ਸਿੱਖਿਆ ਅਤੇ ਖੇਡ ਖੇਤਰ ਦੇ ਮਾਰਗ ਦਰਸ਼ਕ ਹਨ ਮਾਸਟਰ ਗੁਰਦਿਆਲ ਸਿੰਘ
ਅਧਿਆਪਕ ਦਾ ਸਮਾਜ ਵਿੱਚ ਸਨਮਾਨਤ ਅਤੇ ਆਦਰਯੋਗ ਰੁਤਬਾ ਹੈ। ਮਾਪਿਆਂ ਤੋਂ ਬਾਅਦ ਅਧਿਆਪਕ ਹੀ ਬੱਚਿਆਂ ਦਾ ਚਾਨਣ ਮੁਨਾਰਾ ਬਣਦੇ ਹਨ। ਦੁਨੀਆਂ ਦੇ ਮਹਾਨ ਵਿਅਕਤੀਆਂ ਦੀ ਮਹਾਨਤਾ ਪਿੱਛੇ ਅਧਿਆਪਕ ਦੀ ਸਾਕਾਰਆਤਮਕ ਭੂਮਿਕਾ ਹੁੰਦੀ ਹੈ। ਇਸ ਭੂਮਿਕਾ ਦੀ ਤਰਜਮਾਨੀ ਕਰਨ ਵਾਲੀ ਸਖ਼ਸ਼ੀਅਤ ਹਨ ਮਾਸਟਰ ਗੁਰਦਿਆਲ ਸਿੰਘ ਜਿਨਾਂ ਦੇ ਅਧਿਆਪਨ ਅਤੇ ਖੇਡ ਖੇਤਰ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਪਾਇਆ ਹੈ। ਦੋਵਾਂ ਖੇਤਰਾਂ ਵਿੱਚ ਹੀਰੇ ਤਰਾਸ਼ਣ ਦਾ ਕੰਮ ਬਾਖੂਬੀ ਨਿਭਾਇਆ ਹੈ।
ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਜਗਤਪੁਰ ਵਿੱਚ 6 ਨਵੰਬਰ 1954  ਵਿੱਚ ਪਿਤਾ ਸ਼੍ਰੀ  ਕਰਮ ਚੰਦ ਅਤੇ ਮਾਤਾ ਚੰਨਣ ਕੌਰ ਦੇ ਘਰ ਜਨਮੇ ਗੁਰਦਿਆਲ ਸਿੰਘ ਬਹੁਤ ਹੀ ਗਰੀਬੀ ਵਿੱਚ ਪਲ਼ੇ, ਪੜੇ। ਦੋ ਭੈਣਾਂ ਤੇ ਦੋ ਭਰਾਵਾਂ ਸੰਤੋਖ ਸਿੰਘ ਅਤੇ ਜੀਤ ਰਾਮ ਤੋਂ ਛੋਟੇ ਗੁਰਦਿਆਲ ਸਿੰਘ ਨੇ ਤੰਗੀ ਤੁਰਸ਼ੀ ਵਾਲੇ ਮਾਹੌਲ ‘ਚ ਮਸਾਂ ਹੀ ਪੜਾੱਈ ਕਰ ਸਕਣ ਦੀ ਹਿੰਮਤ ਜੁਟਾਈ ਇਸ ਤੋਂ ਵੀ ਵਧ ਕੇ ਇੱਕ ਹੋਰ ਸ਼ੌਕ ਫੁੱਟਬਾਲ ਖੇਡਣ ਦਾ ਪਾਲ਼ਿਆ ਤੇ ਤੋੜ ਚੜਾਇਆ। ਪਹਿਲੀ ਤੋਂ ਦਸਵੀਂ ਤੱਕ ਦੀ ਪੜਾੱਈ ਪਿੰਡ ਦੇ ਸਕੂਲ ਤੋਂ ਹੀ ਕੀਤੀ ਜਿੱਥੇ  ਉਨਾਂ ਨੇ ਪਿੰਡ ਜਗਤਪੁਰ ਅਤੇ ਇਲਾਕੇ ਦੇ ਸਤਿਕਾਰਯੋਗ ਅਧਿਆਪਕ ਮਾਸਟਰ ਬਖ਼ਤਾਵਰ ਸਿੰਘ ਹੋਰਾਂ ਕੋਲ਼ੋਂ ਵੀ ਸਿੱਖਿਆ ਪ੍ਰਾਪਤ ਕੀਤੀ।ਪੜਾੱਈ ਦੇ ਨਾਲ਼-ਨਾਲ਼ ਖੇਡਾਂ ਪ੍ਰਤੀ ਉਤਸ਼ਾਹ ਅਤੇ ਸੇਧ ਖਾਸ ਤੌਰ ਤੇ ਮਾਸਟਰ ਤਰਸੇਮ ਸਿੰਘ, ਹਰਬੰਸ ਸਿੰਘ ਪੀ. ਟੀ.ਆਈ., ਹੈਡ ਮਾਸਟਰ ਹਰਬੰਸ ਸਿੰਘ ਸਹੋਤਾ ਤੋਂ ਮਿਲੀ। ਸਿੱਖ ਨੈਸ਼ਨਲ ਕਾਲਜ ਬੰਗਾ ਤੋਂ 1976 ‘ਚ ਬੀ.ਏ. ਕਰਨ  ਉਪਰੰਤ ਖਾਲਸਾ ਕਾਲਜ ਜਲੰਧਰ ਤੋਂ ਬੀ.ਐਡ. ਕੀਤੀ ਅਤੇ ਐਮ.ਏ. ਦੀ ਡਿਗਰੀ ਸਰਕਾਰੀ ਕਾਲਜ ਜਲੰਧਰ ਤੋਂ ਕੀਤੀ। ਪੜਾੱਈ ਦੌਰਾਨ ਪੰਜਾਬ ਸਟੂਡੈਂਟ ਯੂਨੀਅਨ ਦੇ ਸਰਗਰਮ ਕਾਰਕੁਨ ਵਜੋਂ ਵੀ ਮੋਹਰੀ ਭੂਮਿਕਾ ਨਿਭਾਈ। ਫੁੱਟਬਾਲ ਖੇਡਣ ਦੀ ਮੁਹਾਰਤ ਕਰਕੇ ਨੈਸ਼ਨਲ ਪੱਧਰ ਤੱਕ ਫੁੱਟਬਾਲ ਖੇਡਿਆ। ਚਾਰ ਸਾਲ ਤੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਕਪਤਾਨੀ ਵੀ ਕੀਤੀ। ਇਸ ਦੌਰਾਨ ਆਲ ਇੰਡੀਆ ਕੰਬਾਂਈਂਡ ਯੂਨੀਵਰਸਿਟੀ ਵਾਸਤੇ ਵੀ ਚੋਣ ਹੋਈ।
ਸਿੱਖਿਆ ਪ੍ਰਾਪਤੀ ਤੋਂ ਬਾਅਦ ਅਧਿਆਪਨ ਦੀ ਸ਼ੁਰੂਆਤ 24 ਮਈ 1980 ‘ਚ ਸਰਕਾਰੀ ਹਾਈ ਸਕੂਲ ਤਲਵਣ ਤੋਂ ਕੀਤੀ। 18 ਨਵੰਬਰ 1980 ਤੋਂ  ਸਰਕਾਰੀ ਹਾਈ ਸਕੂਲ ਦਿਆਲਪੁਰ ਵਿੱਚ ਦਸ ਸਾਲ ਤੱਕ ਸੇਵਾਵਾਂ ਦਿੱਤੀਆਂ। ਇਸ ਦੌਰਾਨ ਉਨਾਂ  ਦਾ ਵਿਆਹ ਸ਼੍ਰੀਮਤੀ ਸੁਰਿੰਦਰ ਕੌਰ ਨਾਲ਼ ਹੋਇਆ। 10 ਜੂਨ 1990 ਵਿੱਚ ਪਿੰਡ ਦੇ ਸਕੂਲ ਵਿੱਚ ਪੜਾੱਈ ਕਰਵਾਈ ਅਤੇ ਨਾਲ਼ ਹੀ ਕਾਰਜਕਾਰੀ ਮੁੱਖ ਅਧਿਆਪਕ ਦਾ ਕਾਰਜਭਾਰ ਵੀ ਸੰਭਾਲਿਆ। 29 ਜੁਲਾਈ 2008 ਵਿੱਚ ਬਤੌਰ ਲੈਕਚਰਰ ਬਾਬਾ ਗੋਲਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿੱਚ ਸੇਵਾ ਕਰਦਿਆਂ 30 ਨਵੰਬਰ 2011 ਨੂੰ ਸੇਵਾ ਮੁਕਤ ਹੋਏ। ਇਸ ਦੌਰਾਨ ਵਿਦਿਆਰਥੀਆਂ ਲਈ ਪੀ.ਐਸ.ਯੂ, ਅਧਿਆਪਕਾਂ ਦੇ ਹੱਕਾਂ ਲਈ ਸਰਕਾਰੀ ਟੀਚਰ ਯੂਨੀਅਨ ਪੰਜਾਬ ਦੇ ਜਿਲਾਂ ਸ਼ਹੀਦ ਭਗਤ ਸਿੰਘ ਨਗਰ ਦੇ ਸੀਨਅਰ ਵਾਇਸ ਪ੍ਰਧਾਨ ਦੇ ਤੌਰ ਤੇ ਵੀ ਕਾਰਜਸ਼ੀਲ ਰਹੇ। ਬੰਗਾ ਵਿਚ ਕਰਵਾਏ ਜਾਂਦੇ ਸ਼ਹੀਦ ਭਗਤ ਸਿੰਘ ਮੈਮੋਰੀਅਲ ਟੂਰਨਾਮੈਂਟ ਦੀ ਪ੍ਰਬੰਧਕੀ ਕਮੇਟੀ ਦੇ ਸੀ ਸੀਨਅਰ ਵਾਇਸ ਪ੍ਰਧਾਨ ਵਜੋਂ ਵੀ ਕੰਮ ਕਰ ਰਹੇ ਹਨ। ਆਪਣੇ ਅਧਿਆਪਨ ਦੇ ਕਾਰਜਕਾਲ ਦੌਰਾਨ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਅਤੇ ਯੋਗ ਅਗਵਾਈ ਕਰ ਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ। ਜਿਨਾਂ ‘ਚ ਗੁਰਪ੍ਰੀਤ ਸਿੰਘ, ਮਨਦੀਪ ਸਿੰਘ, ਪ੍ਰੇਮ ਕੁਮਾਰ ਅੰਤਰ-ਰਾਸ਼ਟਰੀ ਹੁਣ ਬੈਂਕ ਮੁਲਾਜ਼ਮ, ਨਰੇਸ਼ ਕੁਮਾਰ ਸ਼ਾਮਲ ਹਨ ਜੋ ਇੰਗਲੈਂਡ ਅਤੇ ਕਨੇਡਾ ਵੱਸ ਚੁੱਕੇ ਹਨ।
ਸਮਾਜਿਕ ਅਤੇ ਖੇਡ ਸਰਗਰਮੀਆਂ ਤਹਿਤ ਪਿੰਡ ਵਿੱਚ ਗਿਆਨੀ ਪਿਆਰਾ ਸਿੰਘ ਦੇ ਉਤਸ਼ਾਹ ਨਾਲ਼ ਨਵਯੁੱਗ ਸਪੋਰਟਸ ਕਲੱਬ ਦੀ ਸ਼ੁਰੂਆਤ 1972 ਵਿੱਚ ਕੀਤੀ। ਜਿਸ ਦਾ ਇਲਾਕੇ ਵਿੱਚ ਵੱਡਾ ਨਾਂ ਹੈ। ਮਾਸਟਰ ਗੁਰਦਿਆਲ ਸਿੰਘ ਅਤੇ ਬੂਟਾ ਸਿੰਘ ਸ਼ੇਰਗਿੱਲ ਦਾ ਇਸ ਦੀ ਤਰੱਕੀ ਵਿੱਚ ਵਿਸ਼ੇਸ਼ ਯੋਗਦਾਨ ਰਿਹਾ। ਇਸ ਕਲੱਬ ਦੇ ਤਿਆਰ ਖਿਡਾਰੀਆਂ ਵਲੋਂ ਬਹੁਤ ਸਾਰੇ ਟੂਰਨਾਮੈਂਟਾਂ ਵਿੱਚ ਭਾਗ ਲੈ ਕੇ ਜਿੱਤਾਂ ਦਰਜ ਕੀਤੀਆਂ। ਇਸ ਕਲੱਬ ਦੀ ਬਦੌਲਤ ਨੌਜਵਾਨਾਂ ਦਾ ਝੁਕਾਅ ਚੰਗੇ ਪਾਸੇ ਰਿਹਾ। ਨਵਯੁੱਗ ਕਲੱਬ ਵਲੋਂ ਪਿੰਡ ਵਾਸੀਆਂ ਤੇ ਤੇ ਵਿਦੇਸ਼ ਵਸੇ ਸੱਜਣਾਂ ਦੇ ਸਹਿਯੋਗ ਨਾਲ਼ ਟੂਰਨਾਮੈਂਟ ਕਰਵਾਇਆ ਜਾਂਦਾ ਹੈ, ਜਿਸ ਵਿੱਚ ਇਲਾਕੇ ਦੀਆਂ ਚੋਟੀ ਦੀਆਂ ਟੀਮਾਂ ਭਾਗ ਲੈਂਦੀਆਂ ਹਨ।
ਮਾਸਟਰ ਗੁਰਦਿਆਲ ਸਿੰਘ ਹੋਰੀਂ ਪਿੰਡ ਅਤੇ ਇਲਾਕੇ ਵਿੱਚ ਹੋਣ ਵਾਲੇ ਭਲਾਈ ਅਤੇ ਉਸਾਰੂ ਕੰਮਾਂ ਵਿੱਚ ਭਾਗ ਲੈ ਕੇ ਮਨ ਦਾ ਸਕੂਨ ਪ੍ਰਾਪਤ ਕਰਦੇ ਹਨ। ਸਕੂਲ ਦੀਆਂ ਗਤੀਵਿਧੀਆਂ ਸਮਾਜਿਕ ਅਤੇ ਸਾਹਿਤਕ ਸਮਾਗਮਾਂ ਵਿੱਚ ਵਧ ਚੜ ਕੇ ਹਿੱਸ ਪਾਉਂਦੇ ਹਨ। ਦੁਆਬੇ ਦੀ ਪੁਰਾਣੀ ਅਤੇ ਸਿਰਕੱਢ ਲਿਖਾਰੀ ਸਭਾ ਜਗਤਪੁਰ ਦੇ ਮੈਂਬਰ ਵਜੋਂ ਕੰਮ ਕਰਦੇ ਹੋਏ ਮਾਸਟਰ ਬਖ਼ਤਾਵਰ ਸਿੰਘ ਅਤੇ ਮਹਿੰਦਰ ਸਿੰਘ ਦੁਸਾਂਝ  ਦੀ ਰਹਿਨੁਮਾਈ ਵਿੱਚ ਪੰਜਾਬ ਪੱਧਰ ਦੇ ਵੱਡੇ ਸਾਹਿਤਕ ਸਮਾਗਮ ਕਰਵਾਉਂਦੇ ਰਹੇ ਹਨ। ਜਿਨਾਂ ਵਿੱਚ ਪੰਜਾਬ ਦੇ ਸਿਰਮੌਰ ਸਾਹਿਤਕਾਰ ਸ਼ਿਰਕਤ ਕਰਦੇ ਰਹੇ ਹਨ।
ਸੇਵਾ ਮੁਕਤ ਹੋਣ ਤੋਂ ਬਾਅਦ ਰੁਝੇਵੇਂ ਸਗੋਂ ਹੋਰ ਵੀ ਵਧ ਗਏ ਹਨ ਜੋ ਇੱਕ ਜਿੰਮੇਂਵਾਰ ਵਿਅਕਤੀ ਲਈ ਸੁਭਾਵਿਕ ਹੈ। ਹੋਰ ਜਿੰਮੇਵਾਰੀਆ ਦੇ ਨਾਲ਼-ਨਾਲ਼ ਪਰਿਵਾਰ ਵਿੱਚ ਸਮਤੋਲ ਬਣਾ ਕੇ ਚੱਲਣ ਵਾਲੇ ਮਾਸਟਰ ਗੁਰਦਿਆਲ ਸਿੰਘ ਦੇ ਧਰਮ ਪਤਨੀ ਸੁਰਿੰਦਰ ਕੌਰ ਵੀ ਅਧਿਆਪਕ ਹਨ। ਇਨਾਂ ਦੀ ਵੱਡੀ ਲੜਕੀ ਲਵਦੀਪ ਕੌਰ ਅਸਟ੍ਰੇਲੀਆ ਵਸੀ ਹੋਈ ਹੈ। ਛੋਟੀ ਲੜਕੀ ਨਵਦੀਪ ਕੌਰ ਜੀ. ਐਨ. ਐਮ. ਦੀ ਪੜਾੱਈਕਰਕੇ ਢਾਹਾਂ ਕਲੇਰਾਂ ਵਿਖੇ ਬਤੌਰ ਸਟਾਫ਼ ਨਰਸ ਕੰਮ ਕਰ ਰਹੀ ਹੈ। ਲੜਕਾ ਨਵਜੋਤ ਸਿੰਘ ਅਸਟ੍ਰੇਲੀਆ ‘ਚ ਐਮ. ਟੈਕ ਦੀ ਉਚੇਰੀ ਪੜਾੱਈ ਕਰ ਰਿਹਾ ਹੈ। ਮਾਸਟਰ ਗੁਰਦਿਆਲ ਸਿੰਘ ਦੇ ਜੀਵਨ ਦੇ ਲੰਬੇ ਸੰਘਰਸ਼ ਅਤੇ ਘਾਲÎਣਾ ਖੇਡਾਂ ਵਿੱਚ ਪਾਏ ਪੂਰਨਿਆਂ ਤੋਂ ਪ੍ਰੇਰਨਾ ਲੈ ਕੇ ਨਵੀਂ ਪੀੜੀ ਆਪਣੀ ਜ਼ਿੰਦਗੀ ਦੇ ਅਕੀਦੇ ਅਤੇ ਸੰਕਲਪ ਲੈ ਕੇ ਸਫਲਤਾ ਪ੍ਰਾਪਤ ਕਰ ਸਕਦੀ ਹੈ।

 

gurdial04 - Copy gurdial99 - Copy gurudial 06 - Copy gurudial0 - Copy gurudial01 - Copy gurudial1 - Copy gurudial02 - Copy gurudial2 - Copy gurudial3 - Copy gurudial4 - Copy gurudial6 - Copy gurudial6 gurudial07 - Copy gurudial07 gurudial7 gurudial88 - Copy gurudial88 gurudial99 gurudial777