ਬਾਬਾ ਲੱਖਦਾਤਾ ਪੀਰ ਨਾਲ਼ ਸਬੰਧਤ ਅਸਥਾਨ ਬਾਬਾ ਰਾਮ ਚੰਦ ਜੀ ਜਗਤਪੁਰ
ਪੰਜਾਬ ਦੀ ਸੱਭਿਆਚਾਰਕ ਲੋਕ ਧਾਰਾ ਵਿਚ ਲੋਕਾਂ ਦੇ ਵਿਸ਼ਵਾਸ਼, ਆਸਥਾ ਅਤੇ ਮਾਨਤਾਵਾਂ ਦਾ ਵਿਲੱਖਣ ਸਥਾਨ ਹੈ। ਵੱਖ ਵੱਖ ਧਾਰਮਿਕ ਅਤੇ ਸਮਾਜਿਕ ਪਹਿਲੂਆਂ ਨਾਲ਼ ਜੁੜੀਆਂ ਧਾਰਨਾਵਾਂ ਦੀ ਲੋਕਾਂ ਦੇ ਮਨਾਂ ਤੇ ਅਮਿਟ ਛਾਪ ਪਈ ਹੋਈ ਹੈ। ਪੰਜਾਬ ਵਿਚ ਲੱਖ ਦਾਤਾ ਪੀਰ, ਸਖ਼ੀ ਸੁਲਤਾਨ ਅਤੇ ਲਾਲਾਂ ਵਾਲੇ ਪੀਰ ਦਾ ਨਾਮ ਨਾਲ਼ ਆਸਥਾ ਦਾ ਪ੍ਰਤੀਕ ਬਣੇ ਬਾਬਾ ਜੀ ਦਾ ਪਿਛੋਕੜ ਬਗਦਾਦ ਇਰਾਕ ਦਾ ਦੱਸਿਆ ਜਾਂਦਾ ਹੈ। ਸਈਅਦ ਅਹਿਮਦ ਸਖ਼ੀ ਸਰਵਰ ਲਾਲਾਂ ਵਾਲੇ ਪੀਰ, ਹਜ਼ਰਤ ਜੈਬਨ ਉਲ ਅਬੀਦੀਨ ਅਤੇ ਮਾਤਾ ਆਇਸ਼ਾ ਦੇ ਸਪੁੱਤਰ ਸਨ। ਪ੍ਰਚੱਲਤ ਦੰਦ ਕਥਾਵਾਂ ਮੁਤਾਬਕ ਉਹ ਮੁਲਤਾਨ ਨੇੜੇ ਸ਼ਾਹਕੋਟ ਪਾਕਿਸਤਾਨ ਵਿਖੇ ਰਹਿੰਦੇ ਸਨ। ਲੱਖ ਦਾਤਾ ਜੀ ਹੋਰ ਸਥਾਨਾਂ ਦੀ ਯਾਤਰਾ ਕਰਦੇ ਹੋਏ ਹਿਮਾਚਲ ਪ੍ਰਦੇਸ਼ ਦੇ ਜਿਲਾਂ ਊਨਾ ‘ਚ ਭਿਗੋਰੇ ਨਿਗਾਹੇ ਆਏ ਸਨ। ਜਿੱਥੋਂ ਉਹਨਾਂ ਨੇ ਪਿੰਡ ਰੱਤੇਵਾਲ ਜਿਲਾਂ ਸ਼ਹੀਦ ਭਗਤ ਸਿੰਘ ਨਗਰ ਤੋਂ ਲੈ ਕੇ ਮੁਲਤਾਨ ਦੇ ਡੇਰਾ ਗਾਜ਼ੀਖਾਨ ਤੱਕ ਵੱਖ  ਵੱਖ ਪੜਾਵਾਂ ਤੇ ਆਪਣੇ ਨਿਸ਼ਾਨ ਅਤੇ ਚੌਕੀਆਂ ਸਥਾਪਤ ਕੀਤੀਆਂ। ਜਿਨਾਂ ‘ਚ ਸਮੇਂ ਸਮੇਂ ਵਾਧਾ ਹੁੰਦਾ ਰਿਹਾ। ਸਭ ਤੋਂ ਵੱਡਾ ਪੜਾਅ 9 ਦਿਨ ਦੀ ਚੌਂਕੀ ਮੁਕੰਦਪੁਰ ਵਿਖੇ ਲਗਦੀ ਹੈ। ਜਿਸ ਦਾ ਪਿਛੋਕੜ ਪਿੰਡ ਜਗਤਪੁਰ ਜਿਲਾਂ ਸ਼ਹੀਦ ਭਗਤ ਸਿੰਘ ਨਗਰ ਨਾਲ਼ ਜੁੜਦਾ ਹੈ। ਕੋਈ ਅੱਠ ਦਹਾਕਿਆਂ ਤੋਂ ਇਹ ਮੇਲਾ ਲੱਗ ਰਿਹਾ ਹੈ। ਹੁਣ ਵੀ ਜਗਤਪੁਰ ਵਿਖੇ ਮੱਥਾ ਟੇਕਣ ਤੋਂ ਬਾਅਦ ਮੁਕੰਦਪੁਰ ਮੇਲੇ ਦੀ ਸ਼ੁਰੂਆਤ ਹੁੰਦੀ ਹੈ। ਜਗਤਪੁਰ ਵਿਚ ਵੀ 9 ਦਿਨ ਇਹ ਮੇਲਾ ਬਾਬਾ ਰਾਮ ਚੰਦ ਜੀ ਦੇ ਅਸਥਾਨ ਤੇ ਲਗਦਾ ਹੈ।
ਬਾਬਾ ਰਾਮ ਚੰਦ ਜੀ ਪਿੰਡ ਜਗਤਪੁਰ ਦੇ ਵਸਨੀਕ ਅਤੇ ਜੱਟ ਕਿਸਾਨ ਸਨ। ਬਾਬਾ ਰਾਮ ਚੰਦ ਵੀ ਭਗਤੀ ਭਾਵਨਾ ਵਾਲੇ ਸਨ। ਬਾਬਾ ਰਾਮ ਚੰਦ ਕੋਲ਼ ਇੱਕ ਘੋੜੀ ਹੋਇਆ ਕਰਦੀ ਸੀ। ਜਿਸ ਨੇ ਕਾਫੀ ਦੇਰ ਤੋਂ ਬਛੇਰਾ ਨਹੀਂ ਸੀ ਦਿੱਤਾ। ਇੱਕ ਵਾਰ ਮਾਘ ਮਹੀਨੇ ਰੱਤੇਵਾਲ ਤੋਂ ਚੱਲੇ ਤੋਗਾਂ ਦਾ ਚਾਲੇ (ਯਾਤਰਾ) ਵਲੋਂ ਜਗਤਪੁਰ ਵਿਖੇ ਪੜਾਅ ਕੀਤਾ। ਬਾਬਾ ਰਾਮ ਚੰਦ ਨੇ ਉਹਨਾਂ ਦੇ ਦੱਸਣ ਮੁਤਾਬਕ ਕਿ ਇੱਥੋਂ ਮੰਗੀ ਹਰ ਮੁਰਾਦ ਪੂਰੀ ਹੁੰਦੀ ਹੈ ਇਹ ਮੰਨਤ ਮੰਗੀ ਸੀ ਕਿ ਉਹਨਾਂ ਦੀ ਘੋੜੀ ਬਛੇਰਾ ਦੇਵੇ ਤਾਂ ਉਹਨਾਂ ਨੇ ਸਵਾ ਰੁਪਏ ਅਤੇ ਗੁੜ / ਦੀ ਸੁੱਖਣਾ ਸੁੱਖੀ, ਭਰਾਈਆਂ ਨੇ ਟਾਹਰ ਦੁਆ ਕੀਤੀ। ਅਗਲੇ ਸਾਲ ਸੁੱਖਣਾ ਪੂਰੀ ਹੋ ਗਈ। ਉਹਨਾਂ ਨੇ ਸ਼ਰਤ ਇਹ ਰੱਖੀ ਸੀ ਕਿ ਲੱਖਦਾਤਾ ਪੀਰ ਆਪ ਉਸ ਬਛੇਰੇ ਦੀ ਲਗਾਮ ਫੜਨ। ਅਗਲੇ ਸਾਲ ਆਏ ਚਾਲੇ ਤੇ ਉਹਨਾਂ ਇੱਕ ਹੋਰ ਬਛੇਰੇ ਦੀ  ਸੁੱਖਣਾ ਸੁੱਖੀ ਤੇ ਕਿਹਾ ਕਿ ਇਹ ਬਛੇਰਾ ਮੈਂ ਆਨੰਦਪੁਰ ਸਾਹਿਬ ਵੀ ਭੇਂਟ ਕਰਨਾ ਹੈ। ਸੁੱਖਣਾ ਪੂਰੀ ਹੋ ਗਈ। ਬਾਬਾ ਰਾਮ ਚੰਦ ਜੀ ਦੇ ਦਰਬਾਰ ਵਿਚ ਸੇਵਾ ਕਰ ਰਹੇ ਉਹਨਾਂ ਦੇ ਪਰਿਵਾਰ ਦੀ 16ਵੀਂ ਪੀੜੀ  ਦੀ ਮੈਂਬਰ ਜਸਵਿੰਦਰ ਕੌਰ ਨੇ ਦੱਸਿਆ ਕਿ ਉਹ ਬਾਬਾ ਲੱਖ ਦਾਤਾ ਪੀਰ ਦੇ ਦਰਬਾਰ ਮੁਲਤਾਨ ਦੋ ਵਾਰ ਗਏ ਪਰ ਵਾਪਸ ਮੁੜਦੇ ਰਹੇ। ਤੀਜੀ ਵਾਰ ਬਾਬਾ ਜੀ ਨੇ ਸਿਪਾਹੀ ਦੇ ਰੂਪ ਚ ਦਰਸ਼ਨ ਦੇ ਕੇ ਉਹਨਾਂ ਨੇ ਆਨੰਦਪੁਰ ਦੀ ਧਰਤੀ ਤੇ ਆਪੋ ਆਪਣੇ ਦੋਵੇਂ ਬਛੇਰੇ ਭੇਂਟ ਕਰਨ ਲਈ ਕਿਹਾ। ਉਥੇ ਹੀ ਇਹ ਬਛੇਰੇ ਕਬੂਲ ਕੀਤੇ ਗਏ ਸਨ। ਬਾਬਾ ਰਾਮ ਚੰਦ ਜੀ ਅਤੇ ਉਹਨਾਂ ਦੀ ਪਤਨੀ ਕਜਲੀ ਦਾ ਆਤਮਕ ਮੇਲ ਬਾਬਾ ਲੱਖ ਦਾਤਾ ਜੀ ਨਾਲ਼ ਹੋਇਆ ਤਾਂ ਇੱਥੇ ਦਾ 9 ਦਿਨ ਦਾ ਪੜਾਅ ਮਨਜ਼ੂਰ ਹੋਇਆ। ਬਾਬਾ ਰਾਮ ਚੰਦ ਜੀ ਦੇ ਤਿੰਨ ਪੁੱਤਰ ਰਾਜਾ, ਭਾਗਾ ਅਤੇ ਬਾਘਾ ਸਨ। ਪਿੰਡ ਵਿਚ ਬਾਬਾ ਜੀ ਦੇ  ਇਹਨਾਂ ਤਿੰਨਾਂ ਪੁੱਤਰਾਂ ਦੀ ਯਾਦ ਵਿਚ ਉਹਨਾਂ ਦੇ ਨਾਮ ਤੇ ਖੂਹ ਲਗਾਏ ਗਏ ਹਨ।
ਪਿੰਡ ਜਗਤਪੁਰ ਵਿਚ ਇਹ ਮੇਲਾ  ਬੜੀ ਧੂਮ ਧਾਮ ਨਾਲ਼ ਮਨਾਇਆ ਜਾਂਦਾ ਹੈ। ਜਿਸ ਦੀ ਅਗਵਾਈ ਅਤੇ ਪ੍ਰਬੰਧ ਪਹਿਲਾਂ ਕਰਤਾਰ ਸਿੰਘ, ਦਾਸ ਸਿੰਘ ਅਤੇ ਤੇਜਾ ਸਿੰਘ ਤਿੰਨ ਭਰਾ ਕਰਦੇ ਸਨ ਫਿਰ ਤੇਜਾ ਸਿੰਘ ਦੇ ਪੁੱਤਰ ਸੰਤੋਖ ਸਿੰਘ ਅਤੇ ਮਨਜੀਤ ਕੌਰ ਦੇ ਸਪੁੱਤਰ ਮੌਜੂਦਾ ਸੇਵਾਦਾਰ ਸੁਖਵਿੰਦਰ ਸਿੰਘ ਕਰ ਰਹੇ ਹਨ। ਪਰਿਵਾਰ ਦੇ ਦੱਸਣ ਮੁਤਾਬਕ ਸੁਖਵਿੰਦਰ ਸਿੰਘ ਬਾਬਾ ਜੀ ਦੀ 16 ਵੀਂ ਪੀੜੀ  ‘ਚੋਂ ਹਨ। ਸੁਖਵਿੰਦਰ ਸਿੰਘ ਦੀਆਂ ਤਿੰਨ ਭੂਆ ਗੁਰਮੀਤ ਕੌਰ, ਸੁਰਜੀਤ ਕੌਰ, ਕਸ਼ਮੀਰ ਕੌਰ ਚਾਚਾ ਸੁਰਿੰਦਰ ਸਿੰਘ ਹਨ।  ਜਸਵਿੰਦਰ ਕੌਰ ਅਤੇ ਜਸਵੀਰ ਕੌਰ ਭੈਣਾਂ ਹਨ। ਮਾਘ ਦੀ ਸੰਗਰਾਂਦ ਤੋਂ 2 ਦਿਨ ਪਹਿਲਾਂ ਬਾਬਾ ਜੀ ਨਾਲ਼ ਸਬੰਧਤ ਕੋਠੀ ਵਿਚ ਪਾਈਆਂ ਰਸਦਾਂ ਵਿਚੋਂ ਮੇਲੇ ਦੇ ਲੰਗਰ ਦੀ ਸ਼ੁਰੂ ਕੀਤਾ ਜਾਂਦਾ ਹੈ। ਜੋ 9 ਦਿਨ ਅਤੁੱਟ ਚਲਦਾ ਹੈ। 16 ਫਰਵਰੀ ਨੂੰ ਪਿੰਡ ਵਿਚ ਨਗਰ ਕੀਰਤਨ ਹੁੰਦਾ ਹੈ, 17 ਨੂੰ ਰੇੜਾ ਘੋੜਾ ਦੌੜ, 18 ਨੂੰ ਬੈਲ ਗੱਡੀਆਂ ਦੀ ਦੌੜ, 19 ਨੂੰ ਹਲਟੀ ਦੌੜਾਂ,20 ਨੂੰ ਮਹਿਫ਼ਲ ਹੁੰਦੀ ਹੈ। ਮੇਲਾ ਪੂਰੇ  ਦਿਨ ਚਲਦਾ ਹੈ।
ਬਾਬਾ ਰਾਮ ਚੰਦ ਜੀ ਦੇ ਅਸਥਾਨ ਕਰੀਬ ਡੇਢ ਏਕੜ ਜ਼ਮੀਨ ਹੈ। ਜਿੱਥੇ ਬਹੁਤ ਆਲੀਸ਼ਾਨ ਇਮਾਰਤ ਦੀ ਉਸਾਰੀ ਕੀਤੀ ਗਈ ਹੈ। ਇਸ ਅਸਥਾਨ ਦੀ ਸੇਵਾ ਮੁੱਖ ਸੇਵਾਦਾਰ ਸੁਖਵਿੰਦਰ ਸਿੰਘ ਕਰ ਰਹੇ ਅਤੇ ਉਹਨਾਂ ਦੇ ਪਰਿਵਾਰ ਦਾ ਵੀ ਪੂਰਾ ਸਹਿਯੋਗ ਦਿੰਦਾ ਹੈ। ਪਿੰਡ ਦੇ ਪਤਵੰਤਿਆਂ ਵਲੋਂ ਬਾਬਾ ਰਾਮ ਵੈਲਫੇਅਰ ਕਮੇਟੀ ਦਾ ਵੀ ਗਠਨ ਕੀਤਾ ਹੋਇਆ ਹੈ। ਜਿਸ ਦੇ ਪ੍ਰਧਾਨ ਸੁਰਜੀਤ ਸਿੰਘ,ਉਪ ਪ੍ਰਧਾਨ ਬੂਟਾ ਸਿੰਘ ਸ਼ੇਰਗਿੱਲ, ਸਕੱਤਰ ਬੂਟਾ ਸਿੰਘ ਪੰਚ ਵਿੱਤ ਸਕੱਤਰ ਦਿਲਾਵਰ ਸਿੰਘ ਬਿੱਟੂ, ਸਹਾਇਕ ਵਿੱਤ ਸਕੱਤਰ ਰਣਜੀਤ ਸਿੰਘ, ਗੁਦਾਵਰ ਸਿੰਘ, ਸੋਨੂੰ ਢੰਡਵਾਲ, ਕਮਲ ਪੰਡਤ, ਰਸ਼ਪਾਲ ਸਿੰਘ ਪੋਲਾ, ਰਾਮ ਕਿਸ਼ਨ ਢੰਡਵਾਲ ਆਦਿ ਮੈਂਬਰ ਹਨ।
ਬਾਬਾ ਰਾਮ ਚੰਦ ਜੀ ਦੇ ਨਾਮ ‘ਤੇ ਇੱਕ ਸੰਸਥਾ ਇਟਲੀ ਵਿਚ ਵੀ ਬਣਾਈ ਗਈ ਹੈ। ਬਾਬਾ ਰਾਮ ਚੰਦ ਸਮਾਜ ਭਲਾਈ ਮੰਚ ਮੁਕੰਦਪੁਰ ਵੀ ਕਾਰਜਸ਼ੀਲ ਹੈ।

 

baba-ram1 baba-ram-2