ਖਿਡਾਰੀਆਂ ਲਈ ਪ੍ਰੇਰਨਾ ਸਰੋਤ ਫੁੱਟਬਾਲਰ ਅਤੇ ਅਥਲੀਟ ਮਾਸਟਰ ਸੁੱਚਾ ਸਿੰਘ ਜਗਤਪੁਰ/ਬਘੌਰਾ
ਖਿਡਾਰੀਆਂ ਦੀਆਂ ਜਿੱਤਾਂ ਕਿਸੇ ਪਿੰਡ, ਪ੍ਰਾਂਤ ਅਤੇ ਦੇਸ਼ ਦੀ ਤਾਕਤ ਦਾ ਪ੍ਰਤੀਕ ਹੁੰਦੀਆਂ ਹਨ। ਆਪ ਮੱਲਾਂ ਮਾਰਨ ਤੋਂ ਬਾਅਦ ਅੱਗੇ ਹੋਰ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਯਤਨ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ। ਪਿੰਡ ਜਗਤਪੁਰ ਬਘੌਰਾ ਦੇ ਵਾਸੀ ਮਾਸਟਰ ਸੁੱਚਾ ਸਿੰਘ ਨੇ ਜਿੱਥੇ ਆਪ ਖੇਡਾਂ ਵਿੱਚ ਨਾਮਣਾ ਖੱਟਿਆ ਹੈ, ਉਥੇ ਨਵੇਂ ਖਿਡਾਰੀਆਂ ਨੂੰ ਇਸ ਪਾਸੇ ਲਾ ਕੇ ਆਪਣਾ ਯੋਗਦਾਨ ਪਾਇਆ ਹੈ। 1959 ਨੂੰ ਪਿਤਾ ਸ਼੍ਰੀ ਹਜ਼ਾਰਾ ਰਾਮ ਅਤੇ ਮਾਤਾ ਸ਼੍ਰੀਮਤੀ ਬਾਵੀ ਦੇ ਘਰ ਜਨਮੇ ਸੁੱਚਾ ਸਿੰਘ ਮੁੱਢਲੀ ਅਤੇ ਮੈਟ੍ਰਿਕ ਤੱਕ ਪੜਾਈ ਪਿੰਡ ਦੇ ਸਰਕਾਰੀ ਸਕੂਲਾਂ ਵਿੱਚ ਹੀ ਕੀਤੀ। ਪਿੰਡ ਦੀ ਟੀਮ ਵਿੱਚ ਮਾਸਟਰ ਗੁਰਦਿਆਲ ਸਿੰਘ ਅਤੇ ਬੂਟਾ ਸਿੰਘ ਸ਼ੇਰਗਿੱਲ ਹੋਰਾਂ ਦਾ ਸੀਨਅਰ ਹੋਣ ਕਰਕੇ ਅੱਗੇ ਵਧਾਉਣ ਵਿੱਚ ਸਹਾਈ ਹੋਏ। ਇਸ ਦੌਰਾਨ ਉਨਾਂ ਨੇ ਸਕੂਲ ਦੀ ਫੁੱਟਬਾਲ ਟੀਮ ਅਤੇ ਐਥਲੈਟਿਕਸ ਵਿੱਚ ਬਲਾਕ ਪੱਧਰ ਦੀਆਂ ਜਿੱਤਾਂ ਪ੍ਰਾਪਤ ਕੀਤੀਆਂ। ਫਿਰ 1976 ਵਿੱਚ ਸਿੱਖ ਨੈਸ਼ਨਲ ਕਾਲਜ ਬੰਗਾ ‘ਚ ਦਾਖਲਾ ਲਿਆ ਅਤੇ ਪਹਿਲੇ ਸਾਲ ਹੀ ਫੁੱਟਬਾਲ ਟੀਮ ਦੇ ਮੈਂਬਰ ਬਣ ਗਏ, ਫਿਰ ਅਗਲੇ ਦੋ ਸਾਲ ਕਾਲਜ ਟੀਮ ਦੀ ਕਪਤਾਨੀ ਕੀਤੀ। ਇਸ ਦੇ ਨਾਲ਼ ਹੀ ਐਥਲੈਟਿਕਸ ਦੀ ਮਿਹਨਤ ਵੀ ਜਾਰੀ ਰੱਖੀ। 200, 400, 800, 5000, 10000, 15000 ਮੀਟਰ ਦੀਆਂ ਦੌੜਾਂ ਵਿੱਚ ਭਾਗ ਲਿਆ। ਕਾਲਜ ਦੇ ਬੈਸਟ ਐਥਲੀਟ ਬਣਕੇ ਕਾਲਜ ਕਲਰ ਪ੍ਰਾਪਤ ਕੀਤਾ। ਇਸ ਖੇਤਰ ਵਿੱਚ ਪੀ.ਟੀ.ਆਈ. ਗੁਰਮੇਜ ਸਿੰਘ ਦੁਸਾਂਝ ਅਤੇ ਐਸ. ਐਨ ਕਾਲਜ ‘ਚ ਸਤਬੀਰ ਸਿੰਘ ਬੈਂਸ ਦੀ ਪ੍ਰੇਰਨਾ ਅਤੇ ਨਿੱਘਾ ਸਹਿਯੋਗ ਰਿਹਾ। 1980 ਨੂੰ ਜੈਪੁਰ ਵਿੱਚ ਹੋਈ ਨੈਸ਼ਨਲ ਐਥਲੈਟਿਕਸ ਮੀਟ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ। ਖੇਡਾਂ ਦੇ ਨਾਲ਼ ਹੀ ਬੀ.ਏ. ਕਰਕੇ ਡੀ.ਪੀ. ਐਡ. ਸਰਕਾਰੀ ਫਿਜੀਕਲ ਕਾਲਜ ਪਟਿਆਲਾ ਤੋਂ ਕੀਤੀ। 1994 ‘ਚ ਸਰਕਾਰੀ ਅਧਿਆਪਕ ਦੇ ਤੌਰ ਤੇ ਨਿਯੁਕਤੀ ਸਰਕਾਰੀ ਹਾਈ ਸਕੂਲ ਬਖਲੌਰ ਵਿੱਚ ਹੋਈ। ਇੱਥੇ ਆਪਣੇ ਸੇਵਾ ਕਾਲ ਦੌਰਾਨ ਲੜਕੇ, ਲੜਕੀਆਂ ਦੀਆਂ ਹਾਕੀ ਅਤੇ ਫੁੱਟਬਾਲ ਦੀਆਂ ਟੀਮਾਂ ਬਣਾਈਆਂ। 2002 ‘ਚ ਸੀਨਅਰ ਸੈਕੰਡਰੀ ਸਕੂਲ ‘ਚ ਇਸ ਪਿੰਡ ਦੀ ਯੋਗਾ ਦੀ ਪਰੰਪਰਾ ਨੂੰ ਅੱਗੇ ਵਧਾਉਣ ਵਿੱਚ ਯੋਗਦਾਨ ਪਾਇਆ। ਇਸ ਸਕੂਲ ਦੀ ਟੀਮ ਦੇ ਓਪਨ ਪੰਜਾਬ ਵਿੱਚੋਂ 15 ਮੈਡਲ ਆਏ। ਇਸ ਸਕੂਲ ਦੀਆਂ ਫੁੱਟਬਾਲ ਦੀਆਂ ਟੀਮਾਂ ਵੀ ਬਣਾਈਆਂ। ਹੁਣ ਵੀ ਉਸ ਸਕੂਲ ਵਿੱਚ ਹੀ ਆਪਣੀਆਂ ਸੇਵਾਵਾਂ ਦੇ ਰਹੇ ਹਨ। ਆਪਣੇ ਪਰਿਵਾਰ ਵਿੱਚ ਧਰਮ ਪਤਨੀ ਸਰਬਜੀਤ ਕੌਰ ਦੇ ਸੁਯੋਗ ਸਹਿਯੋਗ ਨਾਲ਼ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਨਾਲ਼ ਖੇਡਾਂ ਵੱਲ ਵੀ ਲਗਾਇਆ। ਉਨਾਂ ਦੀ ਲੜਕੀ ਜਸਵਿੰਦਰ ਕੌਰ ਏ.ਸੀ.ਟੀ. ਅਤੇ ਬੀ.ਏ. ਕਰਨ ਦੇ ਨਾਲ਼ ਹੀ ਐਥਲੈਟਿਕਸ ਵਿੱਚ ਵੀ ਸੂਬਾ ਪੱਧਰ ਤੱਕ ਖੇਡ ਚੁੱਕੀ ਹੈ। ਲੜਕਾ ਪਰਮਪ੍ਰੀਤ ਸਿੰਘ ਡੀਜ਼ਲ ਮਕੈਨਿਕ ਅਤੇ ਅਮਰਪ੍ਰੀਤ ਸਿੰਘ ਸਿਵਲ ਇੰਜੀਨੀਅਰਿੰਗ ਕਰ ਰਿਹਾ ਹੈ। ਪਿੰਡ ਵਿੱਚ ਖੇਡ ਟੂਰਨਾਮੈਂਟਾਂ ਵਿੱਚ ਆਪਣਾ ਵਧ ਚੜ ਕੇ ਯੋਗਦਾਨ ਪਾਉਂਦੇ ਰਹਿਣ ਵਾਲੇ ਮਾਸਟਰ ਸੁੱਚਾ ਸਿੰਘ ਆਪਣੀ ਰੂਹਾਨੀ ਸੰਤੁਸ਼ਟੀ ਵਾਸਤੇ ਪਿੰਡ ਦੇ ਹੀ ਡੇਰਾ ਪ੍ਰੇਮਪੁਰਾ ਵਿੱਚ ਸੇਵਾ ਕਰਦੇ ਹਨ। ਇਸ ਡੇਰੇ ਵਿੱਚ ਸੰਤ ਅਰਜਨ ਦਾਸ ਜੀ ਜੋ ਇਨਾਂ ਦੇ ਤਾਇਆ ਜੀ ਸਨ ਦੀ ਸੇਵਾ ਤੇ ਭਗਤੀ ਭਾਵਨਾ ਨੂੰ ਅੱਗੇ ਵਧਾਉਣ ਵਾਸਤੇ ਯਤਨਸ਼ੀਲ ਹਨ। ਇਸ ਡੇਰੇ ਦੇ ਸਮਾਗਮਾਂ ਵਿੱਚ ਸਟੇਜ ਦੀ ਸੇਵਾ ਦਾ ਫਰਜ਼ ਵੀ ਨਿਭਾਉਂਦੇ ਹਨ।
ਇਸ ਪਰਿਵਾਰ ਵਿੱਚ ਮਾਸਟਰ ਸੁੱਚਾ ਸਿੰਘ ਦੇ ਵੱਡੇ ਭਰਾ ਸ਼ਿਵ ਰਾਮ ਸਿੰਘ ਅਤੇ ਪ੍ਰੋਫੈਸਰ ਦਵਿੰਦਰ ਸਿੰਘ ਆਪਣੇ ਸਮੇਂ ‘ਚ ਪਿੰਡ ‘ਚੋਂ ਬੀ.ਐਸ ਸੀ. ਕਰਨ ਵਾਲੇ ਪਹਿਲੇ ਵਿਅਕਤੀ ਹਨ। ਜੋ ਥੋੜਾ ਸਮਾਂ ਸਰਕਾਰੀ ਖਾਲਸਾ ਸਕੂਲ ਸਰਹਾਲ ਕਾਜ਼ੀਆਂ ਵਿੱਚ ਪੜਾਉਣ ਤੋਂ ਬਾਅਦ ਟੈਲੀਫੋਨ ਵਿਭਾਗ ਵਿੱਚ ਰਾਜਪੁਰਾ, ਜਲੰਧਰ, ਬੰਗਲੌਰ ਅਤੇ ਮੰਡੀ ਗੋਬਿੰਦਗੜ ਵਿਚ ਨੌਕਰੀ ਕਰ ਕੇ ਐਸ.ਡੀ. ਓ. ਦੇ ਅਹੁਦੇ ਤੋਂ ਸੇਵਾ ਮੁਕਤ ਹੋ ਕੇ ਫਗਵਾੜਾ ਵਿਖੇ ਰਹਿ ਰਹੇ ਹਨ।