ਖੇਡ ਖੇਤਰ ਵਿੱਚ ਵਿਸ਼ੇਸ਼ ਯੋਗਦਾਨ
”ਨਿਰੰਜਨ ਸਿੰਘ ਯਾਦਗਾਰੀ ਪੰਚਾਇਤੀ ਰਾਜ ਖੇਡ ਸਟੇਡੀਅਮ ਪਿੰਡ ਜਗਤਪੁਰ”
ਸਮਾਜ ਨੂੰ ਸਵਰਗ ਤੋਂ ਸੋਹਣਾ ਦੇਖਣ ਦੇ ਚਾਹਵਾਨ ਕੁਝ ਸੂਝਵਾਨ ਲੋਕ ਹੀ ਇਸ ਦਾ ਮੂੰਹ ਮੱਥਾ ਸੰਵਾਰਨ ਲਈ ਆਪਣੇ ਸੁਹਿਰਦ ਯਤਨ ਕਰਦੇ ਹਨ। ਖੇਡਾਂ ਨਾਲ਼ ਮੋਹ ਪਿਆਰ ਰੱਖਣ ਵਾਲੇ ਇਸ ਪਿੰਡ ਦੀਆਂ ਜੰਮਪਲ਼ ਸਰਦਾਰ ਨਿਰੰਜਨ ਸਿੰਘ ਅਤੇ ਸਰਦਾਰ ਮੁਖਤਿਆਰ ਸਿੰਘ ਅਜਿਹੀਆਂ ਇੱਕ ਮਾਨਯੋਗ ਸਖ਼ਸ਼ੀਅਤ ਸਨ ਜਿਨਾਂ ਨੇ ਉਪਰੋਕਤ ਕਥਨ ਨੂੰ ਸਾਕਾਰ ਕਰਦੇ ਹੋਏ ਪਿੰਡ ਜਗਤਪੁਰ ਦੇ ਵਿਕਾਸ ਵਿਚ ਆਪਣਾ ਵਿਸ਼ੇਸ਼ ਯੋਗਦਾਨ ਪਾਇਆ। ਸਰਦਾਰ ਨਿਰੰਜਨ ਸਿੰਘ ਡਿਵੀਜ਼ਨਲ ਸਪੋਰਟਸ ਅਫ਼ਸਰ ਅਤੇ ਸਰਦਾਰ ਮੁਖਤਿਆਰ ਸਿੰਘ ਸਕੱਤਰ ਪੰਚਾਇਤੀ ਰਾਜ ਖੇਡ ਪ੍ਰੀਸ਼ਦ ਪੰਜਾਬ ਦੇ ਦ੍ਰਿੜ ਇਰਾਦੇ, ਉਦਮ ਅਤੇ ਸੁਚੱਜੀ ਪ੍ਰੇਰਨਾ ਸਦਕਾ ਪਿੰਡ ਵਿਚ ਇੱਕ ਵਿਸ਼ਾਲ ਸਟੇਡੀਅਮ ਉਸਾਰਨ ਦੀ ਯੋਜਨਾ ਦੀ ਤਜਵੀਜ਼ ਪੰਜਾਬ ਸਰਕਾਰ ਨੂੰ ਭੇਜੀ, ਜਿਸ ਦੀ ਮਨਜ਼ੂਰੀ ਸਰਕਾਰ ਵਲੋਂ ਦਿੱਤੀ ਗਈ। ਹਕੀਮਪੁਰ ਰੋਡ ਜਗਤਪੁਰ ਵਿਚ ਲਗਭਗ 10 ਏਕੜ ਜ਼ਮੀਨ ਤੇ ਪੰਚਾਇਤੀ ਰਾਜ ਖੇਡ ਸਟੇਡੀਅਮ ਬਣਾਇਆ ਗਿਆ।
ਇਸ ਖੇਡ ਸਟੇਡੀਅਮ ਦਾ ਨੀਂਹ ਪੱਥਰ 1971 ਵਿਚ ਤੱਤਕਾਲੀ ਕੇਂਦਰੀ ਰਾਜ ਮੰਤਰੀ ਮਾਨਯੋਗ ਰਾਮ ਨਿਵਾਸ ਮਿਰਧਾ ਨੇ ਰੱਖਿਆ। ਲਗਭਗ ਦੋ ਸਾਲ ਬਾਅਦ 1973 ਈਸਵੀ ਨੂੰ ਉਸ ਵੇਲੇ ਦੇ ਮੁੱਖ ਮੰਤਰੀ ਪੰਜਾਬ ਸਤਿਕਾਰਯੋਗ ਗਿਆਨੀ ਜ਼ੈਲ ਸਿੰਘ ਨੇ ਇਸ ਵਿਸ਼ਾਲ ਪੇਂਡੂ ਖੇਡ ਸਟੇਡੀਅਮ ਦਾ ਸ਼ੁੱਭ ਉਦਘਾਟਨ ਕਰਕੇ ਪਿੰਡ ਵਾਸੀਆਂ ਦਾ ਮਾਣ ਵਧਾਇਆ।
ਸਰਦਾਰ ਨਿਰੰਜਨ ਸਿੰਘ ਅਤੇ ਸਰਦਾਰ ਮੁਖਤਿਆਰ ਸਿੰਘ ਦੇ ਜੀਵਨ ਕਾਲ ਵਿਚ ਇਸ ਸਟੇਡੀਅਮ ਵਿਚ ਸਟੇਟ ਪੱਧਰ ਦੇ ਟੂਰਨਾਮੈਂਟ ਕਰਵਾਏ ਜਾਂਦੇ ਰਹੇ। ਉਨਾਂ ਦੋਵਾਂ ਦੀ ਬੇਵਕਤੀ ਮੌਤ ਉਪਰੰਤ ਇਹ ਸਟੇਡੀਅਮ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੋ ਗਿਆ। ਫਿਰ ਕਾਫ਼ੀ ਅਰਸੇ ਬਾਅਦ ਪਿੰਡ ਹਕੀਮਪੁਰ ਦੇ ਪੁਰੇਵਾਲ ਭਰਾਵਾਂ ਨੇ ਇਸ ਸਟੇਡੀਅਮ ਵਿਚ ਕੁਸ਼ਤੀ, ਕਬੱਡੀ, ਅਥਲੈਟਿਕਸ ਆਦਿ ਦਾ ਅੰਤਰ ਰਾਸ਼ਟਰੀ ਟੂਰਨਾਮੈਂਟ ਕਰਵਾਉਣਾ ਸ਼ੁਰੂ ਕੀਤਾ। ਜੋ ਵਿਚਾਲੇ ਜਿਹੇ ਕੁਝ ਕੁ ਸਾਲ ਬੰਦ ਰਹਿਣ ਉਪਰੰਤ ਫਿਰ ਤੋਂ ਨਿਰੰਤਰ ਚਲ ਰਿਹਾ ਹੈ। ਜਗਤਪੁਰ ਸਮੇਤ ਇਹ ਇਲਾਕਾ ਕੁਸ਼ਤੀਆਂ,ਕਬੱਡੀ ਅਤੇ ਫੁੱਟਬਾਲ ਦਾ ਗੜ ਮੰਨਿਆ ਜਾਂਦਾ ਹੈ। ਕੌਮਾਤਰੀ ਪੱਧਰ ਦੇ ਖਿਡਾਰੀ ਇਸ ਇਲਾਕੇ ਨੂੰ ਦਿੱਤੇ ਹਨ। ਸਾਡਾ ਦੁਖਾਂਤ ਹੈ ਕਿ ਕਰੋੜਾਂ ਦੀ ਸੰਪਤੀ ਖੇਡਾਂ ਲਈ ਨਿਛਾਵਰ ਕਰਨ ਦੇ ਬਾਵਜੂਦ ਇਲਾਕੇ ਨੂੰ ਇਸ ਖੇਡ ਸਟੇਡੀਅਮ ਤੋਂ ਲੋੜੀਂਦਾ ਲਾਭ ਨਸੀਬ ਨਹੀਂ ਹੋ ਰਿਹਾ।
ਇਨਾਂ ਹਾਲਾਤਾਂ ਵਿਚ ਵੀ ਪਿੰਡ ਵਿਚ ਕਾਇਮ ਮਾਈ ਭਾਗੋ ਕਬੱਡੀ ਅਕੈਡਮੀ ਜਗਤਪੁਰ ਦੀਆਂ ਖਿਡਾਰਨਾਂ ਇਸ ਸਟੇਡੀਅਮ ਵਿਚ ਅਭਿਆਸ ਕਰਕੇ ਚਾਰ ਵਾਰ ਵਿਸ਼ਵ ਕਬੱਡੀ ਕੱਪ ਜੇਤੂ ਹੋਣ ਦਾ ਸੁਭਾਗ ਹਾਸਲ ਕੀਤਾ ਹੈ। ਸਵੇਰ ਤੇ ਸ਼ਾਮ ਨੂੰ ਸੈਂਕੜੇ ਨੌਜਵਾਨ ਇੱਥੇ ਆਪਣੀ ਆਪਣੀ ਖੇਡ ਦਾ ਅਭਿਆਸ ਕਰਦੇ ਹਨ। ਪਰ ਫਿਰ ਵੀ ਜ਼ਰੂਰੀ ਸਹੂਲਤਾਂ ਦੀ ਅਣਹੋਂਦ ਕਾਰਨ ਆਪਣੀ ਪ੍ਰਤਿਭਾ ਬਣਾਉਣ ਜਾਂ ਦਿਖਾਉਣ ਤੋਂ ਅਸਮਰੱਥ ਰਹਿ ਜਾਂਦੇ ਹਨ।
ਇਸ ਬੜੇ ਵੱਡੇ ਪੇਂਡੂ ਖੇਡ ਸਟੇਡੀਅਮ ਦੀ ਸੁਯੋਗ ਤੇ ਲੋੜੀਂਦੀ ਸੰਭਾਲ ਨਹੀਂ ਹੋ ਰਹੀ ਇਸ ਕਰਕੇ ਇਸ ਦੀ ਐਸ ਵੇਲੇ ਹਾਲਾਤ ਬੜੀ ਤਰਸਯੋਗ ਅਤੇ ਚਿੰਤਾਜਨਕ ਬਣੀ ਹੋਈ ਹੈ। ਬੜੀ ਅਹਿਮ ਲੋੜ ਹੈ ਕਿ ਖੇਡ ਵਿੰਗ ਕਾਇਮ ਹੋਣੇ ਚਾਹੀਦੇ ਹਨ ਜਾਂ ਕੋਈ ਖੇਡ ਅਕੈਡਮੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਤਾਂ ਕਿ ਅਨੁਭਵੀ ਕੋਚ ਖੇਡਾਂ ਦੇ ਸ਼ੋਕੀਨ ਬੱਚਿਆਂ, ਨੌਜਵਾਨ ਲੜਕੇ, ਲੜਕੀਆਂ ਨੂੰ ਸਹੀ ਕੋਚਿੰਗ ਦੇ ਕੇ ਉਨਾਂ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਲਈ ਤਿਆਰ ਕਰ ਸਕਣ। ਖਿਡਾਰੀਆਂ ਦੇ ਅਭਿਆਸ ਤੇ ਕਸਰਤ ਕਰਨ ਦੀ ਲੋੜ ਦੀ ਪੂਰਤੀ ਹਿੱਤ ਇੱਕ ਮਿਆਰੀ ਜਿੰਮ ਦਾ ਹੋਣਾ ਵੀ ਲਾਜ਼ਮੀ ਹੈ। ਪੰਜਾਬ ਦੇ ਚੋਣਵੇਂ ਵਿਸ਼ਾਲ ਪੇਂਡੂ ਖੇਡ ਸਟੇਡੀਅਮ ਨੂੰ ਬਚਾਉਣ ਅਤੇ ਸੰਭਾਲਣ ਦੀ ਜ਼ਰੂਰਤ ਵੱਲ ਸਰਕਾਰ ਨੂੰ ਜਲਦ ਤੋਂ ਜਲਦ ਕਦਮ ਚੁੱਕਣੇ ਚਾਹੀਦੇ ਹਨ, ਤਾਂ ਜੋ ਇਸ ਸਾਂਭਣਯੋਗ ਸੰਪਤੀ ਤੋਂ ਦੇਸ਼ ਦੀਆਂ ਭਵਿੱਖ ਦੀਆਂ ਪੀੜੀਆਂ ਆਪਣਾ ਭਵਿੱਖ ਸੰਵਾਰਨ ਦੇ ਯੋਗ ਹੋ ਕੇ ਦੇਸ਼ ਦਾ ਮਾਣ ਵਧਾ ਸਕਣ।