Jaswant Rai Pandit Jagatpur

ਪਿੰਡ ਜਗਤਪੁਰ ਤੋਂ ਮੁਕੰਦਪੁਰ ਵਿੱਚ ਆਪਣਾ ਕਾਰੋਬਾਰ ਸਥਾਪਤ ਕਰਨ ਵਾਲਿਆਂ ਵਿੱਚ ਪੰਡਤ ਜਸਵੰਤ ਰਾਏ ਨੇ ਵੀ ਆਪਣੀ ਭੱਲ ਤੇ ਨਾਮ ਬਣਾਇਆ ਹੈ। ਉਸ ਦੇ ਬਣਾਏ ਪਕੌੜਿਆਂ ਤੇ ਨਮਕੀਨ ਦੀ ਮਹਿਕ ਇਲਾਕੇ ਦੇ ਕਈ ਪਿੰਡਾਂ ਤੱਕ ਪਹੁੰਚਦੀ ਹੈ। ਜਸਵੰਤ ਰਾਏ ਨੇ ਆਪਣੇ ਪੁਸ਼ਤੈਨੀ ਕੰਮ ਨੂੰ ਪਹਿਲ ਦਿੰਦੇ ਹੋਏ ਇਸ ਵਿੱਚ ਹੀ ਆਪਣੀ ਤਰੱਕੀ ਦਾ ਰਾਹ ਲੱਭਿਆ। ਪੰਡਤ ਦੇ ਬਾਬਾ ਜੀ ਬਿਸ਼ਨ ਦਾਸ ਅਤੇ ਚਾਚਾ ਓਮ ਪ੍ਰਕਾਸ਼ ਹਲਵਾਈ ਦਾ ਕੰਮ ਕਰਦੇ ਸਨ ਉਨਾ ਤੋਂ ਹੀ ਇਹ ਕੰਮ ਸਿੱਖਿਆ। ਪਿੰਡ ਜਗਤਪੁਰ ਵਿੱਚ ਪਿਤਾ ਸ਼੍ਰੀ ਸੋਹਣ ਲਾਲ ਅਤੇ ਮਾਤਾ ਕੈਲਾਸ਼ੋ ਦੇ ਘਰ 20 ਫਰਵਰੀ 1960 ਨੂੰ ਜਨਮੇ ਜਸਵੰਤ ਰਾਏ ਨੇ ਮੈਟ੍ਰਿਕ ਪਿੰਡ ਦੇ ਹਾਈ ਸਕੂਲ ਤੋਂ ਕੀਤੀ।
ਫਿਰ ਕਾਰੋਬਾਰ ਲਈ ਇਹ ਕਿੱਤਾ ਸਿੱਖਿਆ। ਇਸ ਦੌਰਾਨ ਐਫ.ਸੀ.ਆਈ. ਅਤੇ ਜੇ.ਸੀ.ਟੀ ਫਗਵਾੜਾ ਵਿੱਚ ਵੀ ਕੰਮ ਕੀਤਾ ਅਤੇ 6 ਸਾਲ ਦੁਬਈ ਵਿੱਚ ਕੰਮ ਕਰਨ ਤੋਂ ਬਾਅਦ 1988 ਵਿੱਚ ਆਪਣਾ ਕੰਮ ਮੁਕੰਦਪੁਰ ਵਿੱਚ ਸ਼ੁਰੂ ਕੀਤਾ। ਨਮਕੀਨ ਆਇਟਮਜ਼ ਵਿੱਚ ਪਕੌੜੇ ਅਤੇ ਸਮੋਸੇ ਆਦਿ ਵਿੱਚ ਖਾਸ ਮੁਹਾਰਤ ਹੋਣ ਕਰਕੇ ਇਹ ਖਾਸ ਤੌਰ ਤੇ ਮਸ਼ਹੂਰ ਹੋਏ ਅਤੇ ਲੋਕਾਂ ਦੀ ਪਸੰਦ ਬਣੇ। ਇਲਾਕੇ ਦੇ 25-30 ਪਿੰਡਾਂ ਵਿਚ ਉਸ ਦੇ ਪਕੌੜੇ, ਸਮੋਸਿਆਂ ਦੀ ਮਸ਼ਹੂਰੀ ਹੈ। ਪਿੰਡਾਂ ਵਿੱਚ ਛੋਟੇ ਸਮਾਗਮਾਂ ਦੇ ਆਰਡਰਾਂ ਤੇ ਸਮਾਨ ਤਿਆਰ ਕਰਕੇ ਦਿੱਤਾ ਜਾਂਦਾ ਹੈ। ਉਸ ਨੂੰ ਪਤਨੀ ਨੀਲਮ ਤਿੰਨ ਧੀਆਂ ਅਤੇ ਦੋ ਪੁੱਤਰਾਂ ਦੇ ਪਰਿਵਾਰ ਦਾ ਵੀ  ਵਧੀਆ ਸਹਿਯੋਗ ਹੈ। ਵੱਡਾ ਪੁੱਤਰ ਅੰਕੁਸ਼ ਪੜਾਈ ਕਰ ਕੇ ਦੁਕਾਨ ਸਾਂਭਦਾ ਹੈ। ਛੋਟਾ ਲੜਕਾ ਸੌਰਵ 10+2 ਦਾ ਵਿਦਿਆਰਥੀ ਹੈ ਤੇ ਕੰਮ ਵਿੱਚ ਵੀ ਹੱਥ ਵਟਾਉਂਦਾ ਹੈ। ਸਮੇਂ ਮੁਤਾਬਕ ਕਾਰੋਬਾਰ ਵਿੱਚ ਨਵੀਨੀ ਕਰਨ ਦੀ ਵੀ ਚਾਹਤ ਰੱਖਦਾ ਹੈ।
ਜਸਵੰਤ ਰਾਏ ਦੇ ਚਾਚਾ ਓਮ ਪ੍ਰਕਾਸ਼ ਦੇ ਲੜਕੇ ਵੀ ਆਪਣੇ ਪਿਤਾ ਪੁਰਖੀ ਕੰਮ ਵਿੱਚ ਵਿਦੇਸ਼ਾਂ ਵਿੱਚ ਸੈਟ ਹੋ ਚੁੱਕੇ ਹਨ। ਉਨਾ ‘ਚੋਂ ਸਤੀਸ਼ ਕੁਮਾਰ ਅਤੇ ਭੁਪਿੰਦਰ ਪਾਲ ਨੇ ਆਇਰਲੈਂਡ ਵਿੱਚ ਰੈਸਟੋਰੈਂਟ ਬਣਾਇਆ ਹੈ ਅਤੇ ਅਸ਼ਵਨੀ ਕੁਮਾਰ ਨੇ ਸਪੇਨ ਵਿੱਚ ਇਹੀ ਕਾਰੋਬਾਰ ਹੈ। ਉਹ ਪਰਿਵਾਰਾਂ ਸਮੇਤ ਉਥੇ ਹੀ ਵਸੇ ਹੋਏ ਹਨ। ਇੱਥੇ ਜ਼ਿਕਰਯੋਗ ਹੈ ਕਿ ਸ਼੍ਰੀ ਓਮ ਪ੍ਰਕਾਸ਼ ਦੀ ਪਤਨੀ ਲੀਲਾਵਤੀ ਦੇਸੀ ਦਵਾÎਈਆਂ ਨਾਲ਼ ਲੋਕਾਂ ਦਾ ਇਲਾਜ ਵੀ ਕਰਿਆ ਕਰਦੇ ਸਨ। ਇਸ ਪਰਿਵਾਰ ਨੇ ਆਪਣੇ ਪਿਤਾ ਪੁਰਖੀ ਕੰਮ ਵਿੱਚ ਹੀ ਤਰੱਕੀ ਹਾਸਲ ਕੀਤੀ ਹੈ।
-ਰੇਸ਼ਮ ਕਰਨਾਣਵੀ

ਇਲਾਕੇ ਭਰ ਵਿੱਚ ਮਸ਼ਹੂਰ ਹੈ ਜਗਤਪੁਰੀਆ ਪੰਡਤ ਪਕੌੜਿਆਂ ਵਾਲਾ