ਮਾਨਯੋਗ ਅਤੇ ਪਰਉਪਕਾਰੀ ਸਖ਼ਸ਼ੀਅਤ ਸ. ਸੁਰਜੀਤ ਸਿੰਘ ਗਿੱਲ
ਆਪਣੇ ਪਰਿਵਾਰ, ਆਲੇ ਦੁਆਲੇ, ਪਿੰਡ ਅਤੇ ਇਲਾਕੇ ਨੂੰ ਸਵੱਸ਼ ਅਤੇ ਸੁੰਦਰ ਦੇਖਣ ਦੀ ਚਾਹਨਾ ਅਤੇ ਪਰਉਪਕਾਰੀ ਸੋਚ ਦਾ ਸੁਮੇਲ ਹੋ ਜਾਵੇ ਤਾਂ ਵਿਕਾਸ ਦੀਆਂ ਸੰਭਾਵਨਾਵਾਂ ‘ਚ ਹੋਰ ਵੀ ਵਾਧਾ ਹੋ ਜਾਂਦਾ ਹੈ। ਉਪਕਾਰ ਕਰਨ ਦੀ ਭਾਵਨਾ ਰੱਖਣ ਵਾਲੀ ਸਖ਼ਸ਼ੀਅਤ ਸੁਰਜੀਤ ਸਿੰਘ ਗਿੱਲ ਦਾ ਜਨਮ ਬਹੁਤ ਹੀ ਸੂਝਵਾਨ ਪਿਤਾ ਸ. ਕਿਹਰ ਸਿੰਘ ਅਤੇ ਮਾਤਾ ਭਾਗ ਕੌਰ ਦੇ ਘਰ ਹੋਇਆ। ਪਿੰਡ ਜਗਤਪੁਰ ਤੋਂ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਰੋਜ਼ੀ ਰੋਟੀ ਖਾਤਰ ਉਹ ਕਨੇਡਾ ਜਾ ਵਸੇ ਪਰ ਪਿੰਡ ਨਾਲ਼ ਮੋਹ ਦੀਆਂ ਤੰਦਾਂ ਹੋਰ ਵੀ ਮਜ਼ਬੂਤ ਹੋ ਗਈਆਂ। ਬੜਾ ਕਰੜਾ ਸੰਘਰਸ਼ ਕਰਕੇ ਸਥਾਪਤ ਹੋਏ ਸੁਰਜੀਤ ਸਿੰਘ ਗਿੱਲ ਹੋਰੀਂ ਧਾਰਮਿਕ ਬਿਰਤੀ ਦੇ ਧਾਰਨੀ ਹਨ। ਸੰਤਾਂ ਦੇ ਉਪਦੇਸ਼ਾਂ ਸਦਕਾ ਪਰਉਪਕਾਰਤਾ ਮਨ ਵਸੀ ਹੋਈ ਹੈ। ਇਨ•ਾਂ ਦੀ ਧਰਮ ਪਤਨੀ ਬੀਬੀ ਗੁਰਪ੍ਰੀਤ ਕੌਰ ਵੀ ਮਾਨਵਵਾਦੀ ਵਿਚਾਰਾਂ ਦੇ ਮਾਲਕ ਹਨ। ਦੋਵਾਂ ਦੇ ਵਿਚਾਰਾਂ ਦੀ ਆਪਸੀ ਸਾਂਝ ਕਾਰਨ ਮਨੁੱਖਤਾ ਦੇ ਭਲੇ ਲਈ ਤਕੜਾ ਹੰਭਲਾ ਮਾਰਨ ਵਿੱਚ ਕਾਮਯਾਬੀ ਪ੍ਰਾਪਤ ਕੀਤੀ। ਗਿੱਲ ਹੋਰਾਂ ਦਾ ਸਪੁੱਤਰ ਕਨੇਡਾ ਵਿੱਚ ਡਾਕਟਰ ਹੈ ਤੇ ਬੇਟੀਆਂ ਵਿਆਹੀਆਂ ਹੋਈਆਂ ਹਨ। ਪਿੰਡ ਵਿੱਚ ਹੋਰ ਵੀ ਪਰਉਪਕਾਰੀ ਸੱਜਣ ਹਨ ਪਰ ਇਹਨਾ ਨੂੰ ਅਕਾਲ ਪੁਰਖ਼ ਜੀ ਤੇ ਸੰਤ ਮਾਨਪੁਰੀ ਜੀ ਨੇ ਸੇਵਾ ਕਰਨ ਦਾ ਸੁਭਾਗ ਬਖ਼ਸ਼ਿਆ ਹੈ। ਢਾਈ ਏਕੜ ਜ਼ਮੀਨ ਪਿੰਡ ਦੇ ਗੁਰੂ ਘਰ ਸਾਹਿਬ ਦੇ ਨਾਂ ਲਗਵਾਉਣ ਦੀ ਬਖ਼ਸ਼ਿਸ਼ ਵਾਹਿਗੁਰੂ ਨੇ ਇਹਨਾ ਨੂੰ ਬਖ਼ਸ਼ੀ ਹੈ। ਅੱਠ ਲੱਖ ਰੁਪਏ ਗੁਰੂ ਘਰ ਪੱਤੀ ਸਿੱਖਾਂ ਵਾਸਤੇ ਭੇਂਟ ਕੀਤੀ ਹੈ। ਅੱਠ ਲੱਖ ਰੁਪਏ ਖਰਚ ਕੇ ਪਿੰਡ ਦੇ ਵਿਦਿਆ ਮੰਦਰ (ਸਕੂਲ) ਵਿੱਚ ਸ਼ਾਨਦਾਰ ਹਾਲ ਦੀ ਉਸਾਰੀ ਕਰਵਾਈ ਹੈ। ਸੰਤ ਮਾਨਪੁਰੀ ਟਰੱਸਟ ਦੇ ਖ਼ਾਤੇ ਵਿੱਚ ਸਾਢੇ ਚਾਰ ਲੱਖ ਰੁਪਏ ਜਮ੍ਹਾ ਕਰਵਾ ਕੇ ਟਰੱਸਟ ਦੀ ਸਥਾਪਨਾ ਕੀਤੀ। ਪਿੰਡ ਵਿੱਚ ਕਈ ਲੋੜਵੰਦ ਪਰਿਵਾਰਾਂ ਨੂੰ ਮਾਸਿਕ ਸਹਾਇਤਾ  ਕਰਦੇ ਹਨ। ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੀਆਂ ਸ਼ਾਦੀਆਂ ਲਈ ਰਾਸ਼ੀ ਭੇਜਦੇ ਹਨ, ਜੋ ਬੱਚੀਆਂ ਦੇ ਨਾਂ ਐਫ.ਡੀਜ਼ ਬਣਾਕੇ ਉਹਨਾ ਨੂੰ ਭੇਂਟ ਕਰ ਦਿੱਤੀਆਂ ਜਾਂਦੀਆਂ ਹਨ। ਉਹ ਹਮੇਸ਼ਾਂ ਨਿਸ਼ਕਾਮ ਸੇਵਾ ਕਰਦੇ ਹਨ।  ਕਦੇ ਵੀ ਹਉਂਮੈਂ ਦਾ ਸ਼ਿਕਾਰ ਨਹੀਂ ਹੁੰਦੇ। ਡੇਰਾ ਪ੍ਰੇਮ ਪੁਰਾ ਜਗਤਪੁਰ ਬਘੌਰਾ ਦੇ ਮਹਾਂਪੁਰਸ਼ਾਂ ਵਿੱਚ ਉਹਨਾ ਦੀ ਅਟੁੱਟ ਸ਼ਰਧਾ ਹੈ। ਉਹ ਸਦਾ ਇਹ ਹੀ ਆਖਦੇ ਹਨ। ਕਿ ਜੋ ਵੀ ਸੇਵਾ ਲੈਣ ਦੀ ਵਾਹਿਗੁਰੂ ਜੀ ਦੀ ਇੱਛਾ ਹੁੰਦੀ ਹੈ, ਉਹ ਦਾਸਾਂ ਤੋਂ ਸੇਵਾ ਲੈ ਲੈਂਦੇ ਹਨ। ਅਸੀਂ ਦਾਸ ਤਾਂ ਅਕਾਲ ਪੁਰਖ਼ ਸਾਹਿਬ ਦਾ ਹਰ ਪਲ ਸ਼ੁਕਰਾਨਾ ਹੀ ਕਰਦੇ ਰਹਿੰਦੇ ਹਾਂ। ਪਿੰਡ ਦੀ ਪਵਿੱਤਰ ਮਿੱਟੀ ਨਾਲ਼ ਆਪ ਜੀ ਦਾ ਮੋਹ ਅਸੀਮ ਹੈ। ਸੁਰਜੀਤ ਸਿੰਘ ਗਿੱਲ ਹਰ ਵਕਤ ਸਰਬੱਤ ਦੇ ਭਲੇ ਵਾਸਤੇ ਅਤੇ ਸੇਵਾ ਨੂੰ ਪਰਨਾਏ ਹੋਏ ਪਿੰਡ ਦੇ ਅਹਿਮ ਹਸਤਾਖ਼ਰ ਹਨ। ਵਾਹਿਗੁਰੂ ਇਹਨਾ ਨੂੰ ਲੰਬੀ ਆਯੂ ਬਖ਼ਸ਼ਿਸ਼ ਕਰਨ।
-ਮਾਸਟਰ ਬਖ਼ਤਾਵਰ ਸਿੰਘ