ਫੁੱਟਬਾਲ ਨੂੰ ਆਪਣਾ ਰਿਜ਼ਕਦਾਤਾ ਮੰਨਣ ਵਾਲਾ ਅਧਿਆਪਕ ਸੰਤੋਖ ਲਾਲ ਡੀ.ਪੀ.ਈ.
ਪਿੰਡ ਜਗਤਪੁਰ/ਬਘੌਰਾ ਦਾ ਰਿਸ਼ਤਾ ਵੱਡੇ-ਛੋਟੇ ਭਰਾਵਾਂ ਵਰਗਾ ਹੈ ਇਨਾਂ ਪਿੰਡਾਂ ਦੇ ਵਸਨੀਕਾਂ ਦਾ ਖੇਡਾਂ ਨਾਲ਼ ਮੋਹ ਦਾ ਰਿਸ਼ਤਾ ਵੀ ਜੱਗ ਜਾਹਰ ਹੈ। ਖੇਡਾਂ ਦੇ ਨਾਲ਼-ਨਾਲ਼ ਪੜਾਈ ਵਿੱਚ ਵੀ ਪੂਰੇ ਨਿਭਣਾ ਬੜਾ ਔਖਾ ਮਹਿਸੂਸ ਕੀਤਾ ਜਾਂਦਾ ਹੈ। ਪਿੰਡ ਵਿੱਚੋਂ ਹੀ ਇਸ ਦੀ ਗੁੜਤੀ ਪਿੰਡ ਦੇ ਨਾਲ਼ ਲਗਦਾ ਖੇਡ ਮੈਦਾਨ ਦੇ ਦਿੰਦਾ ਹੈ ਤੇ ਖਿਡਾਰੀ ਆਪਣੀਆਂ ਮੰਜ਼ਿਲਾਂ ਸਰ ਕਰ ਜਾਂਦੇ ਹਨ। ਪਿੰਡ ਵਿੱਚ 8 ਫਰਵਰੀ 1963 ਵਿੱਚ ਪਿਤਾ ਸ਼੍ਰੀ ਪ੍ਰਕਾਸ਼ ਰਾਮ ਅਤੇ ਮਾਤਾ ਪਿਆਰੋ ਦੇ ਘਰ ਜਨਮੇ ਸੰਤੋਖ ਲਾਲ ਹੋਰਾਂ ਨੂੰ ਵੀ ਇਹ ਚੇਟਕ ਫੁੱਟਬਾਲ ਖਿਡਾਰੀ ਕੇ ਅਧਿਆਪਕ ਗੁਰਆਿਲ ਸਿੰਘ ਹੋਰਾਂ ਵੱਲ ਦੇਖ ਕੇ ਲੱਗੀ, ਮਾਸਟਰ ਗੁਰਮੇਲ ਸਿੰਘ ਦੀ ਹੱਲਾਸ਼ੇਰੀ ਨਾਲ਼ ਹੋਰ ਬਲ ਮਿਲਿਆ। ਬਚਪਨ ਵਿੱਚ ਗਰੀਬੀ ਕਾਰਨ ਫੁੱਟਬਾਲ ਕਿੱਟ ਲੈਣ ਦੀ ਤੰਗੀ ਨੂੰ ਸ਼ੌਕ ਅੱਗੇ ਝੁਕਣਾ ਪਿਆ ਤੇ ਸੰਤੋਖ ਲਾਲ ਹੋਰਾਂ ਸਿੱਟੇ ਚੁਗ ਕੇ ਵੀ ਆਪਣੇ ਵਾਸਤੇ ਜਰਸੀ ਅਤੇ ਨਿੱਕਰਾਂ ਖਰੀਦਣ ਦੀ ਹਿੰਮਤ ਜੁਟਾਈ। ਸੰਤੋਖ ਲਾਲ ਨੇ ਪ੍ਰਾਇਮਰੀ ਅਤੇ ਹਾਈ ਸਕੂਲ ਦੀ ਪੜਾਈ ਜਗਤਪੁਰ ਦੇ ਸਕੂਲ ਤੋਂ ਕੀਤੀ ਅਤੇ ਸਕੂਲ ਦੀ ਟੀਮ ਵਲੋਂ ਪੰਜਾਬ ਪੱਧਰ ਤੱਕ ਫੁੱਟਬਾਲ ਖੇਡਿਆ। ਫਿਰ ਸਿੱਖ ਨੈਸ਼ਨਲ ਕਾਲਜ ਬੰਗਾ ਵਿੱਚ ਬੀ.ਏ. ਕਰਦੇ ਹੋਏ ਕਾਲਜ ਅਤੇ ਯੂਨੀਵਰਸਿਟੀ ਦੇ ਗੋਲਡ ਮੈਡਲ ਜਿੱਤੇ। ਫਿਰ ਡੀ.ਪੀ.ਐਡ.ਦੀ ਪੜਾਈ ਖਰੜ ਤੋਂ ਕੀਤੀ। ਫਿਰ ਐਮ.ਏ. ਸਰੀਰਕ ਸਿੱਖਿਆ ਪੰਜਾਬ ਯੂਨੀਵਰਸਿਟੀ ਤੋਂ ਕੀਤੀ।
ਪੜਾਈ ਪੂਰੀ ਕਰਕੇ 27 ਫਰਵਰੀ 1990 ਵਿੱਚ ਅਧਿਅਪਕ ਦੀ ਨੌਕਰੀ ਮੂਸੋਵਾਲ ਕਪੂਰਥਲਾ ਤੋਂ ਸ਼ੁਰੂ ਕੀਤੀ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ 12 ਸਾਲ ਅਧਿਆਪਕ ਰਹੇ। ਫਿਰ ਰਟੈਂਡਾ ਅਤੇ ਬਖਲੌਰ ਦੇ ਸਕੂਲਾਂ ਵਿੱਚ ਪੜਾ ਕੇ ਹੁਣ ਸਰਕਾਰੀ ਸੀਨਅਰ ਸੈਕੰਡਰੀ ਸਕੂਲ ਮੁਕੰਦਪੁਰ ਵਿੱਚ ਪੜਾ ਰਹੇ ਹਨ। ਇਸ ਦੌਰਾਨ ਉਨਾਂ ਨੇ ਸੂਬਾ ਪੱਧਰ ਅਤੇ ਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਹਨ। ਜਿੱਥੇ ਮਾਸਟਰ ਸੰਤੋਖ ਲਾਲ ਹੋਰਾਂ 25 ਸਾਲ ਬੱਚਿਆਂ ਨੂੰ ਪੜਾਇਆ ਉਥੇ ਆਪਣੇ ਬੱਚਿਆਂ ਨੂੰ ਵੀ ਧਰਮ ਪਤਨੀ ਕਿਰਨ ਬਾਲਾ ਦੇ ਸੁੱਘੜ ਸਾਥ ਨਾਲ਼ ਆਪਣੀ ਲੜਕੀ ਅੰਜਨਾ ਰਾਣੀ ਨੂੰ ਐਮ.ਐਸ ਸੀ. ਆਈ. ਟੀ ਕਰਵਾਈ ਹੈ। ਦੂਜੀ ਲੜਕੀ ਸੰਜਨਾ ਰਾਣੀ ਬੀ.ਐਸ ਸੀ. ਨਰਸਿੰਗ ਕਰ ਚੁੱਕੀ ਹੈ। ਲੜਕਾ ਪਰਮਿੰਦਰ ਸਿੰਘ ਅੱਠਵੀਂ ਜਮਾਤ ਦਾ ਵਿਦਿਆਰਥੀ ਹੈ। ਮਾਸਟਰ ਸੰਤੋਖ ਲਾਲ ਹੋਰਾਂ ਦਾ ਕਹਿਣ ਹੈ ਕਿ ਗਰੀਬੀ ਵਿੱਚ ਵੀ ਇਸ ਮੁਕਾਮ ਤੇ ਪਹੁੰਚਣਾ ਸਿਰਫ਼ ਫੁੱਟਬਾਲ ਕਰਕੇ ਹੀ ਸੰਭਵ ਹੋਇਆ ਹੈ। ਇਸ ਕਰਕੇ ਹੀ ਰੁਜ਼ਗਾਰ ਮਿਲਿਆ ਹੈ। ਹੁਣ ਵੀ ਆਪਣਾ ਫਰਜ਼ ਨਿਭਾ ਰਹੇ ਹਨ। ਹੁਣ ਦੇ ਮੋਬਾਇਲ, ਮੋਟਰ ਸਾਈਕਲ ਅਤੇ ਨਸ਼ੇ ਦੇ ਕਲਚਰ ਨੇ ਖੇਡਾਂ ਨੂੰ ਢਾਹ ਲਾਈ ਹੈ। ਫਿਰ ਵੀ ਇਸ ਖੇਤਰ ਵਿੱਚ ਆਪਣਾ ਕੰਮ ਤਨਦੇਹੀ ਨਾਲ਼ ਕਰ ਰਹੇ ਹਾਂ।