Baba Moti Ram ji Baba Baldev Singh ji Baba Masat Ram ji

ਸੰਗਤਾਂ ਨੂੰ ਅਧਿਆਤਮਕ ਅਤੇ ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੇ ਮਹਾਂਪੁਰਖਾਂ ਦਾ ਸਾਡੇ ਸਮਾਜ ਵਿੱਚ ਬਹੁਤ ਸਤਿਕਾਰਤ ਰੁਤਬਾ  ਹੈ। ਸੰਗਤਾਂ ਨੂੰ ਗੁਰਬਾਣੀ ਦੇ ਲੜ ਲਾ ਕੇ ਰੂਹਾਨੀ ਲਾਹਾ ਲੈਣ ਦੀ ਪ੍ਰੇਰਨਾ ਦੇਣ ਵਾਲੇ ਸੰਤ ਬਾਬਾ ਮਸਤ ਰਾਮ ਜੀ ਉਦਾਸੀਨ ਨਾਲ਼ ਸਬੰਧਤ ਅਸਥਾਨ ਪਿੰਡ ਜਗਤਪੁਰ (ਬਘੌਰਾ) ਵਿੱਚ ਸਥਿਤ ਹੈ।
ਸੰਤ ਬਾਬਾ ਮਸਤ ਰਾਮ ਜੀ ਉਦਾਸੀਨ
ਇਹ ਨਾਮ ਸਿਮਰਨ ਦੀ ਉਦਾਸੀਨ ਪਰੰਪਰਾ ਦੇ ਸੰਤ ਬਾਬਾ ਮਸਤ ਰਾਮ ਜੀ ਦਾ ਤਪੋ ਅਸਥਾਨ ਹੈ। ਇਹ ਅਸਥਾਨ ਗੁਰੂ ਰਵਿਦਾਸ ਜੀ ਮਹਾਰਾਜ, ਗੁਰੂ ਨਾਨਕ ਦੇਵ ਜੀ ਅਤੇ ਸਤਿਗੁਰ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬਾਣੀ ਦੀ ਸਾਂਝੀਵਾਲਤਾ ਦੀ ਵਿਚਾਰਧਾਰਾ ਨੂੰ ਸਮਰਪਤ ਹੈ। ਉਹ ਪਰਿਵਾਰ, ਪਿੰਡ ਅਤੇ ਨਗਰ ਧੰਨਤਾ ਦੇ ਯੋਗ ਹੈ ਜਿੱਥੇ ਸੰਤ ਮਹਾਂਪੁਰਸ਼ ਜਨਮ ਲੈਂਦੇ ਹਨ। ਸ਼੍ਰੀਮਾਨ ਸੰਤ ਬਾਬਾ ਮਸਤ ਰਾਮ ਜੀ ਪਿੰਡ ਜਗਤਪੁਰ ਦੇ ਹੀ ਜੰਮਪਲ਼ ਸਨ। ਸੰਤ ਮਸਤ ਰਾਮ ਜੀ ਦਾ ਜਨਮ 1814-15 ਦੇ ਆਸ ਪਾਸ ਸੰਤ ਸ਼੍ਰੀ ਦੇਵਾ ਦਾਸ ਜੀ ਦੇ ਘਰ ਹੋਇਆ। ਸੰਤ ਦੇਵਾ ਦਾਸ ਵੀ ਬਹੁਤ ਬੰਦਗੀ ਵਾਲੇ ਮਹਾਂਪੁਰਸ਼ ਸਨ। ਜਿਨਾ ਦਾ ਤਪ ਅਸਥਾਨ ਪਲਾਹੀ ਗੇਟ ਫਗਵਾੜਾ ਵਿਖੇ ਸੁਸ਼ੋਭਤ ਹੈ।
ਬਾਬਾ ਮਸਤ ਰਾਮ ਜੀ ਦੀ ਸ਼ਾਦੀ ਸ਼੍ਰੀ ਅਨੰਦਪੁਰ ਸਾਹਿਬ ਦੇ ਬਹੁਤ ਹੀ ਧਾਰਮਿਕ ਅਤੇ ਗੁਰਮਤਿ ਖਿਆਲਾਂ ਦੇ ਧਾਰਨੀ ਬੀਬੀ ਕਾਨੋ ਦੇਵੀ ਨਾਲ਼ ਹੋਈ। ਬਾਬਾ ਮਸਤ ਰਾਮ ਜੀ ਨੂੰ ਨਾਮ ਤੇ ਭੇਖ ਦੀ ਦਾਤ ਲੱਖਪੁਰ ਸਾਹਨੀ ਦੀ ਉਦਾਸੀਨ ਪੰਚਾਇਤ ਬੜਾ ਖਾੜਾ ਤੋਂ ਪ੍ਰਾਪਤ ਹੋਈ। ਬਾਬਾ ਮਸਤ ਰਾਮ ਲੱਖਪੁਰ ਸਾਹਨੀ ਦੇ ਮਹੰਤ ਵੀ ਰਹੇ। ਡੇਰੇ ਦਾ ਨੀਂਹ ਪੱਥਰ ਬਾਬਾ ਮਸਤ ਰਾਮ ਜੀ ਦੇ ਤਾਇਆ ਜੀ ਸੰਤ ਪਰਸ ਰਾਮ ਨੇ ਰੱਖਿਆ। ਇੱਥੇ ਵੀ ਉਨਾ ਸੰਤ ਪਰਸ ਰਾਮ ਜੀ ਨੇ ਵੀ ਪਿੰਡ ਜਗਤਪੁਰ ਬਘੌਰਾ ਵਿੱਚ ਤਪੱਸਿਆ ਕੀਤੀ ਅਤੇ ਬਾਬਾ ਬੋਹੜ ਦੇ ਨਾਮ ਨਾਲ਼ ਮਸ਼ਹੂਰ ਹੋਏ। ਇਨਾ ਮਹਾਂਪੁਰਸ਼ਾਂ ਨੇ ਸ਼੍ਰੀ ਗੁਰੂ ਗੰਰਥ ਸਾਹਿਬ ਜੀ ਦਾ ਸੱਚਾ ਸੁੱਚਾ ਤੇ ਸਾਂਝੀਵਾਲਤਾ ਦਾ ਉਪਦੇਸ਼ ਸਾਰੇ ਦੁਆਬੇ ਵਿੱਚ ਘਰ-ਘਰ ਤੱਕ ਪਹੁੰਚਾਇਆ। ਸਾਰੀ ਜ਼ਿੰਦਗੀ ਉਨਾ ਨੇ ਇਹ ਸੇਵਾ ਬੜੀ ਤਨਦੇਹੀ ਨਾਲ਼ ਨਿਭਾਈ। ਸੰਤ ਬਾਬਾ ਮਸਤ ਰਾਮ ਜੀ ਲਗਭਗ 100 ਸਾਲ ਦੀ ਆਯੂ ਭੋਗਦੇ ਹੋਏ। 1914 ਨੂੰ ਸੱਚ ਖੰਡ ਜਾ ਬਿਰਾਜੇ। ਇਸ ਗੱਦੀ ਨੂੰ ਅੱਗੇ ਤੋਰਦੇ ਹੋਏ ਸੰਗਤਾਂ ਨੂੰ ਗੁਰਬਾਣੀ ਲੜ ਲੱਗਣ ਲਈ ਪ੍ਰੇਰਨਾ ਦੇਣ ਵਾਲੇ ਸੰਤ ਮਹਾਂ ਪੁਰਸ਼ ਹੋਏ ਹਨ।
ਆਦਿ ਧਰਮ ਮੰਡਲ ਦਾ ਆਨਰੇਰੀ ਪ੍ਰਚਾਰਕ ਸੰਤ ਬਾਬਾ ਮੋਤੀ ਰਾਮ ਜੀ
ਸ਼੍ਰੀਮਾਨ ਸੰਤ ਬਾਬਾ ਮਸਤ ਰਾਮ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਇਹ ਗੱਦੀ  ਸਮੂਹ ਨਗਰ ਨਿਵਾਸੀ ਸਾਧ ਸੰਗਤ ਅਤੇ ਸ਼ਰਧਾਲੂਆਂ ਦੀ ਮੌਜੂਦਗੀ ਵਿੱਚ ਸ਼੍ਰੀਮਾਨ ਬਾਬਾ ਮੋਤੀ ਰਾਮ ਜੀ ਨੂੰ ਸੌਂਪ ਦਿੱਤੀ ਗਈ। ਆਪ ਜੀ ਨੂੰ ਭੇਖ ਦੀ ਦਾਤ ਪਿਤਾ ਸ਼੍ਰੀ ਮਸਤ ਰਾਮ ਵਲੋਂ ਹੀ ਬਖ਼ਸ਼ਿਸ਼ ਕੀਤੀ ਗਈ ਸੀ। ਬਾਬਾ ਮੋਤੀ ਰਾਮ ਜੀ ਨੇ ਆਪਣੀ ਵਿੱਦਿਆ ਕਾਂਸ਼ੀ ਬਨਾਰਸ ਤੋਂ ਪ੍ਰਾਪਤ ਕੀਤੀ। ਬਾਬਾ ਮੋਤੀ ਰਾਮ ਜੀ ਗ਼ਦਰੀ ਬਾਬਾ ਮੰਗੂ ਰਾਮ ਮੁੱਗੋਵਾਲੀਆ ਬਾਨੀ ਸੰਸਥਾਪਕ ਆਦਿ ਧਰਮ ਮੰਡਲ ਦਾ ਆਨਰੇਰੀ ਪ੍ਰਚਾਰਕ ਸਨ। ਉਨਾ ਨੂੰ ਮੁੱਖ ਬੁਲਾਰੇ ਦਾ ਸਰਟੀਫਿਕੇਟ ਦੇ ਕੇ ਨਿਵਾਜਿਆ ਹੋਇਆ ਸੀ। ਬਾਬਾ ਮੋਤੀ ਰਾਮ ਜੀ ਕਾਵਿ ਰਚਨਾ ਦੇ ਵਿਦਵਾਨ ਸਨ ਅਤੇ ਹਸਮੁੱਖ ਸੁਭਾਅ ਦੇ ਮਹਾਂ ਪੁਰਸ਼ ਸਨ। ਆਪ ਬਹੁਤਵਧੀਆ ਤੇ ਪ੍ਰਭਾਵਸ਼ਾਲੀ ਬੁਲਾਰੇ ਸਨ। ਉਹ ਪ੍ਰਸ਼ਾਸ਼ਕੀ ਅਥਵਾ ਪ੍ਰਬੰਧਕੀ ਗੁਣਾਂ ਦੇ ਮਾਲਕ ਸਨ। ਗ਼ਦਰੀ ਬਾਬਾ ਬਾਬੂ ਮੰਗੂ ਰਾਮ ਮੁੱਗੋਵਾਲੀਆ ਨੇ ਪੰਜਾਬ ਆਦਿ ਧਰਮ ਮੰਡਲ ਦੇ ਜਲੰਧਰ ਦਫ਼ਤਰ ਵਲੋਂ 18 ਜੁਲਾਈ 1932 ਨੂੰ ਆਦਿ ਧਰਮ ਮੰਡਲ ਦਾ ਆਨਰੇਰੀ ਪ੍ਰਚਾਰਕ ਅਤੇ ਮੁੱਖ ਬੁਲਾਰਾ ਨਿਯੁਕਤ ਕੀਤਾ ਸੀ। ਉਨਾ ਨੇ ਆਦਿ ਧਰਮ ਮੰਡਲ ਵਿੱਚ ਆਪਣੀਆਂ ਬਹੁਮੁੱਲੀਆਂ ਸੇਵਾਵਾਂ ਦਿੱਤੀਆਂ। ਉਨਾ ਨੇ ਭਾਰਤ ਦੇ ਧਾਰਮਿਕ ਤੀਰਥ ਅਸਥਾਨਾਂ ਕਾਂਸ਼ੀ, ਹਰਦੁਆਰ, ਜਗਨਨਾਥ ਪੁਰੀ, ਇਸਲਾਮਾਬਾਦ, ਨਨਕਾਣਾ ਸਾਹਿਬ, ਪੰਜਾ ਸਾਹਿਬ ਦੀ ਯਾਤਰਾ ਕੀਤੀ। ਇਸ ਯਾਤਰਾ ਦੌਰਾਨ ਬਾਬਾ ਮੋਤੀ ਰਾਮ ਜੀ ਨੇ ਧਾਰਮਿਕ ਰੂਹਾਨੀਅਤ ਦੇ ਬੁੱਧੀਜੀਵੀਆਂ, ਪੰਡਤਾਂ ਨਾਲ਼ ਗੱਲਬਾਤ ਕੀਤੀ ਅਤੇ ਆਪਣੇ ਵਿਚਾਰਾਂ ਅਤੇ ਯੋਗ ਨਾਲ਼ ਸੰਤ ਮੱਤ ਦਾ ਲੋਹਾ ਮੰਨਵਾਇਆ। ਆਪਣੇ ਜੀਵਨ ਵਿੱਚ ਉਨਾ ਨੇ ਸੰਤ ਮੱਤ ਅਤੇ ਆਦਿ ਧਰਮ ਮੰਡਲ ਦਾ ਪ੍ਰਚਾਰ ਕਰਦੇ ਹੋਏ ਸੰਗਤਾਂ ਨੂੰ ਬਾਣੀ ਨਾਲ਼ ਜੋੜਨ ਦਾ ਸਲਾਘਾਯੋਗ ਕਾਰਜ ਕੀਤਾ। ਇਹ ਕਾਰਜ ਕਰਦਿਆਂ ਬਾਬਾ ਮੋਤੀ ਰਾਮ ਜੀ 17 ਜਨਵਰੀ 1963 ਨੂੰ ਸੱਚਖੰਡ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਉਨਾ ਦੀ ਇਸ ਘਾਲਣਾ ਨੂੰ ਸਦਾ ਯਾਦ ਕੀਤਾ ਜਾਂਦਾ ਰਹੇਗਾ।
ਸੰਤ ਬਾਬਾ ਪੂਰਨ ਦਾਸ ਜੀ
ਸ਼੍ਰੀਮਾਨ ਸੰਤ ਬਾਬਾ ਮੋਤੀ ਰਾਮ ਜੀ ਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਇਸ ਉਦਾਸੀਨ ਗੱਦੀ ਤੇ ਸੰਤ ਪੂਰਨ ਦਾਸ ਜੀ ਬਿਰਾਜਮਾਨ ਹੋਏ। ਸੰਤ ਪੂਰਨ ਦਾਸ ਜੀ ਦਾ ਜਨਮ ਸੰਤ ਬਾਬਾ ਮੋਤੀ ਰਾਮ ਅਤੇ ਮਾਤਾ ਹਰਦਿੱਤ ਦੇਈ ਦੇ ਘਰ ਹੋਇਆ। ਮਾਤਾ ਹਰਦਿੱਤ ਦੇਈ ਵੀ  ਧਾਰਮਿਕ ਸ਼ਰਧਾਵਾਨ ਅਤੇ ਨਾਮ ਦੇ ਰਸੀਏ  ਸਨ। ਸੰਤ ਪੂਰਨ ਦਾਸ ਜੀ ਨੂੰ ਭੇਖ ਦੀ ਦਾਤ ਬਾਬਾ ਮੋਤੀ ਰਾਮ ਜੀ ਵਲੋਂ ਬਖ਼ਸ਼ਿਸ਼ ਕੀਤੀ ਗਈ। ਆਪ ਜੀ ਬਹੁਤ ਨਿਮਰਤਾ ਤੇ ਸਾਦਗੀ ਦੇ ਧਾਰਨੀ ਸਨ। ਉਨਾ ਨੇ ਸਦਾ ਹੀ ਸੰਗਤਾਂ ਨੂੰ ਨਾਮ ਬਾਣੀ ਨਾਲ਼ ਜੁੜਨ ਦੀ ਪ੍ਰੇਰਨਾ ਦਿੱਤੀ। ਉਨਾ ਦਾ ਇਲਾਕੇ ਦੇ ਹੋਰ ਸੰਤ ਮਹਾਂਪੁਰਸ਼ਾਂ ਨਾਲ਼ ਬੜਾ ਨਿੱਘਾ ਮੇਲ ਮਿਲਾਪ ਰਿਹਾ। ਉਹ ਜੀਵਨ ਭਰ ਸੰਗਤ ਦੀ ਸੇਵਾ ਕਰਦੇ ਹੋਏ 12 ਮਈ 1963 ਨੂੰ ਸੱਚਖੰਡ ਜਾ ਬਿਰਾਜੇ।
ਸੰਤ ਬਾਬਾ ਬਲਦੇਵ ਸਿੰਘ ਜੀ
ਸੰਤ ਬਲਦੇਵ ਸਿੰਘ ਜੀ ਬਾਬਾ ਮਸਤ ਰਾਮ ਜੀ ਦੀ ਵਰੋਸਾਈ ਗੱਦੀ ਦੇ ਮੌਜੂਦਾ ਗੱਦੀ ਨਸ਼ੀਨ ਹਨ। ਸੰਤ ਪੂਰਨ ਦਾਸ ਜੀ ਦੇ ਸੱਚਖੰਡ ਚਲੇ ਜਾਣ ਤੋਂ ਬਾਅਦ ਸੰਤ ਬਾਬਾ ਬਲਦੇਵ ਸਿੰਘ ਬਿਰਾਜਮਾਨ ਹਨ। ਬਾਬਾ ਬਲਦੇਵ ਸਿੰਘ ਜੀ ਦਾ ਜਨਮ ਸੰਤ ਬਾਬਾ ਪੂਰਨ ਦਾਸ ਜੀ ਅਤੇ ਮਾਤਾ ਬੇਅੰਤ ਕੌਰ ਦੇ ਗ੍ਰਹਿ ਵਿਖੇ ਹੋਇਆ। ਉਨਾ ਨੇ ਨਾਮ ਤੇ ਭੇਖ ਦੀ ਦਾਤ ਸੰਤ ਪੂਰਨ ਦਾਸ ਜੀ ਤੋਂ ਪ੍ਰਾਪਤ ਕੀਤੀ। 1963 ਤੋਂ ਹੀ ਆਪ ਡੇਰੇ ਦੀ ਸੇਵਾ ਸੰਭਾਲ ਕਰ ਰਹੇ ਹਨ। ਸੰਤ ਬਾਬਾ ਬਲਦੇਵ ਸਿੰਘ ਜੀ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਸਾਧੂ ਸੰਪਰਦਾਏ ਸੁਸਾਇਟੀ ਰਜ਼ਿ:ਪੰਜਾਬ ਦੇ ਸਤਿਕਾਰਤ ਮੈਂਬਰ ਹਨ। ਆਪ ਜੀ ਬਹੁਤ ਨਿਮਰ ਅਤੇ ਸ਼ਾਂਤ  ਸੁਭਾਅ ਅਤੇ ਹਰ ਵੇਲੇ ਪ੍ਰਭੂ ਦੇ ਭਾਣੇ ਵਿੱਚ ਰਹਿਣ ਵਾਲੇ ਮਹਾਂਪੁਰਸ਼ ਹਨ।
ਸੰਤ ਬਲਦੇਵ ਸਿੰਘ ਜੀ ਅਤੇ ਮਾਤਾ ਗਿਆਨ ਕੌਰ ਦੇ ਸਪੁੱਤਰ ਦਾਸ ਪ੍ਰਿਤਪਾਲ ਸਿੰਘ ਇਸ ਵਕਤ ਅਮਰੀਕਾ ਵਿੱਚ ਹਨ, ਉਹ ਵਿਦੇਸ਼ ਵਿੱਚ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ਼ ਜੁੜੇ ਹੋਏ ਹਨ ਅਤੇ ਸੰਗਤਾਂ ਨੂੰ ਬਾਣੀ ਨਾਲ਼ ਜੋੜਨ ਦੀ ਸੇਵਾ ਕਰ ਰਹੇ ਹਨ। ਉਨਾ ਦੀ ਜੀਵਨ ਸਾਥਣ ਸਤਵਿੰਦਰ ਕੌਰ ਅਤੇ ਬੱਚੇ ਸਪੁੱਤਰੀ ਲੋਚਨ ਅਤੇ ਸਪੁੱਤਰ ਹੀਰਾ ਸਿੰਘ ਹਨ। ਦੋਵੇਂ ਬੱਚੇ ਕੀਰਤਨ ਵੀ ਕਰਦੇ ਹਨ। ਬਾਬਾ ਬਲਦੇਵ ਸਿੰਘ ਜੀ ਦੀਆਂ ਦੋ ਧੀਆਂ ਪ੍ਰਵੀਨ ਅਤੇ ਕੇਸ਼ੋ ਹਨ ਜੋ ਵਿਆਹੀਆਂ ਹੋਈਆਂ ਹਨ।
ਡੇਰਾ ਸੰਤ ਬਾਬਾ ਮਸਤ ਰਾਮ ਜੀ ਵਿੱਚ ਤਕਰੀਬਨ 200 ਸਾਲ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਸੁਸ਼ੋਭਿਤ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਅਗਵਾਈ ਵਿੱਚ 10-15 ਮੀਲ ਤੱਕ ਸੰਗਤਾਂ ਵਲੋਂ ਨਗਰ ਕੀਰਤਨ ਕੱਢਿਆ ਜਾਂਦਾ ਰਿਹਾ ਹੈ। ਸੰਤ ਮਹਾਂਪੁਰਸ਼ਾਂ ਵਲੋਂ ਇਸ ਅਸਥਾਨ ਤੇ ਨਿੱਤ ਨੇਮ ਹੁੰਦੇ ਹਨ। ਸੰਗਤਾਂ ਦੂਰ ਦੁਰਾਡੇ ਤੋਂ ਆ ਕੇ ਦਰਸ਼ਨਾਂ ਵਾਸਤੇ ਆਉਂਦੀਆਂ ਹਨ। ਇਸ ਅਸਥਾਨ ਤੇ 7 ਹਾੜ• ਨੂੰ ਸਲਾਨਾ ਜੋੜ ਮੇਲਾ ਲਗਦਾ ਹੈ। ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰੀ ਭਰਦੀਆਂ ਹਨ।
-ਰੇਸ਼ਮ ਕਰਨਾਣਵੀ

ਡੇਰਾ ਸੰਤ ਬਾਬਾ ਮਸਤ ਰਾਮ ਜੀ ਉਦਾਸੀਨ ਜਗਤਪੁਰ (ਬਘੌਰਾ)