ਸਤਿ, ਸਾਧਨਾ, ਸੇਵਾ ਅਤੇ ਸਿਮਰਨ ਦਾ ਰੂਹਾਨੀ ਕੇਂਦਰ : ਡੇਰਾ ਪ੍ਰੇਮ ਪੁਰਾ ਜਗਤਪੁਰ/ਬਘੌਰਾਂ
ਲੋਕਾਈ ਵਿਚ ਸਤਿਕਾਰਤ ਰੁਤਬਾ, ਅਹਿਮ ਸਖ਼ਸ਼ੀਅਤ ਦੇ ਰੂਪ ਵਿਚ ਦ੍ਰਿਸ਼ਟੀਮਾਨ ਹੋਣ ਅਤੇ ਅਲਹਿਦਾ ਵਿਚਰਨ ਵਾਲੇ ਮਹਾਨ ਵਿਅਕਤੀ ਹੀ ਸਮਾਜ ਦਾ ਮੂੰਹ ਮੱਥਾ ਸੰਵਾਰਨ ਅਤੇ ਸੇਧ ਦੇਣ ਦੇ ਯੋਗ ਹੁੰਦੇ ਹਨ। ੳੱਚ ਆਤਮਕ ਅਵਸਥਾ, ਸਦਾਚਾਰਕ ਅਤੇ ਅਧਿਆਤਮਕ ਗੁਣਾਂ ਦੇ ਧਾਰਨੀ ਹੋਣ ਕਰਕੇ ਸੰਗਤਾਂ ਨੂੰ ਨਾਮ ਸਿਮਰਨ ਪਰਮਾਤਮਾ ਦੇ ਲੜ ਲਾ ਕੇ ਸੰਗਤਾਂ ਨੂੰ ਆਪਣਾ ਜੀਵਨ ਸਫਲਾ ਕਰਨ ਦਾ ਸੰਦੇਸ਼ ਦਿੰਦੇ ਹਨ। ਅਜਿਹੀਆਂ ਅਜ਼ੀਮ ਧਾਰਮਿਕ ਸਖ਼ਸ਼ੀਅਤਾਂ ਹੀ ਡੇਰਾ ਪ੍ਰੇਮਪੁਰਾ ਜਗਤਪੁਰ ਬਘੌਰਾਂ ਦੀਆਂ ਸਰਪ੍ਰਸਤ ਰਹੀਆਂ ਹਨ ਅਤੇ ਹੁਣ ਮੁੱਖ ਸੇਵਾਦਾਰ ਸੰਤ ਪਰਗਣ ਦਾਸ ਜੀ ਮਹਾਰਾਜ ਡੇਰੇ ਦੀ ਸੇਵਾ ਨਿਭਾ ਰਹੇ ਹਨ।
ਡੇਰਾ ਪ੍ਰੇਮਪੁਰਾ ਜਗਤਪੁਰ/ਬਘੌਰਾਂ ਸੰਤ ਸਤਿਗੁਰੂ ਕਬੀਰ ਜੀ ਮਹਾਰਾਜ ਜੀ ਦੀ ਵਰੋਸਾਈ ਪਰੰਪਰਕ ਰੂਹਾਨੀ ਧਾਰਾ ਦੀ ਉਪਜ ਇੱਕ ਭਰ ਵਗਦਾ ਨਿਰਮਲ ਚਸ਼ਮਾ ਹੈ। ਸਤਿਗੁਰ ਕਬੀਰ ਸਾਹਿਬ ਜੀ ਦੀ ਅਧਿਆਤਮਕ ਵਿਚਾਰਧਾਰਾ ਤੇ ਫਲਸਫ਼ੇ ਤੋਂ ਪ੍ਰਭਾਵਿਤ ਹੋ ਕੇ ਉਸ ਦਾ ਸਮਾਜ ਵਿਚ ਪ੍ਰਚਾਰ ਕਰਨ ਲਈ ਘੀਸਾ ਸੰਤ ਜੀ ਨੇ ਇਹ ਮਹਾਨ ਕਾਰਜ ਆਪਣੇ ਵਲੋਂ ਆਰੰਭਿਆ। ਉਤਰ ਪ੍ਰਦੇਸ਼ ਦੇ ਜਿਲਾਂ ਲੱਖਪਤ ਦੇ ਪਿੰਡ ਖੇਖੜਾ ਦੇ ਜੰਮਪਲ਼ ਘੀਸਾ ਸੰਤ ਜੀ ਮਹਾਰਾਜ ਦਾ ਜਨਮ 1804 ਈ : ਨੂੰ ਹੋਇਆ ਸੀ। ਘੀਸਾ ਸੰਤ ਜੀ ਨੇ ਇਸ ਵਿਚਾਰਧਾਰਾ ਨੂੰ ਜਨ ਜਨ ਤੱਕ ਪਹੁੰਚਾਉਣ ਹਿੱਤ ਆਪਣਾ ਜੀਵਨ ਲੇਖੇ ਲਾਇਆ। ਉਹਨਾਂ ਦੇ 1867 ਈ :ਨੂੰ ਪ੍ਰਲੋਕ ਗ਼ਮਨ ਕਰ ਜਾਣ ਤੋਂ ਬਾਅਦ ਉਹਨਾਂ ਦੇ ਉਤਰ ਅਧਿਕਾਰੀ ਸੇਵਕ ਸੰਤ ਨੇਕੀ ਰਾਮ ਜੀ ਹੋਰਾਂ ਨੇ ਇਸ ਸੇਵਾ ਨੂੰ ਅੱਗੇ ਵਧਾਇਆ। ਸੰਤ ਨੇਕੀ ਰਾਮ ਜੀ ਦਾ ਜਨਮ 1846 ਈ : ਨੂੰ ਹਰਿਆਣਾ ਦੇ ਸੋਨੀਪਤ ਜਿਲਾਂ ਦੇ ਪਿੰਡ ਨਾਹਰੀ ਵਿਚ ਹੋਇਆ। ਉਹਨਾਂ ਨੇ ਵੀ ਇਸ ਸੰਤ ਮਾਰਗ ਤੇ ਚਲਦਿਆਂ ਆਪਣਾ ਫ਼ਰਜ਼ ਜ਼ਿੰਦਗੀ ਭਰ ਨਿਭਾਇਆ। ਉਹਨਾਂ ਦੇ ਸੰਨ 1911ਈ : ਨੂੰ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਉਹਨਾਂ ਤੋਂ ਅੱਗੇ ਸੰਤ ਸਤਿਗੁਰਾਂ ਦੀ ਬਾਣੀ ਦੇ ਪਰਵਾਹ ਨੂੰ ਪੰਜਾਬ ਦੇ ਜਿੱਲਾ ਜਲੰਧਰ ਦੇ ਪਿੰਡ ਘੁਢਿਆਲ ਵਿਚ 1874 ਨੂੰ ਜਨਮੇ ਸੰਤ ਈਸ਼ਰ ਦਾਸ ਜੀ ਮਹਾਰਾਜ ਜੀ ਨੇ ਅੱਗੇ ਵਧਾਇਆ।
ਸੰਤ ਈਸ਼ਰ ਦਾਸ ਜੀ ਨੇ ਆਪਣੇ ਜੀਵਨ ਕਾਲ ਵਿਚ ਦੋ ਡੇਰੇ ਸਥਾਪਿਤ ਕੀਤੇ। ਪਹਿਲਾ ਡੇਰਾ ”ਡੇਰਾ ਰਾਮਪੁਰਾ” ਪਿੰਡ ਮੇਘੋਵਾਲ ਜਿੱਲਾ ਹੁਸ਼ਿਆਰਪੁਰ ਪੰਜਾਬ ਵਿਚ ਸਥਿਤ ਹੈ। ਦੂਸਰਾ ਡੇਰਾ ”ਡੇਰਾ ਪ੍ਰੇਮਪੁਰਾ” ਜਗਤਪੁਰ/ਬਘੋਰਾਂ ਜਿੱਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਜਗਤਪੁਰ ਤੋਂ ਲਿਦੜ ਕਲਾਂ ਵੱਲ ਜਾਂਦੇ ਮਾਰਗ ਦੇ ਵਿਚਕਾਰ ਖੱਬੇ ਪਾਸੇ ਸੁਸ਼ੋਭਿਤ ਹੈ। ਇਸ ਅਸਥਾਨ ਤੇ ਸੰਤ ਈਸ਼ਰ ਦਾਸ ਜੀ ਦੇ ਸੇਵਕ ਸਾਧੂ ਬੀਰ ਦਾਸ ਜੀ ਇੱਕ ਕੁਟੀਆ ਵਿਚ ਰਿਹਾ ਕਰਦੇ ਸਨ। ਪਿੰਡ ਜਗਤਪੁਰ, ਬਘੌਰਾਂ, ਝਿੰਗੜਾਂ ਅਤੇ ਹੋਰ ਆਸ ਪਾਸ ਦੇ ਪਿੰਡਾਂ ਦੇ ਲੋਕ ਉਹਨਾਂ ਦੀ ਸੰਗਤ ਕਰਿਆ ਕਰਦੇ ਸਨ। ਉਹਨਾਂ ਦਾ ਕਹਿਣ ਸੀ,” ਮੇਰੇ ਕੋਲ਼ ਕੋਈ ਬਾਹਰੀ ਤਾਕਤ ਨਹੀਂ ਹੈ, ਜੋ ਕੁਝ ਵੀ ਮੇਰੇ ਕੋਲ਼ ਗਿਆਨ ਹੈ ਉਹ ਮੇਰੇ ਸਤਿਗੁਰ ਜੀ ਦਾ ਹੀ ਹੈ। ਜੋ ਮੁਕਤੀ ਦਾਤੇ ਅਤੇ ਸਰਬ ਸੁੱਖਾਂ ਦੇ ਸਾਗਰ ਹਨ।” ਉਸ ਸਮੇਂ ਸੰਤ ਈਸ਼ਰ ਦਾਸ ਜੀ ਪਿੰਡ ਘੁਢਿਆਲ ਜਲੰਧਰ ਦੇ ਸਮਸ਼ਾਨ ਘਾਟ ਦੇ ਕੋਲ਼ ਬਣੇ ਸਨਾਤਨੀ ਮੱਟ ਵਿਚ ਰਿਹਾ ਕਰਦੇ ਸਨ ਅਤੇ ਪਿੰਡ ਮੇਘੋਵਾਲ ਵਿਖੇ ਡੇਰਾ ਰਾਮਪੁਰਾ ਸਾਹਿਬ ਦੀ ਸਥਾਪਨਾ ਕਰਵਾ ਰਹੇ ਸਨ। ਸੰਤ ਬੀਰ ਦਾਸ ਜੀ ਦੇ ਸ਼ਰਧਾਲੂ ਸੇਵਕਾਂ ਦੀ ਗਿਣਤੀ ਵਿਚ ਚੋਖਾ ਵਾਧਾ ਹੋਇਆ। ਉਹਨਾਂ ਵਿਚ ਬੀਬੀ ਰਲ਼ੀ ਜੀ ਜੋ ਜਗਤਪੁਰ ਦੇ ਵਸਨੀਕ ਸਨ ਉਹਨਾਂ ਨੇ ਆਪਣੀ ਜ਼ਮੀਨ ਵਿੱਚੋਂ ਇੱਕ ਪਲਾਟ ਦੀ ਸੇਵਾ ਡੇਰੇ ਵਾਸਤੇ ਕੀਤੀ। ਸੰਤ ਈਸ਼ਰ ਜੀ ਨੇ ਇੱਥੇ ਡੇਰੇ ਦੀ ਮੁੱਢਲੀ ਇਮਾਰਤ ਆਪ ਤਿਆਰ ਕਰਵਾਈ। 1936 ਈ : ਬਿਕਰਮੀ ਸੰਮਤ 1994 ਵਿਚ ਡੇਰੇ ਦੀ ਸਥਾਪਨਾ ਕੀਤੀ ਅਤੇ ਡੇਰੇ ਨੂੰ ਪ੍ਰੇਮਪੁਰਾ ਦਾ ਨਾਮ ਦਿੱਤਾ। ਸੰਤ ਈਸ਼ਰ ਦਾਸ ਜੀ ਨੇ ਘੀਸਾ ਸੰਤ ਜੀ ਦੀ ਉਚਾਰਨ ਕੀਤੀ ਹੋਈ ਦਰਗਾਹੀ ਬਾਣੀ ਨੂੰ ਆਪਣੇ ਹੱਥੀਂ ਪੰਜਾਬੀ ਭਾਸ਼ਾ ਵਿਚ ਕਲਮਬੱਧ ਕਰਕੇ ਇੱਕ ਸੰਗ੍ਰਹਿ ਗ੍ਰੰਥ ਦੇ ਰੂਪ ਵਿਚ ਛਪਵਾਇਆ। ਸੰਤ ਈਸ਼ਰ ਦਾਸ ਜੀ ਡੇਰੇ ਦੀ ਸਥਾਪਨਾ ਤੋਂ ਬਾਅਦ 1944 ਈ : ਵਿਚ ਪ੍ਰਲੋਕ ਗਮਨ ਹੋ ਗਏ। ਇਹ ਡੇਰਾ ਗੁਰਗੱਦੀ ਸਾਹਿਬ ਦੇ ਨਾਮ ਰਜਿਸਟਰਡ ਹੋਇਆ ਅਤੇ ਸਦਾ ਲਈ ਰਹੇਗਾ। ਸੰਤ ਈਸ਼ਰ ਦਾਸ ਨੇ ਇਸ ਡੇਰੇ ਦੀ ਸੇਵਾ ਸੰਭਾਲ ਲਈ ਇਹ ਨਿਯਤ ਕੀਤਾ ਕਿ ਇਸ ਡੇਰੇ ਦੀ ਸੇਵਾ ਸਿਰਫ ਪੰਜਾਬੀ ਘੀਸਾ ਪੰਥੀ ਭੇਖਧਾਰੀ ਸਾਧੂ ਹੀ ਕਰ ਸਕਦਾ ਹੈ। ਇਸ ਤੇ ਦੂਸਰੇ ਪੰਥਾਂ ਦੀ ਹਕੂਮਤ ਨਹੀਂ ਹੋ ਸਕਦੀ। ਉਹਨਾਂ ਨੇ ਡੇਰੇ ਦੀ ਸੇਵਾ ਸੰਭਾਲ ਵਾਸਤੇ ਸੇਵਾਦਾਰ ਸਾਧੂ ਰਾਮ ਦਾਸ ਜੀ ਨੂੰ ਨਿਯੁਕਤ ਕੀਤਾ। ਕੁਝ ਸਮੇਂ ਬਾਅਦ ਹੀ ਸਾਧੂ ਰਾਮ ਦਾਸ ਜੀ ਦੇ ਸਰੀਰ ਤਿਆਗ ਗਏ। ਉਹਨਾਂ ਤੋ ਬਾਅਦ ਉਹਨਾਂ ਦੇ ਸੇਵਕ ਸਾਧੂ ਅਰਜਨ ਦਾਸ ਜੀ ਨੂੰ ਸੰਭਾਲ ਕਾਰਜ ਸੌਂਪ ਦਿੱਤਾ। ਸੰਤ ਅਰਜਨ ਦਾਸ ਜੀ ਨੇ ਇਹ ਸੇਵਾ 11 ਅਪ੍ਰੈਲ 1971 ਸੱਚ ਖੰਡ ਲੀਨ ਹੋਣ ਤੱਕ ਨਿਭਾਈ।
ਸੰਤ ਅਰਜਨ ਦਾਸ ਜੀ ਦੇ ਸੱਚ ਖੰਡ ਲੀਨ ਹੋਣ ਉਪਰੰਤ ਡੇਰੇ ਦੀ ਸੇਵਾ ਸੰਭਾਲ ਸੰਤ ਪਰਗਣ ਦਾਸ ਜੀ ਕਰ ਰਹੇ ਹਨ। ਨਿਰਛਲ, ਸ਼ਾਂਤ ਸੁਭਾਅ, ਹਸਮੁੱਖ ਨੂਰਾਨੀ ਚਿਹਰੇ, ਪ੍ਰਭੂ ਸਿਮਰਨ ਵਿਚ ਲੀਨ ਰਹਿਣ ਵਾਲੇ ਡੇਰਾ ਪ੍ਰੇਮਪੁਰਾ ਦੇ ਸੇਵਾਦਾਰ ਸੰਤ ਪਰਗਣ ਦਾਸ ਜੀ ਸੰਗਤਾਂ ਨੂੰ ਆਪਣੇ ਪ੍ਰਵਚਨਾਂ ਰਾਹੀਂ ਸੰਤ ਸਤਿਗੁਰੂ ਕਬੀਰ ਜੀ ਮਹਾਰਾਜ ਅਤੇ ਆਪਣੇ ਸਰਪ੍ਰਸਤ ਸੰਤ ਜਨਾਂ ਘੀਸਾ ਸੰਤ ਜੀ, ਸੰਤ ਨੇਕੀ ਰਾਮ ਜੀ, ਅਤੇ ਸੰਤ ਈਸ਼ਰ ਦਾਸ ਜੀ ਦੇ ਜੀਵਨ ਦੀਆਂ ਸਾਖੀਆਂ ਅਤੇ ਵਿਚਾਰਾਂ ਨਾਲ਼ ਨਿਹਾਲ ਕਰਕੇ ਪ੍ਰੇਮ ਭਗਤੀ ਦੇ ਮਾਰਗ ‘ਤੇ ਚੱਲਣ ਦਾ ਸੰਦੇਸ਼ 1971ਈ : ਤੋਂ ਨਿਰੰਤਰ ਦਿੰਦੇ ਆ ਰਹੇ ਹਨ। ਆਪਣੇ ਸੇਵਾ ਕਾਲ ਦੌਰਾਨ ਡੇਰਾ ਪ੍ਰੇਮਪੁਰਾ ਦੀ ਕਰੀਬ ਚਾਰ ਏਕੜ ਵਿਚ ਬਣੀ ਆਲੀਸ਼ਾਨ ਇਮਾਰਤ ਦਾ ਹੋਰ ਵਿਸਥਾਰ ਕੀਤਾ ਹੈ। ਸੰਤ ਪਰਗÎਣ ਦਾਸ ਜੀ ਦਾ ਜਨਮ 1955 ਈ : ਵਿਚ ਜਿੱਲਾ ਸ਼ਹੀਦ ਭਗਤ ਸਿੰਘ ਨਗਰ ਦੇ ਇਤਿਹਾਸਕ ਪਿੰਡ ਪੱਦੀ ਮੱਟ ਵਾਲੀ ਵਿਖੇ ਹੋਇਆ। ਉਹਨਾਂ ਦੇ ਪਿਤਾ ਸ਼੍ਰੀ ਭਗਤ ਰਾਮ ਜੀ ਅਤੇ ਮਾਤਾ ਜੀ ਸੰਤ ਈਸ਼ਰ ਦਾਸ ਜੀ ਦੇ ਸਤਿਸੰਗੀ ਸਨ। ਉਹਨਾਂ ਦਾ ਨਾਨਕਾ ਪਿੰਡ ਵੀ ਜਗਤਪੁਰ ਹੀ ਹੈ। ਬਚਪਨ ਤੋਂ ਹੀ ਆਪਣੇ ਮਾਤਾ ਪਿਤਾ ਨਾਲ਼ ਡੇਰਾ ਪ੍ਰੇਮਪੁਰਾ ਵਿਖੇ ਆਉਂਦੇ ਰਹੇ ਹਨ। ਸੰਤਾਂ ਦੀ ਸੰਗਤ ਕਰਦਿਆਂ ਹੀ ਉਹਨਾਂ ਦੀ 14 ਸਾਲ ਦੀ ਉਮਰ ਵਿਚ ਹੀ ਸੰਤਾਂ ਦੀ ਕਿਰਪਾ ਹੋ ਗਈ। ਸੰਤ ਪਰਗਣ ਦਾਸ ਜੀ ਦੀ ਡੇਰੇ ਪ੍ਰਤੀ ਲਗਨ ਅਤੇ ਸੰਤ ਸੁਭਾਅ ਨੂੰ ਦੇਖਦੇ ਹੋਏ ਸੰਤ ਅਰਜਨ ਦਾਸ ਜੀ ਦੇ ਪ੍ਰਲੋਕ ਸਿਧਾਰਨ ਤੋਂ ਬਾਅਦ ਇਹਨਾਂ ਨੂੰ ਡੇਰੇ ਦੀ ਸੇਵਾ ਸੰਭਾਲ ਦਿੱਤੀ ਗਈ।
ਡੇਰਾ ਰਾਮਪੁਰਾ ਅਤੇ ਡੇਰਾ ਪ੍ਰੇਮਪੁਰਾ ਦੇ ਹਰੇਕ ਸਤਿਸੰਗੀ ਸ਼ਰਧਾਲੂ ਨੂੰ ਸੱਚ ਦੇ ਮਾਰਗ ਤੇ ਚੱਲਦਿਆਂ ਆਪਣਾ ਜੀਵਨ ਸਫਲਾ ਕਰਨ ਲਈ ਨਾਮ ਸਿਮਰਨ ਕਰਨ ਦੀ ਪ੍ਰੇਰਨਾ ਦਿੱਤੀ ਹੈ। ਸ਼ਰਾਬ, ਮਾਸ ਅਤੇ ਹੋਰ ਨਸ਼ਲੀਆਂ ਚੀਜ਼ਾਂ ਤੋਂ ਵਰਜਿਤ ਕੀਤਾ ਗਿਆ ਹੈ। ਡੇਰੇ ਦੇ ਬਣਾਏ ਨਿਯਮਾਂ ਅਤੇ ਅਸੂਲਾਂ ਨੂੰ ਪ੍ਰਤੀਬੱਧਤਾ ਨਾਲ਼ ਲਾਗੂ ਰੱਖਣ ਅਤੇ ਮੰਨਣ ਦੇ ਸਾਰੀਆਂ ਸੰਗਤਾਂ ਨੂੰ ਵਿਸ਼ੇਸ਼ ਨਿਰਦੇਸ਼ ਦਿੱਤੇ ਗਏ ਹਨ। ਨਿੱਤ ਦਿਨ ਦੇ ਕਾਰਜ ਵੀ ਤਰਤੀਬ ਮੁਤਾਬਕ ਨਿਭਾਏ ਜਾਂਦੇ ਹਨ।
ਡੇਰਾ ਪ੍ਰੇਮਪੁਰਾ ਜਗਤਪੁਰ/ਬਘੌਰਾਂ ਵਿਖੇ ਇੱਕ ਸਾਲ ਵਿਚ ਦੋ ਵੱਡੇ ਸਮਾਗਮ ਕਰਵਾਏ ਜਾਂਦੇ ਹਨ। ਪਹਿਲਾ ਸੰਤ ਸਮਾਗਮ ਸਵਰਗੀ ਸੰਤ ਈਸ਼ਰ ਦਾਸ ਜੀ ਦੇ ਜੋਤੀ ਜੋਤ ਸਮਾਉਣ ਸਬੰਧੀ 24-25 ਕੱਤਕ 9-10 ਨਵੰਬਰ ਨੂੰ ਕਰਵਾਇਆ ਜਾਂਦਾ ਹੈ। ਦੂਸਰਾ ਵੱਡਾ ਸਮਾਗਮ 11 ਅਪ੍ਰੈਲ ਨੂੰ ਸੰਤ ਅਰਜਨ ਦਾਸ ਜੀ ਦੇ ਜੋਤੀ ਜੋਤ ਸਮਾਉਣ ਦੇ ਸਬੰਧ ‘ਚ ਕਰਵਾਇਆ ਜਾਂਦਾ ਹੈ। ਇਹਨਾਂ ਸਮਾਗਮਾਂ ਵਿਚ ਸੰਗਤਾਂ ਵੱਡੀ ਗਿਣਤੀ ਵਿਚ ਆ ਕੇ ਨਤਮਸਤਕ ਹੁੰਦਿਆਂ ਹੋਈਆਂ ਆਪਣੀ ਹਾਜ਼ਰੀ ਲਗਵਾਉਂਦੀਆਂ ਹਨ।