ਧਰਮ ਹਿੱਤ ਲੱਗੇ ਮੋਰਚਿਆਂ ਦੇ ਸਿਪਾਹੀ ਜਥੇਦਾਰ ਮਹਿਮਾ ਸਿੰਘ ਸ਼ੇਰਗਿੱਲ
ਪਿੰਡ ਜਗਤਪੁਰ ਜੁਝਾਰੂਆਂ ਦਾ ਪਿੰਡ ਹੈ ਜਿੱਥੇ ਦੇਸ਼, ਧਰਮ ਦੀ ਬਿਹਤਰੀ ਵਾਸਤੇ ਹੁੰਦੇ ਸੰਘਰਸ਼ਾਂ ਵਿੱਚ ਇੱਥੋਂ ਦੇ ਵਾਸੀਆਂ ਨੇ ਵਡਮੁੱਲਾ ਯੋਗਦਾਨ ਪਾਇਆ ਹੈ। ਇਸ ਪਿੰਡ ਵਿੱਚ 1925 ਨੂੰ ਸਧਾਰਨ ਕਿਸਾਨ ਪਰਿਵਾਰ ਵਿੱਚ ਪਿਤਾ ਸ. ਹਜ਼ਾਰਾ ਸਿੰਘ ਅਤੇ ਮਾਤਾ ਭਾਗ ਕੌਰ ਦੇ ਘਰ ਜਨਮ ਲੈਣ ਵਾਲੇ ਮਹਿਮਾ ਸਿੰਘ ਧਾਰਮਿਕ ਵਿਚਾਰਾਂ ਦੇ ਧਾਰਨੀ ਹੋਣ ਕਰਕੇ ਲੋਕ ਸੇਵਾ ਅਤੇ ਧਾਰਮਿਕ ਕਾਰਜਾਂ ਵਿੱਚ ਵਧ ਚੜ ਕੇ ਹਿੱਸਾ ਲੈਂਦੇ ਸਨ। ਆਪ ਜੈਤੋ ਦਾ ਮੋਰਚਾ, ਪੰਜਾਬੀ ਸੂਬੇ ਦਾ ਮੋਰਚਾ ਅਤੇ ਧਰਮ ਯੁੱਧ ਮੋਰਚੇ ਵਿੱਚ ਕਈ ਵਾਰ ਜੇਲ ਵੀ ਗਏ।
ਪਿੰਡ ਦੀ ਅਜ਼ੀਮ ਸ਼ਖ਼ਸ਼ੀਅਤ ਮਾਸਟਰ ਚੈਨ ਸਿੰਘ ਜੀ ਦੀ ਸਰਪੰਚੀ ਸਮੇਂ ਉਹ ਦੋ ਵਾਰ ਸਰਬਸੰਮਤੀ ਨਾਲ਼ ਮੈਂਬਰ ਪੰਚਾਇਤ ਵੀ ਰਹੇ। ਆਪ ਜੀ ਜਥੇਦਾਰ ਲਛਮਣ ਸਿੰਘ ਚੱਕ ਦੇਸ ਰਾਜ ਵਾਲਿਆਂ ਦੀ ਸੱਜੀ ਬਾਂਹ ਵਜੋਂ ਜਾਣੇ ਜਾਂਦੇ ਸਨ। ਸ. ਮਹਿਮਾ ਸਿੰਘ ਜੀ ਹਮੇਸ਼ਾਂ ਸਿੱਖ ਪੰਥ ਦੇ ਨਾਲ਼ ਰਹੇ ਅਤੇ ਉਹ ਨਿਹੰਗ ਸਿੰਘ ਬਾਣੇ ਵਿੱਚ ਰਹਿੰਦੇ ਹੋਏ ਸਿੱਖੀ ਦਾ ਪ੍ਰਚਾਰ ਕਰਦੇ ਹੋਏ 1996 ਵਿਚ ਅਕਾਲ ਚਲਾਣਾ ਕਰ ਗਏ। ਪਿੰਡ ਅਤੇ ਇਲਾਕੇ ਵਿੱਚ ਅੱਜ ਵੀ ਉਨਾ ਨੂੰ ਯਾਦ ਕੀਤਾ ਜਾਂਦਾ ਹੈ।
-ਮਾਸਟਰ ਬਖ਼ਤਾਵਰ ਸਿੰਘ