ਸਵੈ-ਨਿਰਭਰ ਹੋਣ ਲਈ ਸਹਾਇਕ ”ਸ: ਪਿਆਰਾ ਸਿੰਘ ਕੁਢੈਲ ਸਿਲਾਈ-ਕਢਾਈ ਕੇਂਦਰ”
ਜਗਤਪੁਰ/ਬਘੌਰਾਂ
ਲੜਕੀਆਂ ਨੂੰ ਸਵੈ-ਨਿਰਭਰ ਕਰਨ ਅਤੇ ਰੋਜ਼ਗਾਰ ਦੇ ਕਾਬਲ ਹੋਣ ਲਈ ਸਿਲਾਈ ਕਢਾਈ ਦੀ ਸਿੱਖਿਆ ਵੀ ਇੱਕ ਅਹਿਮ ਭੂਮਿਕਾ ਨਿਭਾਉਂਦੀ ਹੈ। ਤਰੱਕੀ ਦੇ ਦੌਰ ਵਿਚ ਕੰਮ ਸੱਭਿਆਚਾਰ ਨੂੰ ਬੜਾਵਾ ਦੇਣ ਲਈ ਹਰ ਵਿਅਕਤੀ ਨੂੰ ਕਿਸੇ ਨਾ ਕਿਸੇ ਕੰਮ ਵਿਚ ਮਾਹਿਰ ਹੋਣਾ ਲਾਜ਼ਮੀ ਹੋ ਗਿਆ ਹੈ। ਇਸ ਤਰ੍ਹਾਂ ਦਾ ਉਦਮ ਪਿੰਡ ਜਗਤਪੁਰ ਦੇ ਅਮਰੀਕਾ ਵਸਦੇ ਸ: ਸੰਤੋਖ ਸਿੰਘ ਕੁਢੈਲ ਦੇ ਸਮੂਹ ਪਰਿਵਾਰ ਵਲੋਂ ਕੀਤਾ ਗਿਆ ਹੈ। ਇਸ ਦਾਨੀ ਪਰਿਵਾਰ ਵਲੋਂ ਲੜਕੀਆਂ ਵਾਸਤੇ ਸਿਲਾਈ-ਕਢਾਈ ਕੇਂਦਰ ਖੋਲ੍ਹਿਆ ਗਿਆ ਹੈ। ਇਸ ਕੇਂਦਰ ਵਿਚ ਇਹ ਸਿੱਖਿਆ ਮੁਫ਼ਤ ਦਿੱਤੀ ਜਾਂਦੀ ਹੈ। ਜਿਸ ਵਾਸਤੇ ਲੋੜੀਂਦਾ ਸਾਰਾ ਸਮਾਨ ਮਸ਼ੀਨਾਂ, ਕੱਪੜਾ ਆਦਿ ਵੀ ਇਸ ਪਰਿਵਾਰ ਵਲੋਂ ਹੀ ਮੁਹੱਈਆ ਕਰਵਾਇਆ ਗਿਆ ਹੈ। ਇਸ ਤੋਂ ਵੀ ਵਡੱਪਣ ਦੀ ਗੱਲ ਇਹ ਕਿ ਸ: ਸੰਤੋਖ ਸਿੰਘ ਦੇ ਪਰਿਵਾਰ ਵਲੋਂ ਆਪਣਾ ਜੱਦੀ ਘਰ ਵੀ ਇਸ ਕਾਰਜ ਵਾਸਤੇ ਦਿੱਤਾ ਹੋਇਆ ਹੈ।
ਇਸ ਸਿਲਾਈ ਕਢਾਈ ਕੇਂਦਰ ਵਿਚ ਕੁੱਲ ਇੱਕੀ ਲੜਕੀਆਂ ਸਿੱਖਿਆ ਪ੍ਰਾਪਤ ਕਰ ਰਹੀਆਂ ਹਨ। ਜਿਨ੍ਹਾਂ ਨੂੰ ਇੱਕ ਕਾਬਲ ਅਧਿਆਪਕਾ ਰਣਜੀਤ ਕੌਰ ਵਲੋਂ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਭਲਾਈ ਦੇ ਕਾਰਜ ਵਾਸਤੇ ਪਿੰਡ ਦੇ ਸੁਹਿਰਦ ਪਤਵੰਤਿਆਂ ਦਾ ਵੀ ਭਰਪੂਰ ਸਹਿਯੋਗ ਹੈ। ਇਨ੍ਹਾਂ ਵਿਚ ਗੁਰਵਿੰਦਰ ਸਿੰਘ ਪੰਚ, ਅਵਤਾਰ ਸਿੰਘ ਅਤੇ ਮਾਸਟਰ ਬਖ਼ਤਾਵਰ ਸਿੰਘ ਇਸ ਕੇਂਦਰ ਦੇ ਪ੍ਰਬੰਧ ਨੂੰ ਚਲਾਉਣ ਦੀ ਸੇਵਾ ਨਿਭਾ ਰਹੇ ਹਨ। ਇਹ ਕੇਂਦਰ ਲੜਕੀਆਂ ਨੂੰ ਰੁਜ਼ਗਾਰ ਦੇ ਪੱਖੋਂ ਸਵੈ ਨਿਰਭਰ ਬਣਾਉਣ ਵਿਚ ਵਡਮੁੱਲਾ ਯੋਗਦਾਨ ਪਾ ਰਿਹਾ ਹੈ।