ਜਗਤਪੁਰ ਦਾ ਨਾਮਵਰ ਅਥਲੀਟ ਗੁਰਵਿੰਦਰ ਸਿੰਘ ਨਿੱਪੀ
ਪਿੰਡ ਜਗਤਪੁਰ ਦਾ ਸਰਗਰਮ ਵਲੰਟੀਅਰ ਅਤੇ ਮੌਜੂਦਾ ਮੈਂਬਰ ਪੰਚਾਇਤ ਗੁਰਵਿੰਦਰ ਸਿੰਘ ਬੜਾ ਉਦਮੀ ਤੇ ਉਤਸ਼ਾਹੀ ਨੌਜਵਾਨ ਹੈ। ਇਲਾਕੇ ਵਿੱਚ ਵਲੈਤੀ ਰਾਮ ਦਾ ਕਾਰਖਾਨਾ ਬੜਾ ਮਸ਼ਹੂਰ ਸੀ। ਹਲਟ ਦੀ ਕਾਰੀਗਰੀ ਦੇ ਮਾਹਰ ਵਲੈਤੀ ਰਾਮ ਹੋਰਾਂ ਨੇ ਟਰਾਲੀਆਂ, ਕਣਕ ਕੁਤਰਨ ਵਾਲੀਆਂ ਮਸ਼ੀਨਾਂ, ਫਾਲੇ, ਤਵੀਆਂ ਅਤੇ ਹੋਰ ਖੇਤੀਬਾੜੀ ਦੇ ਸੰਦ ਬਣਾਉਣ ਦੇ ਕਾਫੀ ਮਸ਼ਹੂਰ ਸਨ। ਓੇੇੁਹਨਾ ਦੇ ਸਪੁੱਤਰ ਸਵਰਨ ਸਿੰਘ ਨੇ ਵੀ ਆਪਣੇ ਤਕਨੀਕੀ ਮੁਹਾਰਤ ਦਾ ਮੁਜ਼ਾਹਰਾ ਕਰਦੇ ਹੋਏ ਇਸ ਪੁਸ਼ਤੈਨੀ ਕੰਮ ਨੂੰ ਅੱਗੇ ਤੋਰਿਆ। ਮਿਸਤਰੀ ਵਲੈਤੀ ਰਾਮ ਸਿਆਣ ਦਾ ਪੋਤਰਾ, ਮਿਸਤਰੀ ਸਵਰਨ ਸਿੰਘ ਸਿਆਣ ਅਤੇ ਮਾਤਾ ਚਰਨ ਕੌਰ ਸਿਆਣ ਦੇ ਸਪੁੱਤਰ ਗੁਰਵਿੰਦਰ ਸਿੰਘ ਨੂੰ ਬਚਪਨ ਤੋਂ ਹੀ ਨਿੱਪੀ ਦੇ ਨਾਮ ਨਾਲ਼ ਬੁਲਾਇਆ ਜਾਂਦਾ ਰਿਹਾ ਹੈ। ਜਸਵਿੰਦਰ ਸਿੰਘ ਪਿੰਦੀ, ਨਰਿੰਦਰ ਸਿੰਘ ਨਿੰਦੀ, ਜਸਵੀਰ ਕੌਰ ਅਤੇ ਬਲਜਿੰਦਰ ਕੌਰ ਦੇ ਛੋਟੇ ਭਰਾ ਚੰਚਲ ਸੁਭਾਅ ਦੇ ਨਿੱਪੀ ਨੇ ਪਿੰਡ ਦੇ ਸਰਕਾਰੀ ਸਕੂਲ ‘ਚ ਪੜਦੇ ਹੋਏ ਫੁੱਟਬਾਲ ਖੇਡਣਾ ਸ਼ੁਰੂ ਕੀਤਾ 9ਵੀਂ ਜਮਾਤ ਵਿੱਚ ਜ਼ਿਲਾ ਪੱਧਰ ਤੱਕ ਅਤੇ ਪਿੰਡ ਦੀ ਟੀਮ ਵਿੱਚ ਖੇਡਣਾ ਸ਼ੁਰੂ ਕੀਤਾ। ਪਿੰਡ ਦੀ ਟੀਮ ਵਿੱਚ ਅਤੇ ਨਵਯੁੱਗ ਸਪੋਰਟਸ ਕਲੱਬ ਵਿੱਚ ਵੀ ਯੋਗਦਾਨ ਪਾਇਆ। ਫਿਰ 10+1 ਅਤੇ 10+2 ਵਿੱਚ ਸਿੱਖ ਨੈਸ਼ਨਲ ਕਾਲਜ ਬੰਗਾ ਦੀ ਟੀਮ ਵਿੱਚ ਅਤੇ ਯੂਨੀਵਰਸਿਟੀ ਤੱਕ ਦੇ ਮੈਚ ਵੀ ਖੇਡਦਾ ਰਿਹਾ। ਬੀ.ਏ. ਦੇ ਪਹਿਲੇ ਸਾਲ 1996 ਵਿੱਚ ਡੀ.ਪੀ.ਆਈ. ਤਰਸੇਮ ਸਿੰਘ ਪੱਲੀਝਿੱਕੀ ਦੀ ਦੇਖ ਰੇਖ ਵਿੱਚੇ ਮੁਕੰਦਪੁਰ ਦੇ ਅਮਰਦੀਪ ਸ਼ੇਰਗਿੱਲ ਕਾਲਜ ਵਿੱਚ ਕਰਾਸ ਕੰਟਰੀ 12 ਕਿਲੋਮੀਟਰ ਦੌੜ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਤਿੰਨ ਸਾਲ ਲਗਾਤਾਰ ਯੂਨੀਵਰਸਿਟੀ ਅਤੇ ਇੰਟਰ’ਵਰਸਿਟੀ ਵਿੱਚ ਪੁਜ਼ੀਸ਼ਨਾਂ ਹਾਸਲ ਕੀਤੀਆਂ। ਨਿੱਪੀ ਨੇ ਕਾਲਜ ਦੇ ਬੈਸਟ ਐਥਲੀਟ ਦਾ ਖਿਤਾਬ ਵੀ ਪ੍ਰਾਪਤ ਕੀਤਾ। ਗੁਰਵਿੰਦਰ ਸਿੰਘ ਨਿੱਪੀ ਕਾਲਜ ਦੀ ਭੰਗੜਾ ਟੀਮ ਦਾ ਵੀ ਤਿੰਨ ਸਾਲ ਮੈਂਬਰ ਰਿਹਾ।