨਕ ਕਾਢਾਂ ਤੇ ਲੱਭਤਾਂ ਦੀ ਦੁਰਵਰਤੋਂ ਸਾਡੀ ਸੋਚ ਅੱਗੇ ਨਵੇਂ ਪ੍ਰਸ਼ਨ-ਚਿੰਨ੍ਹ ਖੜ੍ਹ ਕਰ ਰਹੀ ਹੈ। ਇਸ ਗੱਲੋਂ ਸਾਨੂੰ ਸੁਚੇਤ ਹੋਣ ਦੀ ਲੋੜ ਹੈ।ਮੇਰੀਆਂ ਕਵਿਤਾਵਾਂ ਕਹਾਣੀਆਂ ਅਤੇ ਕਵਿ-ਨਾਟਕ ਪ੍ਰੌਢ ਬਾਲਗਾਂ ਦੀ ਬੌਧਿਕ ਸ਼ਮੂਲੀਅਤ ਮੰਗਦੀਆਂ ਹਨ। ਇਹ ਆਮ ਬੰਦੇ ਦੀ ਸਮਝ ਤੋਂ ਉੱਪਰ ਹਨ। ਵਸ਼ਿਸ਼ਟ ਵਰਗ ਦੇ ਇਸਤਰੀਆਂ ਤੇ ਮਰਦ ਪਾਠਕ, ਇਨ੍ਹਾਂ ਰਚਨਾਵਾਂ ਦੀ ਖ਼ੂਬਸੂਰਤੀ ਨੂੰ ਭਲੀ ਭਾਂਤ ਜਾਣ ਵੀ ਸਕਦੇ ਹਨ ਤੇ ਪਹਿਚਾਣ ਵੀ। ਇਹ ਮੇਰਾ ਵਿਸ਼ਵਾਸ਼ ਹੈ।
? ਰਵੀ ਜੀ, ਤੁਸੀਂ ਵਿਧਾ ਜਾਂ ਨਵੇਂ ਰੂਪਾਕਾਰ ਦੀ ਵੀ ਸਿਰਜਣਾ ਕੀਤੀ ਹੈ, ਜਿਵੇਂ ‘ਗੱਦ-ਕਾਵਿ’ ਜਾਂ ‘ਗੱਦ-ਕਿਵ-ਕਥਾ’ ਆਦਿ। ਕੀ ਪਹਿਲਾਂ ਵੀ ਕਿਸੇ ਨੇ ਐਸੀਆਂ ਵਿਧਾਵਾਂ ਵਿੱਚ ਲਿਖਿਆ ਹੈ ਜਾਂ ਇਹ ਤੁਹਾਡੇ ਦੁਅਰਾ ਨਵੇਂ ਕੀਤੇ ਪ੍ਰਯੋਗ ਦੀ ਹੀ ਇੱਕ ਅਗਲੀ ਕੜੀ ਹਨ?
-ਕੁਝ ਵਿਸ਼ੇ, ਵਿਸ਼ਾ-ਅੰਸ਼, ਅਨੁਭਵ ਜਾਂ ਅਨੁਭਵ-ਅੰਸ਼ ਐਸੇ ਹੁੰਦੇ ਹਨ, ਜਿਨ੍ਹਾਂ ਦਾ ਉਚਿਤ, ਢੁੱਕਵਾਂ ਅਤੇ ਪ੍ਰਭਾਵਸ਼ਾਲੀ ਪ੍ਰਗਟਾਅ ਸਾਹਿਤ ਦੇ ਪ੍ਰਚੱਲਤ ਅਤੇ ਰਵਾਇਤੀ ਰੂਪਾਂ ਵਿੱਚ ਨਹੀਂ ਕੀਤਾ ਜਾ ਸਕਦਾ। ਐਸੇ ਸਮੇਂ ਲੋੜ ਹੁੰਦੀ ਹੈ ਨਵੇਂ ਰੂਪਾਕਾਰ ਅਤੇ ਨਵੀਆਂ ਵਿੱਧੀਆਂ ਢੂੰਡਣ ਲਈ ਨਵੇਂ ਪ੍ਰਯੋਗ ਕਰਨ ਦੀ। ਮੈਂ ਵੀ ਆਪਣੀ ਵਸਤੁ ਨੂੰ ਢੁੱਕਵਾਂ ਤੇ ਮੇਚ ਦਾ ਰੂਪ ਦੇਣ ਲਈ ਅਜਿਹੇ ਪ੍ਰਯੋਗ ਸਮੇਂ ਸਮੇਂ ਕਰਦਾ ਰਿਹਾ ਹਾਂ। ਜਿਹਾ ਕਿ ਨਾਮ ਤੋਂ ਜ਼ਿਹਰ ਹੈ ਕਿ ‘ਗੱਦ-ਕਾਵਿ’ ਕਵਿਤਾ ਦੀ ਉਹ ਸਿਨਫ਼ ਹੈ, ਜਿਸ ਦਾ ਰੂਪ ਗੱਦ ਜਾਂ ਵਾਰਤਕ ਵਰਗਾ ਹੈ ਪਰ ਉਸ ਦੀ ਤਾਸੀਰ ਕਵਿਤਾ ਵਰਗੀ ਹੈ। ਉਸ ਦਾ ਜਿਸਮ ਗੱਦ ਦੀ ਪੀ੍ਰਭਾਸ਼ਾ ਦੇ ਅੰਤਰਗਤ ਆ ਜਾਂਦਾ ਹੈ, ਪਰ ਉਸਦੀ ਆਤਮਾਂ, ਉਸ ਦਾ ਦਿਲ ਤੇ ਉਸਦਾ ਚਿੰਤਨ ਸਭ ਕਵਿ-ਉਛਾਲੇ ਖਾਂਦੇ ਮਹਿਸੂਸ ਹੁੰਦੇ ਹਨ। ਐਸੀਆਂ ਰਚਨਾਵਾਂ ਵਿੱਚ ਵਲਵਲਿਆਂ, ਹਾਵਾਂ ਭਾਵਾਂ, ਸੋਚ , ਚਿੰਤਨ ਅਤੇ ਅਨੁਭਵ ਦੀ ਐਸੀ ਸ਼ਿੱਦਤ ਹੁੰਦੀ ਹੈ, ਕਿ ਉਸ ਨੁੰ ਰਵਾਇਤੀ ਰੂਪ ਵਿੱਚ ਨਹੀਂ ਬੰਨ੍ਹਿਆਂ ਜਾ ਸਕਦਾ। ਐਸੀ ਕਵਿਤਾ ਵਿੱਚ ਬਿੰਬ, ਪ੍ਰਤੀਕ, ਅਲੰਕਕਾਰ ਤੇ ਸ਼ਬਦ-ਚਿੱਤਰ ਇੱਕ ਅੰਤਰੀਵ ਰਿਦਮ ਵਿੱਚ ਬੱਝੇ, ਇੱਕ ਨਿਵੇਕਲੀ ਸਿਖ਼ਰ ਵੱਲ਼ਾਂ ਤੁਰ ਰਹੇ ਪ੍ਰਤੀਤ ਹੁੰਦੇ ਹਨ। ‘ਗੱਦ-ਕਵਿ-ਕਥਾ’ ਵਿੱਚ ਇਸੇ ਤਰ੍ਹਾਂ ਇੱਕ ਕਹਾਣੀ ਕਹੀ ਜਾਂ ਅਭਿਵਿਅਕਤ ਕੀਤੀ ਗਈ ਹੁੰਦੀ ਹੈ। ਐਸੀ ਕਹਾਣੀ ਵਿੱਚ ਕਵਿ, ਨਾਟਕ, ਗਲਪ, ਦਰਸ਼ਨ, ਮਨੋਵਿਗਿਆਨ ਅਤੇ ਅਸਤਿਤਵੀ ਬੋਧ ਦੇ ਮਿਸ਼ਰਣ ਨਾਲ ਆਪਣੀਆਂ ਸੀਮਾਂਵਾਂ ਤੋਂ ਪਾਰ ਜਾਣ ਦੀ ਚੇਸ਼ਟਾ ਹੁੰਦੀ ਹੈ। ਐਸੀਆਂ ਰਚਨਾਵਾਂ ਦਰਿਆ ਦੇ ਹੜ੍ਹ ਵਰਗੀਆਂ ਹੁੰਦੀਆਂ ਹਨ ਜੋ ਕੰਢੇ ਬੰਨੇ ਤੋੜ ਕੇ ਕੁਦਰਤ ਦੇ ਵਿਸ਼ਾਲ ਪਾਸਾਰੇ ਵਿੱਚ ਸੁਤੰਤਰ ਤੌਰ ‘ਤੇ ਵਿਚਰਨ ਦੀਆਂ ਇੱਛੁਕ ਹਨ।
ਪੱਛਮ ਵਿੱਚ, ਖ਼ਾਸ ਕਰ ਅੰਗਰੇਜ਼ੀ ਭਾਸ਼ਾ ਵਿੱਚ ‘ਗੱਦ-ਕਵਿ’ (ਪਰੋਜ਼-ਪੋਇਟਰੀ) ਜਾਂ (ਸਥੂਲ ਕਵਿਤਾ) ਵੇਖਣ ਨੂੰ ਜ਼ਰੂਰ ਮਿਲਦੀ ਹੈ ਪਰ ਪੰਜਾਬੀ ਕਵੀਆਂ ਦਾ ਧਿਆਨ ਇਸ ਪਾਸੇ ਘੱਟ ਗਿਆ ਹੈ।ਮੈਂ ਕਿਉਂਕਿ ਕਵੀ ਹੋਣ ਦੇ ਨਾਲ ਹੀ ਕਥਾਕਾਰ ਅਤੇ ਨਾਟਕਕਾਰ ਵੀ ਹਾਂ, ਇਸ ਲਈ ਆਪਣੇ ਵਸਤੂ ਲਈ ਢੁੱਕਵੇਂ ਰੂਪ ਦੀ ਤਲਾਸ਼ ਵਿੱਚ ਮੈਨੂੰ ਕਈ ਵਾਰ ਇਨ੍ਹਾ ਤਿੰਨਾਂ ਦੇ ਆਪਸੀ ਯੁੱਧ ਦਾ ਟਾਕਰਾ ਵੀ ਕਰਨਾ ਪੈਂਦਾ ਹੈ।ਐਸੇ ਹੀ ਸਮੇਂ ਮੈਂ ਤਿੰਨਾਂ ਨੂੰ ਭੰਨ ਤੋੜ ਕੇ ਲੋੜ ਅਨੁਸਾਰ ਫੇਰ ਜੋੜ ਕੇ ਆਪਣੀ ਰਚਨਾ ਲਈ ਕੋਈ ਢੁੱਕਵਾ ਤੇ ਨਵਾਂ ਰੂਪਾਕਾਰ ਸਿਰਜ ਲੈਂਦਾ ਹਾਂ।’ਮਿੱਧੇ ਹੋਏ ਫ਼ੁੱਲ’, ‘ਸੇਨ ਨਦੀ ਦੇ ਕੰਢੇ’, ‘ਮੌਤ ਦੀ ਉਡੀਕ ਵਿੱਚ’ ਅਤੇ ‘ਲਾਵਾਰਸ ਲਾਸ਼, ਵਾਰਸਾਂ ਦੇ ਨਾਂ’ ਆਦਿ ਵਰਗੀਆਂ ਨਵੇਂ ਰੂਪਾਕਾਰਾਂ ਵਿੱਚ ਢਾਲ਼ੀਆਂ ਮੇਰੀਆਂ ਐਸੀਆਂ ਰਚਨਾਵਾਂ ਦੀ ਕਰਤਾਰ ਸਿੰਘ ਦੁੱਗਲ, ਡਾ. ਧਰਮਪਾਲ ਸਿੰਗਲ, ਪ੍ਰੋ. ਬ੍ਰਹਮਜਗਦੀਸ਼ ਸਿੰਘ ਅਤੇ ਡਾ. ਸਤਿੰਦਰ ਸਿੰਘ ਨੂਰ ਵਰਗੇ ਲੇਖਕਾਂ ਨੇ ਸਮੇਂ ਸਮੇਂ ਭਰਪੂਰ ਚਰਚਾ ਕੀਤੀ ਹੈ।ਰੁਟੀਨ ਵਿੱਚ ਬੱਝਵੀਂ ਪਰ ਸਾਹ ਘੁੱਟਵੀਂ ਪ੍ਰਚੱਲਤ ਰੀਤ ਦੀਆਂ ਸੀਮਾਵਾਂ ਨੂੰ ਉਲੰਘਕੇ ਕਦੇ ਕਦੇ ਖੁੱਲ਼੍ਹ ਕੇ ਸੁਤੰਤਰ ਰੁਪ ਵਿੱਚ ਵਿਚਰਨ ਦੀ ਲੋੜ ਹੁੰਦੀ ਹੈ।’ਲੋੜ ਈਜਾਦ ਦੀ ਮਾਂ ਹੈ’। ਯੋਗ ਵਸਤੂ ਅਪਣੇ ਪ੍ਰਗਟਾਅ ਲਈ ਢੁੱਕਵਾਂ ਰੂਪਾਕਾਰ ਆਪ ਹੀ ਸਿਰਜ ਲੈਂਦੀ ਹੈ।
?ਤੁਹਾਡੀਆਂ ਰਚਨਾਵਾਂ ਵਿੱਚ ਇਸਤਰੀ ਪੁਰਸ਼ ਦੇ ਰਿਸ਼ਤਿਆਂ ਨੂੰ ਨਵੇਂ ਦ੍ਰਿਸ਼ੀਕੋਨ ਤੋਂ ਵੇਖਣ ਦਾ ਯਤਨ ਹੋਇਆ ਹੈ। ਇੱਕ ਥਾਂ ਤੁਸੀਂ ਲਿਖਿਆ ਹੈ ਕਿ ਅਫ਼ਰੀਕਾ ਵਿੱਚ ਕਿਸੇ ਕਬੀਲੇ ਵਿੱਚ ਆਏ ਪ੍ਰਾਹੁਣੇ ਦੀ ਸੇਵਾ ਲਈ ਇਸਤਰੀ ਨੁੰ ਪੇਸ਼ ਕਰਨ ਦਾ ਸੱਿਭਆਚਾਰ ਹੈ।ਤੁਸੀਂ ਇਸ ਰੀਤੀ ਰਿਵਾਜ ਨੂੰ ਕਿਸ ਤਰ੍ਹਾਂ ਦੇਖਦੇ ਹੋ? ਇਸਤ੍ਰੀ ਦੀ ਆਜ਼ਾਦੀ? ਜਾਂ ਗੁਲਾਮੀ?
-ਸਤਨਾਮ ਜੀ, ਇਹ ਕਹਾਣੀਆਂ ਮੈਂ ਅੱਜ ਤੋਂ ਚਾਲ਼ੀ ਪੰਜਾਹ ਸਾਲ ਪਹਿਲਾਂ, ਕੀਨੀਆ ਵਿੱਚ ਰਹਿੰਦਿਆ ਲਿਖੀਆਂ ਸਨ। ਕੀਨੀਆ ਦੇ ਕਬਾਇਲੀ ਜੀਵਨ ਵਿੱਚ ਇਸਤ੍ਰੀ ਪੁਰਖ ਸੰਬੰਧਾਂ ਵਿਚ ਬੜੀ ਖੁੱਲ੍ਹ ਖੇਡ ਹੈ। ਕਾਮ ਸੰਬੰਧੀ ਜਾਂ ਭੋਗ ਨੂੰ ਇੱਥੇ ਜੀਵ ਵਿਗਿਆਨਕ ਲੋੜ ਦੇ ਰੂਪ ਵਿੱਚ ਹੀ ਲਿਆ ਜਾਂਦਾ ਹੈ।ਜਿਵੇਂ ਭੁਖ ਲੱਗੀ ਤਾਂ ਰੋਟੀ ਖਾ ਲਈ, ਪਿਆਸ ਲੱਗੀ ਤਾਂ ਪਾਣੀ ਪੀ ਲਿਆ। ਵਿਆਹ ਤੋਂ ਪਹਿਲਾਂ ਕਾਮ ਸੰਬੰਧਾਂ ਦੀ ਸਥਾਪਤੀ ਜਾਂ ਇਨ੍ਹਾਂ ਸੰਬੰਧਾਂ ਕਾਰਨ ਪੈਦਾ ਹੋਈ ਸੰਤਾਨ ਇੱਕ ਸਮਾਜ- ਪ੍ਰਵਾਨਿਤ ਹਕੀਕਤ ਹੈ।ਇਹ ਭਾਰਤ ਵਾਂਗ ਡੁੱਬ ਮਰਨ, ਆਤਮ-ਹੱਤਿਆ, ਅੱਣਖ/ਇਜ਼ੱਤ ਲਈ ਕਤਲ ਜਾਂ ਅਜਿਹੇ ਅਨੇਕਾਂ ਹੋਰ ਵੈਰ ਵਿਰੋਧ ਜਾਂ ਦੁਖ਼ਾਂਤ ਦਾ ਕਾਰਨ ਨਹੀਂ ਬਣਦੀ। ਕੁਆਰੀਆਂ ਕੁੜੀਆਂ ਦੇ ਪੈਦਾ ਹੋਏ ਬੱਚੇ ਉਨ੍ਹਾਂ ਦੇ ਨਾਨਾ ਨਾਨੀ ਜਾਂ ਦਾਦਾ ਦਾਦੀ ਸੰਭਾਲ ਲੈਂਦੇ ਹਨ। ਕਿਸੇ ਵੀ ਨਫ਼ਰਤ ਜਾਂ ਭੇਦ ਭਾਵ ਤੋਂ ਬਿਨਾਂ ਅਜਿਹੀਆਂ ਕੁੜੀਆਂ ਦੀ ਜ਼ਿੰਦਗੀ ਅੱਗੇ ਤੁਰੀ ਰਹਿੰਦੀ ਹੈ।ਇਨ੍ਹਾਂ ਦੇ ਵਿਆਹ ਵੀ ਹੁੰਦੇ ਹਨ ਤੇ ਉਲਾਦ ਵੀ।ਇਸੇ ਤਰ੍ਹਾਂ ਮਰਦ-ਪ੍ਰਧਾਨ ਕਬਾਇਲੀ ਸਮਾਜ ਵਿੱਚ ਇੱਕ ਤੋਂ ਵਧੇਰੇ ਵਿਆਹ ਕਰਵਾਉਣ ਦੀ ਖ਼ੁੱਲ੍ਹ ਹੈ। ਜਿਵੇਂ ਭਾਰਤ ਵਿੱਚ ਅਸੀਂ ਕੁੜੀਆਂ ਨੂੰ ਦਾਜ ਦਿੰਦੇ ਹਾਂ, ਇੱਥੇ ਮੁੰਡੇ ਵਾਲੇ ਕੁੜੀ ਦੇ ਮਾਪਿਆਂ ਨੂੰ ਬਰਾਇਡ ਪ੍ਰਾਈਸ (ਵੁਹੁਟੀ ਦੀ ਕੀਮਤ) ਅਦਾ ਕਰਕੇ ਵਿਆਹ ਕਰਵਾਉਂਦੇ ਹਨ।ਕਬੀਲੇ ਦੇ ਲੀਡਰ ਕੁੜੀ ਦੇ ਰੂਪ ਅਤੇ ਗੁਣਾਂ ਅਨੁਸਾਰ ਉਸ ਦਾ ਮੁੱਲ ਪਾਉਂਦੇ ਹਨ। ਪਹਿਲਾਂ ਇਹ ਮੁੱਲ, ਭੇਡਾਂ, ਬੱਕਰੀਆਂ, ਗਾਈਆਂ ਜਾਂ ਡੰਗਰਾਂ ਦੇ ਰੂਪ ਵਿੱਚ ਅਦਾ ਕੀਤਾ ਜਾਂਦਾ ਸੀ।ਫੇਰ ਪੈਸੇ ਵੀ ਦਿੱਤੇ ਜਾਣ ਲੱਗ ਪਏ।ਜਿੰਨੀਆਂ ਕਿਸੇ ਮਰਦ ਦੀਆਂ ਤੀਵੀਆਂ ਉਨ੍ਹਾ ਹੀ ਉਹ ਅਮੀਰ ਮੰਨਿਆ ਜਾਂਦਾ ਸੀ।ਘਰ ਆਏ ਪ੍ਰਾਹਣੇ ਦੇ ਮੰਨੋਰੰਜਨ ਲਈ, ਆਪਣੀਆਂ ਤੀਵੀਆਂ ਵਿੱਚੋਂ ਕਿਸੇ ਇੱਕ ਨੂੰ ਉਸ ਦੀ ਸੇਵਾ ਵਿੱਚ ਅਰਪਤ ਕਰ ਦਿੱਤਾ ਜਾਂਦਾ ਸੀ। ਇਹ ਉਨ੍ਹਾਂ ਦੀ ਪਰੰਪਰਾ ਜਾਂ ਮਰਿਯਾਦਾ ਸੀ ਜੋ ਸਮਾਜ ਵਿਚ ਪ੍ਰਵਾਨਿਤ ਵੀ ਸੀ ਅਤੇ ਪ੍ਰਹੁਣਚਾਰੀ ਦਾ ਇੱਕ ਅਟੁੱਟ ਅੰਗ ਵੀ ਸੀ।
ਕੀਨੀਆ ਦੇ ਕਬਾਇਲੀ ਜੀਵਨ ਉੱਤੇ ਕੀਨੀਆ ਦੇ ਹੀ ਸੱਭਿਆਚਾਰਕ ਨੈਤਿਕ ਅਤੇ ਸਦਾਚਾਰਕ ਅਸੂਲ ਜਾਂ ਕਾਨੂੰਨ ਲਾਗੂ ਕੀਤੇ ਜਾ ਸਕਦੇ ਹਨ, ਭਾਰਤ ਦੇ ਨਹੀਂ। ਆਮ ਕਹਾਵਤ ਹੈ ਕਿ ‘ਰੋਮ ਵਿੱਚ ਰੋਮਨਾਂ ਵਾਂਗ ਹੀ ਰਹੋ।’ ਇੱਥੇ ਇਸਤ੍ਰੀ ਦੀ ਅਜ਼ਾਦੀ ਜਾਂ ਗੁਲਾਮੀ ਦਾ ਸਵਾਲ ਨਹੀਂ ਕਿਉਂਕਿ ਉਸ ਸਮੇਂ ਕੀਨੀਆਂ ਵਿੱਚ ਰੇਡੀਓ, ਟੀ. ਵੀ. ਅਤੇ ਫ਼ਿਲਮਾਂ ਆਦਿ ਵਰਗੇ ਮਨੋਰੰਜਨ ਦੇ ਸਾਧਨ ਨਹੀਂ ਸਨ ਹੁੰਦੇ। ਇਸ ਤਰ੍ਹਾਂ ਪਾ੍ਰਹੁਣੇ ਤੇ ਇਸਤਰੀ ਦੋਹਾਂ ਦਾ ਮਨੋਰੰਜਨ ਉਨ੍ਹਾਂ ਦੀ ਮਰਜ਼ੀ ਨਾਲ ਹੀ ਹੋ ਜਾਂਦਾ ਸੀ। ਕੋਈ ਜ਼ੋਰ-ਜ਼ਬਰ ਜਾਂ ਬਲਾਤਕਾਰ ਨਹੀਂ ਸੀ ਹੁੰਦਾ। ਇਸ ਤਰ੍ਹਾਂ ਇਸਤਰੀ ਆਪਣੇ ਪਰਿਵਾਰਕ ਜਾਂ ਸਮਾਜਕ ਫ਼ਰਜ਼ ਨਿਭਾ ਰਹੀ ਹੁੰਦੀ ਸੀ।ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਭਾਰਤ ਵਿੱਚ ਵੀ ਰਾਜੇ ਮਹਾਰਾਜੇ ਆਪਣੇ ਹਰਮ ਦੀਆਂ ਅੋਰਤਾਂ ਨੂੰ ਇਸੇ ਤਰ੍ਹਾਂ ਪ੍ਰਾਹੁਣਚਾਰੀ ਲਈ ਵਰਤਦੇ ਰਹੇ ਹਨ। ਜ਼ਮੀਨ ਦੀ ਵੰਡ ਨੂੰ ਮੁਖ ਰੱਖ ਕੇ ਇੱਕ ਕਿਸਾਨ ਦੇ ਤਿੰਨ ਚਾਰ ਮੁੰਡੇ ਇੱਕੋ ਅੋਰਤ ਨਾਲ ਵਿਆਹ ਕਰਵਾ ਲੈਂਦੇ ਸਨ। ਪੰਜ ਪਾਂਡਵ ਭਰਾਵਾਂ ਦੀ ਇੱਕ ਸਾਂਝੀ ਪਤਨੀ ‘ਦਰੋਪਤੀ’ ਬਾਰੇ ਅਸੀਂ ਸਾਰੇ ਹੀ ਜਾਣਦੇ ਹਾਂ। ਨਜਾਬਤ ਨੇ ‘ਨਾਦਰ ਸ਼ਾਹ ਦੀ ਵਾਰ’ ਵਿੱਚ ਇਸੇ ਤੱਥ ਵੱਲ ਸੰਕੇਤ ਕਰਦਿਆਂ, ਲਿਖਿਆ ਸੀ:
‘ਉਨ੍ਹਾਂ ਨੱਕ ਫ਼ੀਨੇ ਸਿਰ ਤਾਵੜੇ
ਢਿੱਡ ਵਾਂਗ ਢਮੱਕੇ
ਉਹ ਹਿੱਕਾ ਨਾਰ ਹੰਢਾਵਦੇ
ਦਾਹ ਭਾਈ ਸੱਕੇ’
ਸੋ ਇਸ ਤਰ੍ਹਾਂ ਕਹਿ ਸਕਦੇ ਹਾਂ ਹਰੇਕ ਸਮਾਜ ਦੀਆਂ ਕਦਰਾਂ ਕੀਮਤਾਂ ਸਮੇਂ ਸਮੇਂ ਲੋਕ-ਪ੍ਰਵਾਨਤ ਹੁੰਦੀਆਂ ਹੋਈਆਂ, ਸਮੇਂ ਸਮੇਂ ਬਦਲਦੀਆਂ ਵੀ ਹਨ ਤੇ ਕਦੀ ਕਦੀ ਉਵੇਂ ਹੀ ਚਾਲੂ ਵੀ ਰੱਖੀਆਂ ਜਾਂਦੀਆਂ ਹਨ।ਇਹ ਕੀਨੀਆ ਦੇ ਸੱਭਿਅਚਾਰ ਨਾਲ ਸੰਬੰਧਤ ਗੱਲਾਂ ਬਾਤਾਂ ਹਨ, ਜੋ ਮੇਰੀਆਂ ਲਿਖਤਾਂ ਵਿੱਚ ਆਉਣੀਆਂ ਕੁਦਰਤੀ ਸਨ।ਇਕ ਗੱਲ ਆਲੋਚਕਾਂ ਨੂੰ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਅਫਰੀਕਨ ਤੇ ਪੱਛਮੀਂ ਜੀਵਨ ਬਾਰੇ ਲਿਖੇ ਮੇਰੇ ਸਾਹਿਤ ਉੱਤੇ ਭਾਰਤੀ ਨੈਤਿਕ ਮਾਪਦੰਡ ਲਾਗੂ ਨਹੀਂ ਕੀਤੇ ਜਾ ਸਕਦੇ।
?ਹੁਣ ਇੱਕ ਸਵਾਲ ਪੰਜਾਬੀ ਬੋਲੀ ਦੇ ਭਵਿਖ ਬਾਰੇ ਹੈ। ਆਮ ਤੌਰ ਤੇ ਕਹਿ ਦਿੱਤਾ ਜਾਂਦਾ ਹੈ ਕਿ ਜਿੰਨਾ ਚਿਰ ਪੰਜਾਬੀ ਜਿaੁਂਦੇ ਹਨ ਇਹ ਜਿਉਂਦੀ ਰਹੇਗੀ। ਪਰ ਨਵੀਂ ਪੀੜ੍ਹੀ ਦੀ ਪੰਜਾਬੀ ਬੋਲੀ ਪ੍ਰਤੀ ਅਸੀਂ ਨਾ ਤਾਂ ਪੰਜਾਬ ਵਿੱਚ ਤੇ ਨਾ ਹੀਂ ਵਿਦੇਸ਼ਾਂ ਵਿੱਚ, ਉਹ ਦਿਲਚਸਪੀ ਪੈਦਾ ਨਹੀਂ ਕਰ ਸਕੇ ਜੋ ਹੋਣੀ ਚਾਹੀਦੀ ਸੀ? ਨਵੀਂ ਪੀੜ੍ਹੀ ਪੰਜਾਬੀ ਬੋਲੀ ਤੋਂ ਝਿਜਕ ਰਹੀ ਹੈ। ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ?
-ਹੁਣ ਵਿੱਦਿਆ ਅਤੇ ਬੋਲੀਆਂ ਦਾ ਗਿਆਨ ਪੱਛਮੀ ਖਪਤ ਕਲਚਰ ਦਾ ਇੱਕ ਅਟੁੱਟ ਹਿੱਸਾ ਬਣ ਚੁੱਕਾ ਹੈ। ਵਿੱਦਿਆਰਥੀਆਂ ਨੇ ਉਹ ਵਿਸ਼ੇ ਜਾਂ ਬੋਲੀਆਂ ਹੀ ਕੋਰਸਾਂ ਵਿੱਚ ਲੈਂਣੀਆਂ ਹਨ, ਜਿਨ੍ਹਾ ਦੀ ਮੰਡੀ ਵਿੱਚ ਮੰਗ ਹੈ। ਬੋਲੀ ਦੀ ਸਿਖਲਾਈ, ਨੌਕਰੀ, ਕਿੱਤੇ ਅਤੇ ਆਰਥਿਕਤਾ ਨਾਲ ਬੱਝ ਚੁੱਕੀ ਹੈ।ਇੱਧਰ ਰਹਿੰਦਿਆਂ ਸਾਡੇ ਬੱਚੇ ਅੰਗਰੇਜ਼ੀ ਮਾਧਿਅਮ ਵਿਚ ਵਿੱਦਿਆ ਪ੍ਰਾਪਤ ਕਰਦੇ ਹਨ। ਅੰਗਰੇਜ਼ੀ ਹੀ ਉਨ੍ਹਾਂ ਦੀ ਬੋਲ ਚਾਲ ਅਤੇ ਸਿੱਖਿਆ–ਸਾਧਨ ਦੀ ਬੋਲੀ ਬਣ ਚੁੱਕੀ ਹੈ।ਕਿਉਂਬੈਕ ਵਿੱਚ ਇਹ ਦਰਜਾ ਫ਼ਰਂੈਚ ਬੋਲੀ ਨੂੰ ਹਾਸਲ ਹੈ।ਸਾਡੇ ਘਰਾਂ ਵਿੱਚ ਸਾਡੇ ਬੱਚੇ ਕੰਮ–ਚਲਾਊੁ ਪੰਜਾਬੀ ਬੋਲਦੇ ਹਨ, ਉਨ੍ਹਾਂ ਦਾ ਸ਼ਬਦ-ਭੰਡਾਰ ਬਹੁਤ ਸੀਮਤ ਹੈ। ਕਈ ਘਰਾਂ ਵਿੱਚ ਤਾਂ ਮਾਪੇ ਵੀ ਆਪਣੇ ਬੱਚਿਆਂ ਨਾਲ ਅੰਗਰੇਜ਼ੀ ਵਿੱਚ ਹੀ ਗੱਲ ਕਰਦੇ ਹਨ।ਪਰ ਬੱਚੇ ਬਹੁਤ ਸਿਆਣੇ ਹਨ। ਮੇਰੇ ਪੋਤੇ, ਪੋਤੀਆਂ ਨੂੰ ਪਤਾ ਹੈ ਕਿ ਉਹ ਮੇਰੇ ਨਾਲ ਅੰਗਰੇਜ਼ੀ ਵਿੱਚ ਗੱਲ ਕਰ ਸਕਦੇ ਹਨ। ਪਰ ਅਪਣੀ ਦਾਦੀ ਨਾਲ ਗੱਲ ਕਰਦੇ ਹਨ ਤਾਂ ਪੰਜਾਬੀ ਵਿੱਚ ਕਰਦੇ ਹਨ।
ਪੰਜਾਬੀ ਦਾ ਭਵਿੱਖ ਭਾਰਤ, ਕੈਨੇਡਾ ਤੇ ਹੋਰ ਦੇਸ਼ਾਂ ਵਿੱਚ ਉਦੋਂ ਤੱਕ ਉੱਜਲਾ ਹੈ ਜਦੋਂ ਤੱਕ ਚੀਨਿਆਂ, ਜਪਾਨੀਆਂ ਤੇ ਜਰਮਨਾਂ ਵਾਂਗ ਅਸੀਂ ਵੀ ਆਪਣੇ ਘਰਾਂ ਵਿੱਚ ਇਹ ਦਸਤੂਰ ਬਣਾ ਲਈਏ ਕਿ ਸਭ ਪੰਜਾਬੀਆਂ ਨੇ ਆਪਸ ਵਿੱਚ ਪੰਜਾਬੀ ਵਿੱਚ ਗੱਲਬਾਤ ਕਰਨੀ ਹੈ। ਉੰਝ ਜੇ ਆਪਣੇ ਇਤਿਹਾਸ ਉੱਤੇ ਝਾਤੀ ਮਾਰੀਏ ਤਾਂ ਇਸ ਤੱਥ ਦੀ ਪੁਸ਼ਟੀ ਹੋ ਜਾਂਦੀ ਹੈ ਕਿ ਅੰਗਰੇਜ਼ਾਂ ਤੇ ਇੱਥੋਂ ਤੱਕ ਕਿ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵਿੱਚ ਵੀ ਪੰਜਾਬੀ ਨੂੰ ਸਰਕਾਰੀ ਭਾਸ਼ਾ ਦਾ ਦਰਜਾ ਹਾਸਿਲ ਨਹੀਂ ਸੀ। ਇਹ ਵਿੱਦਿਆ ਦਾ ਮਾਧਿਅਮ ਵੀ ਨਹੀਂ ਸੀ।ਵਿੱਦਿਆ ਦਾ ਮਾਧਿਅਮ ਉਰਦੂ ਭਾਸ਼ਾ ਸੀ। ਗੁਰਦੁਆਰਿਆਂ ਤੇ ਖ਼ਾਲਸਾ ਸਕੂਲਾਂ ਵਿੱਚ ਮਾੜੀ ਮੋਟੀ ਪੰਜਾਬੀ ਪੜ੍ਹਾਉਣ ਦੇ ਉਪਰਾਲੇ ਜ਼ਰੂਰ ਕੀਤੇ ਜਾਂਦੇ ਸਨ। ੧੯੪੭ ਤੋਂ ਬਾਅਦ ਪੰਜਾਬੀ ਦੀ ਵਿਉਂਤਬੱਧ ਢੰਗ ਨਾਲ ਪੜਾਈ ਸ਼ੁਰੂ ਹੋਈ ਸੀ।ਜੇ ਪੰਜਾਬੀ ਏਨਾ ਚਿਰ ਜਿਉਂਦੀ ਰਹੀ ਹੈ ਤਾਂ ਸਿਰਫ਼ ਇਸ ਕਰਕੇ ਕਿ ਇਹ ਲੋਕਾਂ ਦੀ ਹਰ ਰੋਜ਼ ਦੀ ਬੋਲ ਚਾਲ ਦੀ ਬੋਲੀ ਸੀ।
ਇਸ ਬੋਲੀ ਵਿੱਚ ਸਿੱਖ ਗੁਰੂਆਂ, ਸੂਫ਼ੀ ਫ਼ਕੀਰਾਂ, ਭਗਤਾਂ, ਕਿੱਸਾਕਾਰਾਂ, ਵਾਰ-ਲੇਖਕਾਂ, ਲੋਕ-ਕਵੀਆਂ ਨੇ ਆਪਣੀਆਂ ਰਚਨਾਵਾਂ ਲਿਖ ਕੇ ਲੋਕਾਂ ਨੂੰ ਇਸ ਬੋਲੀ ਨਾਲ ਜੋੜੀ ਰੱਖਿਆ।ਇਸ ਬੋਲੀ ਨੂੰ ਜਿਉਂਦਾ ਰੱਖਣ ਵਿੱਚ ਸਾਡੇ ਲੋਕਯਾਨ (ਲੋਕਗੀਤ), ਲੋਕ-ਨਾਚ, ਲੋਕ-ਨਾਟਕ ਦਾ ਬਹੁਤ ਵੱਡਾ ਹੱਥ ਹੈ।ਅਕਦਾਮਿਕ ਪੱਧਰ ਉੱਤੇ ਵੀ ਕੁਝ ਬੱਚਿਆਂ ਦੇ ਪੰਜਾਬੀ ਪੜ੍ਹਨ ਦੀ ਸੰਭਾਵਨਾ ਬਣੀ ਰਹੇਗੀ। ਕੁਝ ਨੌਕਰੀਆਂ ਪੰਜਾਬੀ ਪੜ੍ਹਿਆਂ ਨੂੰ ਹੀ ਮਿਲਣਗੀਆਂ। ਯੁਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ (ਵੈਨਕੂਵਰ) ਵਿੱਚ ਪੰਜਾਬੀ ਵਿਭਾਗ ਦੀ ਮੁਖੀ ਇੱਕ ਅੰਗਰੇਜ਼ ਔਰਤ ਹੈ।ਭਾਰਤ ਜਾ ਕੇ ਅੰਗਰੇਜ਼ਾਂ ਨੇ ਵੀ ਰੋਮਨ ਜਾਂ ਅੰਗਰੇਜ਼ੀ ਅੱਖ਼ਰਾਂ ਵਿੱਚ ਪੰਜਾਬੀ ਸਿੱਖੀ। ਭਾਰਤ ਵਿੱਚ ਨੌਕਰੀਆਂ ਕਰਨ ਲਈ ਭਾਰਤ ਦੀਆਂ ਹੋਰ ਭਾਸ਼ਾਵਾਂ ਵੀ ਸਿੱਖੀਆਂ ਜਾਂਦੀਆਂ ਹਨ।ਇਸ ਤਰ੍ਹਾਂ ਕੈਨੇਡਾ ਦੇ ਵਿਦੇਸ਼ ਮੰਤਰਾਲੇ ਦੇ ਅਧੀਨ ਜੁ ਲੋਕ ਪੰਜਾਬ ਵਿੱਚ ਨੌਕਰੀ ਕਰਨ ਜਾਣਗੇ ਉਨ੍ਹਾਂ ਨੂੰ ਪੰਜਾਬੀ ਸਿੱਖਣੀ ਹੀ ਪਵੇਗੀ।ਬੀ. ਸੀ. ਦੇ ਪਬਲਿਕ ਸਕੂਲਾਂ ਵਿੱਚ ਜੇ ਬੱਚੇ ਤੇ ਮਾਪੇ ਚਾਹੁੰਣ, ਤਾਂ ਪੰਜਾਬੀ ਭਾਸ਼ਾ ਦੀ ਸਿੱਖਿਆ ਪ੍ਰਪਤ ਕਰ ਸਕਦੇ ਹਨ। ਖ਼ਾਲਸਾ ਸਕੂਲਾਂ ਵਿੱਚ ਵੀ ਇਹ ਸੁਵਿਧਾ ਪ੍ਰਾਪਤ ਹੈ।ਪਰ ਯਾਦ ਰੱਖੋ ਕਿ ਪੰਜਾਬੀ ਬੋਲੀ ਉੰਨ੍ਹਾਂ ਚਿਰ ਹੀ ਜਿਉਂਦੀ ਰਹੇਗੀ ਜਿੰਨਾ ਚਿਰ ਤੱਕ ਅਸੀਂ ਪੰਜਾਬੀ ਲੋਕ ਇਸ ਨੂੰ ਨਿਤਾ-ਪ੍ਰਤਿ ਦੀ ਬੋਲ-ਚਾਲ ਦੀ ਬੋਲੀ ਬਣਾਈ ਰੱਖਾਂਗੇ। ਘਰਾਂ ਵਿੱਚ ਆਪਣੇ ਬੱਚਿਆਂ ਦੇ ਜਨਮ ਤੋਂ ਹੀ ਪੰਜਾਬੀ ਬੋਲਣ ਦੀ ਆਦਤ ਬਣਾਈ ਰੱਖਾਂਗੇ।ਬਹੁਤੀ ਜ਼ਿੰਮੇਵਾਰੀ ਪੰਜਾਬੀ ਮਾਪਿਆਂ ਦੇ ਸਿਰ ਆਉਦੀ ਹੈ ਕਿ ਘਰਾਂ ਵਿੱਚ ਆਪਣੇ ਬੱਚਿਆਂ ਨੂੰ ਪੰਜਾਬੀ ਬੋਲਣ ਲਈ ਉਤਸ਼ਾਹਿਤ ਕਰਨ।
?ਦੂਜਾ ਮਸਲਾ ਦੂਜੀਆਂ ਭਾਸ਼ਾਵਾ ਵਿੱਚੋਂ ਸ਼ਬਦਾਂ ਨੂੰ ਆਪਣੀ ਭਾਸ਼ਾ ਵਿੱਚ ਵਰਤਣ ਤੇ ਵੀ ਸਾਡੀ ਕੋਈ ਇੱਕ ਸਹਿਮਤੀ ਨਹੀਂ ਬਣ ਸਕੀ। ਬਹੁਤ ਵਿਦਵਾਨਾ ਦਾ ਵਿਚਾਰ ਹੈ ਕਿ ਦੂਜੀਆਂ ਭਾਸ਼ਾਵਾਂ ‘ਚਂੋ ਸ਼ਬਦ ਉਧਾਰੇ ਲੈਣ ਨਾਲ ਭਾਸ਼ਾ ਅਮੀਰ ਹੁੰਦੀ ਹੈ। ਪਰ ਕੁਝ ਦਾ ਵਿਚਾਰ ਹੈ ਕਿ ਅਪਣੀ ਭਾਸ਼ਾ ਵਿੱਚ ਵਿਗਾੜ ਪੈਂਦਾ ਹੈ।ਤੁਸੀਂ ਇਸ ਸੰਦਰਭ ਵਿਚ ਕੀ ਕਹਿਣਾ ਚਾਹੁੰਦੇ ਹੋ?
-ਇਹਦੇ ਬਾਰੇ ਸਤਨਾਮ ਜੀ, ਗੱਲ ਇਹ ਹੈ ਕਿ ਜਦੋਂ ਤੋਂ ਮਨੁੱਖ ਬੋਲਣ ਲੱਗਾ ਹੈ, ਉਦੋਂ ਤੋਂ ਹੀ ਉਸ ਨੇ ਜਿੱਥੋਂ ਵੀ ਜੋ ਮਿਲਿਆ, ਉਹ ਗ੍ਰਹਿਣ ਕੀਤਾ ਹੈ। ਭਾਸ਼ਾ ਇੱਕ ਵਗਦਾ ਦਰਿਆ ਹੈ, ਜਿਸ ਨੇ ਪਹਾੜਾਂ, ਵਾਦੀਆਂ, ਖੇਤਾਂ, ਥਲਾਂ, ਵਣਾਂ, ਸ਼ਹਿਰਾਂ ਪਿੰਡਾਂ ਅਤੇ ਕਈ ਵਾਰ ਕਈ ਦੇਸ਼ਾਂ ਵਿੱਚੀਂ ਗੁਜ਼ਰਨਾ ਹੁੰਦਾ ਹੈ।ਇਸ ਲਈ ਇਸ ਨੇ ਜਿੱਥੇ ਹਰ ਥਾਂ ਆਪਣਾ ਪ੍ਰਭਾਵ ਛੱਡਣਾ ਹੁੰਦਾ ਹੈ, ਉੱਥੇ ਹਰ ਥਾਂ ਤੋਂ ਕੁਝ ਪ੍ਰਭਾਵ ਗ੍ਰਹਿਣ ਵੀ ਕਰਨੇ ਹੁੰਦੇ ਹਨ।ਇਹ ਇੱਕ ਨੇਮ ਹੈ। ਦੂਜੀਆਂ ਬੋਲੀਆਂ ਦੇ ਸ਼ਬਦਾਂ ਨੂੰ ਅਪਨਾਉਣ ਦੀ ਪ੍ਰਥਾ ਵੀ ਬੋਲੀਆਂ ਦੇ ਜੀਵਨ-ਕਾਲ ਜਿੰਨੀ ਹੀ ਲੰਮੀ ਹੈ। ਜੋ ਬੋਲੀਆਂ ਇਸ ਤੋਂ ਸੰਕੋਚ ਕਰਦੀਆਂ ਹਨ ਅਤੇ ਲੋਕ-ਬੋਲੀ ਵਿੱਚ ਆ ਰਹੇ ਅਜਿਹੇ ਪ੍ਰਵਿਰਤਨਾਂ ਨਾਲੋਂ ਟੱਟ ਜਾਂਦੀਆਂ ਹਨ, ਸਮਾਂ ਪੈਣ ਤੇ ਖ਼ਤਮ ਵੀ ਹੋ ਜਾਂਦੀਆ ਹਨ ਜਾਂ ਮਰ ਜਾਂਦੀਆ ਹਨ। ਭਾਰਤ ਦੀ ‘ਸੰਸਕ੍ਰਿਤ’ ਬੋਲੀ, ਰੋਮ ਦੀ ‘ਲਾਤੀਨੀ’ ਭਾਸ਼ਾ ਦਾ ਇਹੋ ਹਸ਼ਰ ਹੋਇਆ। ਅੱਜ ਉਨ੍ਹਾਂ ਨੂੰ ਕੋਈ ਵਿਰਲਾ ਵਾਂਝਾ ਹੀ ਸਨਾਤਨੀ ਜਾਂ ਪ੍ਰਾਚੀਨ ਭਾਸ਼ਾਵਾਂ ਦੇ ਤੌਰ ਤੇ ਪੜ੍ਹਦਾ ਹੈ। ਉਹ ਲੋਕ-ਜੀਵਨ ਨਾਲੋਂ ਟੁੱਟ ਚੁੱਕੀਆਂ ਹਨ। ਉਨ੍ਹਾਂ ਨੂੰ ਬੋਲਦਾ ਕੋਈ ਨਹੀਂ। ਆਪਣੀ ਮਾਤ-ਭਾਸ਼ਾਂ ਨੂੰ ਅਸੀਂ ਜਿਨ੍ਹਾਂ ਬੋਲੀਆਂ ਦੇ ਸੰਦਰਭ ਵਿੱਚ ਜਾਂ ਸੰਗ ਵਿੱਚ ਪੜ੍ਹਦੇ ਹਾਂ, ਉਨ੍ਹਾਂ ਦਾ ਸਾਡੀ ਬੋਲੀ ਉੱਤੇ ਪ੍ਰਭਾਵ ਪੈਂਣਾ ਹੀ ਹੈ।ਅੱਜ ਦੇ ਵਿਸ਼ਵੀਕਰਨ ਦੇ ਯੁੱਗ ਵਿੱਚ ਦੂਰ-ਸੰਚਾਰ ਦੇ ਸਾਧਨਾਂ ਨੇ ਬੋਲੀਆਂ, ਗਿਆਨ, ਵਿਗਿਆਨ, ਦਰਸ਼ਨ, ਘਟਨਾਵਾਂ ਅਤੇ ਲੋਕਾਂ ਵਿਚਕਾਰਲੇ ਫ਼ਾਸਲੇ ਬਹੁਤ ਹੱਦ ਤੱਕ ਘੱਟ ਕਰ ਦਿੱਤੇ ਹਨ। ਸਿੱਟੇ ਵਜੋਂ ਇੱਕ ਵਿਸ਼ਵ ਕਲਚਰ ਦਾ ਨਿਰਮਾਣ ਹੋ ਰਿਹਾ ਹੈ। ਬੋਲੀਆਂ ਉੱਤੇ ਅਤੇ ਉੱਨ੍ਹਾਂ ਦੇ ਸ਼ਬਦ-ਭੰਡਾਰ ਉੱਤੇ ਇਸ ਦਾ ਪ੍ਰਭਾਵ ਪੈ ਰਿਹਾ ਹੈ।
ਅੰਗਰੇਜ਼ੀ ਬੋਲੀ ਵਿੱਚ ਅਨੇਕਾਂ ਸ਼ਬਦ, ਹੋਰ ਬੋਲੀਆਂ ਤੋਂ ਜਿਉਂ ਦੇ ਤਿਉਂ ਲੈ ਲਏ ਗਏ ਹਨ। ਜਿਵੇਂ ਮੰਤਰ, ਪੰਡਿਤ, ਗੁਰੂ, ਸਵਾਸਤਿਕਾ ਅਤੇ ਯੋਗਾ ਆਦਿ। ਹੋਰ ਬੋਲੀਆਂ ਤੋਂ ਸ਼ਬਦ ਲੈਂਣ ਦੀਆਂ ਦੋ ਵਿਧੀਆਂ ਪ੍ਰਚੱਲਤ ਹਨ। ਉਹ ਹਨ ‘ਤਤਸਮ’ ਤੇ ‘ਤਤਭਵ’। ਤਤਸਮ ਅਨੁਸਾਰ ਸ਼ਬਦ ਅਸੀਂ ਜਿਉਂ ਦੇ ਤਿਉਂ ਲੈ ਲੈਂਦੇ ਹਾਂ ਅਤੇ ਤਤਭਵ ਰੂਪ ਵਿੱਚ ਅਸੀਂ ਉਸ ਦਾ ਅਰਥ ਜਾਂ ਭਾਵ ਉਹ ਹੀ ਰੱਖਦੇ ਹਾਂ, ਪਰ ਸ਼ਬਦ ਨੂੰ ਆਪਣੀ ਲੋੜ ਅਨੁਸਾਰ ਢਾਲ਼ ਲੈਂਦੇ ਹਾਂ। ਇੱਥੇ ਮੈਂ ਤੁਹਾਨੂੰ ਕੀਨੀਆਂ ਦੀ ਕੀਸਵਾਹੇਲੀ ਭਾਸ਼ਾ ਦੀਆਂ ਤਤਭਵ ਦੀਆਂ ਉਦਾਹਰਣਾ ਦੇਣੀਆਂ ਉਚਿਤ ਸਮਝਦਾ ਹਾਂ।ਕੀਨੀਆ ਦੇ ਲੋਕ ਸ਼ਬਦਾਂ ਦੇ ਅੰਤ ਉੱਤੇ ਖੜ੍ਹੀ ਧੁੰਨ ਵਾਲੇ ਅੱਖ਼ਰਾਂ ਦਾ ਉਚਾਰਣ ਨਹੀਂ ਕਰ ਸਕਦੇ। ਇਸ ਲਈ ਜਾਂ ਤਾਂ ਉਹ ਸ਼ਬਦਾ ਦੇ ਅੰਤ ਉੱਤੇ ਕੋਈ ਵਾਵਲ ਲੱਗਾ ਦਿੰਦੇ ਹਨ ਤੇ ਜਾਂ ਖੜ੍ਹੀ ਧੁੰਨ ਵਾਲੇ ਅੱਖ਼ਰ ਜਾਂ ਕਨੰਸੋਨੈਂਟ ਉੱਡਾ ਦਿੰਦੇ ਹਨ। ਆਪਣੀ ਸਹੁਲਤ ਅਨੁਸਾਰ ਉਨ੍ਹਾਂ ਵਲੋਂ ਉਚਾਰਣ ਕੀਤੇ ਕੁਝ ਸ਼ਬਦਾਂ ਦੀ ਉਦਾਰਣ ਦਿੰਦਾ ਹਾਂ ਜਿਵੇਂ: ਦੁਕਾਨ-ਦੁਕਾ, ਸ਼ਾਬੁਨ- ਸਾਬੁਨੀ ਆਦਿ।
ਲੋੜ ਅਨੁਸਾਰ ਆਪਣੇ ਸ਼ਬਦ-ਭੰਡਾਰ ਵਿੱਚ ਵਾਧਾ ਕਰਨ ਦੀ ਤੀਜੀ ਵਿਧੀ ਰੂਟ- ਵਰਡਜ਼ ਤੋਂ ਨਵੇਂ ਸ਼ਬਦ ਬਣਾਉਣ ਦੀ ਹੈ, ਜਿਵੇਂ: ਤਲ-ਤਲੀਨ, ਦੁੱਧ-ਦੂੱਧੀਆ ਆਦਿ। ਆਪਣੇ ਰੂਟ-ਵਰਡਜ਼ ਤੋਂ ਬਣਾਏ ਨਵੇਂ ਸ਼ਬਦਾਂ ਨੂੰ ਦੂਜੀਆਂ ਬੋਲੀਆਂ ਤੋਂ ਲਏ ਪ੍ਰਚੱਲਤ ਹੋ ਚੁੱਕੇ ਸ਼ਬਦਾਂ ਦੇ ਮੁਕਾਬਲੇ ਵਿੱਚ ਪ੍ਰਚਲਤ ਕਰਨਾ ਮੁਸ਼ਕਲ ਹੀ ਨਹੀਂ, ਕਈ ਵਾਰ ਅਸੰਭਵ ਵੀ ਹੁੰਦਾ ਹੈ।ਨਵੀਆਂ ਚਣੌਤੀਆਂ ਦਾ ਸਾਹਮਣਾ ਕਰਨ ਲਈ ਸਾਨੁੰ ਦੂਜੀਆਂ ਬੋਲੀਆਂ ਦੇ ਸ਼ਬਦ ਜੋ ਸਾਡੀ ਬੋਲੀ ਵਿੱਚ ਪ੍ਰਚਲਤ ਹੋ ਕੇ, ਸਾਡੀ ਬੋਲ ਚਾਲ ਦਾ ਹਿੱਸਾ ਬਣ ਚੁੱਕੇ ਹਨ, ਉਨ੍ਹਾਂ ਨੂੰ ਲੈਂਣ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ। ਯਾਦ ਰਹੇ ਕਿ ਬੋਲ-ਚਾਲ ਤੋਂ ਟੁੱਟੀ ਹਰ ਬੋਲੀ, ਸਮਾਂ ਪਾ ਕੇ ਮਰ ਮੁੱਕ ਜਾਂਦੀ ਹੈ।
? ਰਵੀ ਜੀ ਤੁਸੀਂ ਪੰਜਾਬੀ ਪੱਤਰਕਾਰੀ ਨੂੰ ਬਹੁਤ ਨੇੜਿਓ ਹੋ ਕੁ ਵੇਖਿਆ ਹੈ।ਤੁਸੀਂ ਪੱਤਰਕਾਰੀ ਅਤੇ ਅੰਗਰੇਜ਼ੀ ਸਾਹਿਤ ਦੇ ਵਿਸ਼ੇ ਵੀ ਪੜ੍ਹਾਏ ਹਨ।ਕੈਨੇਡੀਅਨ ਪੰਜਾਬੀ ਪੱਤਰਕਾਰੀ ਦੂਜੀਆਂ ਭਾਸ਼ਾਵਾਂ ਦੇ ਮੁਕਬਲੇ ਕਿੱਥੇ ਕੁ ਖੜ੍ਹੀ ਹੈ।
– ਪੰਜਾਬੀ ਪੱਤਰਕਾਰੀ ਦੀ ਅੰਗਰੇਜ਼ੀ ਜਾਂ ਪੱਛਮ ਦੀ ਕਿਸੇ ਹੋਰ ਪੱਤਰਕਾਰੀ ਨਾਲ ਤੁਲਣਾ ਨਹੀਂ ਕੀਤੀ ਜਾ ਸਕਦੀ। ਇਧਰਲੀਆਂ ਅੰਗਰੇਜ਼ੀ ਅਖ਼ਬਾਰਾਂ ਲੋਕ ਖ਼ਰੀਦ ਕੇ ਪੜ੍ਹਦੇ ਹਨ। ਹਰ ਅਖ਼ਬਾਰ ਨਾਲ ਵਿਸ਼ੇਸ਼ ਪਾਠਕ-ਹਲਕਾ ਜੁੜਿਆਂ ਹੋਇਆ, ਉਨ੍ਹਾਂ ਵਿੱਚ ਛਪਦੇ ਵਿਸ਼ੇਸ਼ ਕਾਲਮਾਂ ਤੇ ਤਬਸਰਿਆਂ ਦਾ ਸ਼ੌਕੀਨ ਹੈ।ਇਨ੍ਹਾਂ ਵਿੱਚ ਛਪਦੇ ਸੰਪਾਦਕੀਆਂ ਅਤੇ ਹੋਰ ਗਿਆਨਵਾਨ ਫ਼ੀਚਰਾਂ ਦਾ ਅਭਿਲਾਖੀ ਹੈ। ਵੇਖਾ ਵੇਖੀ ਪੰਜਾਬੀ ਜਾਂ ਭਾਰਤੀ ਲੋਕਾਂ ਨੇ ਵੀ ਅੰਗਰੇਜ਼ੀ ਵਿੱਚ, ਕੁਝ ਭਾਰਤੀ ਜਾਂ ਪਕਿਸਤਾਨੀ ਮੂਲ ਦੇ ਅਖ਼ਬਾਰ ਸ਼ੁਰੂ ਕੀਤੇ ਹਨ। ਇਹ ਵੀ ਫ਼ਰੀ ਵੰਡੇ ਜਾਂਦੇ ਹਨ। ਪੰਜਾਬੀ ਸਟੋਰਾਂ ਤੇ ਇਨ੍ਹਾਂ ਦੇ ਢੇਰਾਂ ਦੇ ਢੇਰ ਲੱਗੇ ਹੋਏ ਹਨ।ਮਾਲਕਾਂ ਤੇ ਸੰਚਾਲਕਾਂ ਲਈ ਇਹ ਕਮਾਈ ਦੇ ਸਾਧਨ ਹੀ ਹਨ। ਵਿਉਪਾਰੀ ਤੇ ਹੋਰ ਪ੍ਰਫ਼ੈਸ਼ਨਲ ਬਿਜ਼ਨਿਸ ਵਾਲੇ ਲੋਕ ਜਿਵੇਂ ਵਕੀਲ, ਡਾਕਟਰ,ਇੰਸ਼ੋਰੈਂਸ, ਪ੍ਰਾਈਵੇਟ ਸਕੂਲ ਅਤੇ ਹੋਰ ਬਹੁਤ ਸਾਰੇ ਅਦਾਰੇ ਇਨ੍ਹਾਂ ਨੂੰ ਆਪਣੇ ਗਾਹਕ ਵਟੋਰਨ ਲਈ ਇੱਕ ਹੱਥਿਆਰ ਵਾਂਗ ਵਰਤਦੇ ਹਨ।ਆਪਣੇ ਪ੍ਰਚਾਰ ਦਾ ਜਾਲ ਵਿਛਾ ਕੇ ਹਰ ਵਿਉਪਾਰੀ ਇਨ੍ਹਾਂ ਅਖ਼ਬਾਰਾਂ ਨੂੰ ਇਸ ਖ਼ਪਤ ਕਲਚਰ ਦੀ ਇੱਕ ਵਸਤ ਹੀ ਬਣਾ ਰਿਹਾ ਹੈ।ਇਨ੍ਹਾਂ ਵਿੱਚ ਛਪੀਆਂ ਇੱਕਾ ਦੁੱਕਾ ਸਾਹਿਤਕ ਕ੍ਰਿਤਾਂ ਨੂੰ ਵੀ ਸ਼ਾਇਦ ਕੁਝ ਲੋਕ ਪੜ੍ਹਦੇ ਹੋਣਗੇ। ਉਨ੍ਹਾਂ ਦੀ ਗਿਣਤੀ ਬਹੁਤ ਥੋੜ੍ਹੀ ਹੈ। ਪੰਜਾਬੀ ਪੱਤਰਕਾਰੀ, ਕੈਨੇਡੀਅਨ ਵਿਉਪਾਰੀਆਂ ਵਿੱਚ ਰਲਕੇ, ਇੱਕ ਵਿਉਪਾਰ ਹੀ ਬਣ ਕੇ ਰਹਿ ਗਈ ਹੈ।
? ਰਾਵਿੰਦਰ ਜੀ ਜਿੱਥੇ ਤੁਸੀਂ ਹੋਰ ਸਾਹਿਤਕ ਕ੍ਰਿਤਾਂ ਪੰਜਾਬੀ ਸਾਹਿਤ ਨੂੰ ਦਿੱਤੀਆਂ ਉੱਥੇ ਇੱਕ ਸਫ਼ਰਨਾਮਾਂ ‘ਸਿਮਰਤੀਆਂ ਦੇ ਦੇਸ਼’ ਵੀ ਲਿਖਿਆ।ਇਸ ਤੋਂ ਪਹਿਲਾਂ ਹੋਰ ਲੇਖਕਾਂ ਨੇ ਵੀ ਸਫ਼ਰਨਾਮੇਂ ਲਿਖੇ ਪਰ ਲਾਲ ਸਿੰਘ ਕਮਲਾ ਅਕਾਲੀ ਨੇ ਵੀ ਕਾਂਫ਼ੀ ਦੇਰ ਪਹਿਲਾਂ ਇੱਕ ਸਫ਼ਰਨਾਮਾਂ ‘ਮੇਰਾ ਵਲਾਇਤੀ ਸਫ਼ਰਨਾਮਾ’ ਲਿਖਿਆ ਸੀ।ਇਨ੍ਹਾਂ ਦੋਹਾਂ ਸਫ਼ਰਨਾਮਿਆਂ ਦੀ ਤੁਲਣਾ ਕਰੀਏ ਤਾਂ ਤੁਹਾਡੇ ਸਫ਼ਰਨਾਮੇਂ ਵਿੱਚ ਕੀ ਵਿਲੱਖਣਤਾ ਹੈ? ਇਹਦੇ ਬਾਰੇ ਕੁਝ ਦੱਸੋ?
-ਪੰਜਾਬੀ ਵਿੱਚ ਲਿਖੇ ਬਹੁਤੇ ਸਫ਼ਰਨਾਮੇਂ ਰੋਜ਼ਨਾਚੇ ਜਾਂ ਡਾਇਰੀ ਵਾਲ਼ੀ ਸ਼ੈਲੀ ਵਿੱਚ ਲਿਖੇ ਗਏ ਹਨ।ਕਿਸੇ ਦੇਸ਼ ਵਿੱਚ ਜਾ ਕੇ ਜੋ ਕੁਝ ਸਫ਼ਰਨਾਮਾਂ ਲੇਖਕ ਦੇਖਦਾ, ਸੁਣਦਾ, ਸਿੱਖਦਾ ਜਾਂ ਅਨੁਭਵ ਕਰਦਾ ਹੈ, ਉਸ ਦਾ ਦਿਨ ਪ੍ਰਤੀ ਦਿਨ ਨੋਟਿਸ ਲੈਂਦਾ ਅਤੇ ਬਾਅਦ ਵਿੱਚ ਉਸ ਨੂੰ ਸਫ਼ਰਨਾਮੇਂ ਦਾ ਰੂਪ ਦੇ ਦਿੰਦਾ ਹੈ। ਲਾਲ ਸਿੰਘ ਕਮਲਾਂ ਅਕਾਲੀ ਨੇ ਵੀ ਆਪਣੇ ਸਫ਼ਰਨਾਮੇਂ ਵਿਚ ਇਸੇ ਸ਼ੈਲੀ ਦਾ ਪ੍ਰਯੋਗ ਕੀਤਾ ਹੈ, ਪਰ ਉਸ ਵਿੱਚ ਵਾਧਾ ਇਹ ਕੀਤਾ ਗਿਆ ਹੈ ਕਿ ਉਹ ਆਪਣੇ ਵਲਾਇਤ ਵਿੱਚ ਕੀਤੇ ਅਨੁਭਵਾਂ, ਵੇਖੇ ਲੋਕਾਂ, ਘੁੰਮੀਆਂ ਥਾਵਾਂ, ਅੱਖੀ ਡਿੱਠੀਆਂ ਘਟਨਾਵਾਂ ਆਦਿ ਦੇ ਵਰਨਣ ਦੇ ਨਾਲ ਨਾਲ, ਇਸ ਸਭ ਕੁਝ ਦੀ ਭਾਰਤੀ ਜਾਂ ਪੰਜਾਬੀ ਜੀਵਨ ਤੇ ਵਿਹਾਰ ਨਾਲ ਤੁਲਣਾ ਵੀ ਕਰੀ ਜਾਂਦਾ ਹੈ।ਉਹ ਤੁਹਨੂੰ ਇੱਕੋ ਸਮੇਂ ਵਿੱਚ ਦੋ ਝਾਕੀਆਂ ਵਿਖਾ ਰਿਹਾ ਹੁੰਦਾ ਹੈ। ਇੱਕ ਵਲਾਇਤ ਦੀ ਤੇ ਦੂਜੀ ਭਾਰਤ ਦੀ ਜਾਂ ਪੰਜਾਬ ਦੀ। ਇੱਕ ਪੂਰਬ ਦੀ ਦੂਜੀ ਪੱਛਮ ਦੀ। ਉਸ ਦੇ ਨਿਰਨੇ ਅਤੇ ਤੁਲਨਾਤਮਿਕ ਵਿਧੀ ਤਰਕਸ਼ੀਲ, ਨਿਆਪੂਰਨ ਅਤੇ ਦਿਲਚਸਪ ਹਨ।੧੯੨੭ ਤੋਂ ੧੯੨੯ ਤੱਕ ਕਮਲਾ ਅਕਾਲੀ ਵਿੱਦਿਆ ਪ੍ਰਾਪਤੀ ਲਈ ਇੰਗਲੈਂਡ ਗਿਆ ਸੀ। ਉਹਦੀ ਇਹ ਕ੍ਰਿਤ ਉਸ ਸਮੇਂ ਦੀ ਹੈ।
ਮੇਰਾ ਸਫ਼ਰਨਾਮਾਂ ‘ਸਿਮਰਤੀਆਂ ਦੇ ਦੇਸ਼’ ਕਮਲਾ ਅਕਾਲੀ ਦੀ ਵਿਧਾ ਨੂੰ ਨਹੀਂ ਅਪਣਾaੁਂਦਾ ਅਤੇ ਇਹ ਹੈ ਵੀ ਕਿਸੇ ਇੱਕ ਦੇਸ਼ ਬਾਰੇ ਨਹੀਂ। ਸਗੋਂ ਇਹ ਅਫ਼ਰੀਕਾ (ਕੀਨੀਆਂ), aੱਤਰੀ ਅਮਰੀਕਾ (ਅਮਰੀਕਾ), ਯੂਰਪ (ਇੰਗਲੈਂਡ, ਫ਼ਰਾਂਸ, ਸਵੀਡਨ) ਅਤੇ ਏਸ਼ੀਆਂ ( ਭਾਰਤ) ਚਾਰ ਮਹਾਦੀਪਾਂ ਦੇ ਛੇ ਦੇਸ਼ਾਂ ਬਾਰੇ ਹੈ। ਇਹ ਮੈਂ ਲਿਖਿਆ ਵੀ ੧੯੬੭ ਤੋਂ ੧੯੭੫ ਦੇ ਦੌਰਾਨ ਹੈ।ਇਸ ਦਾ ਪਹਿਲਾ ਅਡੀਸ਼ਨ ੧੯੭੯ ਵਿੱਚ ਛਪਿਆ ਸੀ ਤੇ ਦੂਜਾ ੨੦੦੬ ਵਿੱਚ। ਬੋਲੀ ਤੇ ਸ਼ੈਲੀ ਦੇ ਪੱਖੋਂ ਇਹ ਕਮਲਾ ਅਕਾਲੀ ਤੋਂ ਵੱਖਰਾ ਹੈ। ਮੈਂ ਇਨ੍ਹਾਂ ਦੇਸ਼ਾਂ ਵਿੱਚ ਰਹਿੰਦਿਆਂ ਜਾਂ ਘੁੰਮਦਿਆਂ ਸਫ਼ਰਨਾਮਾਂ ਲਿਖਣ ਲਈ ਸੀਲੈਕਟਿਵ ਵਿਧੀ ਅਪਣਾਈ ਹੈ।ਇਨ੍ਹਾਂ ਦੇਸ਼ਾ ਦੇ ਇੱਕ ਜਾਂ ਦੋ ਪੱਖਾਂ ਨੂੰ ਲੈ ਕੇ, ਉਨ੍ਹਾਂ ਬਾਰੇ ਜਿੱਥੇ ਮੈਂੇ ਆਪਣੇ ਜ਼ਾਤੀ ਅਨੁਭਵ ਤੋਂ ਗ੍ਰਹਿਣ ਕੀਤੇ ਪ੍ਰਭਾਵਾਂ ਨੂੰ ਸਿਰਜਿਆ ਉੱਥੇ ਮੈਂ ਸੰਬੰਧਤ ਵਿਸ਼ੇ ਜਾਂ ਸਥਾਨ ਬਾਰੇ ਖੋਜ ਵੀ ਪ੍ਰਸਤੁਤ ਕੀਤੀ। ਟੂਰਿਸਟ ਗਾਈਡਾਂ ਵਿਚ ਦਿੱਤਾ ਗਿਆਨ ਧਿਆਨ ਵਿੱਚ ਰੱਖਿਆ। ਉੱਥੋਂ ਮਿਲਦੇ ਪੈਂਫਲੈਟ ਤੇ ਬਰੋਸ਼ਰ ਖ਼ਰੀਦ ਕੇ ਲਿਆਂਦੇ। ਐਨਸਾਇਕੋਪੀਡੀਆ ਅਤੇ ਹੋਰ ਪੁਸਤਕਾਂ ਵਿਚੋਂ ਖੋਜ ਕਰਕੇ ਨਵੀਂ ਸਮਗਰੀ ਇਕੱਤਰ ਕੀਤੀ। ਇਸ ਸਾਰੇ ਇਕੱਠੇ ਕੀਤੇ ਗਿਆਨ ਨੂੰ ਸਫ਼ਰਨਾਮੇਂ ਦਾ ਰੂਪ ਦਿੱਤਾ।ਮੇਰਾ ਸਫ਼ਰਨਾਮਾਂ ਚਾਰ ਮਹਾਂਦੀਪਾਂ ਵਿੱਚ ਵੱਸਦੇ ਛੇ ਦੇਸ਼ਾਂ ਬਾਰੇ ਚੁਣੇ ਹੋਏ ਵਿਸ਼ਿਆਂ ਉੱਤੇ ਸਾਰਥਿਕ ਅਤੇ ਪ੍ਰਮਾਣਿਕ ਗਿਆਨ ਦਾ ਸੋਮਾਂ ਹੈ।
ਇਨ੍ਹਾਂ ਦੇਸ਼ਾ ਵਿੱਚ ਘੁੰਮਦਿਆਂ ਮੈਂ, ਕੁਝ ਕਵਿਤਵਾਂ, ਕਹਾਣੀਆਂ ਤੇ ਲੇਖ ਆਦਿ ਵੀ ਲਿਖੇ। ਆਪਣੇ ਸਫ਼ਰਨਾਮੇਂ ਵਿੱਚ ਅੰਕਤ ਹਰ ਦੇਸ਼ ਦੇ ਭਾਗ ਨੂੰ, ਮੈਂ ਇਨ੍ਹਾਂ ਵਿੱਚੋਂ ਚੋਣਵੀਆਂ ਕਹਾਣੀਆਂ ਤੇ ਕਵਿਤਵਾਂ ਨਾਲ ਅੰਤ ਕੀਤਾ ਹੈ। ਇਸ ਨਾਲ ਪਾਠਕ ਨੂੰ ਮੇਰੇ ਸਿਰਜਣਾਤਮਿਕ ਸੰਸਾਰ ਉੱਤੇ ਝਾਤੀ ਮਾਰਨ ਦਾ ਵੀ ਮੌਕਾ ਵੀ ਮਿਲ਼ਿਆ।ਜਿੰਨਾ ਕੁ ਮੈਨੂੰ ਗਿਆਨ ਹੈ, ਉਸ ਅਨੁਸਾਰ ਮੈਂ ਕਹਿ ਸਕਦਾ ਹਾਂ ਕਿ ਇੰਝ ਪਹਿਲਾਂ ਕਿਸੇ ਨੇ ਨਹੀਂ ਕੀਤਾ।ਕੀਨੀਆਂ ਵਿੱਚ ਕਿਉਂਕਿ ਮੈਂ ਅੱਠ ਵਰ੍ਹੇ ਭਾਵ ੧੯੬੭ ਤੋਂ ੧੯੭੪ ਤੱਕ ਰਿਹਾ, ਇਸ ਲਈ ਕੀਨੀਆਂ ਬਾਰੇ ਲੇਖਾਂ ਦੀ ਗਿਣਤੀ ਮੇਰੇ ਸਫ਼ਰਨਾਮੇਂ ਵਿੱਚ ਵਧੇਰੇ ਹੈ।ਖੁਸ਼ੀ ਦੀ ਗੱਲ ਇਹ ਹੈ ਕਿ ੧੯੭੯ ਵਿੱਚ ਮੇਰੇ ਇਸ ਸਫ਼ਰਨਾਮੇਂ ਨੂੰ ਪੰਜਾਬੀ ਸਹਿਤ ਸਮੀਖਿਆ ਬੋਰਡ ਵਲੋਂ ੧੯੭੯ ਦੀ ਸਰਬੋਤਮ ਗੱਦ ਪੁਸਤਕ ਦਾ ਪੁਰਸਕਾਰ ਵੀ ਮਿਲਿਆ।
?ਤੁਹਾਨੂੰ ਅਧਿਆਪਕ ਦੇ ਕਿੱਤੇ ਦਾ ਕਾਫੀ ਤਜਰਬਾ ਹੈ। ਇਸ ਤਜਰਬੇ ਦੇ ਅਧਾਰ ਤੇ ਦੱਸੋ ਕਿ ਇਥੇ ਦੀ ਨਵੀਂ ਪੀੜ੍ਹੀ ਵਿੱਚੋਂ ਕਿਸੇ ਨੇ ਅਧਿਆਪਕ ਦਾ ਕਿੱਤਾ ਅਪਨਾਉਣਾ ਹੋਵੇ ਤਾਂ ਤੁਸੀਂ ਉਨ੍ਹਾਂ ਕੀ ਕਹਿਣਾ ਚਾਹੋਗੇ?
-ਜੇਕਰ ਕਿਸੇ ਵਿਦਿਆਰਥੀ ਵਿੱਚ ਸਬਰ, ਸਹਿਨਸ਼ੀਲਤਾ, ਸੇਵਾ-ਭਾਵ ਅਤੇ ਵਚਨਬਧੱਤਾ ਵਰਗੇ ਗੁਣਾ ਦੇ ਨਾਲ ਮਨੋਵਿਗਿਆਨ ਵਿੱਚ ਦਿਲਚਸਪੀ ਹੈ ਤਾਂ ਉਸ ਨੂੰ ਇਸ ਕਿੱਤੇ ਵਿੱਚ ਜ਼ਰੂਰ ਸ਼ਾਮਿਲ ਹੋਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ।ਲੱਭਤ ਤੇ ਈਜ਼ਾਦ ਵਿੱਚ ਰੁਚੀ ਦੇ ਨਾਲ ਜੇ ਸੁਭਾਅ ਵਿੱਚ ਲਚਕ, ਖੋਜੀ ਬਿਰਤੀ ਤੇ ਖੁੱਲ੍ਹੇ ਮਨ ਦੇ ਗੁਣ ਵੀ ਹੋਣ ਤਾਂ ਅਧਿਆਪਕ ਦੇ ਕਿੱਤੇ ਨੂੰ ਸਾਰਥਕ ਤੇ ਦਿਲਚਸਪ ਬਣਾ ਸਕਦੇ ਹਨ।ਹਾਈ ਸਕੂਲ ਵਿੱਚ ਦੋ ਤਰ੍ਹਾਂ ਦੇ ਕੌਂਸਲਰ ਹੁੰਦੇ ਹਨ, ਜੋ ਵਿਦਿਆਰਥੀ ਨੂੰ ਯੂਨੀਵਰਸਿਟੀ ਜਾਂ ਕਾਲਜ ਲਈ ਵਿਸ਼ੇ ਚੋਣ ਜਾਂ ਕਿੱਤਾ ਚੋਣ ਵਿੱਚ ਵਿਸ਼ੇਸ਼ਗਾਂ ਵਾਲ਼ੀ ਅਗਵਾਈ ਦੇ ਸਕਦੇ ਹਨ, ਇਹ ਹਨ ਅਕਦਾਮਿਕ ਅਤੇ ਕਿੱਤਾ ਕੌਂਸਲਰ। ਕਿੰਨ੍ਹਾਂ ਵਿਸ਼ਿਆਂ ਜਾਂ ਕਿੰਨ੍ਹਾਂ ਕਿੱਤਿਆਂ ਦੇ ਕੋਈ ਵਿਅਕਤੀ ਯੋਗ ਹੋ ਸਕਦਾ ਹੈ? ਇਸ ਸੰਬੰਧੀ ਤੁਹਾਨੂੰ ਮਸ਼ਵਰਾ ਦੇ ਸਕਦੇ ਹਨ।ਅਗਲੇ ਪੰਜ ਦਸ ਜਾਂ ਵੀਹ ਸਾਲਾਂ ਵਿੱਚ ਕਿਸ ਕਿੱਤੇ ਵਿੱਚ ਵਧੇਰੇ ਮੰਗ ਹੋਵੇਗੀ? ਇਹ ਵੀ ਉਹ ਦੱਸ ਸਕਦੇ ਹਨ। ਕਈ ਵਾਰ ਕਈ ਵਿਦਿਆਰਥੀ ਅਜਿਹੇ ਵਿਸ਼ੇ ਲੈ ਲੈਂਦੇ ਹਨ , ਜਿਨ੍ਹਾਂ ਦੀ ਉਨ੍ਹਾਂ ਵਲੋਂ ਡਿਗਰੀ ਕਰਨ ਉਪਰੰਤ ਕੋਈ ਮੰਗ ਨਹੀਂ ਰਹਿੰਦੀ। ਇਸ ਖਪਤ ਕਲਚਰ ਵਿੱਚ ਸਫ਼ਲਤਾ ਲਈ ਇਹ ਸਭ ਕੁਝ ਜਾਨਣਾ ਬੜਾ ਜ਼ਰੂਰੀ ਹੈ।
ਅਧਿਆਪਨ ਇੱਕ ਦਿਲਚਸਪ ਕਿੱਤਾ ਹੈ।ਸਾਲ ਵਿੱਚ ਕੇਵਲ ਇੱਕ ਸੌ ਨੱਬੇ ਜਾਂ ੧੯੨ ਦਿਨ ਕੰਮ ਕਰਨਾ ਪੈਂਦਾ ਹੈ। ਸ਼ਨਿੱਚਰਵਾਰ ਐਤਵਾਰ ਦੀ ਛੁੱਟੀ ਹੁੰਦੀ ਹੈ। ਸਪਰਿੰਗ ਬਰੇਕ, ਕ੍ਰਸਿਮਿਸ ਬਰੇਕ ਅਤੇ ਸਮਰ ਵਕੇਸ਼ਨਜ਼ (ਗਰਮੀਆਂ ਦੀਆਂ ਛੁਟੀਆਂ) ਵਿੱਚ ਸੈਰ ਸਪਾਟੇ ਅਤੇ ਹੋਰ ਸ਼ੌਂਕ ਪੂਰੇ ਕਰਨ ਲਈ ਅਵਸਰ ਪ੍ਰਾਪਤ ਹਨ। ‘ਸਮਰ ਸਕੂਲ’ ਵਿੱਚ ਦਾਖ਼ਲਾ ਲੈ ਕੇ ਤੁਸੀਂ ਹੋਰ ਪੜ੍ਹਾਈ ਕਰਕੇ ਆਪਣੀ ਯੋਗਤਾ ਵਿੱਚ ਵਾਧਾ ਵੀ ਕਰ ਸਕਦੇ ਹੋ।ਇੱਕ ਘੰਟੇ ਦੀ ਲੰਚ ਬਰੇਕ ਹੁੰਦੀ ਹੈ ਅਤੇ ਕੁਝ ਸਮਾਂ ਅਧਿਆਪਕ ਨੂੰ ਤਿਆਰੀ ਲਈ ਵੀ ਦਿੱਤਾ ਜਾਂਦਾ ਹੈ ਤਾਂ ਕਿ ਉਹ ਪੇਪਰ ਮਾਰਕ ਕਰ ਸਕੇ ਜਾਂ ਪੜ੍ਹਾਉਣ ਦੀ ਤਿਆਰੀ ਕਰ ਸਕੇ।ਸੇਵਾ-ਭਾਵ ਅਤੇ ਆਪਣੇ ਬੱਚਿਆਂ ਦੇ ਸ਼ੌਂਕ ਪੂਰੇ ਕਰਨ ਲਈ, ਆਪਣੇ ਵਿਹਲੇ ਸਮੇਂ ਵਿੱਚ ਸਕੂਲ ਤੋਂ ਬਾਅਦ, ਬਤੌਰ ਵਲੰਟੀਅਰ, ਤੁਸੀਂ ਬੱਚਿਆਂ ਦੀਆਂ ਕਲੱਬਾਂ (ਲੇਖਕ ਕੱਲਬ, ਆਰਟ ਕੱਲਬ, ਸੰਗੀਤ/ਬੈਂਡ ਕੱਲਬ, ਫੋਟਗ੍ਰਾਫ਼ੀ ਕੱਲਬ ਆਦਿ) ਦੀ ਸਰਪ੍ਰਸਤੀ ਕਰਕੇ ਆਪਣਾ ਯੋਗਦਾਨ ਪਾ ਸਕਦੇ ਹੋ। ਸਕੂਲ ਦੀਆਂ ਸਪੋਰਟਸ ਟੀਮਾਂ (ਬਾਸਕਟ ਬਾਲ, ਵਾਲੀਬਾਲ, ਸੌਕਰ, ਹਾਕੀ, ਜਿਮਨਾਟਿਕਸ ਆਦਿ) ਦੀ ਕੋਚਿੰਗ ਵੀ ਕਰ ਸਕਦੇ ਹੋ। ਸੋ ਇਸ ਤਰ੍ਹਾਂ ਅਧਿਆਪਨ ਦਾ ਕਿੱਤਾ ਜਿੱਥੇ ਸਾਰਾ ਵਰ੍ਹਾ ਤੁਹਾਨੂੰ ਰੁਝੇਵਿਆਂ ਵਿੱਚ ਰੱਖ ਕੇ ਤੰਦਰੁਸਤ ਤੇ ਸਰਗਰਮ ਰੱਖਦਾ ਹੈ, ਉੱਥੇ ਤੁਹਾਡੇ ਵਿਦਿਆਰਥੀਆਂ ਨੂੰ ਵੀ ਵਧਣ ਫੁੱਲਣ ਦੇ ਮੌਕੇ ਦਿੰਦਾ ਹੈ। ਅਧਿਆਪਕਾਂ ਦੀਆਂ ਤਨਖ਼ਾਹਾਂ ਵੀ ਕਾਫ਼ੀ ਚੰਗੀਆਂ ਹਨ। ਵਿੱਦਿਆ ਯੋਗਤਾ ਅਨੁਸਾਰ ਗ੍ਰੇਡ ਬਣੇ ਹੋਏ ਹਨ। ਸਲਾਨਾ ਤਰੱਕੀ ਵੀ ਮਿਲਦੀ ਹੈ। ਬੈਨੀਫਿਟਸ ਅਤੇ ਹੋਰ ਸਹੂਲਤਾਂ ਦਾ ਪੈਕੇਜ਼ ਵੀ ਬਹੁਤ ਵਧੀਆ ਹੈ।ਨਾਲੇ ਪੁੰਨ ਨਾਲੇ ਫਲ਼ੀਆਂ।
?ਰਵੀ ਜੀ, ਇਹ ਤਾਂ ਹੋਇਆ ਸੁਖ-ਸਹੂਲਤਾਂ ਦਾ ਕੰਮ, ਤੁਸੀਂ ਕੈਨੇਡਾ ਵਿੱਚ ਅਧਿਆਪਕ ਰਾਜਨੀਤੀ, ਅਤੇ ਟ੍ਰੇਡ ਯੂਨੀਅਨ ਮੂਵਮੈਂਟ ਵਿੱਚ ਬਹੁਤ ਸਰਗਰਮੀ ਨਾਲ ਹਿੱਸਾ ਪਾਇਆ ਹੈ।ਤੁਹਾਡੇ ਖ਼ਿਆਲ ਨਾਲ ਅੱਜ ਕਲ੍ਹ ਕੈਨੇਡੀਅਨ ਅਧਿਆਪਕਾਂ ਨੂੰ ਕਿਸੇ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ? ਆਪਣੇ ਕਾਰਜ ਖ਼ੇਤਰ ਵਿਚਲੀਆਂ ਜ਼ਿੰਮੇਵਾਰੀਆਂ ਬਾਰੇ ਵੀ ਕੁਝ ਦੱਸੋ?
ਢਾਅ ਜੀ, ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਸਕੂਲੀ ਢਾਂਚੇ ਨੂੰ ਪ੍ਰਬੰਧਕੀ ਦ੍ਰਿਸ਼ਟੀ ਤੋਂ ਵਿਦਿਆਕ ਮੰਤਰਾਲੇ ਨੇ, ਸਕੂਲ ਸਮੂਹਾਂ ਦੇ ਵੱਖ ਵੱਖ ਯੂਨਿਟਾਂ ਵਿਚ ਵੰਡਿਆ ਹੋਇਆ ਹੈ। ਹਰ ਯੁਨਿਟ ਨੂੰ ਸਕੂਲ ਜ਼ਿਲ੍ਹਾ ਕਹਿੰਦੇ ਹਨ ਜਿਸ ਦੇ ਅਧਿਕਾਰ ਖ਼ੇਤਰ ਵਿੱਚ ਕੁਝ ਸਕੂਲ ਹੁੰਦੇ ਹਨ।ਹਰ ਸਕੂਲ ਜ਼ਿਲ੍ਹੇ ਵਿੱਚ ਲੋਕਾਂ ਦੁਆਰਾਂ ਚੁਣਿਆ ਹੋਇਆ ਸਕੂਲ ਬੋਰਡ ਹੁੰਦਾ ਹੈ, ਜਿਸ ਦੇ ਮੈਂਬਰਾਂ ਨੂੰ ਟਰਸਟੀ ਕਹਿੰਦੇ ਹਨ। ਬੋਰਡ ਦੇ ਕੰਮ ਨੂੰ ਚਲਾਉਣ ਲਈ ਸਕੂਲ ਸੁਪਰਨਟੈਡੈਂਟ ਤੇ ਹੋਰ ਜ਼ਿਲ੍ਹਾ ਅਧਿਕਾਰੀ ਨਿਯੁਕਤ ਕੀਤੇ ਜਾਂਦੇ ਹਨ।ਹਰ ਸਕੂਲ ਵਿੱਚ ਪਿੰ੍ਰਸੀਪਲ ਤੇ ਵਾਇਸ-ਪਿੰਸੀਪਲ ਬੋਰਡ ਦੇ ਸਮੁਚੇ ਜ਼ਿਲ੍ਹਾ ਪ੍ਰਬੰਧ ਦਾ ਇੱਕ ਅਹਿਮ ਭਾਗ ਹੁੰਦੇ ਹਨ। ਹਰ ਸਕੂਲ ਜ਼ਿਲ੍ਹੇ ਦੇ ਅਧਿਆਪਕ, ਆਪਣੀ ‘ਲੋਕਲ ਯੁਨੀਅਨ’ ਦੇ ਮੈਂਬਰ ਹੁੰਦੇ ਹਨ ਅਤੇ ਯੂਨੀਅਨ ਦਾ ਕੰਮ ਚਲਾਉਣ ਲਈ, ਉਹ ਆਪਣਾ ਪ੍ਰਧਾਨ ਤੇ ਕਾਰਜਕਾਰਨੀ ਕਮੇਟੀ ਚੁਣਦੇ ਹਨ। ਚੋਣਾ ਹਰ ਸਾਲ ਹੁੰਦੀਆਂ ਹਨ। ਸਭ ਅਧਿਆਪਕ ‘ਸਕੂਲ-ਜ਼ਿਲ੍ਹੇ’ ਦੇ ‘ਸਕੂਲ-ਬੋਰਡ’ ਅਤੇ ‘ਲੋਕਲ ਅਧਿਆਪਕ ਯੂਨੀਅਨ’ ਵਿਚਕਾਰ, ਸਹਿਮਤੀ ਨਾਲ ਹੋਏ, ਕਾਨਟਰੈਕਟਰ (ਲਿਖਤੀ ਠੇਕਾ) ਅਧੀਨ ਕੰਮ ਕਰਦੇ ਹਨ। ਕਾਨਟਰੈਕਰ ਦੇ ‘ਅਰਥ-ਨਿਰਨੇ’ ਸਥਾਪਤ ਤੇ ਲਾਗੂ ਕਰਨ ਲੱਗਿਆਂ, ਕਈ ਵਾਰ ਸਕੂਲ ਬੋਰਡ ਤੇ ਯੂਨੀਅਨ ਜਾਂ ਮੁਲਾਜ਼ਮ ਅਧਿਆਪਕ ਵਿਚਕਾਰ ਝਗੜਾ ਜਾਂ ਕੋਈ ਮੱਤ ਭੇਦ ਹੋ ਜਾਂਦੇ ਹਨ। ਇਨ੍ਹਾਂ ਮੱਤ ਭੇਦਾਂ ਜਾਂ ਝਗੜਿਆਂ ਨੂੰ ਨਜਿਠੱਣ ਲਈ ‘ਕਾਨਟਰੈਕਟ’ ਵਿੱਚ ਹੀ ਵਿਧੀ ਦਰਜ ਕੀਤੀ ਗਈ ਹੈ। ਇਸ ਨੂੰ ਗਰੀਵੀਐਂਸ ਪ੍ਰੌਸਿਸ ਜਾਂ ਝਗੜੇ /ਮਤ ਭੇਦ ਹੱਲ ਕਰਨ ਦੀ ਵਿਧੀ ਆਖਿਆ ਜਾਂਦਾ ਹੈ।’ਸਕੂਲ-ਜ਼ਿਲ੍ਹੇ’ ਦੀ ‘ਅਧਿਆਪਕ ਯੁਨਂੀਅਨ’ ਦਾ ਪ੍ਰਧਾਨ, ਅਧਿਆਪਕਾਂ ਦੇ ਹੱਕ ਵਿੱਚ ਉਨ੍ਹਾਂ ਦੀ ਪ੍ਰਤੀਨਿਧਤਾ ਕਰਦਾ ਅਤੇ ਸਕੂਲ-ਬੋਰਡ ਨਾਲ ਇਸ ਸੰਬੰਧੀ ਗੱਲ ਬਾਤ ਤੋਰਦਾ ਹੈ।ਜੇਕਰ ਗੱਲਬਾਤ ਅਸਫ਼ਲ ਹੁੰਦੀ ਹੈ ਤਾਂ ਕੇਸ ਮੀਡੀਏਟਰ (ਵਿਚੋਲਾ) ਨੂੰ ਸੌਪ ਦਿੱਤਾ ਜਾਂਦਾ ਹੈ। ਕਈ ਸੂਰਤਾਂ ਵਿੱਚ ਲੋਕਲ ਡਿਸਟਿਰਿਕਟ, ਲੇਬਰ ਬੋਰਡ ਜਾਂ ਸੁਪਰੀਮਕੋਰਟ ਤੱਕ ਵੀ ਜਾਣਾ ਪੈਂਦਾ ਹੈ। ਇਸ ਸਭ ਕੁਝ ਦੀ ਪੈਰਵੀ ਕਰਨੀ ਵੀ ਯੂਨੀਅਨ ਦੇ ਪ੍ਰਧਾਨ ਦੀ ਹੀ ਜ਼ਿੰਮੇਵਾਰੀ ਹੁੰਦੀ ਹੈ।
੧੯੮੪ ਅਤੇ ੮੫ ਵਿੱਚ ਮੈਂ ਬੀ.ਸੀ. ਵਿੱਚਲੇ ਆਪਣੇ ‘ਸਕੂਲ ਜ਼ਿਲ੍ਹੇ ਨਿਸਗਾ’ ਦੀ ‘ਨਿਸਗਾ ਟੀਚਟਜ਼ ਯੂਨੀਆਨ’ ਦਾ ਪਹਿਲੀ ਵਾਰ ਪ੍ਰਧਾਨ ਚੁਣਿਆ ਗਿਆ ਸਾਂ। ਇਹ ਦੋ ਸਾਲ ਮੈਂ ਪੜ੍ਹਾਉਦਾ ਵੀ ਰਿਹਾ ਅਤੇ ਇੱਕ ਵਲੰਟੀਅਰ ਵਾਂਗ ਯੂਨੀਅਨ ਦਾ ਕੰਮ ਵੀ ਕਰਦਾ ਰਿਹਾ। ਫੇਰ ੧੯੯੧ ਵਿੱਚ ਯੁਨੀਅਨ ਦੇ ਪ੍ਰਧਾਨ ਜਿਸ ਨੂੰ ਲੋਕਲ ਪ੍ਰੈਜ਼ੀਡੈਂਟ ਕਹਿੰਦੇ ਹਨ, ਦਾ ਕੰਮ ਕੁਲਵਕਤੀ ਹੋ ਗਿਆ। ਇਸ ਤਰ੍ਹਾਂ ੧੯੯੧ ਵਿੱਚ ਫਿਰ ਇੱਕ ਵਾਰ ਮੈਂ ਕੁਲਵਕਤੀ ਪ੍ਰਧਾਨ ਦੇ ਰੂਪ ਵਿੱਚ ਚਣਿਆ ਗਿਆ। ਚੋਣ ਹਰ ਸਾਲ ਹੁੰਦੀ ਹੈ। ੨੦੦੨ ਤੱਕ ਮੈਂ ਦੋ ਤਿੰਨ ਵਾਰ ਮੁਕਾਬਲੇ ਨਾਲ ਤੇ ਨੌ ਕੁ ਵਾਰ ਬਿਨਾਂ ਮੁਕਾਬਲਾ ਇਸ ਯੂਨੀਆਨ ਦਾ ਪ੍ਰਧਾਨ ਚੁਣਿਆਂ ਜਾਂਦਾ ਰਿਹਾ। ਜੂਨ ੩੦, ੨੦੦੩ ਤੱਕ ਮੈਂ ਇਸ ਅਹੁਦੇ ਉੱਤੇ ਰਿਹਾ। ਇਨ੍ਹਾਂ ਵਰ੍ਹਿਆਂ ਦੌਰਾਨ ਯੂਨੀਅਨ ਦਾ ਕੰਮ ਹੀ ਫੁੱਲ-ਟਾਇਮ ਕਰਨਾ ਪੈਂਦਾ ਸੀ ਤੇ ਪੜ੍ਹਾਉਣਾ ਨਹੀਂ ਸੀ ਹੁੰਦਾ।ਬਤੌਰ ਪ੍ਰਧਾਨ ਮੈਨੂੰ ਦੋ ਤਰ੍ਹਾਂ ਦੇ ਕੰਮ ਕਰਨੇ ਪੈਂਦੇ ਸਨ, ਇੱਕ ਤਾਂ ਮੈਂ ਆਪਣੇ ਜ਼ਿਲ੍ਹੇ ਦਾ ਸਿਆਸੀ ਨੇਤਾ ਸਾਂ, ਜਿਸ ਨੂੰ ਸੂਬਾ ਪੱਧਰ ਤੇ ਆ ਰਹੀਆਂ ਅਧਿਆਪਕਾਂ ਦੀਆਂ ਮੁਸ਼ਕਲਾਂ ਦੇ ਸਮਾਧਾਨ ਲਈ ਆਪਣੀ ਸੂਬਾ ਯੂਨੀਅਨ: ‘ਬ੍ਰਿਟਿਸ਼ ਕੋਲ਼ਬੀਆ ਟੀਚਰਜ਼ ਫ਼ੇਡਰੇਸ਼ਨ’ ਨਾਲ ਮਿਲ ਕੇ ਯਤਨ ਕਰਨੇ ਹੁੰਦੇ ਸਨ ਤੇ ਦੂਜੇ ਆਪਣੇ ਜ਼ਿਲ੍ਹੇ ਦੇ ਅਧਿਆਪਕਾਂ ਦੇ ਹੱਕਾਂ ਲਈ ਲੜਦਿਆਂ ਹੋਇਆ ਉਨ੍ਹਾਂ ਨੂੰ ਵਿਦਿਆਕ ਢਾਂਚੇ ਦੀਆਂ ਸਮੱਸਿਆਵਾਂ ਬਾਰੇ ਜਾਗਰੂਕ ਕਰਨਾ ਹੁੰਦਾ ਸੀ। ਮੈਂ ਬੀ. ਸੀ. ਟੀ. ਐਫ਼. ਦੀ ‘ਲੋਕਲ ਪ੍ਰੈਜ਼ੀਡੈਂਸ-ਐਡਵਾਇਜ਼ਰੀ ਕੌਂਸਲ’ ਦਾ ਮੈਂਬਰ ਵੀ ਸਾਂ। ਇਸ ਸੂਬਾ ਕਾਰਜਕਾਰਨੀ ਨਾਲ ਸਲਾਹ ਮਸ਼ਵਰਾ ਕਰਕੇ aੁਨ੍ਹਾਂ ਨੂੰ ਕੋਈ ਸੇਧ ਦੇਣੀ ਹੁੰਦੀ ਸੀ।
ਲ਼ੋਕਲ ਪ੍ਰੈਜ਼ੀਡੈਂਟ ਨੂੰ ਗਰਮੀਆਂ ਦੀਆਂ ਛੁਟੀਆਂ ਵਿੱਚ ਹਫਤੇ ਕੁ ਭਰ ਲਈ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਦੀ ਗੇਜ ਰੈਜ਼ੀਡੈਂਸ ਵਿੱਚ ਰੱਖ ਕੇ ਸਕੂਲ ਐਕਟ, ਲੇਬਰ ਕਾਨੂੰਨ, ਅਦਾਲਤੀ ਕਾਰਵਾਈ, ਗ੍ਰੀਵੀਐਂਸ ਪ੍ਰੌਸੈਸ, ਕਾਨਟਰੈਕਟ ਨਗੋਸ਼ੀਏਸ਼ਨਜ਼, ਸਿਆਸੀ ਸੰਗਠਨ ਤੇ ਲਾਮਬੰਦੀ ਆਦਿ ਵਿਸ਼ਿਆਂ ਤੇ ਟਰੇਨਿੰਗ ਦਿੱਤੀ ਜਾਂਦੀ ਸੀ।ਸਾਲ ਦੇ ਦੌਰਾਨ ਵੀ ਸਪਤਾਹ ਅੰਤ ਤੇ ਅਜੇਹੀ ਟਰੇਨਿੰਗ ਦੀਆਂ ਵਰਕਸ਼ਾਪਾਂ ਜਾਰੀ ਰਹਿੰਦੀਆਂ ਸਨ। ਇਸ ਗਿਆਨ ਨਾਲ ਪੂਰੀ ਤਰ੍ਹਾਂ ਲੈਸ ਹੋ ਕੇ ਹੀ ਕੋਈ ਲੋਕਲ ਪ੍ਰਧਾਨ ਆਪਣੀ ਕਾਰਜਕਾਰਨੀ ਦੇ ਸਹਿਯੋਗ ਨਾਲ, ਅਪਣੀ ਡਿਊਟੀ ਨਿਭਾ ਸਕਦਾ ਹੈ।ਹੜਤਾਲ ਤੋਂ ਪਹਿਲਾਂ ਤੇ ਹੜਤਾਲ ਦੇ ਦੌਰਾਨ ਹੋਰ ਲੇਬਰ ਯੂਨੀਅਨਜ਼ ਦਾ ਸਮਰਥਨ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ ਨਾਲ ਜੋੜਨਾ ਪੈਦਾ ਹੈ।ਉਨ੍ਹਾਂ ਵਲੋਂ ਮਾਇਕ ਸਹਇਤਾ ਪ੍ਰਾਪਤ ਕਰਨੀ ਹੁੰਦੀ ਸੀ। ਹੜਤਾਲੀ ਅਧਿਆਪਕਾਂ ਨੂੰ ਚਾਲ਼ੀ ਪੰਜਾਹ ਡਾਲਰ ਰੋਜ਼ਾਨਾਂ ਹੜਤਾਲੀ ਤਨਖ਼ਾਹ ਵੀ ਦੇਣੀ ਪੈਂਦੀ ਹੈ। ਅਧਿਆਪਕਾਂ ਨੂੰ ਹੜਤਾਲ ਲਈ ਸਿੱਖਿਆ ਦੇ ਕੇ ਤਿਆਰ ਕੀਤਾ ਜਾਂਦਾ ਹੈ।
ਬਾਕੀ ਜੋ ਤੁਸੀਂ ਅਧਿਆਪਕਾਂ ਦੀਆਂ ਸਮੱਸਿਆਵਾਂ ਬਾਰੇ ਪੁੱਛਿਆ ਹੈ, ਵਧੇਰੇ ਕਰਕੇ ਅਨੁਸ਼ਾਸਨ, ਕਲਾਸ ਰੂਮ ਪ੍ਰਬੰਧ, ਪੜ੍ਹਉਣ-ਵਿਧੀਆਂ ਅਤੇ ਸਕੂਲ ਦਿਆਂ ਹੋਰ ਕੰਮਾਂ ਨਾਲ ਸੰਬੰਧਤ ਹੁੰਦੀਆਂ ਸਨ, ਜਿੰਨ੍ਹਾਂ ਨੂੰ ਪ੍ਰਿੰਸੀਪਲ ਜਾਂ ਸੰਬੰਧਤ ਅਧਿਕਾਰੀ ਨਾਲ ਗੱਲਬਾਤ ਰਾਹੀਂ ਜਾਂ ਕਾਨੂੰਨੀ ਰਾਹ ਅਖ਼ਤਿਆਰ ਕਰਕੇ ਸੁਲਝਾਉਂਣ ਦਾ ਯਤਨ ਕੀਤਾ ਜਾਂਦਾ ਹੈ। ਸਤੰਬਰ, ੧੯੯੧ ਤੋਂ ਜੂਨ ੩੦, ੨੦੦੩ ਤੱਕ ਬੜਾ ਕੁਝ ਸਿੱਖਿਆ ਅਤੇ ਸਿੱਖਿਆ ਨੂੰ ਅਧਿਆਪਕਾਂ ਦੇ ਫ਼ਾਇਦੇ ਲਈ ਅਮਲ ਵਿੱਚ ਲਿਆਂਦਾ। ਇੰਜ ਬਾਰਾਂ ਵਰ੍ਹੇ ਮੈਨੂੰ ਅਧਿਆਪਕ ਕਿੱਤੇ ਨੂੰ ਮਾਨਣ ਅਤੇ ਸਮਰਪਤ ਕਰਨ ਲਈ ਇੱਕ ਅਨੂਠੇ ਪੁਰਸਕਾਰ ਵਜੋਂ ਮਿਲ਼ੇ ਸਨ।
?ਪੰਜਾਬੀ ਦੇ ਨਵੇਂ ਲੇਖਕਾਂ, ਪੰਜਾਬੀ ਪਾਠਕਾਂ ਤੇ ਪੰਜਬੀ ਬੋਲਣ ਵਾਲਿਆਂ ਨੂੰ ਕੋਈ ਸੁੱਖ-ਸੁਨੇਹਾ…?
– ਪੰਜਾਬੀ ਨੂੰ ਮੋਹ ਕਰੋ। ਇਹ ਹੀ ਸਾਡੀ ਪਛਾਣ ਜਾਂ ਸ਼ਨਾਖਤ ਹੈ। ਘਰਾਂ ਵਿੱਚ, ਆਪਣੇ ਬੱਚਿਆਂ ਨਾਲ, ਨੇਮ ਨਾਲ,ਪੰਜਾਬੀ ਬੋਲੋ, ਬਿਲਕੁਲ ਉਸੇ ਤਰ੍ਹਾਂ ਜਿਵੇਂ ਚੀਨੀ, ਜਾਪਾਨੀ, ਜਰਮਨ, ਫਰਾਂਸੀਸੀ ਤੇ ਹੋਰ ਬੋਲੀਆਂ ਦੇ ਲੋਕ ਆਪਣੀ ਮਾਤ-ਭਾਸ਼ਾ ਬੋਲਦੇ ਹਨ।ਦੇਸੀ ਅੰਗਰੇਜ਼ ਨਾ ਬਣੋ।ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ, ਪੰਜਾਬੀ ਸਿੱਖੋ ਤੇ ਪੰਜਾਬੀ ਸਿਖਾਓ।ਜਿੱਥੇ, ਜਿੱਥੇ ਸੰਭਵ ਹੈ, ਉੱਥੇ, ਉੱਥੇ ਆਪਣੇ ਬੱਚਿਆਂ ਨੂੰ ਸਕੂਲਾਂ ਤੇ ਵਿਸ਼ਵ-ਵਿਦਿਆਲਿਆਂ ਵਿੱਚ, ਪੰਜਾਬੀ ਦੀ ਵਿੱਦਿਆ ਪ੍ਰਾਪਤ ਕਰਨ ਦੀ ਪ੍ਰੇਰਣਾ ਦਿਓ।ਪੰਜਾਬੀ ਤੇ ਪੰਜਾਬੀਅਤ ਨੂੰ ਜੀਵਨ-ਸ਼ੈਲੀ ਬਣਾਓ ਕਿਉਂਕਿ “ਸ਼ੈਲੀ ਹੀ ਮਨੁੱਖ ਹੈ”(ਸ਼ਟੇਲe ਸਿ ਟਹe ੰaਨ)।
ਪੰਜਾਬੀ ਲੇਖਕਾਂ ਨੂੰ ਚੰਗਾ, ਸਿਹਤਮੰਦ, ਵਿਲੱਖਣ, ਨਿੱਗਰ, ਨਿਵੇਕਲਾ ਤੇ ਨਰੋਆ ਸਾਹਿਤ ਪੜ੍ਹਨ ਦੇ ਨਾਲ ਨਾਲ ਇਸ ਸਾਹਿਤ ਉੱਤੇ ਲਿਖੀ ਪ੍ਰਮਾਣਿਕ ਆਲੋਚਨਾ ਵੀ ਪੜ੍ਹਨੀ ਚਾਹੀਦੀ ਹੈ। ਆਪਣੇ ਅਧਿਐਨ ਦਾ ਘੇਰਾ ਅੰਗਰੇਜ਼ੀ ਤੇ ਹੋਰ ਭਾਸ਼ਾਵਾਂ ਦੇ ਸਾਹਿਤ ਤੱਕ ਵਿਸਤਰਤ ਕਰਨ ਦੀ ਲੋੜ ਹੈ ਤਾਂ ਕਿ ਅਸੀਂ ਆਪਣੇ ਲਿਖੇ ਸਾਹਿਤ ਨੂੰ ਗਲੋਬਲ ਸੰਦਰਭ ਵਿੱਚ ਵੇਖ ਤੇ ਪਰਖ ਸਕੀਏ।ਅੰਗਰੇਜ਼ੀ ਲੇਖਕ ਟੀ. ਐਸ. ਐਲੀਅਟ ਦਾ ਕਥਨ ਯਾਦ ਰੱਖੋ ਅਤੇ ਨਿੱਗਰ ਤੇ ਡੂੰਘੇ ਸਾਹਿਤ ਨਾਲ ਦਸਤਪੰਜਾ ਲੈਣ ਲਈ, ਇਕ ਸੁਘੜ ਵਕੀਲ ਵਾਂਗ, ਮਿਹਨਤ ਕਰਨ ਲਈ ਤਿਆਰ ਰਹੋ।
ਮੈਨੂੰ ਇਹ ਕਹਿਣ ਵਿਚ ਕੋਈ ਝਿਜਕ ਨਹੀਂ ਕਿ ਆਧੁਨਿਕ ਸਾਹਿਤ “ਟੂ ਵੇ ਟਰੈਫਿਕ ਹੈ” ਅਤੇ ਇਸ ਵਿੱਚ ਪਾਠਕ ਦੀ ਬੌਧਕ ਸ਼ਮੂਲੀਅਤ ਬਹੁਤ ਜ਼ਰੂਰੀ ਹੈ। ਆਧੁਨਿਕ, ਬੌਧਕ ਤੇ ਸਿਆਣਪੀ ਸਾਹਿਤ ਤੁਹਾਨੂੰ ਤਾੜੀਆਂ ਮਾਰਨ ਲਈ ਨਹੀਂ, ਸਗੋਂ ਸੋਚਣ ਲਈ ਮਜਬੂਰ ਕਰਦਾ ਹੈ।ਤੁਹਾਡੇ ਅੱਗੇ ਸਵਾਲ ਖੜ੍ਹੇ ਕਰਦਾ ਹੈ। ਇਸ ਨਾਲ ਬੌਧਕ ਸੰਵਾਦ ਰਚਾਉਣ ਦੀ ਲੋੜ ਹੁੰਦੀ ਹੈ।
“ਇੰਡੋ-ਕਨੇਡੀਅਨ ਟਾਇਮਜ਼”, ਸਰੀ, ਬੀ.ਸੀ., ਕੈਨੇਡਾ ਦੇ
ਜੂਨ ੬ – ੧੨, ੨੦੧੩, ਜੂਨ ੧੩ – ੧੯, ੨੦੧੩ ਅਤੇ ੨੦ – ੨੬, ੨੦੧੩ ਆਦਿ ਅੰਕਾਂ ਵਿਚ ਕਿਸ਼ਤਵਾਰ ਪ੍ਰਕਾਸ਼ਤ