ਅਜ਼ਾਦੀ ਘੁਲਾਟੀਏ ਅਤੇ ਢਾਡੀ ਪ੍ਰਚਾਰਕ ਗਿਆਨੀ ਮਿਲਖ਼ਾ ਸਿੰਘ

ਪਿੰਡ ਜਗਤਪੁਰ ਨੂੰ ਮਾਣ ਹੈ ਕਿ  ਇਸ ਪਿੰਡ ਦੇ ਵਾਸੀਆਂ ਦਾ  ਅਜ਼ਾਦੀ ਦੇ ਸੰਗਰਾਮ ਵਿਚ ਯੋਗਦਾਨ ਰਿਹਾ ਹੈ। ਪਿੰਡ ਜਗਤਪੁਰ ਦੇ ਦੋ ਅਜ਼ਾਦੀ ਘੁਲਾਟੀਏ ਹੋਏ ਹਨ ਜੋ ਭਾਰਤ ਸਰਕਾਰ ਵਲੋਂ ਵਿਸ਼ੇਸ ਸਨਮਾਨ  ਤਾਮਰ ਪੱਤਰ ਪ੍ਰਾਪਤ ਹਨ।  ਉਨਾ  ਵਿਚੋਂ ਇੱਕ ਘੁਲਾਟੀਏ ਗਿਆਨੀ ਮਿਲਖ਼ਾ ਸਿੰਘ ਦਾ ਨਾਮ ਵੀ ਬੜੇ ਆਦਰ ਅਤੇ ਸਤਿਕਾਰ ਨਾਲ਼ ਲਿਆ ਜਾਂਦਾ ਹੈ। ਗਿਆਨੀ ਮਿਲਖ਼ਾ ਸਿੰਘ ਸਿੱਖ ਧਰਮ ਦੇ ਇਤਿਹਾਸ ਦੇ ਗੂੜ ਗਿਆਤਾ ਸਨ। ਢਾਡੀ ਕਲਾ ਵਿੱਚ ਨਿਪੁੰਨ ਗਿਆਨੀ ਜੀ ਸਿੱਖ ਧਰਮ ਦੇ ਪ੍ਰਚਾਰ ਵਿਚ ਵੀ ਆਪਣਾ ਭਰਪੂਰ ਯੋਗਦਾਨ ਪਾਉਂਦੇ ਰਹੇ । ਅਜ਼ਾਦੀ ਦੀ ਲੜਾਈ ਵਿਚ ਉਨਾ  ਨੇ ਅੰਗਰੇਜ਼ ਸਰਕਾਰ ਵਿਰੁੱਧ ਆਪਣੀਆਂ ਜ਼ੋਰਦਾਰ ਤਕਰੀਰਾਂ ਨਾਲ਼ ਲੋਕਾਂ ਨੂੰ ਸੰਘਰਸ਼ ਦੇ ਰਾਹ ਤੋਰਨ ਦੇ ਸਫਲ ਯਤਨ ਕੀਤੇ। ਇਸ ਦੌਰਾਨ ਉਹ ਕਈ ਵਾਰ  ਜੇਲਾਂ ‘ਚ ਵੀ ਗਏ।
ਸਿੱਖ ਧਰਮ ਦੀ ਚੜਦੀ ਕਲਾ ਵਾਸਤੇ ਅਤੇ ਸੰਘਰਸ਼ਾਂ ਦੌਰਾਨ ਲਾਏ ਜਾਂਦੇ ਮੋਰਚਿਆਂ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਸਨ। ਜਿਨਾ  ਵਿੱਚ ਪੰਜਾਬੀ ਸੂਬਾ ਮੋਰਚਾ, ਜੈਤੋ ਦਾ ਮੋਰਚਾ, ਗੁਰੂ ਕਾ ਬਾਗ ਮੋਰਚਾ ਆਦਿ ਸ਼ਾਮਲ ਹਨ। ਗਿਆਨੀ ਜੀ ਚਾਰ ਭਰਾ ਅਤੇ ਚਾਰ ਭੈਣਾਂ ਸਨ ਜਿਨਾ  ਵਿਚ ਗਿਆਨੀ ਮਿਲਖ਼ਾ ਸਿੰਘ ਸਭ ਤੋਂ ਛੋਟੇ ਸਨ। ਉਨਾ  ਦੇ ਤਿੰਨ ਭਰਾ ਫੌਜ ਵਿਚ ਸੂਬੇਦਾਰ ਸਨ। ਉਨਾ  ਦੇ ਪਿਤਾ ਵਤਨ ਸਿੰਘ ਰੇਲਵੇ ਵਿਭਾਗ ਵਿੱਚ ਨੌਕਰੀ ਕਰਦੇ ਸਨ। ਗਿਆਨੀ ਮਿਲਖ਼ਾ ਸਿੰਘ ਵਿਦਵਾਨ ਪ੍ਰਚਾਰਕ, ਨਿਧੜਕ, ਬੇਬਾਕ ਗੱਲਬਾਤ ਕਰਨ ਵਿੱਚ ਅਤੇ ਭਾਸ਼ਣ ਵਿੱਚ ਨਿਪੁੰਨਤਾ ਹਾਸਲ ਸਨ। ਉਨਾ  ਨੇ ਸਾਰੀ ਉਮਰ ਪੰਥ ਅਤੇ ਧਰਮ ਦੀ ਚੜਦੀ ਕਲਾ ਵਾਸਤੇ ਕੰਮ ਕੀਤਾ ਪਰ ਕਿਸੇ ਵੀ ਤਰਾਂ ਦੀ ਮਾਣ ਵਡਿਆਈ ਤੋ ਨਿਰਲੇਪ ਰਹੇ। ਗਿਆਨੀ ਜੀ ਬੱਬਰ ਅਕਾਲੀ ਲਹਿਰ ਵਿਚ ਵੀ ਸਰਗਰਮ ਕਾਰਕੁੰਨ ਵਜੋ ਕੰਮ ਕਰਦੇ ਰਹੇ। ਭਾਰਤ ਸਰਕਾਰ ਦੇ ਪੈਨਸ਼ਨ ਜਾਫ਼ਤਾ ਗਿਆਨੀ ਮਿਲਖ਼ਾ ਸਿੰਘ ਦੇ ਇਹਨਾਂ ਮਹਾਨ ਕਾਰਜਾਂ ਕਰਕੇ ਉਨਾ  ਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ। ਉਨਾ  ਦੇ ਪਰਿਵਾਰ ਵਿੱਚ ਸਿੱਖ ਧਰਮ ਦੇ ਪ੍ਰਚਾਰ ਵਾਸਤੇ ਉਸਾਰੂ ਯਤਨਾਂ ਨੂੰ ਅੱਗੇ ਵਧਾਉਂਦੇ ਹੋਏ ਉਨਾ  ਦੇ ਪੋਤਰੇ ਅਤੇ  ਸ. ਗੁਰਦੇਵ ਸਿੰਘ ਜੀ ਦੇ ਸਪੁੱਤਰ ਦਲਜੀਤ ਸਿੰਘ ਆਨੰਦ, ਮਨਜੀਤ ਸਿੰਘ, ਵਿਕਰਮਜੀਤ ਸਿੰਘ ਕੀਰਤਨ ਰਾਹੀਂ ਸੇਵਾ ਕਰ ਰਹੇ ਹਨ।
-ਰੇਸ਼ਮ ਕਰਨਾਣਵੀ