ਕਿਸੇ ਵਿਅਕਤੀ ਦਾ ਸਰਕਾਰੀ ਰੁਤਬਾ ਜਾਂ ਅਹੁਦਾ ਕੋਈ ਵੀ ਹੋਵੇ ਪਰ ਉਹ ਆਪਣੇ ਸੁਭਾਅ ਅਤੇ ਅਸੂਲਾਂ ਦੀ ਬਦੌਲਤ ਸਤਿਕਾਰ ਦੀ ਕਮਾਈ ਕਰ ਜਾਂਦੇ ਹਨ। ਬੀਬੀ ਦਰੋਪਤੀ ਨੇ ਆਪਣੇ ਕਾਰਜਕਾਲ ਦੌਰਾਨ ਸਰਕਾਰੀ ਹਾਈ ਸਕੂਲ ਜਗਤਪੁਰ ਵਿੱਚ ਬਤੌਰ ਸਫਾਈ ਸੇਵਕਾ ਆਪਣੀਆਂ ਸੇਵਾਵਾਂ ਨਿਭਾਈਆਂ। ਬੀਬੀ ਦਰੋਪਤੀ ਨੂੰ ਸਕੂਲ ਵਿੱਚ ਪੜਦੇ ਬੱਚੇ ਸਤਿਕਾਰ ਨਾਲ਼ ਤਾਈ ਜੀ ਕਹਿੰਦੇ ਸਨ। ਉਹ ਆਪਣੀ ਡਿਊਟੀ ਦੀ ਜਿਮੇਂਵਾਰੀ ਨਿਭਾਉਂਦੇ ਹੋਏ ਬੱਚਿਆਂ ਨੂੰ ਅਨੁਸ਼ਾਸ਼ਨ ਵਿੱਚ ਰੱਖਣ ਵਿੱਚ ਵੀ ਅਹਿਮ ਯੋਗਦਾਨ ਪਾਉਂਦੇ ਸਨ। ਬੱਚੇ ਉਨਾ  ਦਾ ਆਦਰ ਵੀ ਕਰਦੇ ਸਨ ਅਤੇ ਭੈਅ ਵੀ ਰੱਖਦੇ ਸਨ। ਇਹ ਗੱਲ ਉਸ ਵਕਤ ਕਿਸੇ ਨੂੰ ਚੰਗੀ ਲਗਦੀ ਹੋਵੇ ਜਾਂ ਨਾ ਪਰ ਪੜਾਈ ਪੂਰੀ ਕਰਨ ਉਪਰੰਤ ਜ਼ਿੰਦਗੀ ਦੀ ਹਕੀਕਤ ਵਿੱਚ ਵਿਚਰਨ ਸਮੇਂ ਜ਼ਰੂਰ ਸਾਰਥਿਕ ਲੱਗਦੀ ਹੇ।
ਫਿਰੋਜ਼ਪੁਰ ਵਿੱਚ ਸ਼੍ਰੀ ਖੈਰਾ ਰਾਮ ਅਤੇ ਸ਼੍ਰੀਮਤੀ ਅੰਮਾ ਦੇ ਘਰ ਜਨਮੀ ਬੀਬੀ ਦਰੋਪਤੀ ਹੋਰੀਂ ਚਾਰ ਭੈਣਾਂ ਅਤੇ ਦੋ ਭਰਾਵਾਂ ਵਾਲੇ ਪਰਿਵਾਰ ਦੀ ਮੈਂਬਰ ਸੀ। ਪਿੰਡ ਬਘੌਰਾ ਦੇ ਸ਼੍ਰੀ ਸਦਾ ਰਾਮ ਨਾਲ਼ ਉਨਾ  ਦੀ ਸ਼ਾਦੀ ਹੋਈ। ਇਸ ਦੇ ਨਾਲ਼ ਹੀ ਉਨਾ  ਨੇ ਸਫ਼ਾਈ ਸੇਵਕਾ ਦੇ ਤੌਰ ਤੇ ਸਰਕਾਰੀ ਹਾਈ ਸਕੂਲ ਜਗਤ ਪੁਰ ਵਿੱਚ  11 ਸਤੰਬਰ 1967 ਵਿੱਚ ਨੌਕਰੀ ਦੀ ਸ਼ੁਰੂਆਤ ਕੀਤੀ। ਇਸ ਸਕੂਲ ਵਿੱਚ ਹੀ ਸਾਰੀ ਜ਼ਿੰਦਗੀ ਸੇਵਾ ਨਿਭਾਈ। ਇਨਾ  ਦਾ ਸਕੂਲ ਵਿਦਿਆਰਥੀਆਂ ਅਤੇ ਅਧਿਆਪਕਾਂ ਉਪਰ ਸਿਫ਼ਤਯੋਗ ਪ੍ਰਭਾਵ ਰਿਹਾ। ਵਿਦਿਆਰਥੀਆਂ ਦਾ ਉਨਾ  ਨਾਲ਼ ਹਮੇਸ਼ਾਂ ਸਤਿਕਾਰ ਵਾਲਾ ਵਤੀਰਾ ਰਿਹਾ। ਵਿਦਿਆਰਥੀਆਂ ਨੂੰ ਸਮਝੋਤਾ ਦੇਣ ਲਈ ਵਰਜਣਾ ਵੀ ਉਨਾ  ਦੇ ਸੁਭਾਅ ਦਾ ਹਿੱਸਾ ਰਿਹਾ। ਜਿਸ ਦਾ ਸੁਭਾਗ ਇੰਨੇ ਸਾਰੇ ਸਾਲਾਂ ਵਿੱਚ ਸੈਂਕੜੇ ਵਿਦਿਆਰਥੀਆਂ ਨੇ ਪ੍ਰਾਪਤ ਕੀਤਾ।
ਬੀਬੀ ਦਰੋਪਤੀ ਦੇ ਪੰਜ ਪੁੱਤਰ ਪ੍ਰੇਮ ਨਾਥ, ਅਸ਼ੋਕ ਕੁਮਾਰ, ਹਰਮੇਸ਼ ਲਾਲ, ਲੁਭਾਇਆ ਅਤੇ ਹਰਬੰਸ ਹਨ ਅਤੇ ਤਿੰਨ ਧੀਆਂ ਗਿਆਨੋ, ਪ੍ਰਕਾਸ਼ੋ ਅਤੇ ਊਸ਼ਾ ਹਨ। ਜਿਨਾ  ‘ਚੋਂ ਪ੍ਰੇਮ ਨਾਥ ਪਸ਼ੂ ਪਾਲਣ ਵਿਭਾਗ ਵਿੱਚ ਸੇਵਾਦਾਰ ਅਤੇ ਅਸ਼ੋਕ ਕੁਮਾਰ ਪੰਚਾਇਤ ਅਤੇ ਵਿਕਾਸ ਵਿਭਾਗ ਵਿੱਚ ਸਕੱਤਰ ਦੇ ਤੌਰ ਤੇ ਸੇਵਾ ਨਿਭਾ ਰਹੇ ਹਨ। ਉਨਾ  ਦਾ ਪੋਤਰਾ ਵਿਜੈ ਕੁਮਾਰ ਅਮਰਦੀਪ ਸਿੰਘ ਸ਼ੇਰਗਿੱਲ ਕਾਲਜ ਵਿੱਚ ਸੇਵਾਦਾਰ ਦਾ ਫਰਜ਼ ਨਿਭਾ ਰਿਹਾ ਹੈ।
ਬੀਬੀ ਦਰੋਪਤੀ ਨੇ ਤੀਹ ਸਾਲ ਤੱਕ ਆਪਣੀ ਸੇਵਾ ਨਿਭਾਈ ਅਤੇ 30 ਸਤੰਬਰ 1997 ਨੂੰ ਸੇਵਾ ਮੁਕਤ ਹੋਏ। ਇਸ ਉਪਰੰਤ ਉਹ ਆਪਣੀ ਜਿੰਦਗੀ ਦੀ ਯਾਤਰਾ ਪੂਰੀ ਕਰ ਸਵਰਗਵਾਸ ਹੋ ਗਏ। ਇਸ ਸਕੂਲ ਵਿੱਚ ਉਨਾ  ਦੀਆਂ ਸੇਵਾਵਾਂ ਨੂੰ ਯਾਦ ਕੀਤਾ ਜਾਂਦਾ ਹੈ।
-ਮਾਸਟਰ ਬਖ਼ਤਾਵਰ ਸਿੰਘ

ਸਰਕਾਰੀ ਹਾਈ ਸਕੂਲ ਜਗਤਪੁਰ ਵਿੱਚ ਸਤਿਕਾਰ ਦੀ ਪਾਤਰ ਸੀ ਸੇਵਕਾ ਬੀਬੀ ਦਰੋਪਤੀ