ਕੁਦਰਤੀ ਖੇਤੀ ਉਤਸ਼ਾਹਿਤ ਕਰਨ ਲਈ ਸਮਰਪਿਤ ਸਖ਼ਸ਼ੀਅਤ ਸ:ਹਰਬਖ਼ਸ਼ ਸਿੰਘ ਸ਼ੇਰਗਿੱਲ
ਮਨੁੱਖ ਕੁਦਰਤ ਦਾ ਇੱਕ ਅਹਿਮ ਅੰਗ ਹੈ। ਇਹ ਕੁਦਰਤ ਦੇ ਉਤਮ ਪ੍ਰਾਣੀ ਵਜੋਂ ਜਾਣਿਆਂ ਜਾਣ ਵਾਲ਼ਾ ਹੈ। ਅਜੋਕੇ ਸਮੇਂ ‘ਚ ਇਸ ਦਾ ਕੁਦਰਤ ਨਾਲ਼ੋਂ ਤੋੜ ਵਿਛੋੜਾ ਜਾਂ ਆਪਣੇ ਨਿੱਜੀ ਮੁਫ਼ਾਦਾਂ ਵਾਸਤੇ ਕੁਦਰਤ ਦੇ ਵਿਧਾਨ ਤੇ ਕਾਰਜਾਂ ਵਿੱਚ ਖ਼ਲਲ ਪਾਉਣ ਦੇ ਨਤੀਜੇ ਵਜੋਂ ਕਈ ਕੁਦਰਤੀ ਕਰੋਪੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਭਾਵੇਂ ਖਪਤ ਸੱਭਿਆਚਾਰ ਦੇ ਪਸਾਰ ਕਾਰਨ ਕੋਈ ਮਜਬੂਰੀ ਹੋ ਸਕਦੀ ਹੈ ਪਰ ਫਿਰ ਵੀ ਇਸ ਦਾ ਮਾੜਾ ਅਸਰ ਦੇਖਣ ‘ਚ ਆ ਰਿਹਾ ਹੈ। ਕੁਝ ਕੁਦਰਤ ਪ੍ਰੇਮੀ ਤੇ ਕਦਰਦਾਨ ਇਸ ਖੇਤਰ ‘ਚ ਆਪਣਾ ਚੰਗਾ ਯੋਗਦਾਨ ਪਾ ਰਹੇ ਹਨ। ਇਹ ਯੋਗਦਾਨ ਕੁਦਰਤੀ ਖੇਤੀ ਕਰਨ ਵਾਸਤੇ ਕਿਸਾਨਾਂ ਨੂੰ ਉਤਸ਼ਾਹਿਤ ਕਰ ਰਹੇ ਹਨ । ਇਸ ਖੇਤਰ ਵਿਚ ਜ਼ਿਲ਼ਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਜਗਤਪੁਰ ਦੇ ਉਦਮੀ ਕਿਸਾਨ ਅਤੇ ਖੇਤੀਬਾੜੀ ਵਿਭਾਗ ਦੇ ਸੇਵਾ ਮੁਕਤ ਖੇਤੀ ਇੰਸਪੈਕਟਰ ਸ: ਹਰਬਖ਼ਸ਼ ਸਿੰਘ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।
ਪਿੰਡ ਜਗਤਪੁਰ ਦੀ ਆਦਰਯੋਗ ਸਖ਼ਸ਼ੀਅਤ ਮਾਸਟਰ ਗਿਆਨੀ ਚੈਨ ਸਿੰਘ ਅਤੇ ਸਵਰਨ ਕੌਰ ਦੇ ਸਪੁੱਤਰ ਹਰਬਖ਼ਸ਼ ਸਿੰਘ ਨੇ ਪਿੰਡ ਸਕੂਲ ਵਿੱਚੋਂ ਹੀ ਦੇ ਮਿਡਲ ਤੱਕ ਦੀ ਪੜਾਈ, ਹਾਇਰ ਸੈਂਕਡਰੀ ਖਾਲਸਾ ਸੀਨੀਅਰ ਸੈਂਕੰਡਰੀ ਸਕੂਲ ਸਰਹਾਲ ਕਾਜ਼ੀਆਂ ਤੋਂ ਪਾਸ ਕਰਕੇ 1972 ਵਿੱਚ ਬੀ.ਐਸ ਸੀ. ਖਾਲਸਾ ਕਾਲਜ ਅਮ੍ਰਿਤਸਰ ਤੋਂ ਕੀਤੀ। ਫਿਰ ਖੇਤੀਬਾੜੀ ਅਧਿਆਪਕ ਦੇ ਤੌਰ ਤੇ ਤਿੰਨ ਚਾਰ ਸਾਲ ਬਤਾਲਾ, ਬਾੜੀਆਂ ‘ਚ ਸੇਵਾ ਨਿਭਾਈ, ਉਪਰੰਤ 1976 ‘ਚ ਖੇਤੀਬਾੜੀ ਇੰਸਪੈਕਟਰ ਭਰਤੀ ਹੋ ਗਏ। ਵਿਭਾਗ ਵਿਚ ਸਾਲ ਦੀਆਂ ਸੇਵਾਵਾਂ ਤੋਂ ਬਾਅਦ ਬਲਾਕ ਬੰਗਾ ਦੇ ਬਲਾਕ ਖੇਤੀਬਾੜੀ ਅਫ਼ਸਰ ਦੇ ਤੌਰ ਤੇ ਸੇਵਾ ਮੁਕਤ ਹੋਏ ਹਰਬਖ਼ਸ਼ ਸਿੰਘ ਨੇ ਖੇਤੀਬਾੜੀ ਵਿਭਾਗ ਦੇ ਲੰਬੇ ਤਜ਼ਰਬੇ ਅਤੇ ਕੁਦਰਤੀ ਖੇਤੀ ਦੇ ਖੇਤਰ ਵਿੱਚ ਨਵੀਆਂ ਲੀਹਾਂ ਪਾ ਰਹੇ ਸੁਭਾਸ਼ ਪਾਲੇਕਰ ਜੋ ਖੁਦ ਵੀ ਮਹਾਂਰਾਸ਼ਟਰ ਵਿਚ ਖੇਤੀਬਾੜੀ ਇੰਸਪੈਕਟਰ ਸਨ ਨਾਲ਼ ਅਤੇ ਹੋਰ ਖੇਤੀ ਪ੍ਰੇਮੀਆਂ ਨਾਲ਼ ਸੀਚੇਵਾਲ ਅਤੇ ਪਿੰਗਲਵਾੜਾ ਅਮ੍ਰਿਤਸਰ ਦੇ ਕੈਂਪ ਦੌਰਾਨ 2008 ‘ਚ ਮੇਲ ਹੋਇਆ। ਸੁਭਾਸ਼ ਪਾਲੇਕਰ ਨੇ ਇਸ ਖੇਤਰ ਵਿਚ ਨਵੀਆਂ ਖੋਜਾਂ ਕੀਤੀਆਂ ਹਨ। ਇਸ ਤਰਾਂ ਰਮਿੰਦਰ ਦੱਤ ਨਾਲ਼ ਮੇਲ਼ ਹੋਣ ਤੇ ਹੋਰ ਉਤਸ਼ਾਹ ਵਧਿਆ ਤੇ ਕੁਦਰਤੀ ਖੇਤੀ ਅਪਨਾਉਣ ਲਈ ਪ੍ਰੇਰਤ ਹੋ ਕੇ ਖੁਦ ਵੀ ਖੇਤੀ ਦੀ ਸ਼ੁਰੂਆਤ ਕੀਤੀ। ਪੰਜਾਬ ਭਰ ਵਿਚ ਇਸ ਸਬੰਧੀ ਹੁੰਦੇ ਸਮਾਗਮਾਂ ਵਿਚ ਭਾਗ ਲਿਆ। ਪਿੰਡ ਜਗਤਪੁਰ ਵਿਚ ਦੁਸਾਂਝ ਫਾਰਮ ‘ਚ ਹੁੰਦੇ ਖੇਤੀ ਸਬੰਧੀ ਭਾਸ਼ਣਾਂ ਦਾ ਪ੍ਰਭਾਵ ਕਬੂਲਿਆ। ਬਿਨਾਂ ਖਾਦਾਂ ਦਵਾਈਆਂ ਦੇ ਕੁਦਰਤੀ ਢੰਗ ਨਾਲ਼ ਖੇਤੀ ਦਾ ਲਾਭ ਇਸ ਦੇ ਨਤੀਜਿਆਂ ਤੋ ਪਤਾ ਲੱਗਦਾ ਹੈ। ਸ: ਹਰਬਖ਼ਸ਼ ਸਿੰਘ ਹੋਰਾਂ ਨੇ ਦੱਸਿਆ ਕਿ ਕੁਦਰਤੀ ਖੇਤੀ ਜੀਵਾਣੂ ਦਿਨ ਰਾਤ ਕੰਮ ਕਰਦੇ ਹਨ। ਉਚ ਕੁਆਲਿਟੀ ਵਾਲੇ ਜੀਵਾਣੂ ਪੈਦਾ ਕਰਨ ਲਈ ਕੁਦਰਤੀ ਸਾਧਨਾਂ ਦੀ ਜ਼ਰੂਰਤ ਹੁੰਦੀ ਹੈ। ਖੇਤੀ ਮਾਹਿਰਾਂ ਮੁਤਾਬਕ ਫਸਲਾਂ ਲਈ 400 ਕਿਸਮ ਦੇ ਤੱਤਾਂ ਦੀ ਜ਼ਰੂਰਤ ਹੈ। ਖੇਤੀ ‘ਚ ਖਾਦਾਂ, ਦਵਾਈਆਂ ਅਤੇ ਜ਼ਹਿਰਾਂ ਦੀ ਵਰਤੋਂ ਹੌਲ਼ੀ-ਹੌਲ਼ੀ ਬੰਦ ਕਰਨੀ ਪੈਂਦੀ ਹੈ। ਪੰਜ ਕੁ ਸਾਲਾਂ ਵਿਚ ਫਿਰ ਇਹਨਾਂ ਦੀ ਕੋਈ ਜ਼ਰੂਰਤ ਨਹੀਂ ਰਹਿੰਦੀ। ਇਨਾ ਦਵਾਈਆਂ ਦੇ ਮਾਰੂ ਅਸਰ ਜੀਵਾਂ ਤੇ ਪੈ ਰਹੇ ਹਨ, ਜਿਸ ਦੀ ਉਦਾਹਰਨ ਫੈਲ ਰਹੀਆਂ ਭਿਆਨਕ ਬਿਮਰੀਆਂ ਦੇ ਰੂਪ ‘ਚ ਦੇਖੀ ਜਾ ਸਕਦੀ ਹੈ। ਕੱਖਾਂ, ਨਦੀਨਾਂ ਤੇ ਸਪਰੇਅ ਕਰਨ ਨਾਲ਼ ਬਚੇ ਹੋਏ ਭਾਗ ਵਿਚ ਸਾਈਨਾਈਡ ਵੀ ਪੈਦਾ ਹੋ ਜਾਂਦੀ ਹੈ।
ਇਨਾ ਬੁਰੇ ਪ੍ਰਭਾਵਾਂ ਨੂੰ ਦੇਖਦੇ ਹੋਏ ਅਤੇ ਕੁਦਰਤੀ ਖੇਤੀ ਦੇ ਸਮੁੱਚੇ ਲਾਭਾਂ ਕਰਕੇ ਇਸ ਵੱਲ ਝੁਕਾਅ ਹੋਣਾ ਸੁਭਾਵਿਕ ਸੀ, ਸੋ ਸ: ਹਰਬਖ਼ਸ਼ ਸਿੰਘ ਹੋਰਾਂ ਵੀ ਇਸ ਨੂੰ ਅਮਲ ਵਿਚ ਲਿਆਂਦਾ ਜਿਸ ਦੇ ਸਿੱਟੇ ਵਜੋਂ ਇਸ ਖੇਤੀ ਦੇ ਉਤਪਾਦਾਂ ਦੀ ਸ਼ੁੱਧਤਾ ਦਾ ਪ੍ਰਮਾਣ ਇਨਾ ਦੀ ਵਰਤੋਂ ਕਰਕੇ ਝੱਟ ਹੀ ਮਿਲ ਜਾਂਦਾ ਹੈ, ਵੱਖਰਾ ਸੁਆਦ ਇਸ ਗੱਲ ਦੀ ਸ਼ਾਹਦੀ ਭਰਦਾ ਹੈ। ਹਰਬਖ਼ਸ਼ ਸਿੰਘ ਹੋਰਾਂ ਨੇ ਆਪਣੇ ਫਾਰਮ ਵਿਚ ਥੋੜੀ -ਥੋੜੀ ਮਾਤਰਾ ਵਿਚ ਬਹੁਤ ਸਾਰੇ ਫ਼ਲ, ਬੂਟੇ ਅਤੇ ਫ਼ਸਲਾਂ ਦਾ ਉਤਪਾਦਨ ਸ਼ੁਰੂ ਕੀਤਾ ਹੋਇਆ ਹੈ। ਕੁਦਰਤੀ ਢੰਗ ਅਤੇ ਕੁਦਰਤੀ ਖਾਦਾਂ ਤੇ ਹੋਰ ਫਾਲਤੂ ਚੀਜ਼ਾਂ ਦੀ ਸੁਯੋਗ ਵਰਤੋਂ ਕਰਕੇ ਇਸ ਦੇ ਚੰਗੇ ਨਤੀਜੇ ਪ੍ਰਾਪਤ ਕੀਤੇ ਹਨ। ਇਨਾ ਖਾਦਾਂ ਨੂੰ ਤਾਜ਼ਾ ਗੋਹਾ, ਪਿਸ਼ਾਬ, ਗੁੜ, ਵੇਸਣ, ਮਿੱਟੀ ਪਾ ਕੇ ਮਿਲਾ ਕੇ ਇੱਕ ਘੋਲ਼ ਤਿਆਰ ਕੀਤਾ ਜਾਂਦਾ ਹੈ ਅਤੇ ਜ਼ਮੀਨ ਤੇ ਪਾਇਆ ਜਾਂਦਾ ਹੈ। ਬਚੀ ਹੋਈ ਖੱਟੀ ਲੱਸੀ ਦੁੱਧ ਦੀ ਸਪਰੇਅ ਬੜੀ ਕਾਰਗਰ ਸਾਬਤ ਹੁੰਦੀ ਹੈ। ਕੁਦਰਤੀ ਖੇਤੀ ਸਬੰਧੀ ਉਨਾ ਦਾ ਤਰਕ ਇਹ ਹੈ ਕਿ ਜੰਗਲ ਵਿਚ ਜਿਸ ਤਰਾ ਬਨਸਪਤੀ ਦੀ ਉਤਪਤੀ ਹੋ ਜਾਂਦੀ ਹੈ ਉਥੇ ਕੋਈ ਵੀ ਖਾਦ, ਦਵਾਈ ਨਹੀਂ ਵਰਤੀ ਜਾਂਦੀ। ਜੈਵਿਕ ਖੇਤੀ ਵੀ ਇਸ ਖੇਤੀ ਦਾ ਹੀ ਇੱਕ ਵੱਖਰਾ ਰੂਪ ਹੈ। ਦੇਸ਼ ਭਰ ਵਿਚ ਇਸ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਸੈਮੀਨਾਰ ਅਤੇ ਕੈਂਪਾਂ ਦੇ ਆਯੋਜਨ ਕਰ ਕੇ ਇਸ ਸਬੰਧੀ ਖੇਤੀ ਸਾਹਿਤ ਰਾਹੀਂ ਕਿਸਾਨਾਂ ਨੂੰ ਜਾਗਰਤ ਕੀਤਾ ਜਾ ਰਿਹਾ ਹੈ। ਕੁਦਰਤ, ਕੁਦਰਤੀ ਸਾਧਨਾਂ ਅਤੇ ਉਤਪਾਦਾਂ ਵੱਲ ਨੂੰ ਮਨੁੱਖ ਦਾ ਝੁਕਾਅ ਵਧ ਰਿਹਾ ਹੈ। ਜੋ ਸਮੇਂ ਦੀ ਵੱਡੀ ਲੋੜ ਵੀ ਬਣਦਾ ਜਾ ਰਿਹਾ ਹੈ। ਕੁਦਰਤੀ ਖੇਤੀ ਦੇ ਉਤਪਾਦਾਂ ਦੇ ਮੰਡੀਕਰਨ ਦੇ ਯਤਨ ਵੀ ਕੀਤੇ ਜਾ ਰਹੇ ਹਨ। ਇਸ ਖੇਤਰ ਵਿਚ ਰੂਪਨਗਰ ਅਤੇ ਹੁਸ਼ਿਆਰਪੁਰ ਵਿਚ ਕਿਸਾਨ ਹੱਟ ਖੋਲੇ ਗਏ ਹਨ।
ਜਿੱਥੇ ਕਿਤੇ ਵੀ ਇਸ ਸਬੰਧੀ ਕੋਈ ਨਵੀਂ ਗੱਲ ਹੋ ਰਹੀ ਹੋਵੇ ਉਥੇ ਜਾ ਕੇ ਜਾਣਕਾਰੀ ਦੇਣ ਅਤੇ ਪ੍ਰਾਪਤ ਕਰਨ ਦਾ ਮੌਕਾ ਹਰਬਖ਼ਸ਼ ਸਿੰਘ ਹੋਰੀਂ ਨਹੀਂ ਖੁਝਾਉਂਦੇ। ਇਸ ਕੁਦਰਤ ਪ੍ਰੇਮ ਵਾਸਤੇ ਕੀਤੇ ਕਾਰਜਾਂ ਲਈ ਉਹ ਆਪਣੇ ਆਪ ਨੂੰ ਵਡਭਾਗਾ ਸਮਝਦੇ ਹਨ। ਇਸ ਕਾਰਜ ਵਿੱਚ ਉਨਾ ਦੀ ਧਰਮ ਪਤਨੀ ਗੁਰਬਖ਼ਸ਼ ਕੌਰ ਦਾ ਵੀ ਵਿਸ਼ੇਸ਼ ਯੋਗਦਾਨ ਹੈ। ਇੱਕ ਪੜੇ ਲਿਖੇ ਪਰਿਵਾਰ ਦੇ ਮੈਂਬਰ ਹਰਬਖ਼ਸ਼ ਸਿੰਘ ਹੋਰਾਂ ਦਾ ਲੜਕਾ ਮਨਪ੍ਰੀਤ ਸਿੰਘ ਪੰਜਾਬ ਪੱਧਰ ਦਾ ਫੁੱਟਬਾਲ ਖਿਡਾਰੀ ਰਿਹਾ ਹੈ ਅਤੇਕਾਲਜ ਦੀ ਟੀਮ ਦਾ ਕਪਤਾਨ ਵੀ ਰਿਹਾ ਹੈ। ਮਨਪ੍ਰੀਤ ਲੜਕੇ ਅਰਮਾਨ ਸਿੰਘ ਅਤੇ ਸੁਖਮਨ ਸਿੰਘ ਨਾਲ਼ ਯੂ.ਕੇ. ‘ਚ ਰਹਿ ਰਿਹਾ ਹੈ। ਲੜਕੀ ਮਨਦੀਪ ਕੌਰ ਐਮ.ਸੀ.ਏ. ਦੀ ਪੜਾਈ ਕਰਕੇ ਵਿਦੇਸ਼ ਵਸੀ ਹੋਈ ਹੈ। ਕਾਮਨਾ ਹੈ ਕਿ ਇਸ ਸਸਤੀ ਅਤੇ ਸੁਪਰ ਤਕਨੀਕ ਦੇ ਪ੍ਰਚਾਰ ਤੇ ਅਮਲ ਵਿਚ ਸਫ਼ਲਤਾ ਮਿਲੇ ਅਤੇ ਕੁਦਰਤ ਦੇ ਨੇੜੇ ਹੋ ਕੇ ਇਸ ਨੂੰ ਬਚਾਉਣ ਦੇ ਯਤਨ ਕਾਰਗਰ ਸਾਬਤ ਹੋਣ, ਮਨੁੱਖਤਾ ਲਈ ਲਾਹੇਵੰਦ ਇਹ ਕਾਰਜ ਹੋਰ ਸਿਖਰਾਂ ਛੂਹਵੇ।