ਪਿੰਡ ਦੇ ਸਾਂਝੇ ਕਾਰਜਾਂ ਵਿੱਚ  ਮੋਹਰੀ ਤੇ ਸਰਗਰਮ ਭੂਮਿਕਾ ਦਾ ਹਾਮੀ ਪ੍ਰਧਾਨ ਸਵਰਨ ਸਿੰਘ
ਪਿੰਡ ਜਗਤਪੁਰ ਦੇ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਕਾਰਜਾਂ ਲਈ ਹਮੇਸ਼ਾਂ ਹੀ ਸਰਗਰਮ ਰਹਿਣ ਵਾਲੇ ਸਵਰਨ ਸਿੰਘ ਨੂੰ ਪ੍ਰਧਾਨ ਦੇ ਨਾਮ ਨਾਲ਼ ਜਾਣਿਆਂ ਜਾਂਦਾ ਹੈ। ਪਿਤਾ ਸ਼੍ਰੀ ਮਹਿੰਗਾ ਰਾਮ ਅਤੇ ਮਾਤਾ ਅਮਰ ਕੌਰ ਦੇ ਘਰ 2 ਮਾਰਚ 1967 ਨੂੰ ਜਨਮੇ ਸਵਰਨ ਸਿੰਘ ਨੇ ਹਾਇਰ ਸੈਕੰਡਰੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸਰਹਾਲ ਕਾਜ਼ੀਆਂ ਤੋਂ ਕਰਨ ਉਪਰੰਤ ਰਾਮਗੜੀਆ ਕਾਲਜ ਫਗਵਾੜਾ ਤੋਂ ਆਈ.ਟੀ.ਆਈ. ਤੋਂ ਤਕਨੀਕੀ ਸਿੱਖਿਆ ਹਾਸਲ ਕੀਤੀ। ਸਵਰਨ ਸਿੰਘ ਦੇ ਪਿਤਾ ਸ਼੍ਰੀ ਮਹਿੰਗਾ ਰਾਮ ਜੋ ਸਿਖਿਆ ਪ੍ਰਾਪਤ ਸਨ ਤੇ ਸਰਹਾਲ ਕਾਜ਼ੀਆਂ ਸਕੂਲ ਦੇ ਮੰਨੇ ਪਰਮੰਨੇ ਵਿਦਿਆਰਥੀ ਸਨ।
ਅਣਥੱਕ ਅਤੇ ਮਿਹਨਤੀ ਸੁਭਾਅ ਅਤੇ ਲੋਕ ਸੇਵਾ ਵੱਲ ਰੁਚੀ ਹੋਣ ਕਰਕੇ ਸਵਰਨ ਸਿੰਘ ਸ. ਮਹਿੰਦਰ ਸਿੰਘ ਦੁਸਾਂਝ ਹੁਰਾਂ ਦੀ ਸਖ਼ਸ਼ੀਅਤ ਤੋਂ ਸੇਧ ਲੈ ਕੇ ਕਮਿਊਨਿਸਟ ਵਿਚਾਰਾਂ ਵੱਲ ਹੋਣ ਕਾਰਨ ਉਹ ਸੀ.ਪੀ.ਆਈ.ਐਮ.ਪਾਰਟੀ ਨਾਲ਼ ਜੁੜੇ। ਪਿੰਡ ਵਿੱਚ ਸਮਾਜ ਸੇਵਾ ਦੇ ਕਾਰਜ ਬੜੇ ਜ਼ੋਰ ਸ਼ੋਰ ਨਾਲ਼ ਆਰੰਭੇ। ਓੇੇੁਹਨਾ ਨੇ ਸਾਥੀਆਂ ਨਾਲ਼ ਮਿਲਕੇ ਪਿੰਡ ਵਿੱਚ ਗੁਰੂ ਰਵਿਦਾਸ ਨੌਜਵਾਨ ਸਭਾ ਦੀ ਸਥਾਪਨਾ ਕੀਤੀ। ਓੇੇੁਹਨਾ ਨੇ 1982 ਤੋਂ 1987 ਵਿੱਚ ਨੌਜਵਾਨਾਂ ਦੇ ਅੱਗੇ ਹੋ ਕੇ ਛੱਪੜ ਦੀ ਸਫਾਈ ਕਰਨ ਵਿੱਚ ਬਹੁਤ ਯੋਗਦਾਨ ਪਾਇਆ। ਓੇੇੁਹਨਾ ਨੇ 25 ਸਾਲ ਤੱਥ ਪਿੰਡ ਦੇ ਗੁਰੂ ਘਰ ਦੀ ਸੇਵਾ ਸੰਭਾਲੀ, ਇਸ  ਦੌਰਾਨ ਹੀ ਗੁਰਪੁਰਬ ਅਤੇ ਨਗਰ ਕੀਰਤਨ  ਦਾ ਕਾਰਜ ਸ਼ੁਰੂ ਕੀਤਾ ਅਤੇ ਨਿਸ਼ਕਾਮ ਸੇਵਾ ਕੀਤੀ। ਪੰਜ ਸਬਮਰਸੀਬਲ ਬੋਰ ਕਰਵਾਏ। ਪਿੰਡ ਦੇ ਪਰਉਪਕਾਰੀ ਸੱਜਣਾਂ ਦੀ ਸਹਾਇਤਾ ਨਾਲ਼ ਅਤੇ ਪੰਜਾਬ ਸਰਕਾਰ ਤੋਂ ਗ੍ਰਾਂਟਾਂ ਹਾਸਲ ਕਰ ਕੇ ਗੁਰੂ ਘਰ ਦੀ ਇਮਾਰਤ ਅਤੇ ਹੋਰ ਲੋੜੀਂਦਾ ਸਾਂਝਾ ਸਮਾਨ ਬਣਾਇਆ।
ਲੋੜਵੰਦਾਂ ਦੀ ਸਹਾਇਤਾ ਕਰਨਾ ਆਪਣਾ ਧਰਮ ਸਮਝਿਆ। ਓੇੇੁਹਨਾ ਨੇ ਮਹਿੰਦਰ ਸਿੰਘ ਦੁਸਾਂਝ ਹੋਰਾਂ ਦੀ ਅਗਵਾਈ ‘ਚ ਮੁਹੱਲੇ ਵਿੱਚ ਪਾਣੀ ਦੀ ਸਮੱਸਿਆ ਦੇ ਹੱਲ ਲਈ ਖਾਲ਼ਾ ਕੱਢਣ ਅਤੇ ਡਰੇਨ ਪੁੱਟਣ ਸਮੇਂ ਸਾਥੀਆਂ ਨਾਲ਼ ਮਿਲ ਕੇ ਦਿਨ ਰਾਤ ਇੱਕ ਕੀਤਾ। ਡੇਰਾ ਸੱਤ ਸਾਹਿਬ ਦੇ ਅਨਿਨ ਸ਼ਰਧਾਲੂ ਹੋਣ ਕਰਕੇ ਨਸ਼ੇ ਆਦਿ ਤੋਂ ਪੂਰੀ ਤਰਾ ਰਹਿਤ ਹਨ ਅਤੇ ਇਸ ਤਰਾ ਹੀ ਨਸ਼ਾ ਮੁਕਤ ਰਹਿਣ ਦੀ ਪ੍ਰੇਰਨਾ ਹਮੇਸ਼ਾਂ ਨੌਜਵਾਨਾਂ ਨੂੰ ਦਿੰਦੇ ਰਹਿੰਦੇ ਹਨ। ਸਵਰਨ ਸਿੰਘ ਸੰਤ ਮਾਨਪੁਰੀ ਵਿੱਦਿਆ ਅਤੇ ਵਿੱਦਿਆਰਥੀ ਭਲਾਈ ਟਰੱਸਟ ਦੇ ਮਾਨਯੋਗ ਮੈਂਬਰ ਵੀ ਹਨ। ਬੇਟੀ ਸੁਖਵਿੰਦਰ ਕੌਰ, ਤਿੰਨ ਬੇਟਿਆਂ ਗੁਰਧਿਆਨ ਸਿੰਘ, ਜਸਵੰਤ ਸਿੰਘ ਜੱਸਾ ਜੋ ਫੁੱਟਬਾਲ ਦਾ ਉਘਾ ਖਿਡਾਰੀ ਹੈ, ਹਰਦਿਆਲ ਸਿੰਘ ਜੋ ਰੈਸਲਰ ਹੈ, ਨਾਲ਼ ਜਗਤਪੁਰ ਵਿੱਚ ਸਵਰਨ ਸਿੰਘ ਆਪਣੀ ਧਰਮ ਪਤਨੀ ਹਰਮੇਸ਼ ਕੌਰ ਦੇ ਸਹਿਯੋਗ ਨਾਲ਼ ਪਰਿਵਾਰ ਚਲਾ ਰਹੇ ਹਨ ਅਤੇ ਸਮਾਜ ਦੇ ਕਾਰਜਾਂ ਵਿੱਚ ਯੋਗਦਾਨ ਪਾ ਰਹੇ ਹਨ।