ਪਿੰਡ ਜਗਤਪੁਰ ਦੇ ਫੁੱਟਬਾਲ ਦੇ ਹੋਰ ਖਿਡਾਰੀ
ਮਨਪ੍ਰੀਤ ਸਿੰਘ ਸ਼ੇਰਗਿੱਲ
ਪਿੰਡ ਜਗਤਪੁਰ ਦੀ ਫੁੱਟਬਾਲ ਦੀ ਟੀਮ ਹਮੇਸ਼ਾਂ ਚੜਦੀ ਕਲਾ ਵਿੱਚ ਰਹੀ ਹੈ। ਇਸ ਪਿੰਡ ਦੇ ਹੋਣਹਾਰ ਖਿਡਾਰੀਆਂ ਨੇ ਹਮੇਸ਼ਾਂ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਗਿਆਨੀ ਚੈਨ ਸਿੰਘ ਦਾ ਇੱਕ ਹੋਰ ਪੋਤਰਾ, ਸ. ਹਰਬਖ਼ਸ਼ ਸਿੰਘ ਅਤੇ ਗੁਰਬਖ਼ਸ਼ ਕੌਰ ਦਾ ਸਪੁੱਤਰ ਮਨਪ੍ਰੀਤ ਸਿੰਘ ਵੀ ਫੁੱਟਬਾਲ ਦਾ ਵਧੀਆ ਖਿਡਾਰੀ ਰਿਹਾ ਹੈ। ਪਿੰਡ ਦੇ ਸਕੂਲ ਤੋਂ 10ਵੀਂ ਤੱਕ ਦੀ ਪੜਾਈ ਕਰਕੇ ਅਮਰਦੀਪ ਸਿੰਘ ਸ਼ੇਰਗਿੱਲ ਕਾਲਜ ਮੁਕੰਦਪੁਰ ਤੋਂ ਬੀ.ਏ ਕੀਤੀ। ਸਕੂਲ ਕਾਲਜ ਦੀ ਪੜਾਈ ਦੌਰਾਨ ਮਨਪ੍ਰੀਤ ਨੇ ਵਧੀਆ ਫੁੱਟਬਾਲ ਖੇਡਿਆ। ਅੰਡਰ 19 ਉਮਰ ਵਰਗ ਵਿੱਚ ਨੈਸ਼ਨਲ ਤੱਕ ਖੇਡਿਆ। ਮੁਕੰਦਪੁਰ ਕਾਲਜ ਵਿੱਚ ਫੁੱਟਬਾਲ ਦੀ ਟੀਮ ਬਣਾਉਣ ਵਿੱਚ ਉਸ ਦੀ ਮੁੱਖ ਭੂਮਿਕਾ ਰਹੀ। ਸਿੱਖ ਨੈਸ਼ਨਲ ਕਾਲਜ ਬੰਗਾ ਦੀ ਟੀਮ ਵਿੱਚ ਵੀ ਫੁੱਟਬਾਲ ਖੇਡਿਆ। ਫਿਰ ਪੰਜਾਬ ਦੀ ਟੀਮ ਵਾਸਤੇ ਵੀ ਚੁਣਿਆ ਗਿਆ। ਹੁਣ ਇੰਗਲੈਂਡ ‘ਚ ਵਸਿਆ ਮਨਪ੍ਰੀਤ ਪਿੰਡ ਵਿੱਚ ਫੁੱਟਬਾਲ ਕਲੱਬ ਦਾ ਪ੍ਰਧਾਨ ਵੀ ਹੈ। ਉਸ ਨੇ ਪਿੰਡ ਦੇ ਨਵੇਂ ਸਾਥੀਆਂ ਨੂੰ ਖੇਡ ਨਾਲ਼ ਜੋੜਨ ਦੇ ਵੀ ਸਫਲ ਉਦਮ ਕੀਤੇ। ਪਿੰਡ ਨਾਲ਼ ਮੋਹ ਅਤੇ ਆਪਣੇ ਬਜ਼ੁਰਗਾਂ ਦੀ ਰੀਤ ਨੂੰ ਅੱਗੇ ਵਧਾਉਣ ਵਾਸਤੇ ਪਿੰਡ ਦੀ ਤਰੱਕੀ ਵਿੱਚ ਸਮੇਂ-ਸਮੇਂ ਯੋਗਦਾਨ ਪਾਉਣ ਵਿੱਚ ਵੀ ਮੋਹਰੀ ਰਹਿੰਦਾ ਹੈ।
ਦਵਿੰਦਰ ਸਿੰਘ ਕਾਕਾ
ਪਿੰਡ ਜਗਤਪੁਰ ਦੇ ਖਿਡਾਰੀਆਂ ਵਿੱਚ ਦਵਿੰਦਰ ਸਿੰਘ ਕਾਕਾ ਦਾ ਵੀ ਜ਼ਿਕਰਯੋਗ ਨਾਂ ਹੈ। ਪਿਤਾ ਸ.ਅਜੀਤ ਸਿੰਘ ਅਤੇ ਮਾਤਾ ਬਲਵੀਰ ਕੌਰ ਦੇ ਘਰ 1966 ਨੂੰ ਜਨਮੇ ਦਵਿੰਦਰ ਸਿੰਘ ਨੇ ਸਕੂਲ ਸਮੇਂ ਵਧੀਆ ਫੁੱਟਬਾਲ ਖੇਡਿਆ। ਪਿੰਡ ਦੀ ਟੀਮ ਵਿੱਚ ਵੀ ਇਲਾਕੇ ਭਰ ਦੇ ਸਾਰੇ ਟੂਰਨਾਮੈਂਟਾਂ ਵਿੱਚ ਭਾਗ ਲਿਆ। ਅੰਡਰ ਮੈਟ੍ਰਿਕ ਤੱਕ ਪੜਾਈ ਕਰਨ ਤੋਂ ਬਾਅਦ ਉਹ ਹੁਣ ਖੇਤੀਬਾੜੀ ਕਰ ਰਿਹਾ ਹੈ। ਦਵਿੰਦਰ ਸਿੰਘ ਕਾਕਾ ਨੇ ਬਲਾਕ ਪੱਧਰ ਦੇ ਸੀਨੀਅਰ ਮੁਕਾਬਲਿਆਂ ਵਿੱਚ ਵੀ ਹਿੱਸਾ ਲਿਆ ਅਤੇ ਉਸ ਨੇ ਸੀਨੀਅਰ ਸਟੇਟ ਤੱਕ ਵੀ ਫੁੱਟਬਾਲ ਖੇਡਿਆ। ਹੁਣ ਖੇਡ ਸਬੰਧੀ  ਕਿਸੇ ਵੀ  ਜਿਮੇਂਵਾਰੀ ਨੂੰ ਬਾਖੂਬੀ ਨਿਭਾਉਂਦਾ ਹੈ।

ਮਨਦੀਪ ਸਿੰਘ ਦੀਪਾ
ਮਨਦੀਪ ਸਿੰਘ ਦੀਪਾ ਵੀ ਪਿੰਡ ਜਗਤਪੁਰ ਦਾ ਫੁੱਟਬਾਲ ਦਾ ਹੋਣਹਾਰ ਖਿਡਾਰੀ ਰਿਹਾ ਹੈ। ਪਿਤਾ ਗੁਰਦਿਆਲ ਸਿੰਘ ਅਤੇ ਮਾਤਾ ਗਿਆਨ ਕੌਰ ਦਾ ਸਪੁੱਤਰ ਦੀਪਾ ਪਿੰਡ ਦੇ ਸਕੂਲ ਤੋਂ ਹੀ ਦਸਵੀਂ ਤੱਕ ਪੜਿਆ। ਅਤੇ 10+2 ਦੀ ਪੜਾਈ ਕਾਹਮਾ ਦੇ ਸੀਨੀਅਰ ਸੈਕੰਡਰੀ ਸਕੂਲ ਤੋਂ ਕੀਤੀ। ਜਿੱਥੇ ਉਸ ਨੇ ਫੁੱਟਬਾਲ ਦੀਆਂ ਮੁੱਢਲੀਆਂ ਤਕਨੀਕਾਂ ਸਿੱਖੀਆਂ। ਅੰਡਰ 17, 19 ਅਤੇ  21ਸਾਲ ਦੀ ਉਮਰ ਵਰਗ ਵਿੱਚ ਉਸ ਨੇ ਸਟੇਟ ਪੱਧਰ ਦੇ ਫੁੱਟਬਾਲ ਮੈਚ ਖੇਡੇ। ਅੰਡਰ 21 ਵਿੱਚ ਉਹ ਨੈਸ਼ਨਲ ਜੇਤੂ  ਟੀਮ ਵਿੱਚ ਖੇਡਿਆ। ਫਿਰ ਫਗਵਾੜਾ ਦੀ ਜੇ.ਸੀ.ਟੀ ਦੀ ਟੀਮ ਵਿੱਚ ਵੀ ਇੱਕ ਸਾਲ ਤੱਕ ਖੇਡਿਆ।
-ਰੇਸ਼ਮ ਕਰਨਾਣਵੀ

 

ਪੰਜਾਬ ਵਲੋਂ ਸੰਤੋਸ਼ ਟਰਾਫੀ ਖੇਡਿਆ ਜਗਤਪੁਰ ਦਾ ਫੁੱਟਬਾਲ ਖਿਡਾਰੀ ਗੁਰਪ੍ਰੀਤ ਸਿੰਘ
ਪਿੰਡ ਜਗਤਪੁਰ ਦੇ ਫੁੱਟਬਾਲ ਦੀ ਧੁੰਮ ਇਲਾਕੇ ਵਿੱਚ ਹੀ ਨਹੀਂ ਸਗੋਂ ਪੰਜਾਬ ਵਿੱਚ ਰਹੀ ਹੈ ਕਿਉਂਕਿ ਇੱਥੋਂ ਦੇ ਫੁੱਟਬਾਲ ਖਿਡਾਰੀਆਂ ਨੇ ਰਾਸ਼ਟਰੀ ਪੱਧਰ ਤੱਕ ਖੇਡ ਕੇ  ਮੱਲਾਂ ਮਾਰੀਆਂ ਹਨ। ਇਸ ਪਿੰਡ ਦਾ ਜੰਮਪਲ਼ ਗੁਰਪ੍ਰੀਤ ਸਿੰਘ ਸ਼ੇਰਗਿੱਲ ਫੁੱਟਬਾਲ ਦਾ ਧਾਕੜ ਖਿਡਾਰੀ ਰਿਹਾ ਹੈ। ਪਿਤਾ ਸ. ਅਵਤਾਰ ਸਿੰਘ ਅਤੇ ਮਾਤਾ ਭੁਪਿੰਦਰ ਕੌਰ ਦੇ ਘਰ 21ਅਗਸਤ 1980 ਨੂੰ ਜਨਮਿਆ ਗੁਰਪ੍ਰੀਤ ਸਿੰਘ ਪਿੰਡ ਦੀ ਮਾਨਯੋਗ ਸਖ਼ਸ਼ੀਅਤ ਗਿਆਨੀ ਚੈਨ ਸਿੰਘ ਦਾ ਪੋਤਰਾ ਹੈ। ਪਿੰਡ ਦੇ ਸਕੂਲ ਤੋਂ ਦਸਵੀਂ ਤੱਕ ਦੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਫੁੱਟਬਾਲ ਦੇ ਗੜ ਕਾਹਮਾ ਸਕੂਲ ਤੋਂ 10+1 ਪਾਸ ਕੀਤੀ ਅਤੇ 10+2 ਅਮਰਦੀਪ ਮੈਮੋਰੀਅਲ ਕਾਲਜ ਮੁਕੰਦਪੁਰ ਤੋਂ ਕੀਤੀ। ਇਸ ਦੌਰਾਨ ਅੰਡਰ 17, 19 ਸਾਲ ਉਮਰ ਵਰਗ ਵਿੱਚ ਜ਼ਿਲਾ ਅਤੇ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਚਾਰ ਵਾਰ ਭਾਗ ਲਿਆ। ਮੁਕੰਦਪੁਰ ਕਾਲਜ ਪੜਦਿਆਂ ਲਗਾਤਾਰ ਤਿੰਨ ਸਾਲ ਕਾਲਜ ਵਲੋਂ ਫੁੱਟਬਾਲ ਖੇਡਿਆ ਅਤੇ ਤਿੰਨ ਸਾਲ ਹੀ ਤੀਜੀ ਪੁਜ਼ੀਸ਼ਨ ਹਾਸਲ ਕੀਤੀ। ਇੱਕ ਸਾਲ ਖਾਲਸਾ ਕਾਲਜ ਜਲੰਧਰ ਵਲੋਂ ਵੀ ਫੁੱਟਬਾਲ ਖੇਡਿਆ। ਇਸ ਉਪਰੰਤ ਪੰਜਾਬ ਸਟੇਟ ਬਿਜਲੀ ਬੋਰਡ ਵਲੋਂ ਬਤੌਰ ਲਾਇਨਮੈਨ ਤਿੰਨ ਸਾਲ ਵਿਭਾਗ ਵਲੋਂ ਸਾਰੇ ਟੂਰਨਾਮੈਂਟ ਖੇਡੇ ਬਿਜਲੀ ਬੋਰਡ ਦੀ ਟੀਮ ਇੱਕ ਸਾਲ ਚੈਂਪੀਅਨ ਅਤੇ ਦੋ ਸਾਲ ਰਨਰ ਅੱਪ ਬਣੀ।  ਗੁਰਪ੍ਰੀਤ ਸਿੰਘ ਆਪਣੇ ਖੇਡ ਵਿੱਚ ਅਹਿਮ ਅਤੇ ਯਾਦਗਾਰੀ ਟੂਰਨਾਮੈਂਟ ਪੰਜਾਬ ਦੀ ਟੀਮ ਵਾਸਤੇ ਸੰਤੋਸ਼ ਟਰਾਫੀ ਵਿੱਚ ਦੋ ਵਾਰ ਖੇਡਿਆ ਅਤੇ ਆਪਣਾ ਸਰਵਉਤਮ ਪ੍ਰਦਰਸ਼ਨ ਕੀਤਾ। ਗੁਰਪ੍ਰੀਤ ਸਿੰਘ ਸੰਤੋਸ਼ ਟਰਾਫੀ ਖੇਡਣ ਵਾਲਾ ਪਿੰਡ ਜਗਤਪੁਰ ਦਾ ਪਹਿਲਾ ਖਿਡਾਰੀ ਹੈ। ਆਪਣੀ ਖੇਡ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਨਾ ਸਰੋਤ  ਉਹ ਪਿੰਡ ਜਗਤਪੁਰ ਦੇ ਹੀ ਮਾਸਟਰ ਗੁਰਦਿਆਲ ਸਿੰਘ ਨੂੰ ਮੰਨਦਾ ਹੈ।
ਮਾਤਾ ਪਿਤਾ ਅਤੇ ਉਚ ਸਿੱਖਿਆ ਪ੍ਰਾਪਤ ਭੈਣਾਂ ਹਰਪ੍ਰੀਤ ਕੌਰ ਐਮ.ਏ. ਐਮ. ਫਿਲ, ਬੀ.ਐਡ, ਪੀ.ਜੀ.ਡੀ.ਸੀ.ਏ. ਅਤੇ ਪੀ.ਜੀ.ਡੀ.ਐਫ.ਐਸ. ਅਤੇ ਬਲਦੀਪ ਕੌਰ ਐਮ. ਐਸ.ਆਈ.ਟੀ., ਐਮ.ਬੀ.ਏ., ਪੀ.ਜੀ.ਡੀ. ਸੀ.ਏ. ਅਤੇ ਪੀ.ਜੀ.ਡੀ. ਐਫ. ਐਸ. ਦਾ ਭਰਾ ਗੁਰਪ੍ਰੀਤ ਸਿੰਘ ਆਪਣੇ ਪਰਿਵਾਰ ਨਾਲ਼ ਇਸ ਵਕਤ ਕਨੇਡਾ ਵਿੱਚ ਪੱਕੇ ਤੌਰ ਤੇ ਵਸਿਆ ਹੋਇਆ ਹੈ। ਉਸ ਦਾ ਆਪਣੇ ਪਿੰਡ ਜਗਤਪੁਰ ਅਤੇ ਫੁੱਟਬਾਲ ਨਾਲ਼ ਅਤਿਅੰਤ ਮੋਹ ਹੈ। ਹੁਣ ਵੀ ਉਹ ਕਨੇਡਾ ਵਿੱਚ ਸ਼ੌਕ ਲਈ ਫੁੱਟਬਾਲ ਖੇਡਦਾ ਹੈ। ਰੁਜ਼ਗਾਰ ਵਾਸਤੇ ਉਹ ਕਿਚਨ ਕੈਬਨਿਟ ਦਾ ਕੰਮ ਕਰਦਾ ਹੈ।

 

ਕਬੱਡੀ ਖਿਡਾਰੀ ਹਰਪ੍ਰੀਤ ਸਿੰਘ
ਹਰ ਪੰਜਾਬੀ ਨੂੰ ਕਬੱਡੀ ਦਾ ਸ਼ੌਕ ਹੁੰਦਾ ਹੈ ਜੇ ਕੋਈ ਖੇਡਦਾ ਨਹੀਂ , ਉਹ ਕਬੱਡੀ ਨੂੰ ਪਸੰਦ ਕਰਨ ਅਤੇ ਦੇਖਣ ਦਾ ਸ਼ੌਕ ਜ਼ਰੂਰ ਰੱਖਦਾ ਹੈ। ਪਿੰਡ ਜਗਤਪੁਰ ਵਿੱਚ ਸਤਨਾਮ ਸਿੰਘ ਅਤੇ ਰਣਜੀਤ ਕੌਰ ਦੇ ਘਰ 1987 ਨੂੰ  ਜਨਮੇ ਹਰਪ੍ਰੀਤ ਨੇ ਸਕੂਲ ਪੜਦੇ ਹੀ ਕਬੱਡੀ ਨਾਲ਼ ਮੋਹ ਪਾ ਲਿਆ। ਇਸ ਖੇਡ ਵਿਚ ਮੁਹਾਰਤ ਹਾਸਲ ਕਰਕੇ 2002 ਤੋਂ ਐਨ. ਆਰ.ਆਈ. ਮੰਡੀ ਕਰਨ ਕਲੱਬ ਲਿੱਤਰਾਂ ਵਿਚ ਖੇਡਦਾ ਰਿਹਾ ਅਤੇ ਚੰਗਾ ਨਾਮਣਾ ਖੱਟਿਆ। ਮਨਪੀ੍ਰਤ ਸਿੰਘ ਅਤੇ ਰਜਵੰਤ ਕੌਰ ਦੇ ਭਰਾ ਹਰਪ੍ਰੀਤ ਸਿੰਘ ਨੇ ਆਪਣੇ ਭਰਾ ਨੂੰ ਵੀ ਕਬੱਡੀ ਖੇਡਣ ਵਾਸਤੇ ਪ੍ਰੇਰਤ ਕੀਤਾ। ਉਹ ਵੀ ਕਬੱਡੀ ਦਾ ਚੰਗਾ ਖਿਡਾਰੀ ਹੈ।
-ਮਾਸਟਰ ਬਖ਼ਤਾਵਰ ਸਿੰਘ

 

ਫੁੱਟਬਾਲ ਦਾ ਹੋਣਹਾਰ ਖਿਡਾਰੀ ਮਨਪ੍ਰੀਤ
ਆਪਣੇ ਤੋਂ ਵੱਡਿਆਂ ਵੱਲ ਦੇਖ ਕੇ, ਪ੍ਰਭਾਵਤ ਹੋ ਕੇ ਅਤੇ ਪ੍ਰੇਰਨਾ ਨਾਲ਼ ਅੱਗੇ ਵਧਣਾ ਵੀ ਸਫ਼ਲਤਾ ਦਾ ਇੱਕ ਵਿਲੱਖਣ ਗੁਣ ਹੈ। ਫੁੱਟਬਾਲ ਖਿਡਾਰੀਆਂ ਦੇ  ਪਿੰਡ ਜਗਤਪੁਰ ਦਾ ਖਿਡਾਰੀ ਮਨਪ੍ਰੀਤ ਵੀ ਫੁੱਟਬਾਲ ਦਾ ਚਮਕਦਾ ਸਿਤਾਰਾ ਹੈ। ਪਿਤਾ ਸ਼੍ਰੀ ਨਾਥੀ ਰਾਮ ਅਤੇ ਮਾਤਾ ਕ੍ਰਿਸ਼ਨਾ ਦਾ ਸਪੁੱਤਰ ਮਨਪ੍ਰੀਤ ਵੀ ਆਪਣੇ ਭਰਾ ਦੇ ਨਕਸ਼ੇ ਕਦਮਾਂ ਤੇ ਚਲਦਾ ਹੋਇਆ ਫੁੱਟਬਾਲ ਦਾ ਵਧੀਆ ਖਿਡਾਰੀ ਹੋ ਨਿਬੜਿਆ ਹੈ। ਉਸ ਨੇ ਵੀ ਮੁੱਢਲੀ ਸਿਖਿਆ ਜਗਤਪੁਰ ਤੋਂ ਲੈ ਕੇ ਰੁੜਕਾ ਕਲਾਂ ਤੋਂ ਫੁਟਬਾਲ ਦੇ ਗੁਰ ਸਿੱਖੇ। ਉਸ ਨੇ ਅੰਡਰ-16,19 ਉਮਰ ਵਰਗ ਵਿੱਚ ਨੈਸ਼ਨਲ ਤੱਕ ਆਪਣੀ ਖੇਡ ਦਾ ਮੁਜ਼ਾਹਰਾ ਕੀਤਾ। ਮਨਪ੍ਰੀਤ ਖਾਲਸਾ ਕਾਲਜ ਜਲੰਧਰ ਦੀ ਟੀਮ ਵਲੋਂ ਵੀ ਖੇਡਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਵੀ ਇੰਟਰਵਰਸਿਟੀ ਦੇ ਮੈਚ ਵੀ ਖੇਡ ਚੁੱਕਾ ਹੈ।

 

ਅੰਤਰਰਾਸ਼ਟਰੀ ਫੁੱਟਬਾਲ ਖਿਡਾਰੀ ਪ੍ਰੇਮ ਕੁਮਾਰ ਜਗਤਪੁਰ
ਹੋਰ ਮਹਾਨ ਸਖ਼ਸ਼ੀਅਤਾਂ ਤੋਂ ਇਲਾਵਾ ਜਗਤਪੁਰ ਦੀ ਧਰਤੀ ਵਿਸ਼ਵ ਪ੍ਰਸਿੱਧ ਤੇ ਪ੍ਰਵਾਨਤ ਖੇਡ ਫੁੱਟਬਾਲ ਵਾਸਤੇ ਵੀ ਬਹੁਤ ਜ਼ਰਖੇਜ਼ ਹੈ। ਇੱਥੋਂ ਦੇ ਫੁੱਟਬਾਲ ਦੇ ਮੋਢੀ ਧਨੀ ਖਿਡਾਰੀਆਂ ਨੇ ਜੋ ਪਿਰਤ ਪਾਈ ਉਸ ਤੇ ਚਲਦੇ ਹੋਏ ਹੋਰ ਵੀ ਮਹਾਨ ਖਿਡਾਰੀ ਪੈਦਾ ਹੋਏ ਹਨ।
ਪਿਤਾ ਸ਼੍ਰੀ ਨਾਥੀ ਰਾਮ ਅਤੇ ਮਾਤਾ ਕ੍ਰਿਸ਼ਨਾ ਦੇਵੀ ਦੇ ਘਰ ਜਨਮੇ ਪ੍ਰੇਮ ਕੁਮਾਰ ਨੇ ਫੁੱਟਬਾਲ ਦੇ ਖੇਤਰ ਵਿੱਚ ਅਹਿਮ ਮੱਲਾਂ ਮਾਰੀਆਂ ਹਨ। ਪ੍ਰੇਮ ਕੁਮਾਰ ਨੇ ਪ੍ਰਾਇਮਰੀ ਤੱਕ ਦੀ ਪੜ•ਾਈ ਜਗਤਪੁਰ ਤੋਂ ਕੀਤੀ , ਫਿਰ  7ਵੀਂ ਜਮਾਤ ਤੋਂ ਲੈ ਕੇ ਦਸਵੀਂ ਤੱਕ ਦੀ ਪੜ•ਾਈ ਰੁੜਕਾਂ ਕਲਾਂ ਤੋਂ ਕੀਤੀ। ਪੜਾਈ ਦੌਰਾਨ ਪ੍ਰੇਮ ਕੁਮਾਰ ਨੇ ਫੁੱਟਬਾਲ ਦੀਆਂ ਬਾਰੀਕੀਆਂ ਤੇ ਤਕਨੀਕਾਂ ਵਿੱਚ ਮੁਹਾਰਤ ਹਾਸਲ ਕੀਤੀ। ਉਸ ਨੇ ਯੂਥ ਸਪੋਰਟਸ ਕਲੱਬ ਤੋਂ ਵੀ ਖਾਸ ਟ੍ਰੇਨਿੰਗ ਹਾਸਲ ਕੀਤੀ। ਹੋਰ ਜ਼ਿਲਾ ਪੱਧਰੀ ਟੂਰਨਾਮੈਂਟ ਵੀ ਖੇਡੇ। ਫਿਰ ਪੰਜਾਬ ਦੀ ਟੀਮ ਵੱਲੋਂ ਵੀ ਖੇਡਿਆ। ਅੰਡਰ-19 ਉਮਰ ਵਰਗ ਵਿੱਚ  ਉਸ ਨੇ ਇੰਡੀਆ ਦੀ ਟੀਮ ਵਿੱਚ ਵੀ ਭਾਗ ਲਿਆ। ਸੰਤੋਸ਼ ਟਰਾਫ਼ੀ ਖੇਡਣ ਵਾਲਾ ਉਹ ਜਗਤਪੁਰ ਦਾ ਦੂਜਾ ਖਿਡਾਰੀ ਬਣਿਆ। ਪ੍ਰੇਮ ਕੁਮਾਰ ਨੇ ਇੰਡੀਆ ਦੀ ਟੀਮ ਵਲੋਂ ਜਰਮਨ, ਇੰਗਲੈਂਡ ਅਤੇ  ਅਮਰੀਕਾ ਵਿੱਚ ਵੀ ਆਪਣੀ ਖੇਡ ਕਲਾ ਤੇ ਤਕਨੀਕ ਦਾ ਦਮ ਖਮ ਦਿਖਾਇਆ। ਹੁਣ ਵੀ ਉਹ ਜੰਮੂ ਐਂਡ ਕਸ਼ਮੀਰ ਬੈਂਕ ਵਲੋਂ ਖੇਡ ਰਿਹਾ ਹੈ।

 

ਮਾਈ ਭਾਗੋ ਕਬੱਡੀ ਅਕੈਡਮੀ ਜਗਤਪੁਰ

ਖੇਡਾਂ ਦਾ ਮੁੱਢ ਤਾਂ ਮਨੁੱਖ ਦੇ ਸੱਭਿਅਕ ਅਤੇ ਸਮਾਜਿਕ ਹੋਣ ਤੋਂ ਪਹਿਲਾਂ ਹੀ ਬੱਝ ਗਿਆ ਸੀ। ਆਪੋ ਵਿਚ ਜ਼ੋਰ ਜ਼ਬਰਦਸਤੀ ਕਰਦੇ ਹੋਏ ਬਲਵਾਨ ਤੇ ਕਮਜ਼ੋਰ ਦਾ ਨਤੀਜਾ ਹੀ ਜਿੱਤ ਹਾਰ ਬਣ ਗਿਆ ਸੀ। ਸੱਭਿਅਕ ਸਮਾਜ ਵਿਚ ਸਰੀਰਕ ਬਲ ਦਾ ਪ੍ਰਦਰਸ਼ਨ ਹੌਲ਼ੀ ਹੌਲ਼ੀ ਨਿਯਮਬੱਧ ਦਾਅ ਪੇਚਾਂ ਦੀ ਕਲਾ ਅਤੇ ਕੁਸ਼ਲਤਾ ਨਾਲ਼ ਖੇਡਾਂ ਦਾ ਰੂਪ ਧਾਰਨ ਕਰ ਗਿਆ। ਦੁਨੀਆਂ ਦੇ ਵੱਖ ਵੱਖ ਮਹਾਂਦੀਪਾਂ,ਦੇਸ਼ਾਂ, ਖਿੱਤਿਅ, ਇਕਾਈਆਂ ਦੀਆਂ ਰਵਾਇਤੀ ਖੇਡਾਂ ਵਿਚੋਂ ਹੀ ਖੇਡ ਨਿਯਮਾਂ ਦੇ ਹੋਰ ਪਰਪੱਕ ਹੋਣ ਤੇ ਆਧੁਨਿਕ ਖੇਡਾਂ ਦਾ ਜਨਮ ਹੋਇਆ ਹੈ। ਭਾਰਤ ਦੇ ਪੁਰਾਣੇ ਪੰਜਾਬ ਦੀਆਂ ਰਵਾਇਤੀ ਖੇਡਾਂ ਵਿਚ ਕੁਸ਼ਤੀ, ਕਬੱਡੀ ਅਤੇ ਦੇਸੀ ਢੰਗ ਤਰੀਕਿਆਂ ਨਾਲ਼ ਭਾਰ ਤੋਲਨ ਦੀ ਹਮੇਸ਼ਾਂ ਝੰਡੀ ਰਹੀ ਹੈ। ਪੰਜਾਬੀਆਂ ਦੇ ਜੁਝਾਰੂ ਸੁਭਾਅ ਚੋਂ ਉਪਜੀ ਪੰਜਾਬ ਕਬੱਡੀ ਜਾਂ ਸਰਕਲ ਸਟਾਇਲ ਕਬੱਡੀ ਨੂੰ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦਾ ਦਰਜਾ ਹਾਸਿਲ ਹੈ।
ਹੁਣ ਇਹ ਪੂਰੇ ਵਿਸ਼ਵ ਵਿਚ ਜਾਣੀ ਪਹਿਚਾਣੀ ਅਤੇ ਮਹਿਬੂਬ ਖੇਡ ਦਾ ਰੁਤਬਾ ਪਾ ਚੁੱਕੀ ਹੈ। ਹੁਣ ਤਿੰਨ ਕੁ ਦਹਾਕਿਆਂ ਤੋਂ ਕਬੱਡੀ ਛੋਟੇ ਇਨਾਮ ਸਨਮਾਨਾਂ ਤੇ ਸਿਰਫ਼ ਹੱਡ ਗੋਡੇ ਰਗੜਾਉਂਣ ਵਾਲੀ ਖੇਡ ਨਹੀਂ ਰਹੀ। ਸੈਂਕੜੇ ਰੁਪਏ ਦੇ ਇਨਾਮਾਂ ਵਾਲੀ ਇਸ ਖੇਡ ਦੇ ਇਨਾਮ ਕਰੋੜਾਂ ਰੁਪਇਆਂ ਦੇ ਹੋ ਚੁੱਕੇ ਹਨ। ਪੰਜਾਬ ਤੋਂ ਦੂਜੇ ਦੇਸ਼ਾਂ ‘ਚ ਵਸੇ ਪੰਜਾਬੀਆਂ ਨੇ ਇਸ ਨੂੰ ਇਹ ਦਰਜਾ ਦਿਵਾਉਣ ਵਿਚ ਵੱਡਾ ਯੋਗਦਾਨ ਪਾਇਆ ਹੈ। ਲੜਕੀਆਂ ਦੀ ਸਰਕਲ ਸਟਾਇਲ ਕਬੱਡੀ ਇਸ ਤਰੱਕੀ ਦੇ ਦੌਰ ਵਿਚ ਹੀ ਸ਼ੁਰੂ ਹੋਈ ਜੋ ਸਿਰਫ ਸ਼ੋਅ ਮੈਚਾਂ ਚੋਂ ਨਿਕਲ਼ ਕੇ ਹੁਣ ਲੜਕਿਆਂ ਦੇ ਬਰਾਬਰ ਦਾ ਮੁਕਾਮ ਹਾਸਿਲ ਕਰ ਕੇ ਅੰਤਰ-ਰਾਸ਼ਟਰੀ ਖੇਡ ਬਣ ਚੁੱਕੀ ਹੈ। ਲੜਕੀਆਂ ਦੀ ਕਬੱਡੀ ਨੂੰ ਇਸ ਬੁਲੰਦੀ ਤੇ ਪਹੁਚਾਉਣ ਲਈ ਸਕੂਲ ਪੱਧਰ ਤੇ ਖੇਡੀ ਜਾਣ ਵਾਲੀ ਕਬੱਡੀ ਅਤੇ ਸਮੇਂ ਸਮੇਂ ਹੋਰ ਕੋਚਾਂ ਦੀ ਸਾਲਾਂ ਦੀ ਘਾਲਣਾ ਵੀ ਇੱਕ ਹਾਸਿਲ ਹੈ। ਪਰ ਅੱਜ ਦੀ ਕਬੱਡੀ ਦੇ ਸੁਨਹਿਰੀ ਦਿਨਾਂ ਵਿਚ ਇਸ ਨੂੰ ਇਸ ਮੁਕਾਮ ਤੇ ਪਹੁੰਚਾਉਣ ਲਈ ਮਾਈ ਭਾਗੋ ਕਬੱਡੀ ਅਕੈਡਮੀ ਜਗਤਪੁਰ ਅਤੇ ਕੋਚ ਜਸਕਰਨ ਕੌਰ ਲਾਡੀ ਦਾ ਯੋਗਦਾਨ ਵੀ ਵਡਮੁੱਲਾ ਹੈ।
ਜ਼ਿਲਾਂ ਜਲੰਧਰ ਦੇ ਗੁਰਾਇਆ ਨੇੜਲੇ ਪਿੰਡ ਰੁੜਕੀ ‘ਚ ਪਿਤਾ ਲੇਟ ਸ : ਹਰਬੰਸ ਸਿੰਘ ਤੇ ਮਾਤਾ ਗੁਰਦੀਪ ਕੌਰ ਦੇ ਘਰ ਜਨਮੀ ਜਸਕਰਨ ਕੌਰ ਨੂੰ ਉਸ ਦੇ ਮਾਪਿਆ ਨੇ ਲਾਡ ਨਾਲ਼ ਲਾਡੀ ਕਹਿਣਾ ਸ਼ੁਰੂ ਕੀਤਾ। ਬਚਪਨ ਤੋਂ ਆਪਣੇ ਨਾਨਕੇ ਪਿੰਡ ਜਗਤਪੁਰ ਵਿਚ ਰਹਿਣ ਕਰਕੇ ਮੁੱਢਲੀ ਪੜਾਈ ਇੱਥੋਂ ਹੀ ਕੀਤੀ। ਦਸਵੀਂ ਸੇਂਟ ਸੋਲਜਰ ਸਕੁਲ ਬੰਗਾ ਅਤੇ ਬੀ.ਏ. 1994 ਵਿਚ ਸਿੱਖ ਨੈਸ਼ਨਲ ਕਾਲਜ ਬੰਗਾ ਤੋਂ ਕੀਤੀ। ਲਾਡੀ ਨੇ +1 ਚ ਕਾਲਜ ਪੜਦਿਆਂ ਕੋਚ ਸਤਿਬੀਰ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਐਥਲੈਟਿਕਸ ਦੀ ਕੋਚਿੰਗ ਸ਼ੁਰੂ ਕੀਤੀ। ਇਸ ਦੌਰਾਨ 1991 ਵਿਚ ਉਸ ਨੇ 400 ਮੀਟਰ ਦੌੜ ਵਿਚ ਨੈਸ਼ਨਲ ਚੈਂਪੀਅਨਸ਼ਿਪ ਵਿਚੋਂ ਗੋਲਡ ਮੈਡਲ ਜਿੱਤਿਆ। 400 ਮੀਟਰ ਹਰਡਲਜ਼ ਦੌੜ ਵਿਚ ਨਾਰਥ ਇੰਡੀਆ ਚੈਂਪੀਅਨਸ਼ਿਪ ਦਿੱਲੀ ਵਿਚੋਂ ਗੋਲਡ ਮੈਡਲ ਜਿੱਤਿਆ। 1991 ਵਿਚ ਹੀ ਆਲ ਇੰਡੀਆ ਹਾਫ਼ ਮੈਰਾਥਨ ਚੈਂਪੀਅਨਸ਼ਿਪ ਹਿਸਾਰ ਵਿਚੋਂ ਕਾਂਸੀ ਦਾ ਮੈਡਲ ਜਿੱਤਿਆ। ਇਸ ਦੇ ਨਾਲ਼ ਨਾਲ਼ ਲਾਡੀ ਨੂੰ ਕਬੱਡੀ ਖੇਡਣ ਦਾ ਸ਼ੌਕ ਹੋ ਗਿਆ। ਉਸ ਨੇ ਗੁਰਮੁੱਖ ਸਿੰਘ ਪੀ.ਟੀ.ਏ. ਦੀ ਹੱਲਾਸ਼ੇਰੀ ਨਾਲ਼ ਕਬੱਡੀ ਖੇਡਣੀ ਸ਼ੁਰੂ ਕਰ ਦਿੱਤੀ। ਨੈਸ਼ਨਲ ਗੇਮਜ਼ ਪਟਿਆਲਾ ਚ ਸਰਕਲ ਸਟਾਇਲ ਕਬੱਡੀ ਚੋਂ 2004 ਵਿਚ ਵੀ ਮੈਡਲ ਪ੍ਰਾਪਤ ਕੀਤਾ। ਐਚ. ਐਮ.ਵੀ. ਕਾਲਜ ਜਲੰਧਰ ਦੀ ਖੇਡ ਵਿਭਾਗ ਦੀ ਸਪੋਰਟਸ ਕੋਚ ਮੈਡਮ ਪਲਵਿੰਦਰ ਕੌਰ ਦੀ ਅਗਵਾਈ ਵਿਚ 1994-1995 ਤੋਂ ਸ਼ੁਰੂ ਕਰ ਕੇ 15 ਸਾਲ ਬਤੌਰ ਸਟਾਪਰ ਕਬੱਡੀ ਖੇਡੀ। ਪੇਂਡੂ ਖੇਡ ਮੇਲਿਆਂ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੈਚ ਖੇਡੇ ਅਤੇ ਜਿੱਤੇ। ਸਿੰਗਾਪੁਰ,ਥਾਈਲੈਂਡ, ਮਲੇਸ਼ੀਆ ਵਿਚ ਵੀ ਮੈਚ ਖੇਡੇ। ਜਿਸ ਦੌਰਾਨ ਕਿਲਾ ਰਾਏਪੁਰ, ਗੁੱਜ਼ਰਵਾਲ, ਕਾਲਾ ਸੰਘਿਆਂ, ਅਤੇ ਬੜੂੰਦੀ ਵਿਚ ਬੈਸਟ ਸਟਾਪਰ ਦਾ ਖਿਤਾਬ ਜਿੱਤੇ। 2006 ਵਿਚ ਲੁਧਿਆਣਾ ਦੇ ਲੋਧੀ ਕੱਪ ਵਿਚ ਹਰਿਆਣਾ ਨਾਲ਼ ਮੈਚ ਵਿਚੋਂ ਬੈਸਟ ਸਟਾਪਰ ਦਾ ਖਿਤਾਬ ਪ੍ਰਾਪਤ ਕੇ ਆਪ ਕਬੱਡੀ ਖੇਡਣੀ ਛੱਡ ਕੇ ਕਬੱਡੀ ਖਿਡਾਰਨਾਂ ਨੂੰ ਕੋਚਿੰਗ ਦੇਣ ਦੀ ਸੇਵਾ ਵਿਚ ਜੁੱਟ ਗਈ। ਇਸ ਸਾਲ ਦੀ ਚਾਰ ਜਨਵਰੀ ਨੂੰ ਜਸਕਰਨ ਕੌਰ ਲਾਡੀ ਦਾ ਵਿਆਹ ਕੋਟਲੀ ਥਾਨ ਸਿੰਘ ਜ਼ਿਲਾਂ ਜਲੰਧਰ ਦੇ ਕੁਲਵਿੰਦਰ ਸਿੰਘ ਨਾਲ਼ ਹੋਇਆ। ਖਿਡਾਰਨਾਂ ਦੇ ਵੱਡੇ ਪਰਿਵਾਰ ਵਿਚ ਇਹਨਾਂ ਦੀ ਇੱਕ ਪਿਆਰੀ ਬੇਟੀ ਜਸਲੀਨ ਕੌਰ ਵੀ ਇਸ ਘਰ ਦਾ ਮਾਣ ਹੈ। ਖੇਡ ਪ੍ਰਮੋਟਰ ਹਰਜਿੰਦਰ ਸਿੰਘ ਧਨੋਆ ਵਲੋਂ ਆਪਣੀ ਮਾਤਾ ਚੰਨਣ ਕੌਰ ਦੀ ਯਾਦ ਵਿਚ ਕਬੱਡੀ ਅਕੈਡਮੀ ਦੀ ਸ਼ੁਰੂਆਤ ਕੀਤੀ। ਅਕੈਡਮੀ ਦੀਆਂ ਖਿਡਾਰਨਾਂ ਜਗਤਪੁਰ ਹੀ ਕਬੱਡੀ ਦੀ ਕੋਚਿੰਗ ਵਾਸਤੇ ਆਉਂਦੀਆਂ ਰਹੀਆਂ। ਫਿਰ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮ੍ਰਿਤਸਰ ਸਾਹਿਬ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਦੇ ਕਹਿਣ ਤੇ ”ਮਾਈ ਭਾਗੋ ਕਬੱਡੀ ਅਕੈਡਮੀ ਜਗਤਪੁਰ ” ਦੀ ਸਥਾਪਨਾ ਕੀਤੀ। ਸ਼ੁਰੂ ਵਿਚ ਅਕੈਡਮੀ ਵਿਚ 20 ਲੜਕੀਆਂ ਸਨ। 2011 ਵਿਚ ਪੰਜਾਬ ਦੀ ਅਗਵਾਈ ਕੀਤੀ ਅਤੇ ਰਾਮਪੁਰਾ ਫੂਲ ਵਿਖੇ ਹੋਈ 9ਵੀਂ ਸਰਕਲ ਸਟਾਇਲ ਕਬੱਡੀ ਚੈਂਪੀਅਨਸ਼ਿਪ ਵਿਚੋਂ ਪੰਜਾਬ ਲਈ ਗੋਲਡ ਮੈਡਲ ਜਿੱਤਿਆ।
ਪੰਜਾਬ ਸਰਕਾਰ ਵਲੋਂ ਕਬੱਡੀ ਨੂੰ ਉਤਸ਼ਾਹਿਤ ਕਰਨ ਲਈ ਸ਼ਹੀਦ ਭਗਤ ਸਿੰਘ ਵਰਲਡ ਕਬੱਡੀ ਕੱਪ ਦੀ ਸ਼ੁਰੂਆਤ ਕੀਤੀ ਗਈ। 2011 ਦੇ ਦੂਸਰੇ ਕੱਪ ਵਿਚ ਲੜਕੀਆਂ ਦੀ ਕਬੱਡੀ ਟੀਮ ਵੀ ਸ਼ਾਮਲ ਕੀਤੀ ਗਈ। ਮਾਈ ਭਾਗੋ ਅਕੈਡਮੀ ਜਗਤਪੁਰ ਦੀਆਂ 9 ਲੜਕੀਆਂ ਨੇ ਭਾਰਤ ਵਲੋਂ ਖੇਡਦਿਆਂ ਹੋਇਆਂ ਪਹਿਲਾ ਅੰਤਰ ਰਾਸ਼ਟਰੀ ਕਬੱਡੀ ਵਰਲਡ ਕੱਪ ਜਿੱਤਿਆ। ਜਿਸ ਵਿਚ ਟੀਮ ਦੀ ਕਪਤਾਨ ਪ੍ਰਿਯੰਕਾ ਦੀ ਅਗਵਾਈ ਵਿਚ ਹੋਰਨਾਂ ਤੋਂ ਇਲਾਵਾ ਅਨੂ ਰਾਣੀ, ਸੁਖਵਿੰਦਰ ਕੌਰ, ਮਨਦੀਪ ਕੌਰ, ਜਸਵੀਰ ਕੌਰ ਜਤਿੰਦਰ ਕੌਰ, ਰਾਜਵਿੰਦਰ ਕੌਰ, ਮੀਨੂ ਅਤੇ ਕੁਲਵਿੰਦਰ ਕੌਰ ਨੇ ਭਾਗ ਲਿਆ। ਇਸ ਕੱਪ ਵਿਚ 25 ਲੱਖ ਰੁਪਏ ਦਾ ਨਕਦ ਇਨਾਮ ਜਿੱਤਿਆ। ਦੂਸਰਾ, ਤੀਸਰਾ ਅਤੇ ਚੌਥਾ ਸ਼ਹੀਦ ਭਗਤ ਸਿੰਘ ਵਰਲਡ ਕਬੱਡੀ ਕੱਪ 2012, 2013 ਅਤੇ 2014 ਕ੍ਰਮਵਾਰ 51ਲੱਖ, ਇੱਕ ਕਰੋੜ ਅਤੇ ਇੱਕ ਕਰੋੜ ਦੇ ਨਕਦ ਇਨਾਮਾਂ ਨਾਲ਼ ਜਿੱਤ ਕੇ ਇਹਨਾਂ ਲੜਕੀਆਂ ਨੇ ਭਾਰਤ ਦਾ ਮਾਣ ਵਧਾਇਆ ਅਤੇ ਲੜਕੀਆਂ ਲਈ ਪ੍ਰੇਰਨਾ ਸਰੋਤ ਬਣੀਆਂ। ਦੂਸਰੇ ਵਰਲਡ ਕਬੱਡੀ ਕੱਪ ਵਿਚ ਅਕੈਡਮੀ ਦੀਆਂ ਖਿਡਾਰਨਾਂ ਨੇ ਕੁਲਵਿੰਦਰ ਕੌਰ ਦੀ ਕਪਤਾਨੀ ਹੇਠ ਪ੍ਰਿਯੰਕਾ, ਅਨੂ, ਸੁਖਵਿੰਦਰ, ਮਨਦੀਪ, ਜਸਵੀਰ,ਜਤਿੰਦਰ ਅਤੇ ਮੀਨੂ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ। ਤੀਜੇ ਕੱਪ ਵਿਚ ਕਪਤਾਨ ਸੁਖਵਿੰਦਰ ਕੌਰ, ਮਨਦੀਪ ਕੌਰ, ਅਨੂ ਰਾਣੀ ਅਤੇ ਸੁਖਜਿੰਦਰ ਕੌਰ ਨੇ ਅਕੈਡਮੀ ਵਲੋਂ ਭਾਰਤੀ ਟੀਮ ਵਿਚ ਭਾਗ ਲਿਆ। ਚੌਥੇ ਵਿਸ਼ਵ ਕੱਪ ਵਿਚ ਪ੍ਰਿਯੰਕਾ ਦੀ ਅਗਵਾਈ ‘ਚ ਜਸਵੀਰ ਕੌਰ, ਅਨੂ ਰਾਣੀ, ਸੁਖਵਿੰਦਰ ਕੌਰ ਅਤੇ ਸੁਖਜਿੰਦਰ ਕੌਰ ਨੇ ਆਪਣੀ ਬਿਹਤਰ ਖੇਡ ਦਾ ਪ੍ਰਦਰਸ਼ਨ ਕਰਕੇ ਭਾਰਤੀ ਟੀਮ ਨੂੰ ਜਿਤਾਉਣ ਵਿਚ ਮੋਹਰੀ ਭੂਮਿਕਾ ਨਿਭਾਈ।
ਪਹਿਲੇ ਵਿਸ਼ਵ ਕੱਪ ਵਿਚ ਜਤਿੰਦਰ ਕੌਰ ਨੇ ਬੈਸਟ ਸਟਾਪਰ ਅਤੇ ਰਾਜਵਿੰਦਰ ਕੌਰ ਨੇ ਬੈਸਟ ਰੇਡਰ ਦਾ ਖ਼ਿਤਾਬ ਆਪਣੇ ਨਾਮ ਕੀਤਾ। ਦੂਜੇ ਕੱਪ ਵਿਚ ਫਿਰ ਜਤਿੰਦਰ ਕੌਰ ਬੈਸਟ ਸਟਾਪਰ ਅਤੇ ਪ੍ਰਿਯੰਕਾ ਨੂੰ ਬੈਸਟ ਰੇਡਰ ਚੁਣਿਆ ਗਿਆ। ਤੀਜੇ ਕੱਪ ਵਿਚ ਅਨੂ ਰਾਣੀ ਬੈਸਟ ਸਟਾਪਰ ਅਤੇ ਰਾਮ ਬਤੇਰੀ ਨੂੰ ਬੈਸਟ ਰੇਡਰ ਦਾ ਖਿਤਾਬ ਦਿੱਤਾ ਗਿਆ। ਚੌਥੇ ਕੱਪ ਵਿਚ ਫਿਰ ਤੋਂ ਅਨੂ ਰਾਣੀ ਬੈਸਟ ਸਟਾਪਰ ਅਤੇ ਪ੍ਰਿਯੰਕਾ ਬੈਸਟ ਰੇਡਰ ਚੁਣੀਆਂ ਗਈਆਂ।
ਪੰਜਾਬ ਸਰਕਾਰ ਵਲੋਂ ÎÂਹਨਾਂ ਵਿਸ਼ਵ ਜੇਤੂ ਕਬੱਡੀ ਖਿਡਾਰਨਾਂ ਵਿਚੋਂ ਪੰਜਾਬ ਦੀਆਂ 9 ਲੜਕੀਆਂ ਨੂੰ ਪੰਜਾਬ ਮਾਰਕਫੈਡ ਵਿਚ ਬਤੌਰ ਕਲਰਕ ਭਰਤੀ ਕੀਤਾ ਗਿਆ ਹੈ। ਮਾਈ ਭਾਗੋ ਅਕੈਡਮੀ ਜਗਤਪੁਰ ਨੂੰ ਆਪਣੇ ਬਲਬੂਤੇ ਤੇ ਚਲਾ ਰਹੇ ਜਸਕਰਨ ਕੌਰ ਲਾਡੀ ਅਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਭਾਰਤ ਜਾਂ ਪੰਜਾਬ ਸਰਕਾਰ ਵਲੋਂ ਕੋਈਵੀ ਸਹਿਯੋਗ ਨਹੀਂ ਮਿਲ ਰਿਹਾ। ਅਕੈਡਮੀ ਵਾਸਤੇ ਦੁਬਈ ਵਿਚ ਜਨਰਲ ਟਰਾਂਸਪੋਰਟ ਵਾਲੇ ਬਾਪੂ ਮਾਨ ਸਿੰਘ ਮਸ਼ਿਆਨਾ ਦਾ ਬਹੁਤ ਸਹਿਯੋਗ ਹੈ। ਇੱਕ ਹੋਰ ਸਹਿਯੋਗੀ ਅਮੋਲਕ ਸਿੰਘ ਗਾਖ਼ਲ ਨੇ 50 ਹਜ਼ਾਰ ਰੁਪਏ ਦਾ ਰਾਸ਼ਨ ਅਕੈਡਮੀ ਨੂੰ ਭੇਂਟ ਕੀਤਾ ਹੈ। ਇਸ ਤੋਂ ਇਲਾਵਾ ਅਕੈਡਮੀ ਦਾ ਸਾਰਾ ਖਰਚ ਆਪਣੇ ਕੋਲੋਂ ਕੀਤਾ ਜਾਂਦਾ ਹੈ। ਆਪਣੇ ਢਾਈ ਖੇਤਾਂ ਦੀ ਕੋਈ ਵੀ ਫਸਲ ਵੇਚੀ ਨਹੀਂ ਜਾਂਦੀ। ਦੁੱਧ, ਦਹੀਂ ਵਾਸਤੇ ਪਸ਼ੂ ਵੀ ਰੱਖੇ ਹੋਏ ਹਨ। ਇੱਕ ਖਾਸ ਗੱਲ ਇਹ ਕਿ ਖੇਤੀ ਦਾ ਤੇ ਹੋਰ ਸਾਰੇ ਕੰਮ ਲੜਕੀਆਂ ਖ਼ੁਦ ਕਰਦੀਆਂ ਹਨ। ਪੜਨ ਵਾਲੀਆਂ ਲੜਕੀਆਂ ਆਪਣੀ ਪੜ•ਾਈ ਵੀ ਕਰ ਰਹੀਆਂ ਹਨ। ਬਹੁਤੀਆਂ ਲੜਕੀਆਂ ਪਿੰਡ ਜਗਤਪੁਰ ਦੀਆਂ ਪੱਕੀਆਂ ਵਸਨੀਕ ਬਣ ਗਈਆਂ ਹਨ। ਹਰਿਆਣਾ ਅਤੇ ਪੰਜਾਬ ਦੇ ਸ਼੍ਰੀ ਅਮ੍ਰਿਤਸਰ ਸਾਹਿਬ, ਤਰਨਤਾਰਨ, ਜਲੰਧਰ, ਹੁਸ਼ਿਆਰਪੁਰ, ਮੋਗਾ, ਮਾਨਸਾ ਅਤੇ ਗੁਰਦਾਸਪੁਰ ਦੀਆਂ ਹੋਰ ਵੀ ਲੜਕੀਆਂ ਇੱਥੇ ਕਬੱਡੀ ਦੇ ਦਾਅ ਪੇਚ ਸਿੱਖ ਰਹੀਆਂ ਹਨ। ਸ਼ਹੀਦ ਭਗਤ ਸਿੰਘ ਨਗਰ ਦੀਆਂ ਵੀ ਚਾਰ ਲੜਕੀਆਂ ਅਕੈਡਮੀ ਵਿਚ ਸਿਖਲਾਈ ਲੈ ਰਹੀਆਂ ਹਨ। ਹਰਿਆਣਾ ਅਤੇ ਪੰਜਾਬ ਭਰ ਵਿਚ ਅਕੈਡਮੀਆਂ ਦੇ ਮੈਚ ਸਾਰਾ ਸਾਲ ਹੁੰਦੇ ਰਹਿੰਦੇ ਹਨ। ਤਰਨਤਾਰਨ ਦੇ ਖੇਤਰ ਵਿਚ ਜ਼ਿਆਦਾ ਮੈਚ ਹੁੰਦੇ ਹਨ। ਹਰਿਆਣਾ ਵਿਚ ਇਨਾਮੀ ਰਾਸ਼ੀ ਪਿੰਡ ਪੱਧਰ ਤੇ ਵੀ ਜ਼ਿਆਦਾ ਹੁੰਦੀ ਹੈ ਪਰ ਦੁਆਬੇ ਵਿਚ ਇਨਾਮ ਘੱਟ ਹੁੰਦੇ ਹਨ।
ਇਸ ਸਮੇਂ ਕੁੱਲ 35 ਲੜਕੀਆਂ ਅਕੈਡਮੀ ‘ਚ ਹਨ। ਹੋਰ ਵੀ ਲੜਕੀਆਂ ਅਕੈਡਮੀ ਵਿਚ ਆਉਂਦੀਆਂ ਹਨ ਪਰ ਇੱਥੋਂ ਦੇ ਸਖ਼ਤ ਅਨੁਸ਼ਾਸ਼ਨ ਵਿਚ ਰਹਿਣਾ ਸਭ ਨੂੰ ਰਾਸ ਨਹੀਂ ਆਉਂਦਾ ਕਿਉਂਕਿ ਇੱਥੇ ਲੜਕੀਆਂ ਦੇ ਮੋਬਾਇਲ ਰੱਖਣ ਤੇ ਬਿਲਕੁਲ ਪਾਬੰਦੀ ਹੈ। ਅਕੈਡਮੀ ਦੀਆਂ ਲੜਕੀਆਂ ਪਿੰਡ ਦੇ ਪੰਜਾਬ ਭਰ ‘ਚੋ ਮਸ਼ਹੂਰ ਪੇਂਡੂ ਖੇਡ ਸਟੇਡੀਅਮਾਂ ‘ਚੋ ਇੱਕ ਨਿਰੰਜਨ ਸਿੰਘ ਯਾਦਗਾਰੀ ਸਟੇਡੀਅਮ ਵਿਚ ਜਸਕਰਨ ਕੌਰ ਲਾਡੀ ਅਤੇ ਕੁਲਵਿੰਦਰ ਸਿੰਘ ਵਲੋਂ ਸਖ਼ਤ ਅਭਿਆਸ ਕਰਵਾਇਆ ਜਾਂਦਾ ਹੈ। ਲਾਡੀ ਦੇ ਪਤੀ ਕੁਲਵਿੰਦਰ ਸਿੰਘ ਨੇ ਆਪ ਵੀ ਕਬੱਡੀ ਖੇਡੀ ਹੈ। ਖਾਲਸਾ ਕਾਲਜ ਜਲੰਧਰ, ਅਮਰੀਕਾ ਦੀ ਸ਼ੇਰ-ਏ-ਪੰਜਾਬ ਅਕੈਡਮੀ ਕੈਲੇਫੋਰਨੀਆਂ ਅਤੇ ਯੂ.ਕੇ. ਹਰਡਲਜ਼ ਸਪੀਡ ਵਲੋਂ ਵੀ ਕਬੱਡੀ ਖੇਡ ਚੁੱਕੇ ਹਨ। ਸੰਨ 2000 ‘ਚ ਬਾਹਰੋਂ ਆ ਕੇ 2006 ਤੱਕ ਪਰਸਰਾਮਪੁਰ ਕਬੱਡੀ ਅਕੈਡਮੀ ਵਲੋੰ ਵੀ ਕਬੱਡੀ ਦਾ ਵਧੀਆ ਪ੍ਰਦਰਸ਼ਨ ਕਰ ਚੁੱਕੇ ਹਨ।
ਮਾਈ ਭਾਗੋ ਕਬੱਡੀ ਅਕੈਡਮੀ ਦੇ ਕਰਤਾ ਧਰਤਾ ਕੁਲਵਿੰਦਰ ਸਿੰਘ ਅਤੇ ਜਸਕਰਨ ਕੌਰ ਲਾਡੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਅਕੈਡਮੀ ਦੀਆਂ ਪ੍ਰਾਪਤੀਆਂ ਦੇਖਦੇ ਹੋਏ ਆਰਥਿਕ ਮੱਦਦ ਕਰਨੀ ਚਾਹੀਦੀ ਹੈ। ਇੰਨੇ ਵੱਡੇ ਸਟੇਡੀਅਮ ਵਾਸਤੇ ਜਿੰਮ ਬਣਾ ਕੇ ਦੇਣਾ ਚਾਹੀਦਾ ਹੈ, ਜਿਸ ਦੀ ਵੱਡੀ ਘਾਟ ਹੈ। ਅਕੈਡਮੀ ਨੂੰ ਹੋਰ ਬੁਲੰਦੀਆਂ ਤੇ ਪਹੁਚਾਉਣ ਲਈ ਅਤੇ ਅੰਤਰ ਰਾਸ਼ਟਰੀ ਮੁਕਾਬਲਿਆਂ ‘ਚ ਚੁਨੌਤੀ ਨੂੰ ਦੇਖਦੇ ਹੋਏ ਐਨ. ਆਰ. ਆਈਜ਼ ਨੂੰ ਵੀ ਅਪੀਲ ਹੈ ਕਿ ਉਹ ਵੀ ਅਕੈਡਮੀ ਦੀ ਚੜਦੀ ਕਲਾ ਲਈ ਸਹਾਇਤਾ ਕਰਨ । ਇੱਕ ਹੋਰ ਮੰਗ ਸਬੰਧੀ ਵੀ ਉਹਨਾਂ ਕਿਹਾ ਕਿ ਖੇਡ ਆਯੋਜਕਾਂ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਲੜਕਿਆਂ ਦੀ ਤਰਾਂ ਲੜਕੀਆਂ ਦੇ ਵੀ ਲੀਗ ਮੈਚ ਕਰਵਾਉਣੇ ਚਾਹੀਦੇ ਹਨ ਤਾਂ ਕਿ ਵਿਸ਼ਵ ਕੱਪ ‘ਚ ਖੇਡਣ ਵਾਸਤੇ ਅੰਤਰ ਰਾਸ਼ਟਰੀ ਪੱਧਰ ਦੀ ਤਿਆਰੀ ਕੀਤੀ ਜਾ ਸਕੇ। ਕਾਮਨਾ ਹੈ ਕਿ ਭਾਰਤ ਦਾ ਮਾਣ ਬਣੀਆਂ ਭਾਰਤ ਦੀਆਂ ਧੀਆਂ ਮਾਂ ਖੇਡ ਕਬੱਡੀ ਵਿਚ ਹੋਰ ਬੁਲੰਦੀਆਂ ਸਰ ਕਰਨ।

 

bhago 7 bhago1 bhago2 bhago4 bhago5 bhago6 bhago8 bhago9 Untitled-1