ਰਸਭਿੰਨੀ ਅਵਾਜ਼ ਦੇ ਮਾਲਕ ਕੀਰਤਨੀਏ ਭਾਈ ਦਲਜੀਤ ਸਿੰਘ ਆਨੰਦ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਰਾਗਾਂ ਤੇ ਅਧਾਰਿਤ ਗੁਰਬਾਣੀ ਜਿੱਥੇ ਅਧਿਆਤਮਕ ਜੀਵਨ ਜਾਂਚ ਸਿਖਾਉਂਦੀ ਹੈ ਉਥੇ ਸੰਗੀਤਬੱਧ ਮਧੁਰ ਅਵਾਜ਼ ਵਿਚ ਕੀਰਤਨ ਕਰਨ ਅਤੇ ਸੁਣਨ ਨਾਲ਼ ਹੋਰ ਵੀ ਰੂਹਾਨੀ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਕੀਰਤਨ ਰਾਹੀਂ ਸੰਗਤਾਂ ਨੂੰ ਬਾਣੀ ਅਤੇ ਵਿਚਾਰਧਾਰਾ ਨਾਲ ਜੋੜਨ ਦਾ ਕਾਰਜ਼ ਕਰਨ ਵਾਲੇ ਭਾਈ ਦਲਜੀਤ ਸਿੰੰਘ ਆਨੰਦ ਹੋਰਾਂ ਦਾ ਕੀਰਤਨੀ ਜਥਾ ਆਪਣਾ ਯੋਗਦਾਨ ਪਾ ਰਿਹਾ ਹੈ। ਪਿੰਡ ਜਗਤਪੁਰ ਦੇ ਭਾਰਤ ਸਰਕਾਰ ਤੋਂ ਤਾਮਰ ਪੱਤਰ ਦਾ ਸਨਮਾਨ ਪ੍ਰਾਪਤ ਅਜ਼ਾਦੀ ਘੁਲਾਟੀਏ, ਢਾਡੀ ਪ੍ਰਚਾਰਕ ਗਿਆਨੀ ਅਤੇ ਬੱਬਰ ਅਕਾਲੀ ਲਹਿਰ ਦੇ ਸਿਪਾਹੀ ਗਿਆਨੀ ਮਿਲਖਾ ਸਿੰਘ ਦੇ ਪੋਤਰੇ ਦਲਜੀਤ ਸਿੰਘ ਆਨੰਦ ਗੁਰਬਾਣੀ ਕੀਰਤਨ ਰਾਹੀਂ ਸਿੱਖ ਸੰਗਤਾਂ ਦੀ ਸੇਵਾ ਕਰ ਰਹੇ ਹਨ।
ਪਿੰਡ ਜਗਤਪੁਰ ਦੇ ਪਿਛੋਕੜ ਵਾਲੇ ਇਸ ਕੀਰਤਨੀ ਜਥੇ ਨੂੰ ਦਲਜੀਤ ਸਿੰਘ ਆਨੰਦ ਲੁਧਿਆਣਾ ਵਾਲੇ ਦੇ ਨਾਮ ਨਾਲ਼ ਜਾਣਿਆ ਜਾਂਦਾ ਹੈ। ਪਿੰਡ ਜਗਤਪੁਰ ਵਿੱਚ ਪਿਤਾ ਸਵਰਗੀ ਸ: ਗੁਰਦੇਵ ਸਿੰਘ ਅਤੇ ਮਾਤਾ ਸੁਰਿੰਦਰ ਕੌਰ ਦੇ ਘਰ ਜਨਮੇ ਦਲਜੀਤ ਸਿੰਘ ਆਨੰਦ ਮੈਟ੍ਰਿਕ ਤੱਕ ਦੀ ਪੜਾਈ ਪਿੰਡ ਜਗਤਪੁਰ ਤੋਂ ਕੀਤੀ। 10+2 ਦੀ ਪੜਾਈ ਮੁਕੰਦਪੁਰ ਤੋਂ ਕਰ ਕੇ ਪਟਿਆਲਾ ਯੂਨੀਵਰਸਿਟੀ ਤੋਂ ਗੁਰਮਤਿ ਸੰਗੀਤ ਦਾ ਡਿਪਲੋਮਾ ਕੀਤਾ ਅਤੇ ਮਿਊਜ਼ਿਕ ਦੀ ਐਮ. ਏ. ਪਰਾਚੀਨ ਕਲਾ ਕੇਂਦਰ ਚੰਡੀਗੜ ਤੋਂ ਕੀਤੀ। ਦਲਜੀਤ ਸਿੰਘ ਹੋਰਾਂ ਸੰਗੀਤ ਦੀ ਸਿੱਖਿਆ ਗਿਆਨੀ ਗੁਰਬਚਨ ਸਿੰਘ ਬੀਕਾ ਅਤੇ ਪੰਡਿਤ ਹਰੀ ਦੇਵ ਗੁਰਾਇਆ ਪਾਸੋਂ ਪ੍ਰਾਪਤ ਕੀਤੀ। ਗਿਆਨੀ ਗੁਰਬਚਨ ਸਿੰਘ ਬੀਕਾ ਨੇ ਉਨਾ ਨੂੰ ਆਨੰਦ ਤਖ਼ੱਲਸ ਦਿੱਤਾ। ਕੀਰਤਨ ਜਥੇ ਵਿੱਚ ਉਨਾ ਨਾਲ਼ ਸਾਥ ਦੇਣ ਵਾਲੇ ਮਨਜੀਤ ਸਿੰਘ ਅਤੇ ਤਬਲੇ ਤੇ ਸੰਗਤ ਕਰਨ ਵਾਸਤੇ ਵਿਕਰਮਜੀਤ ਸਿੰਘ ਦੋਵੇਂ ਉਨਾ ਦੇ ਸਕੇ ਭਰਾ ਹਨ।
ਗੁਰਬਾਣੀ ਕੀਰਤਨ ਕਰਨ ਲਈ ਉਹ ਪੰਜਾਬ ਦੇ ਹਰ ਖੇਤਰ, ਸੱਚਖੰਡ ਸ਼੍ਰੀ ਹਜ਼ੂਰ ਸਾਹਿਬ, ਹੋਰ ਸੂਬਿਆਂ ਵਿੱਚ ਅਤੇ ਵਿਦੇਸ਼ਾਂ ਵਿਚ ਥਾਈਲੈਂਡ, ਹਾਂਗਕਾਂਗ, ਸਿੰਘਾਪੁਰ, ਮਲੇਸ਼ੀਆ, ਇੰਡੋਨੇਸ਼ੀਆ ਅਤੇ ਡੁਬਈ ਵਿੱਚ ਜਾ ਚੁੱਕੇ ਹਨ।
ਭਾਈ ਦਲਜੀਤ ਸਿੰਘ ਆਨੰਦ ਹੋਰਾਂ ਦੀ ਸ਼ਬਦਾਂ ਦੀ ਇੱਕ ਸੀ.ਡੀ. ”ਤੂੰ ਗਨ ਸਾਗਰ” ਅਮ੍ਰਿਤ ਸਾਗਰ ਕੰਪਨੀ ਵਲੋਂ 2013 ਵਿਚ ਜਾਰੀ ਕੀਤੀ ਜਾ ਚੁੱਕੀ ਹੈ। ਹੋਰ ਵੀ ਸ਼ਬਦ ਤਿਆਰ ਕੀਤੇ ਹਨ। ਜਿਨਾ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਦੇ ਸ਼ਬਦਾਂ ਦੀ ਸੀ.ਡੀ. ਅਤੇ ਇੱਕ ਹੋਰ ਸੀ.ਡੀ. ਪ੍ਰਯੋਜਨ ਅਧੀਨ ਹੈ।
ਭਾਈ ਦਲਜੀਤ ਸਿੰਘ ਆਨੰਦ ਲੁਧਿਆਣਾ ਵਿਖੇ ਧਰਮ ਪਤਨੀ ਮਨਜੀਤ ਕੌਰ, ਬੇਟੇ ਬਲਕਰਨਜੋਤ ਸਿੰਘ, ਅਰਸ਼ਦੀਪ ਕੌਰ ਨਾਲ਼ ਰਹਿ ਰਹੇ ਹਨ। ਕਾਮਨਾ ਹੈ ਕਿ ਬਾਬਾ ਗਿਆਨੀ ਮਿਲਖਾ ਸਿੰਘ ਦੀ ਦੇਸ਼ ਭਗਤੀ, ਸਿੱਖ ਧਰਮ ਦੇ ਪ੍ਰਚਾਰ ਲਈ ਕੀਤੇ ਕਾਰਜ, ਢਾਡੀ ਪ੍ਰੰਪਰਾ ਦੀ ਪਿਰਤ ਨੂੰ ਅੱਗੇ ਵਧਾਉਣ ਲਈ ਗੁਰਬਾਣੀ ਕੀਰਤਨ ਨੂੰ ਪਰਨਾਏ ਇਸ ਪਰਿਵਾਰ ਤੇ ਵਾਹਿਗੁਰੂ ਦੀ ਬਖ਼ਸ਼ਿਸ਼ ਇਸ ਤਰਾਂ ਬਣੀ ਰਹੇ ਤੇ ਇਹ ਸੇਵਾ ਇਹਨਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣੀ ਰਹੇ।
-ਰੇਸ਼ਮ ਕਰਨਾਣਵੀ