ਰਾਸ਼ਟਰੀ ਪੱਧਰ ਦਾ ਵੇਟ ਲਿਫਟਰ ਰਣਜੀਤ ਸਿੰਘ
ਖੇਡਾਂ ‘ਚ ਆਪਣੀ ਵੱਖਰੀ ਪਹਿਚਾਣ ਪ੍ਰਾਪਤ ਪਿੰਡ ਜਗਤਪੁਰ ਦਾ ਖੇਡ ਖੇਤਰ ਦਾ ਇੱਕ ਹੋਰ ਹਸਤਾਖ਼ਰ ਹੈ ਵੇਟ ਲਿਫਟਰ ਰਣਜੀਤ ਸਿੰਘ। ਪਿੰਡ ਜਗਤਪੁਰ ਦੇ ਇਲੈਕਟਰੀਕਲ ਇੰਜੀਨੀਅਰ ਤਾਰਾ ਸਿੰਘ ਅਤੇ ਮਾਤਾ ਗੁਰਸ਼ਰਨ ਕੌਰ ਦੇ ਘਰ 10 ਅਕਤੂਬਰ 1965 ਨੂੰ ਜਨਮੇ ਰਣਜੀਤ ਸਿੰਘ ਨੇ ਪਿੰਡ ਦੇ ਮੁੱਢਲੀ ਸਿੱਖਿਆ ਜਗਤਪੁਰ ਦੇ ਸਕੂਲ ਤੋਂ ਹਾਸਿਲ ਕਰਕੇ ਮੈਟ੍ਰਿਕ ਦੀ ਪੜਾਈ ਮੁਕੰਦਪੁਰ ਦੇ ਹਾਈ ਸਕੂਲ ਤੋਂ ਕੀਤੀ। ਪਹਿਲਾਂ ਕੁਸ਼ਤੀ ਦਾ ਸ਼ੌਕ ਰੱਖਣ ਵਾਲੇ ਰਣਜੀਤ ਨੇ ਐਸ.ਐਨ ਕਾਲਜ ਬੰਗਾ ‘ਚ ਦਾਖਲਾ ਲੈਣ ਉਪਰੰਤ ਵੇਟ ਲਿਫਟਿੰਗ ਸ਼ੁਰੂ ਕਰ ਦਿੱਤੀ। ਪੇਂਡੂ ਪੰਚਾÂਤੀ ਰਾਜ ਖੇਡ ਪਰਿਸ਼ਦ ਪੰਜਾਬ ਦੇ ਵੇਟ ਲਿਫਟਿੰਗ ਕੋਚ ਅਤੇ ਭਗਤ ਰਾਮ ਅੱਟੀ ਦੀ ਪ੍ਰੇਰਨਾ ਅਤੇ ਕੋਚਿੰਗ ਪ੍ਰਾਪਤ ਕਰਕੇ ਖੂਬ ਮਿਹਨਤ ਕੀਤੀ। ਪਹਿਲੇ 1985 ਵਿੱਚ ਸਾਲ ਹੀ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਚੈਂਪੀਅਨ ਵੀ ਬਣਿਆ ਅਤੇ ਰਾਮਗੜੀਆ ਕਾਲਜ ਫਗਵਾੜਾ ਵਿੱਚ ਹੋਈ ਪੰਜਾਬ ਓਪਨ ਵੇਟ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਆਪਣੇ ਭਾਰ ਦਾ ਚੈਂਪੀਅਨ ਬਣਿਆਂ। ਅਗਲੇ ਸਾਲ ਵੀ ਇਸ ਤਰਾਂ ਹੀ ਉਹ ਪੰਜਾਬ ਅਤੇ ਯੂਨੀਵਰਸਿਟੀ ਚੈਂਪੀਅਨ ਬਣਿਆਂ। ਵੇਟਲਿਫਟਿੰਗ ਕੋਚ ਮੱਖਣ ਸਿੰਘ ਸੰਧੂ ਹੋਰਾਂ ਤੋਂ ਕੋਚਿੰਗ ਲੈ ਕੇ ਹੋਰ ਵੀ ਨਵੀਆਂ ਪੁਲਾਂਘਾਂ ਪੁੱਟੀਆਂ। ਜੁਲਾਈ 1986 ਵਿੱਚ ਸ਼੍ਰੀਨਗਰ ਵਿਚ ਹੋਈ ਉਤਰ ਭਾਰਤ ਦੇ ਵੇਟ ਲਿਫਟਿੰਗ ਮੁਕਾਬਲੇ ਵਿੱਚ ਪੰਜਾਬ ਵਲੋਂ ਖੇਡ ਕੇ ਤਿੰਨ ਗੋਲਡ ਮੈਡਲ ਜਿੱਤੇ। ਫਿਰ ਅੰਤਰ ਜ਼ੋਨਲ ਆਲ ਇੰਡੀਆ ਮੁਕਾਬਲੇ ਵਿੱਚ ਉਤਰ ਭਾਰਤ ਦੀ ਪ੍ਰਤੀਨਿਧਤਾ ਕਰਕੇ ਦੋ ਗੋਲਡ ਮੈਡਲ ਅਤੇ ਇੱਕ ਸਿਲਵਰ ਮੈਡਲ ਜਿੱਤਿਆ। ਇਸ ਤਰਾਂ ਹੀ ਰਾਸ਼ਟਰੀ ਮੁਕਾਬਲੇ ਵਿੱਚ 56 ਕਿਲੋਗ੍ਰਾਮ ਭਾਰ ਵਰਗ ਵਿੱਚ 102 ਕਿਲੋਗ੍ਰਾਮ ਸਨੈਚ ਅਤੇ 112.5 ਕਿਲੋਗ੍ਰਾਮ ਦੀ ਕਲੀਨ ਅਤੇ ਜਰਕ ਲਗਾ ਕੇ ਰਾਸ਼ਟਰੀ ਚੈਂਪੀਅਨ ਬਣਿਆ। ਜੋ ਪਿੰਡ ਜਗਤਪੁਰ ਵਾਸਤੇ ਇੱਕ ਮਾਣ ਵਾਲੀ ਗੱਲ ਹੈ। ਆਪਣਾ ਕਾਰੋਬਾਰ ਕਰ ਰਿਹਾ ਰਣਜੀਤ ਸਿੰਘ ਆਪਣੇ ਪਰਿਵਾਰ ਪਤਨੀ ਸਤਵਿੰਦਰ ਕੌਰ, ਮਕੈਨੀਕਲ ਇੰਜੀਨੀਅਰਿੰਗ ਕਰ ਰਹੇ ਬੇਟੇ ਜਸਪ੍ਰੀਤ ਸਿੰਘ, ਮੈਟ੍ਰਿਕ ਕਰ ਰਹੀ ਬੇਟੀ ਗੁਰਪ੍ਰੀਤ ਕੌਰ ਸਮੇਤ ਮੁਕੰਦਪੁਰ ਵਿਖੇ ਰਹਿ ਰਿਹਾ ਹੈ। ਖੇਡ ਖੇਤਰ ਵਿੱਚ ਮਾਰੀਆਂ ਮੱਲਾਂ ਨੂੰ ਚੇਤੇ ਵਿੱਚ ਵਸਾ ਕੇ ਆਪਣੀ ਜ਼ਿੰਦਗੀ ਮਾਣ ਰਿਹਾ ਹੈ।