ਸਿੱਖਿਆ ਦਾ ਚਾਨਣ ਮੁਨਾਰਾ ਸਰਕਾਰੀ ਹਾਈ ਸਕੂਲ ਜਗਤਪੁਰ

ਪਿੰਡ ਜਗਤਪੁਰ ਵਿੱਚ ਸਿੱਖਿਆ ਵਾਸਤੇ ਸਰਕਾਰੀ ਪ੍ਰਾਇਮਰੀ ਸਕੂਲ ਬਹੁਤ ਸਮਾਂ ਪਹਿਲਾਂ ਹੀ ਖੁੱਲ ਗਿਆ ਸੀ । ਜਿੱਥੋਂ ਪਿੰਡ ਦੇ ਵਿਦਿਆਰਥੀਆਂ ਨੇ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ। ਇਹ ਸਕੂਲ 1965 ਵਿੱਚ ਪ੍ਰਾਇਮਰੀ ਤੋਂ ਮਿਡਲ ਸਕੂਲ ਦਾ ਦਰਜਾ ਹਾਸਲ ਹੋ ਗਿਆ। ਇਸ ਦੇ ਮੁੱਖ ਅਧਿਆਪਕ ਸ਼੍ਰੀ ਭੀਮ ਸੈਨ ਸਨ। ਫਿਰ ਦੋ ਸਾਲ ਬਾਅਦ 1967 ਵਿਚ ਇਹ ਸਰਕਾਰੀ ਹਾਈ ਸਕੂਲ ਅੱਪਗ੍ਰੇਡ ਹੋ ਗਿਆ। ਇਸ ਹਾਈ ਸਕੂਲ ਦੇ ਮੁੱਖੀ ਸ਼੍ਰੀ ਰਾਮ ਲੁਭਾਇਆ ਸੂਦ 2- 6-1967 ਤੋਂ 9-7-1967 ਤੱਕ ਸੇਵਾ ‘ਚ ਰਹੇ। ਬਾਅਦ ਵਿੱਚ ਜਗਤ ਸਿੰਘ ਥਾਂਦੀ 1-8-1967 ਤੋਂ 20-10-1967 ਤੱਕ, ਸ਼੍ਰੀ ਰਾਮ ਲੁਭਾਇਆ ਸੂਦ 28-101967 ਤੋਂ 24-7-1968ਤੱਕ, ਸ਼੍ਰੀ ਹਰਬੰਸ ਸਿੰਘ ਚੌਧਰੀ 30-9-1968 ਤੋਂ 25-8-1972 ਤੱਕ, ਸ਼੍ਰੀ ਹਰਭਜਨ ਸਿੰਘ 26-8-1972 ਤੋਂ 3-10-1973 ਤੱਕ, ਸ਼੍ਰੀ ਤਰਲੋਕ ਸਿੰਘ 8-10-1973 ਤੋਂ 17-10-1974ਤੱਕ, ਸ਼੍ਰੀ ਪੁਨੂੰ ਰਾਮ ਸੁਮਨ 7-12-1974 ਤੋਂ 31-10-1975 ਤੱਕ, ਸ਼੍ਰੀ ਗੁਰਦਿਆਲ ਸਿੰਘ ਕਲੇਰ 20-12-1975 ਤੋਂ 30-11-1984 ਤੱਕ, ਸ਼੍ਰੀ ਸੁੱਖਚੈਨ ਸਿੰਘ ਸਰੋਏ, 1-12-1984 ਤੋਂ 19-5-1987 ਤੱਕ, ਸ਼੍ਰੀ ਜਰਨੈਲ ਸਿੰਘ ਸੰਧੂ 11-3-1988 ਤੋਂ 30-10-1998 ਤੱਕ, ਸ਼੍ਰੀਮਤੀ ਹਰਜੀਤ ਕੌਰ 12-1-1999 ਤੋਂ 30-11-1999 ਤੱਕ, ਸ਼੍ਰੀ ਗੁਰਦਿਆਲ ਸਿੰਘ 1-12-1999 ਤੋਂ 15-8-2001 ਤੱਕ, ਸ਼੍ਰੀਮਤੀ ਹਰਭਜਨ ਕੌਰ 16-8-2001 ਤੋਂ 30-6-2007 ਤੱਕ, ਸ਼੍ਰੀ ਗੁਰਦਿਆਲ ਸਿੰਘ 1-7-2007 ਤੋਂ 30-7-2008 ਤੱਕ, ਸ਼੍ਰੀ ਪਰਮਜੀਤ ਸਿੰਘ 31-7-2008 ਤੋਂ ਹੁਣ ਤੱਕ ਆਪਣੀਆਂ ਸੇਵਾਵਾਂ ਦੇ ਰਹੇ ਹਨ।
ਸਰਕਾਰੀ ਹਾਈ ਸਕੂਲ ਜਗਤਪੁਰ ਦੀ ਇਮਾਰਤ ਵਿੱਚ ਕੁਲ 19 ਕਮਰੇ ਹਨ। ਜਿਨਾਂ ਵਿੱਚ 6 ਕਮਰੇ ਜਮਾਤਾਂ ਵਾਸਤੇ ਅਤੇ 13 ਕਮਰੇ ਸਿੱਖਿਆ ਨਾਲ ਸਬੰਧਤ ਹੋਰ ਕੰਮਾਂ ਵਾਸਤੇ ਹਨ। ਇਸ ਸਕੂਲ ਵਿੱਚ ਵਿਦਿਆਰਥੀਆਂ ਦੀ ਕੁੱਲ ਗਿਣਤੀ 174 ਹੈ, ਜਿਨਾਂ ਵਿੱਚ 97 ਲੜਕੇ ਅਤੇ 77 ਲੜਕੀਆਂ ਹਨ।
ਸਰਕਾਰੀ ਹਾਈ ਸਕੂਲ ਜਗਤਪੁਰ ਵਿੱਚ ਕੁਝ ਅਸਾਮੀਆਂ ਖਾਲੀ ਹਨ ਜੋ ਵਿਦਿਆਰਥੀਆਂ ਦੇ ਹਿੱਤਾਂ ਲਈ  ਭਰਨੀਆਂ ਜ਼ਰੂਰੀ ਹਨ। ਇਨਾਂ ਵਿੱਚ ਸਕੂਲ ਮੁੱਖੀ ਦੀ ਇੱਕ ਅਸਾਮੀ ਮਨਜੂਰ ਹੈ ਜੋ ਖਾਲੀ ਹੈ। ਅਧਿਆਪਕਾਂ ਦੀਆਂ ਕੁਲ ਮਨਜੂਰ 9 ਅਸਾਮੀਆਂ ਵਿੱਚੋਂ ਤਿੰਨ ਅਸਾਮੀਆਂ ਖਾਲੀ ਹਨ। ਇਨਾਂ ਦੀ ਅਸਾਮੀ ਲਈ ਮਨਜੂਰ ਅਸਾਮੀਆਂ ਚੋਂ ਇੱਕ ਅਸਾਮੀ ਖਾਲੀ ਹੈ। ਜਿਨਾਂ ਦਰਜਾ ਚਾਰ ਮੁਲਾਜ਼ਮਾਂ ਵਾਸਤੇ ਮਨਜੂਰ ਅਸਾਮੀਆਂ ਵਿੱਚੋਂ ਇੱਕ ਅਸਾਮੀ ਖਾਲੀ ਹੈ।

 

ਕੁਦਰਤੀ ਖੇਤੀ ਉਤਸ਼ਾਹਿਤ ਕਰਨ ਲਈ ਸਮਰਪਿਤ ਸਖ਼ਸ਼ੀਅਤ ਸ:ਹਰਬਖ਼ਸ਼ ਸਿੰਘ ਸ਼ੇਰਗਿੱਲ

ਮਨੁੱਖ ਕੁਦਰਤ ਦਾ ਇੱਕ ਅਹਿਮ ਅੰਗ ਹੈ। ਇਹ ਕੁਦਰਤ ਦੇ ਉਤਮ ਪ੍ਰਾਣੀ ਵਜੋਂ ਜਾਣਿਆਂ ਜਾਣ ਵਾਲ਼ਾ ਹੈ। ਅਜੋਕੇ ਸਮੇਂ ‘ਚ ਇਸ ਦਾ ਕੁਦਰਤ ਨਾਲ਼ੋਂ ਤੋੜ ਵਿਛੋੜਾ ਜਾਂ ਆਪਣੇ ਨਿੱਜੀ ਮੁਫ਼ਾਦਾਂ ਵਾਸਤੇ ਕੁਦਰਤ ਦੇ ਵਿਧਾਨ ਤੇ ਕਾਰਜਾਂ ਵਿੱਚ ਖ਼ਲਲ ਪਾਉਣ ਦੇ ਨਤੀਜੇ ਵਜੋਂ ਕਈ ਕੁਦਰਤੀ ਕਰੋਪੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਭਾਵੇਂ ਖਪਤ ਸੱਭਿਆਚਾਰ ਦੇ ਪਸਾਰ ਕਾਰਨ ਕੋਈ ਮਜਬੂਰੀ ਹੋ ਸਕਦੀ ਹੈ ਪਰ ਫਿਰ ਵੀ ਇਸ ਦਾ ਮਾੜਾ ਅਸਰ ਦੇਖਣ ‘ਚ ਆ ਰਿਹਾ ਹੈ। ਕੁਝ ਕੁਦਰਤ ਪ੍ਰੇਮੀ ਤੇ ਕਦਰਦਾਨ ਇਸ ਖੇਤਰ ‘ਚ ਆਪਣਾ ਚੰਗਾ ਯੋਗਦਾਨ ਪਾ ਰਹੇ ਹਨ। ਇਹ ਯੋਗਦਾਨ ਕੁਦਰਤੀ ਖੇਤੀ ਕਰਨ ਵਾਸਤੇ ਕਿਸਾਨਾਂ ਨੂੰ ਉਤਸ਼ਾਹਿਤ ਕਰ  ਰਹੇ ਹਨ । ਇਸ ਖੇਤਰ ਵਿਚ ਜਿੱਲਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਜਗਤਪੁਰ ਦੇ ਉਦਮੀ ਕਿਸਾਨ ਅਤੇ ਖੇਤੀਬਾੜੀ ਵਿਭਾਗ ਦੇ ਸੇਵਾ ਮੁਕਤ ਖੇਤੀ ਇੰਸਪੈਕਟਰ ਸ: ਹਰਬਖ਼ਸ਼ ਸਿੰਘ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ  ਰਹੇ ਹਨ।
ਪਿੰਡ ਜਗਤਪੁਰ ਦੀ ਆਦਰਯੋਗ ਸਖ਼ਸ਼ੀਅਤ ਮਾਸਟਰ ਗਿਆਨੀ ਚੈਨ ਸਿੰਘ ਅਤੇ ਸਵਰਨ ਕੌਰ ਦੇ ਸਪੁੱਤਰ ਹਰਬਖ਼ਸ਼ ਸਿੰਘ ਨੇ ਪਿੰਡ ਸਕੂਲ ਵਿੱਚੋਂ ਹੀ ਦੇ ਮਿਡਲ ਤੱਕ ਦੀ ਪੜਈ, ਹਾਇਰ ਸੈਂਕਡਰੀ ਖਾਲਸਾ ਸੀਨੀਅਰ ਸੈਂਕੰਡਰੀ ਸਕੂਲ ਸਰਹਾਲ ਕਾਜ਼ੀਆਂ ਤੋਂ ਪਾਸ ਕਰਕੇ 1972 ਵਿੱਚ ਬੀ.ਐਸ ਸੀ. ਖਾਲਸਾ ਕਾਲਜ ਅਮ੍ਰਿਤਸਰ ਤੋਂ ਕੀਤੀ। ਫਿਰ ਖੇਤੀਬਾੜੀ ਅਧਿਆਪਕ ਦੇ ਤੌਰ ਤੇ ਤਿੰਨ ਚਾਰ ਸਾਲ ਬਤਾਲਾ, ਬਾੜੀਆਂ ‘ਚ ਸੇਵਾ ਨਿਭਾਈ, ਉਪਰੰਤ 1976 ‘ਚ  ਖੇਤੀਬਾੜੀ ਇੰਸਪੈਕਟਰ ਭਰਤੀ ਹੋ ਗਏ। ਵਿਭਾਗ ਵਿਚ  ਸੇਵਾਵਾਂ ਤੋਂ ਬਾਅਦ ਬਲਾਕ ਬੰਗਾ ਦੇ ਬਲਾਕ ਖੇਤੀਬਾੜੀ ਅਫ਼ਸਰ ਦੇ ਤੌਰ ਤੇ ਸੇਵਾ ਮੁਕਤ ਹੋਏ ਹਰਬਖ਼ਸ਼ ਸਿੰਘ ਨੇ ਖੇਤੀਬਾੜੀ ਵਿਭਾਗ ਦੇ ਲੰਬੇ ਤਜ਼ਰਬੇ ਅਤੇ ਕੁਦਰਤੀ ਖੇਤੀ ਦੇ  ਖੇਤਰ ਵਿੱਚ ਨਵੀਆਂ ਲੀਹਾਂ ਪਾ ਰਹੇ ਸੁਭਾਸ਼ ਪਾਲੇਕਰ ਜੋ ਖੁਦ ਵੀ ਮਹਾਂਰਾਸ਼ਟਰ ਵਿਚ ਖੇਤੀਬਾੜੀ ਇੰਸਪੈਕਟਰ ਸਨ ਨਾਲ਼ ਅਤੇ ਹੋਰ ਖੇਤੀ ਪ੍ਰੇਮੀਆਂ ਨਾਲ਼ ਸੀਚੇਵਾਲ ਅਤੇ ਪਿੰਗਲਵਾੜਾ ਅਮ੍ਰਿਤਸਰ ਦੇ ਕੈਂਪ ਦੌਰਾਨ 2008 ‘ਚ ਮੇਲ ਹੋਇਆ। ਸੁਭਾਸ਼ ਪਾਲੇਕਰ ਨੇ ਇਸ ਖੇਤਰ ਵਿਚ ਨਵੀਆਂ ਖੋਜਾਂ ਕੀਤੀਆਂ ਹਨ। ਇਸ  ਤਰਾਂ ਰਮਿੰਦਰ ਦੱਤ ਨਾਲ਼ ਮੇਲ਼ ਹੋਣ ਤੇ ਹੋਰ ਉਤਸ਼ਾਹ ਵਧਿਆ ਤੇ ਕੁਦਰਤੀ ਖੇਤੀ ਅਪਨਾਉਣ ਲਈ ਪ੍ਰੇਰਤ ਹੋ ਕੇ ਖੁਦ ਵੀ ਖੇਤੀ ਦੀ ਸ਼ੁਰੂਆਤ ਕੀਤੀ। ਪੰਜਾਬ ਭਰ ਵਿਚ ਇਸ ਸਬੰਧੀ ਹੁੰਦੇ ਸਮਾਗਮਾਂ ਵਿਚ ਭਾਗ ਲਿਆ। ਪਿੰਡ ਜਗਤਪੁਰ ਵਿਚ ਦੁਸਾਂਝ ਫਾਰਮ ‘ਚ ਹੁੰਦੇ ਖੇਤੀ ਸਬੰਧੀ ਭਾਸ਼ਣਾਂ ਦਾ ਪ੍ਰਭਾਵ ਕਬੂਲਿਆ। ਬਿਨਾਂ  ਖਾਦਾਂ ਦਵਾਈਆਂ ਦੇ ਕੁਦਰਤੀ ਢੰਗ ਨਾਲ਼ ਖੇਤੀ ਦਾ ਲਾਭ ਇਸ ਦੇ ਨਤੀਜਿਆਂ ਤੋ ਪਤਾ ਲੱਗਦਾ ਹੈ। ਸ: ਹਰਬਖ਼ਸ਼ ਸਿੰਘ ਹੋਰਾਂ ਨੇ ਦੱਸਿਆ ਕਿ ਕੁਦਰਤੀ ਖੇਤੀ ਜੀਵਾਣੂ ਦਿਨ ਰਾਤ ਕੰਮ ਕਰਦੇ ਹਨ। ਉਚ ਕੁਆਲਿਟੀ ਵਾਲੇ ਜੀਵਾਣੂ ਪੈਦਾ ਕਰਨ ਲਈ ਕੁਦਰਤੀ ਸਾਧਨਾਂ ਦੀ ਜ਼ਰੂਰਤ ਹੁੰਦੀ ਹੈ। ਖੇਤੀ ਮਾਹਿਰਾਂ ਮੁਤਾਬਕ ਫਸਲਾਂ ਲਈ 400 ਕਿਸਮ ਦੇ ਤੱਤਾਂ ਦੀ ਜ਼ਰੂਰਤ ਹੈ। ਖੇਤੀ ‘ਚ ਖਾਦਾਂ, ਦਵਾਈਆਂ ਅਤੇ ਜ਼ਹਿਰਾਂ ਦੀ ਵਰਤੋਂ ਹੌਲ਼ੀ-ਹੌਲ਼ੀ ਬੰਦ ਕਰਨੀ ਪੈਂਦੀ ਹੈ। ਪੰਜ ਕੁ ਸਾਲਾਂ ਵਿਚ ਫਿਰ ਇਹਨਾਂ ਦੀ ਕੋਈ ਜ਼ਰੂਰਤ ਨਹੀਂ ਰਹਿੰਦੀ। ਇਨਾਂ ਦਵਾਈਆਂ ਦੇ ਮਾਰੂ ਅਸਰ ਜੀਵਾਂ ਤੇ ਪੈ ਰਹੇ ਹਨ, ਜਿਸ ਦੀ ਉਦਾਹਰਨ ਫੈਲ ਰਹੀਆਂ ਭਿਆਨਕ ਬਿਮਰੀਆਂ ਦੇ ਰੂਪ ‘ਚ ਦੇਖੀ ਜਾ ਸਕਦੀ ਹੈ। ਕੱਖਾਂ, ਨਦੀਨਾਂ ਤੇ ਸਪਰੇਅ ਕਰਨ ਨਾਲ਼ ਬਚੇ ਹੋਏ ਭਾਗ ਵਿਚ ਸਾਈਨਾਈਡ ਵੀ ਪੈਦਾ ਹੋ ਜਾਂਦੀ ਹੈ।
ਇਨਾਂ ਬੁਰੇ ਪ੍ਰਭਾਵਾਂ ਨੂੰ ਦੇਖਦੇ ਹੋਏ ਅਤੇ ਕੁਦਰਤੀ ਖੇਤੀ ਦੇ ਸਮੁੱਚੇ ਲਾਭਾਂ ਕਰਕੇ ਇਸ ਵੱਲ ਝੁਕਾਅ ਹੋਣਾ ਸੁਭਾਵਿਕ ਸੀ, ਸੋ ਸ: ਹਰਬਖ਼ਸ਼ ਸਿੰਘ ਹੋਰਾਂ ਵੀ ਇਸ ਨੂੰ ਅਮਲ ਵਿਚ ਲਿਆਂਦਾ ਜਿਸ ਦੇ ਸਿੱਟੇ ਵਜੋਂ ਇਸ ਖੇਤੀ ਦੇ ਉਤਪਾਦਾਂ ਦੀ ਸ਼ੁੱਧਤਾ ਦਾ ਪ੍ਰਮਾਣ  ਇਨਾਂ ਦੀ ਵਰਤੋਂ ਕਰਕੇ ਝੱਟ ਹੀ ਮਿਲ ਜਾਂਦਾ ਹੈ, ਵੱਖਰਾ ਸੁਆਦ ਇਸ ਗੱਲ ਦੀ ਸ਼ਾਹਦੀ ਭਰਦਾ ਹੈ। ਹਰਬਖ਼ਸ਼ ਸਿੰਘ ਹੋਰਾਂ ਨੇ ਆਪਣੇ ਫਾਰਮ ਵਿਚ ਥੋੜੀ-ਥੋੜੀ ਮਾਤਰਾ ਵਿਚ ਬਹੁਤ ਸਾਰੇ ਫ਼ਲ, ਬੂਟੇ ਅਤੇ ਫ਼ਸਲਾਂ ਦਾ ਉਤਪਾਦਨ ਸ਼ੁਰੂ ਕੀਤਾ ਹੋਇਆ ਹੈ। ਕੁਦਰਤੀ ਢੰਗ ਅਤੇ ਕੁਦਰਤੀ ਖਾਦਾਂ ਤੇ ਹੋਰ ਫਾਲਤੂ ਚੀਜ਼ਾਂ  ਦੀ ਸੁਯੋਗ ਵਰਤੋਂ ਕਰਕੇ ਇਸ ਦੇ ਚੰਗੇ ਨਤੀਜੇ ਪ੍ਰਾਪਤ ਕੀਤੇ ਹਨ।  ਇਨਾਂ ਖਾਦਾਂ ਨੂੰ ਤਾਜ਼ਾ ਗੋਹਾ, ਪਿਸ਼ਾਬ, ਗੁੜ, ਵੇਸਣ, ਮਿੱਟੀ ਪਾ ਕੇ ਮਿਲਾ ਕੇ ਇੱਕ ਘੋਲ਼ ਤਿਆਰ ਕੀਤਾ ਜਾਂਦਾ ਹੈ ਅਤੇ ਜ਼ਮੀਨ ਤੇ ਪਾਇਆ ਜਾਂਦਾ ਹੈ। ਬਚੀ ਹੋਈ ਖੱਟੀ ਲੱਸੀ ਦੁੱਧ ਦੀ ਸਪਰੇਅ ਬੜੀ ਕਾਰਗਰ ਸਾਬਤ ਹੁੰਦੀ ਹੈ। ਕੁਦਰਤੀ ਖੇਤੀ ਸਬੰਧੀ ਉਨਾਂ ਦਾ ਤਰਕ ਇਹ ਹੈ ਕਿ ਜੰਗਲ ਵਿਚ ਜਿਸ ਤਰਾਂ ਬਨਸਪਤੀ ਦੀ ਉਤਪਤੀ ਹੋ ਜਾਂਦੀ ਹੈ ਉਥੇ ਕੋਈ ਵੀ ਖਾਦ, ਦਵਾਈ ਨਹੀਂ ਵਰਤੀ ਜਾਂਦੀ। ਜੈਵਿਕ ਖੇਤੀ ਵੀ ਇਸ ਖੇਤੀ ਦਾ ਹੀ ਇੱਕ ਵੱਖਰਾ ਰੂਪ ਹੈ। ਦੇਸ਼ ਭਰ ਵਿਚ ਇਸ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਸੈਮੀਨਾਰ ਅਤੇ ਕੈਂਪਾਂ ਦੇ ਆਯੋਜਨ ਕਰ ਕੇ ਇਸ ਸਬੰਧੀ ਖੇਤੀ ਸਾਹਿਤ ਰਾਹੀਂ ਕਿਸਾਨਾਂ ਨੂੰ ਜਾਗਰਤ  ਕੀਤਾ ਜਾ ਰਿਹਾ ਹੈ। ਕੁਦਰਤ, ਕੁਦਰਤੀ ਸਾਧਨਾਂ ਅਤੇ ਉਤਪਾਦਾਂ ਵੱਲ ਨੂੰ ਮਨੁੱਖ ਦਾ ਝੁਕਾਅ ਵਧ ਰਿਹਾ ਹੈ। ਜੋ ਸਮੇਂ ਦੀ ਵੱਡੀ ਲੋੜ ਵੀ ਬਣਦਾ ਜਾ ਰਿਹਾ ਹੈ। ਕੁਦਰਤੀ ਖੇਤੀ ਦੇ ਉਤਪਾਦਾਂ ਦੇ ਮੰਡੀਕਰਨ ਦੇ ਯਤਨ ਵੀ ਕੀਤੇ ਜਾ ਰਹੇ ਹਨ। ਇਸ ਖੇਤਰ ਵਿਚ ਰੂਪਨਗਰ ਅਤੇ ਹੁਸ਼ਿਆਰਪੁਰ ਵਿਚ ਕਿਸਾਨ ਹੱਟ ਖੋਲੇ ਗਏ ਹਨ।
ਜਿੱਥੇ ਕਿਤੇ ਵੀ  ਇਸ ਸਬੰਧੀ ਕੋਈ ਨਵੀਂ ਗੱਲ ਹੋ ਰਹੀ ਹੋਵੇ ਉਥੇ ਜਾ ਕੇ ਜਾਣਕਾਰੀ ਦੇਣ ਅਤੇ ਪ੍ਰਾਪਤ ਕਰਨ ਦਾ ਮੌਕਾ ਹਰਬਖ਼ਸ਼ ਸਿੰਘ ਹੋਰੀਂ  ਨਹੀਂ  ਖੁੰਝਾਉਂਦੇ। ਇਸ ਕੁਦਰਤ ਪ੍ਰੇਮ ਵਾਸਤੇ ਕੀਤੇ ਕਾਰਜਾਂ ਲਈ ਉਹ ਆਪਣੇ ਆਪ ਨੂੰ ਵਡਭਾਗਾ ਸਮਝਦੇ ਹਨ। ਇਸ ਕਾਰਜ ਵਿੱਚ ਉਨਾਂ ਦੀ ਧਰਮ ਪਤਨੀ ਗੁਰਬਖ਼ਸ਼ ਕੌਰ ਦਾ ਵੀ ਵਿਸ਼ੇਸ਼ ਯੋਗਦਾਨ ਹੈ। ਇੱਕ ਪੜੇ ਲਿਖੇ ਪਰਿਵਾਰ ਦੇ ਮੈਂਬਰ ਹਰਬਖ਼ਸ਼ ਸਿੰਘ ਹੋਰਾਂ ਦਾ ਲੜਕਾ ਮਨਪ੍ਰੀਤ ਸਿੰਘ ਪੰਜਾਬ ਪੱਧਰ ਦਾ ਫੁੱਟਬਾਲ ਖਿਡਾਰੀ ਰਿਹਾ ਹੈ ਅਤੇ ਕਾਲਜ ਦੀ ਟੀਮ ਦਾ ਕਪਤਾਨ ਵੀ ਰਿਹਾ ਹੈ। ਮਨਪ੍ਰੀਤ ਲੜਕੇ ਅਰਮਾਨ ਸਿੰਘ ਅਤੇ ਸੁਖਮਨ ਸਿੰਘ ਨਾਲ਼ ਯੂ.ਕੇ. ‘ਚ ਰਹਿ ਰਿਹਾ ਹੈ। ਲੜਕੀ ਮਨਦੀਪ ਕੌਰ ਐਮ.ਸੀ.ਏ. ਦੀ ਪੜਾੱਈ ਕਰਕੇ ਵਿਦੇਸ਼ ਵਸੀ ਹੋਈ ਹੈ। ਕਾਮਨਾ ਹੈ ਕਿ ਇਸ ਸਸਤੀ ਅਤੇ ਸੁਪਰ ਤਕਨੀਕ ਦੇ ਪ੍ਰਚਾਰ ਤੇ ਅਮਲ ਵਿਚ ਸਫ਼ਲਤਾ ਮਿਲੇ ਅਤੇ ਕੁਦਰਤ ਦੇ ਨੇੜੇ ਹੋ ਕੇ ਇਸ ਨੂੰ ਬਚਾਉਣ ਦੇ ਯਤਨ ਕਾਰਗਰ ਸਾਬਤ ਹੋਣ, ਮਨੁੱਖਤਾ ਲਈ ਲਾਹੇਵੰਦ ਇਹ ਕਾਰਜ ਹੋਰ ਸਿਖਰਾਂ ਛੂਹਵੇ।

ਬਲਦਾਂ ਦੇ ਪਿਤਾ ਪੁਰਖ਼ੀ ਸ਼ੌਕੀਨ ਅਤੇ ਬੈਲਗੱਡੀਆਂ ਦੇ ਨਾਮਵਰ ਧਾਵਕ ਮਨਜੀਤ ਸਿੰਘ ਡੋਗਰ

ਪੰਜਾਬੀਆਂ ਦੇ ਖੁੱਲੇ  ਸੁਭਾਅ ਅਤੇ ਧੱਕੜ ਕਾਮੇ ਹੋਣ ਦਾ ਲੋਹਾ ਸਾਰੇ ਮੰਨਦੇ ਹਨ। ਇਨਾਂ ਦੇ ਅਵੱਲੇ ਸ਼ੌਕਾਂ ਦੇ ਚਰਚੇ ਸਭ ਥਾਂ ਹੁੰਦੇ ਹਨ। ਪੰਜਾਬੀਆਂ ਨੇ ਆਪਣੇ ਕੰਮਾਂ ਵਿੱਚੋਂ ਖੇਡਾਂ ਈਜਾਦ ਕੀਤੀਆਂ ਹਨ। ਭਲਵਾਨੀ, ਭਾਰ ਤੋਲਣ, ਕਬੱਡੀ, ਮੁਗਦਰ ਚੁੱਕਣਾ ਮੂਗਲ਼ੀਆਂ ਫੇਰਨੀਆਂ  ਅਤੇ ਰੱਸਾਕਸ਼ੀ ਵਰਗੀਆਂ ਖੇਡਾਂ ਇਨਾਂ ਦੀਆਂ ਹੱਡਾਂ ‘ਚ ਰਚੀਆਂ ਰਹੀਆਂ ਹਨ। ਖੇਤੀ ਨਾਲ਼ ਸਬੰਧਤ ਬਲਦਾਂ ਦੀਆਂ ਦੌੜਾਂ ਵੀ ਪੰਜਾਬੀਆਂ ਦੇ ਸ਼ੌਕ ਦਾ ਇੱਕ ਵਿਲੱਖਣ ਅੰਗ ਹਨ। ਹਲ਼ਾਂ ਨਾਲ਼ ਕੀਤੀ ਜਾਣ ਵਾਲੀ ਖੇਤੀ ਲਈ ਚੜਸ ਖਿੱਚਣ ਤੋਂ ਖੂਹ ਗੇੜਨ ਤੱਕ ਦੇ ਕੰਮਾਂ ਵਾਸਤੇ ਅਤੇ ਡੰਗਰ ਵੱਛਿਆਂ ਦੇ ਸ਼ੌਕੀਨ ਪੰਜਾਬੀ ਦੂਰ ਦੂਰਾਡੇ ਤੋਂ ਮਹਿੰਗੇ ਭਾਅ ਦੇ  ਵਹਿੜੇ ਲਿਆ ਕੇ ਪਾਲ਼ਦੇ ਰਹੇ ਹਨ। ਆਧੁਨਿਕ ਖੇਤੀ ਅਤੇ ਵਿਗਿਆਨ ਦੇ ਯੁੱਗ ਵਿੱਚ ਵੀ ਇਨਾਂ ਨੇ ਇਹ ਸ਼ੌਕ ਜੀਵਤ ਰੱਖਿਆ ਹੈ। ਬਲਦ ਗੱਡੀਆਂ ਭਜਾਉਣ ਅਤੇ ਹਲਟੀ ਦੌੜ ਦੇ ਮੁਕਾਬਲੇ ਸਾਰੇ ਪੰਜਾਬ ਵਿਚ ਪੁਰਾਤਨ ਸਮੇਂ ਤੋਂ ਹੀ ਕਰਵਾਏ ਜਾ ਰਹੇ ਹਨ। ਪੰਜਾਬ ਭਰ ਵਿੱਚ ਗੱਡੀਆਂ ਅਤੇ ਹਲਟੀ ਦੌੜਾਂ ਦੀਆਂ ਚੈਂਪੀਅਨ ਜੋੜੀਆਂ ‘ਚ ਪਿੰਡ ਜਗਤਪੁਰ ਦੇ ਮਨਜੀਤ ਸਿੰਘ ਡੋਗਰ ਦੇ ਨਾਂ ਦੀ ਚਰਚਾ ਪੰਜਾਬ ਦੀਆਂ ਸਾਰੇ ਮੁਕਾਬਲਿਆਂ ਵਿੱਚ ਚਲਦੇ  ਸਪੀਕਰਾਂ ‘ਚ  ਦੌੜਾਂ ਦੇ ਸ਼ੌਕੀਨਾਂ ਨੂੰ ਜ਼ਰੂਰ ਸੁਣਦੀ ਹੈ। ਮਨਜੀਤ ਸਿੰਘ ਡੋਗਰ ਦੇ ਸ਼ੌਕ ਨਾਲ਼ ਪਾਲ਼ੇ, ਸਿਖਾਲੇ ਵਹਿੜਕੇ ਹਵਾ ਨਾਲ਼ ਗੱਲਾਂ ਕਰਦੇ ਦੌੜਾਂ ਜਿੱਤਦੇ ਅਤੇ ਇਨਾਮ, ਸਨਮਾਨ ਹਾਸਲ ਕਰਦੇ ਰਹਿੰਦੇ ਹਨ। ਅੱਸੀ ਕੁ ਸਾਲਾਂ ਦੀ ਉਮਰ ਨੂੰ ਢੁੱਕੇ ਮਨਜੀਤ ਸਿੰਘ ਨਾਲ਼ੋਂ ਡੋਗਰ ਦੇ ਨਾਂ ਨਾਲ਼ ਜ਼ਿਆਦਾ ਜਾਣਿਆਂ ਜਾਂਦਾ ਹੈ। ਦੇਸੀ ਅਤੇ ਸਾਦ ਮੁਰਾਦਾ ਰਹਿਣ ਸਹਿਣ ਰੱਖਣ ਵਾਲੇ ਇਸ ਬਜ਼ੁਰਗ ਨੂੰ ਆਪਣੀਆਂ ਪ੍ਰਾਪਤੀਆਂ ਤੇ ਮਾਣ ਤਾਂ ਹੈ ਪਰ ਘਮੰਡ ਉਕਾ ਨਹੀਂ ਹੈ।
ਬਲਦ ਪਾਲ਼ਣ ਤੇ ਭਜਾਉਂਣ ਦਾ ਸ਼ੌਕ ਮਨਜੀਤ ਸਿੰਘ ਦੇ ਪਿਤਾ ਸ: ਪਾਲ ਸਿੰਘ ਨੂੰ ਆਪਣੇ ਬਜ਼ੁਰਗ ਬਸੰਤ ਸਿੰਘ ਅਤੇ ਚਾਚਾ ਮੇਹਰ ਸਿੰਘ ਤੋਂ ਪਿਆ ਜੋ ਵੈਨਕੂਵਰ ਕਨੇਡਾ ਚਲੇ ਗਏ ਸਨ। ਉਥੋਂ ਹੀ ਉਨਾਂ ਨੇ ਉਤਸ਼ਾਹ ਦਿੰਦੇ ਰਹੇ। 1894 ਤੋਂ 1933 ਤੱਕ ਉਹ ਬਲਦਾਂ ਵਾਸਤੇ ਘੁੰਗਰੂ ਭੇਜਦੇ ਰਹੇ। ਬਾਬਾ ਪਾਲ ਸਿੰਘ ਬਾਲਾ ਕੱਢਣ (ਮੁਗਦਰ ਚੁੱਕਣ) ਅਤੇ ਜਗਤਪੁਰ ਦੀ ਰੱਸਾਕਸ਼ੀ ਦੀ ਧਾਕੜ ਟੀਮ ਦੇ ਮੈਂਬਰ ਵੀ ਰਹੇ। ਪਾਲ ਸਿੰਘ ਕੋਲ਼ ਸ਼ੁਰੂ ਵਿੱਚ ਸੱਤ ਬਲਦ ਹੁੰਦੇ ਸਨ। ਇੱਕ ਬਲਦ ਜਿਸ ਦੀ ਕੀਮਤ ਉਸ ਵੇਲੇ 720 ਰੁਪਏ ਸੀ। ਜੋ ਉਨਾਂ ਦੀ ਭੂਆ ਜੰਡਿਆਲੇ ਤੋਂ ਲਿਆਈ ਸੀ, ਉਸ ਨਾਲ਼ ਪੂਰੀ ਤੇਜ਼ੀ ਨਾਲ਼ ਅੱਧਾ ਘੰਟਾ ਖੂਹ ਗੇੜਿਆ ਸੀ। ਹੋਰ ਚਾਰੇ ਦੇ ਨਾਲ਼ ਇੱਕ ਸੇਰ ਰੋਜ਼ ਦੀ ਬਲਦਾਂ ਦੀ ਖੁਰਾਕ ‘ਚ ਸ਼ਾਮਲ ਹੁੰਦਾ ਸੀ।
ਫਿਰ ਪੰਜਾਬ ਭਰ ਵਿਚ  ਬਲਦਾਂ ਗੱਡੀਆਂ ਦੀਆਂ ਦੌੜਾਂ ਦੀਆਂ ਸ਼ਰਤਾਂ ਦੀ  ਸ਼ੁਰੂਆਤ ਹੋ ਗਈ। ਇਨਾਮਾਂ ਤੇ ਬਲਦ ਭੱਜਣੇ ਸ਼ੁਰੂ ਹੋ ਗਏ। ਇਲਾਕੇ ਵਿੱਚ ਇਹ ਦੌੜਾਂ ਤਲਵੰਡੀ ਫੱਤੂ, ਸੰਧਵਾਂ, ਹੇੜੀਆਂ, ਜੱਬੋਵਾਲ ਵਿਚ ਦੌੜਾਂ ਹੋਣ ਲੱਗੀਆਂ। ਤਲਵੰਡੀ ਫੱਤੂ ਦੀਆਂ ਦੌੜਾਂ ਵਿਚ ਦੂਰੋਂ-ਦੂਰੋਂ ਬਲਦ ਆਉਂਦੇ ਸਨ। ਇੱਥੋਂ ਲਗਾਤਾਰ 1978 ਤੋਂ 1983 ਤੱਕ ਪੰਜ ਸਾਲ  ਡੋਗਰ ਦੇ ਬਲਦ ਦੌੜਾਂ ਜਿੱਤਦੇ ਰਹੇ। ਇਹ ਦੋੜ 16*16 =32 ਏਕੜ ਜਾਣ ਆਉਣ ਦੀ ਦੌੜ ਹੁੰਦੀ ਸੀ। ਫਿਰ 1988 ‘ਚ ਇਨਾਮਾਂ ਵਾਲੀਆਂ ਦੌੜਾਂ ‘ਚ ਸਾਹਨੇਵਾਲ ਤੋਂ ਪਹਿਲਾ ਇਨਾਮ ਟੈਲੀਵਿਜਨ ਜਿੱਤਿਆ। ਉÎÎੱਥੇ 150 ਗੱਡੀਆਂ ‘ਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਸੀ। ਫਿਰ 1988 ਤੋਂ 1990 ਤੱਕ ਲਗਾਤਾਰ ਜਿੱਤਾਂ ਪ੍ਰਾਪਤ ਕੀਤੀਆਂ। 1988 ਤੋਂ ਇਕਹਿਰੀਆਂ ਹਲਟੀ ਦੌੜਾਂ ਦੇ ਮੁਕਾਬਲੇ ਸ਼ੁਰੂ ਹੋਏ।
ਮਨਜੀਤ ਸਿੰਘ ਡੋਗਰ ਨੂੰ ਪਹਿਲਾਂ ਇੱਕ ਹੋਰ ਸ਼ੌਕ ਸੀ ਭਾਰ ਚੁੱਕਣ ਦਾ। ਜਦੋਂ 1961’ਚ ਲੁਧਿਆਣੇ ਯੂਨੀਵਰਸਿਟੀ ਦੇ ਮੇਲੇ ਤੇ ਤਿੰਨ ਭਾਰ ਚੁਕਾਵਿਆਂ ਮਨਜੀਤ ਸਿੰਘ ਡੋਗਰ ਜਗਤਪੁਰ, ਗੁਰਦਿਆਲ ਸਿੰਘ ਬੜਾ ਪਿੰਡ, ਦਰਸ਼ਨ ਸਿੰਘ ਸਮਰਾਵਾਂ ਨੇ ਭਾਰ ਚੁੱਕਿਆ ਸੀ ਤਾਂ ਡੋਗਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ। ਇਨਾਮਾਂ ਦੀ ਤਕਸੀਮ ਜਵਾਹਰ ਲਾਲ ਨਹਿਰੂ ਨੇ ਕੀਤੀ ਸੀ। ਬਾਅਦ ਵਿੱਚ ਬਾਂਹ ਤੇ ਸੱਟ ਲੱਗਣ ਕਰਕੇ ਭਾਰ ਚੁੱਕਣਾ ਬੰਦ ਕਰ ਦਿੱਤਾ ਤੇ ਬਲਦਾਂ ਦਾ ਸ਼ੌਕ ਜਾਰੀ ਰੱਖਿਆ।
ਪੰਜਾਬ ਭਰ ‘ਚ ਹੁੰਦੀਆਂ ਬਲਦਾਂ ਦੀਆਂ ਦੌੜਾਂ  ‘ਚ ਭਾਗ ਲਿਆ ਤੇ ਜਿੱਤਾਂ ਦਰਜ ਕੀਤੀਆਂ। ਇਨਾਂ  ਨੇ ਕੁੱਪ ਕਲਾਂ ਸੰਗਰੂਰ ਤੋਂ ਸੋਨ ਤਮਗਾ, ਸਾਹਨੇਵਾਲ, ਮੁੰਡੀਆਂ, ਬੜੂੰਦੀ, ਛਪਾਰ, ਲਤਾਲਾ, ਗੁੱਜਰਵਾਲ, ਆਲਮਗੀਰ, ਸਰਾਭਾ, ਸਾਂਈ, ਡੇਹਲੋਂ, ਹਰੀ ਸਿੰਘ ਦਾ ਬੁਰਜ, ਕਮਾਲਪੁਰ ਜਗਰਾਵਾਂ, ਗਾਲਬ ਕੋਕਰੀ, ਮਾਤਪੁਰ, ਗੌਂਸ ਪੁਰ, ਨੇਲਾਂ, ਮਕੜੌਨਾਂ, ਚਮਕੌਰ ਸਾਹਿਬ, ਸ਼ੇਰਪੁਰ, ਜਲਤੌਲੀ, ਭਾਗੋ ਮਾਜਰਾ, ਕਿਲਾ ਰਾਏਪੁਰ, ਕਰਨਾਣਾ, ਟੂਟੋ ਮਜਾਰਾ ਤਿੰਨ ਸਾਲ, ਗੁੱਗੋਵਾਲ ਤਿੰਨ ਸਾਲ, ਜੌੜੇ, ਚਾਹਲ ਕਲਾਂ ਪੰਜ ਸਾਲ, ਚੀਮਾ ਖੁਰਦ, ਮੰਢਾਲੀ, ਲਾਲਪੁਰ ਭਾਣਾ, ਨੰਦਪੁਰ ਕਲੌੜ, ਬਹਿਲਪੁਰ, ਲੱਲੀਆਂ ਕਲਾਂ, ਰੁੜਕਾ ਕਲਾਂ ਅਤੇ ਹੋਰ ਬਹੁਤ ਸਾਰੇ ਪਿੰਡਾਂ ਵਿੱਚ ਹੁੰਦੀਆਂ ਦੌੜਾਂ ਵਿੱਚ ਆਪਣੀ ਬਲਦਾਂ ਦੇ ਜੌਹਰ ਦਿਖਾਏ ਅਤੇ ਇਨਾਮ ਜਿੱਤੇ। ਪਿੰਡ ਅੱਟਾ ਵਿੱਚ 20 ਸਾਲ ਤੋਂ ਹਰ ਸਾਲ ਸਨਮਾਨ ਕੀਤਾ ਜਾਂਦਾ ਹੈ। ਡੋਗਰ ਹੋਰਾਂ ਦਾ ਕਹਿਣ ਹੈ ਕਿ ਬਲਦਾਂ ਦੀਆਂ ਦੌੜਾਂ ਤੇ ਪਾਬੰਦੀ ਦਾ ਅਸਰ ਵੀ ਪਿਆ ਪਰ ਅਸੀਂ ਸ਼ੁਰੂ ਤੋਂ ਹੀ ਕਿਸੇ ਵੀ ਨਸ਼ੇ ਦੀ ਵਰਤੋਂ ਜਾ ਬਲਦਾਂ ਦੀ ਮਾਰਕੁੱਟ ਦੇ ਖਿਲਾਫ਼ ਹਾਂ। ਇਹ ਕੰਮ ਕਰਨ ਵਾਲੇ  ਲੋਕਾਂ ਕਰਕੇ ਸਭ ਨੂੰ ਇਸ ਸ਼ੌਕ ਤੇ ਅਸਰ ਜ਼ਰੂਰ ਪਿਆ ਸੀ।
ਬਲਦਾਂ ਦੀਆਂ ਦੌੜਾਂ ਵਿੱਚ ਸਭ ਤੋਂ ਵਧੀਆ ਸਮਾਂ 1981 ਵਿਚ ਤਲਵੰਡੀ ਫੱਤੂ ਵਿਚ ਹੋਈ 16*16 ਏਕੜ ਦੀ ਦੌੜ ਵਿਚ 3 ਮਿੰਟ 50 ਸੈਕੰਡ ਦਾ ਰਿਕਾਰਡ ਹੈ। ਜਿਸ ਤੇ 50 ਹਜ਼ਾਰ ਦਾ ਇਨਾਮ ਰੱਖਿਆ ਹੈ। ਹੁਣ ਤੱਕ 150 ਦੇ ਕਰੀਬ ਬਲਦ ਖਰੀਦੇ ਸਿਖਲਾਈ ਦੇ ਕੇ ਮੁਕਾਬਲਿਆਂ ਵਿਚ ਭਜਾਏ ਹਨ।  1988 ਵਿਚ ਡੇਢ ਲੱਖ ਦਾ ਬਲਦ ਖਰੀਦਣ ਤੋਂ ਲੈ ਕੇ ਸੱਤ ਲੱਖ ਤੱਕ ਦੀ ਕੀਮਤ ਦੇ ਬਲਦ ਖਰੀਦੇ ਹਨ। ਹੁਣ ਵੀ ਚਾਰ ਲੱਖ ਦਾ ਹਲਕੀ ਉਮਰ ਦਾ ਤੇਜ਼ ਤਰਾਰ  ਬਹਿੜਾ ਲਿਆਂਦਾ ਹੈ। ਮਨਜੀਤ ਸਿੰਘ ਡੋਗਰ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਹੁਣ ਵੀ ਗੱਡੀਆਂ ਦੀਆਂ ਦੌੜਾਂ ਵਿੱਚ ਭਾਗ ਲਿਆ ਜਾਂਦਾ ਹੈ। 28 ਸਾਲ ਤੋਂ ਪਿੰਡ ਜਗਤਪੁਰ ਵਿੱਚ ਬਲਦਾਂ ਦੀਆਂ ਦੌੜਾਂ ਕਰਵਾਈਆਂ ਜਾਂਦੀਆਂ ਹਨ। ਜਿਨਾਂ ਦਾ ਸਾਰਾ ਪ੍ਰਬੰਧ ਇਨਾਂ  ਦੇ ਪਰਿਵਾਰ ਵਲੋਂ ਕੀਤਾ ਜਾਂਦਾ ਹੈ। ਆਏ ਹੋਏ ਬਲਦਾਂ ਦੀਆਂ ਜੋੜੀਆਂ ਦੀ ਸਾਂਭ ਸੰਭਾਲ ਵੀ ਆਪ ਹੀ ਕਰਦੇ ਹਨ।
ਸਰਦਾਰ ਮਨਜੀਤ ਸਿੰਘ ਡੋਗਰ ਦੇ ਸਪੁੱਤਰ ਹਿੰਮਤ ਸਿੰਘ, ਅਮਨ ਸਿੰਘ, ਸੁਖਵਿੰਦਰ ਸਿੰਘ, ਦਵਿੰਦਰ ਸਿੰਘ, ਕੁਲਦੀਪ ਸਿੰਘ ਹੋਰੀਂ ਆਪਣੇ ਬਜ਼ੁਰਗਾਂ ਦੀ ਪਾਈ ਸਾਰਥਕ ਪਿਰਤ ਨੂੰ ਅੱਗੇ ਵਧਾਉਣ ਲਈ ਸਮਰਪਤ ਹਨ। ਜੋ ਦੇਸ਼ ਵਿਦੇਸ਼ ਵਿਚ ਰਹਿੰਦੇ ਹੋਏ ਹੋਰ ਰੁਝੇਵਿਆਂ ‘ਚੋਂ ਇਸ ਦੇਸੀ ਅਤੇ ਪਿਤਾ ਪੁਰਖ਼ੀ ਖੇਡ ਲਈ ਕਾਰਜਸ਼ੀਲ ਰਹਿੰਦੇ ਹਨ। ਇਸ ਤਰਾਂ ਹੀ ਹੋਰ ਵਿਸ਼ੇਸ਼ਤਾਵਾਂ ਵਾਲੇ ਪਿੰਡ ਦਾ ਨਾਮ ਉਘਾ ਕਰਨ ਲਈ ਯਤਨਸ਼ੀਲ ਰਹਿਣ ਦਾ ਸੰਕਲਪ ਨਿਭਾਉਣ ਲਈ ਵਚਨਬੱਧ ਹਨ।

 

ਸਿਹਤ ਸਹੂਲਤਾਂ ਲਈ ਸੇਵਾ ਵਿੱਚ-ਸਬਸਿਡਰੀ ਹੈਲਥ ਸੈਂਟਰ ਜਗਤਪੁਰ

ਪਿੰਡਾਂ ਵਿਚ ਸਿਹਤ ਸਹੂਲਤਾਂ ਦੀ ਹਮੇਸ਼ਾਂ ਘਾਟ ਰੜਕਦੀ ਰਹੀ ਹੈ। ਸਰਕਾਰੀ ਤੌਰ ਤੇ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਨਾਲ਼ ਇਸ ਤੋਂ ਕੁਝ ਰਾਹਤ ਮਹਿਸੂਸ ਹੋ ਰਹੀ ਹੈ, ਜਿਸ ਕਾਰਨ ਪਿੰਡਾਂ ਦੇ ਲੋਕਾਂ ਦਾ ਆਪਣੀਆਂ ਲੋੜਾਂ ਅਤੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਵੀ ਹੈ। ਪਿੰਡ ਵਾਸੀਆਂ ਦੇ ਸਹਿਯੋਗ ਤੇ ਉਦਮ ਨਾਲ਼ ਪਿੰਡ ਵਿੱਚ ਸਰਕਾਰੀ ਸਬਸਿਡਰੀ ਹੈਲਥ ਸੈਂਟਰ ਦੀ ਸ਼ੁਰੂਆਤ ਕਰਵਾਈ ਗਈ ਸੀ, ਜੋ ਪਹਿਲਾਂ ਸਿਹਤ ਵਿਭਾਗ ਪੰਜਾਬ ਦੇ ਅਧੀਨ ਸੀ। ਹੁਣ ਇਹ 2006 ਤੋਂ ਜ਼ਿਲਾਂ ਪਰਿਸ਼ਦ ਦੇ ਅਧੀਨ ਹੈ। ਜਿਸ ਇਮਾਰਤ ਵਿੱਚ ਇਹ ਸੈਂਟਰ ਚੱਲ ਰਿਹਾ ਹੈ ਇਸ ਵਾਸਤੇ 1983 ਈ: ਵਿਚ ਸ: ਪਰਮਿੰਦਰ ਸਿੰਘ ਅਤੇ ਸ: ਅਮਰ ਸਿੰਘ ਸਪੁੱਤਰ ਸ: ਬੇਅੰਤ ਸਿੰਘ ਨੇ ਪਿੰਡ ਦੇ ਤਤਕਾਲੀ ਸਰਪੰਚ ਸ: ਗੁਰਦਿਆਲ ਸਿੰਘ ਦੇ ਰਾਹੀਂ 25000/-ਰੁਪਏ ਦੀ ਰਾਸ਼ੀ ਭੇਂਟ ਕੀਤੀ ਸੀ। ਕੁਝ ਸਰਕਾਰੀ ਗ੍ਰਾਂਟ ਵੀ ਇਮਾਰਤ ਵਾਸਤੇ ਮਿਲੀ ਸੀ। 2006 ਤੋਂ ਇਸ ਸੈਂਟਰ ਵਿੱਚ ਡਾ: ਗੁਰਪ੍ਰੀਤ ਸਿੰਘ ਤੇ ਬਾਅਦ ਵਿੱਚ ਡਾ: ਸੁਖਦੀਪ ਸਿੰਘ ਸੇਵਾ ਵਿੱਚ ਰਹੇ। ਹੁਣ 2010 ਤੋਂ ਡਾ: ਹਰਜਿੰਦਰ ਕੌਰ ਆਪਣੀ ਸੇਵਾ ਬਾਖੂਬੀ ਨਿਭਾ ਰਹੇ ਹਨ। ਫਾਰਮਾਸਿਸਟ ਪਰਵੀਜ਼ ਪੋਸਲਾ 2006 ਤੋਂ ਹੀ ਸੇਵਾ ਵਿਚ ਹਨ। 2010 ਤੋਂ ਹੀ ਮਹਿਲਾ ਸੇਵਾਦਾਰ ਹੈਪੀ ਸੇਵਾ ‘ਚ ਹਨ। ਪਿੰਡ ਵਾਸੀ ਇੱਥੇ ਮਿਲ ਰਹੀਆਂ ਸਿਹਤ ਸੇਵਾਵਾਂ ਤੋਂ ਖੁਸ਼ ਹਨ।
ਇਸ ਸੈਂਟਰ ਵਾਸਤੇ ਸਰਕਾਰੀ ਦਵਾਈਆਂ ਬਹੁਤ ਹੀ ਘੱਟ ਆਉਂਦੀਆਂ ਹਨ। ਪਿੰਡ ਤੇ ਪਤਵੰਤੇ, ਮੋਹਤਵਾਰ ਵਿਅਕਤੀਆਂ ਅਤੇ ਐਨ.ਆਰ.ਆਈਜ਼ ਪਰਿਵਾਰਾਂ ਵਲੋਂ ਦਵਾਈਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਜਿਨਾਂ ਵਿੱਚ ਬਾਬਾ ਰਾਮ ਚੰਦ ਸਪੋਰਟਸ ਕਲੱਬ, ਸੰਤ ਪਰਗਣ ਦਾਸ ਜੀ ਡੇਰਾ ਪ੍ਰੇਮਪੁਰਾ, ਸ:ਪਿਆਰਾ ਸਿੰਘ ਕਨੇਡੀਅਨ, ਜੋਗਾ ਸਿੰਘ, ਮਹਿੰਦਰ ਸਿੰਘ ਕਨੇਡੀਅਨ, ਬਲਵਿੰਦਰ ਸਿੰਘ ਬੈਲਜੀਅਮ, ਸੰਤੋਖ ਸਿੰਘ ਕੁਢੈਲ, ਜਰਨੈਲ ਸਿੰਘ ਦਿਓਲ, ਮਨਜੀਤ ਸਿੰਘ ਦੁਸਾਂਝ, ਮਾਸਟਰ ਤਾਰਾ ਸਿੰਘ         2006 ਤੋਂ  ਇਸ ਕੇਂਦਰ ਨੂੰ ਦਵਾਈਆਂ ਮੁਹੱਈਆ ਕਰਵਾ ਰਹੇ ਹਨ।