ਸਮਾਜ ਸੇਵਾ ਲਈ ਕੁਲ-ਵਕਤੀ ਸਮਰਪਤ ਕਾਮਰੇਡ ਹਰਪਾਲ ਸਿੰਘ ਪਾਲਾ
ਕਿਸੇ ਨਾਲ਼ ਵੀ ਹੁੰਦੇ ਜ਼ੁਲਮ ਵਿਰੁੱਧ ਡਟ ਕੇ ਖੜਨਾ, ਅਨਿਆਂ ਵਿਰੁੱਧ ਸੰਘਰਸ਼ ‘ਚ ਕੁੱਦ ਪੈਣਾ, ਹਰ ਗੱਲ ਨੂੰ ਬੇਬਾਕੀ ਨਾਲ਼ ਕਹਿ ਦੇਣਾ ਪਿੰਡ ਜਗਤਪੁਰ ਦੀ ਇੱਕ ਸਖ਼ਸ਼ੀਅਤ ਹਰਪਾਲ ਜਗਤਪੁਰ ਦਾ ਸੁਭਾਅ ਹੈ। ਸਿਰੜ ਦੇ ਪੱਕੇ ਹਰਪਾਲ ਸਿੰਘ ਹਰ ਵਕਤ ਹੀ ਲੋਕ ਭਲਾਈ ਲਈ ਵਿਚਰਦੇ ਹਨ। ਪਿਤਾ ਸ਼੍ਰੀ ਕਰਮ ਚੰਦ ਅਤੇ ਮਾਤਾ ਸੁਰਜੀਤ ਕੌਰ ਦੇ ਘਰ 3 ਮਾਰਚ 1965 ਨੂੰ ਪਿੰਡ ਜਗਤਪੁਰ ਵਿੱਚ ਜਨਮੇ ਹਰਪਾਲ ਸਿੰਘ ਨੇ ਪ੍ਰਾਇਮਰੀ ਅਤੇ ਹਾਈ ਸਕੂਲ ਤੋਂ ਸਿੱਖਿਆ ਹਾਸਲ ਕੀਤੀ। ਸਿੱਖਿਆ ਉਪਰੰਤ ਉਸ ਨੇ ਕਾਰਪੈਂਟਰ ਦੇ ਕੰਮ ਨੂੰ ਕਿੱਤਾ ਬਣਾਇਆ। ਫਿਰ ਚੜਦੀ ਉਮਰੇ ਪਿੰਡ ਜਗਤਪੁਰ ਦੀ ਅਜ਼ੀਮ ਸਖ਼ਸ਼ੀਅਤ ਮਾਨਯੋਗ ਮਹਿੰਦਰ ਸਿੰਘ ਦੁਸਾਂਝ ਹੋਰਾਂ ਤੋਂ ਪ੍ਰਭਾਵਤ ਹੋ ਕੇ ਸੀ.ਪੀ.ਐਮ. ਦੇ ਵਰਕਰ ਬਣੇ। ਪਾਰਟੀ ਲਈ ਦਿਨ ਰਾਤ ਕੰਮ ਕੀਤਾ। ਪਾਰਟੀ ਵਿੱਚ ਵੰਡ ਹੋਣ ਪਿੱਛੋਂ ਸੀ.ਪੀ.ਐਮ.ਪਾਸਲਾ ਗਰੁੱਪ ਨਾਲ਼ ਜੁੜ ਗਏ। ਪਿੰਡ ਦੀ ਪੰਚਾਇਤ ਦੇ ਮੈਂਬਰ ਬਣਨ ਦਾ ਮਾਣ ਪ੍ਰਾਪਤ ਹੋਇਆ। ਹਰ ਜਨਤਕ ਅਤੇ ਪਾਰਟੀ ਦੇ ਘੋਲ ਵਿੱਚ ਹਰ ਵੇਲੇ ਸੰਘਰਸ਼ਸ਼ੀਲ ਰਹਿੰਦੇ ਹਨ। ਉਸ ਦਾ ਸਥਾਨਕ ਅਤੇ ਸੂਬਾ ਪੱਧਰ ਦੇ ਕਮਿਉਨਿਸਟ ਆਗੂਆਂ ਨਾਲ਼ ਚੰਗਾ ਤਾਲਮੇਲ ਹੈ। ਉਸ ਦਾ ਹੋਰ ਪਾਰਟੀਆਂ ਦੇ ਆਗੂਆਂ ਨਾਲ਼ ਵੀ ਨਿੱਘਾ ਪਿਆਰ ਹੈ। ਪਿੰਡ ਦੇ ਹਰ ਮਸਲੇ ਨੂੰ ਸੁਲਝਾਉਣ ਲਈ ਆਪਣੀ ਨਿਰਪੱਖ ਭੂਮਿਕਾ ਨਿਭਾਉਦੇ ਹਨ। ਓੇੇੁਹਨਾ ਵਲੋਂ ਮਹਿੰਦਰ ਸਿੰਘ ਦੁਸਾਂਝ ਹੋਰਾਂ ਦੀ ਅਗਵਾਈ ਵਿੱਚ ਪਿੰਡ ਦੇ ਪਾਣੀ ਦੇ ਮਸਲੇ ਤੇ ਬੜੀ ਕਠਨ ਸਥਿਤੀ ਵਿੱਚ ਜਦੋਂ ਖਾਲਾ ਕੱਢ ਕੇ ਹੱਲ ਕੱਢਿਆ ਗਿਆ ਉਦੋਂ ਪਿੰਡ ਦੇ ਗੱਭਰੂਆਂ ਦੀ ਸੁਚੱਜੀ ਅਗਵਾਈ ਕੀਤੀ। ਹਰਪਾਲ ਸਿੰਘ ਆਪਣੀ ਜੀਵਨ ਸਾਥਣ ਤਰਸੇਮ ਕੌਰ, ਵਿਆਹੀ ਗਈ ਲੜਕੀ ਗੁਰਜੀਤ ਕੌਰ, 10+2 ‘ਚ ਪੜਦੇ ਪੁੱਤਰ ਗੁਰਵਿੰਦਰ ਸਿੰਘ ਅਤੇ ਬੀ.ਸੀ.ਏ. ਕਰ ਚੁੱਕੀ ਲੜਕੀ ਪਰਮਜੀਤ ਕੌਰ ਸਮੇਤ ਪਰਿਵਾਰ ਨੂੰ ਯੋਗ ਅਗਵਾਈ ਨਾਲ਼ ਚਲਾ ਰਿਹਾ ਹੈ। ਹਰ ਲੋੜਵੰਦ ਦੀ ਮੱਦਦ ਲਈ ਹਰ ਵਕਤ ਹਾਜ਼ਰ ਰਹਿੰਦਾ ਹੈ।
-ਮਾਸਟਰ ਬਖ਼ਤਾਵਰ ਸਿੰਘ